ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਈਾ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰੂ ਗੋਬਿੰਦ ਕਾਲਜ ਆਫ ਕਾਮਰਸ, ਪੀਤਮਪੁਰਾ ਦੇ 42ਵੇਂ ਸਲਾਨਾ ਦਿਵਸ ਸਮਾਰੋਹ ਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਲਜ ਸਿਰਫ਼ ਸਿੱਖਿਆ ਦਾ ਕੇਂਦਰ ਨਹੀਂ, ਸਗੋਂ ਵਿਰਾਸਤ, ਸੰਸਕਾਰਾਂ ਅਤੇ ਉੱਚੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਉਨ੍ਹਾਂ ਇਸ ਮੌਕੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਰਦਾਰ ਚਰਨਜੀਤ ਸਿੰਘ ਸੰਧੂ, ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੈਬਿਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ, ਕਾਲਜ ਦੇ ਚੇਅਰਮੈਨ ਸਰਦਾਰ ਐਮ.ਪੀ. ਸਿੰਘ, ਡੀਐਸਜੀਐਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸਰਦਾਰ ਗੁਰਵਿੰਦਰ ਪਾਲ ਸਿੰਘ, ਪ੍ਰਿੰਸੀਪਲ ਮੈਡਮ, ਸਮੂਹ ਫੈਕਲਟੀ ਅਤੇ ਹਾਜ਼ਰ ਸਾਧ ਸੰਗਤ ਦਾ ਸਤਿਕਾਰ ਕਰਦਿਆਂ ਸਭ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ।


ਸਰਦਾਰ ਕਾਲਕਾ ਨੇ ਮਾਣ ਨਾਲ ਕਿਹਾ ਕਿ ਇਸ ਕਾਲਜ ਨਾਲ ਉਨ੍ਹਾਂ ਦੀਆਂ ਜੜਾਂ ਗਹਿਰੀਆਂ ਤੌਰ ‘ਤੇ ਜੁੜੀਆਂ ਹਨ ਅਤੇ ਉਨ੍ਹਾਂ ਦੇ ਦਾਦਾ ਸਰਦਾਰ ਜਸਵੰਤ ਸਿੰਘ ਕਾਲਕਾ ਜੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਵੱਲੋਂ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਲਜ ਦੀ ਤਰੱਕੀ ਅਤੇ ਉਚਾਈਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਪ੍ਰਮੁੱਖ ਮਹਿਮਾਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਸੰਧੂ ਦੀ ਵਿਰਾਸਤ ਮਹਾਨ ਸਿੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਹ ਵਿਰਾਸਤ ਅਤੇ ਸੇਵਾ ਦਾ ਜਜ਼ਬਾ ਅੱਜ ਵੀ ਪ੍ਰੇਰਣਾ ਦਾ ਸਰੋਤ ਹੈ। ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਦੇ ਰਾਜਨੀਤਿਕ ਸਫ਼ਰ ਨੂੰ ਪ੍ਰੇਰਣਾਦਾਇਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ 1995 ਵਿੱਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਉੱਚੇ ਅਹੁਦੇ ਤੱਕ ਪਹੁੰਚ ਚੁੱਕਾ ਹੈ, ਜੋ ਨੌਜਵਾਨਾਂ ਲਈ ਇਕ ਮਿਸਾਲ ਹੈ। ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਬਤੌਰ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਰੋਨਾ ਮਹਾਂਮਾਰੀ ਦੌਰਾਨ ਅਤੇ ਕਿਸਾਨ ਅੰਦੋਲਨ ਸਮੇਂ ਉਨ੍ਹਾਂ ਵੱਲੋਂ ਨਿਭਾਈ ਗਈ ਸੇਵਾ ਅਤੇ ਸਮਰਪਣ ਬੇਮਿਸਾਲ ਹੈ, ਜਿਸ ਨੇ ਸਮਾਜ ਵਿੱਚ ਸੇਵਾ ਦੀ ਨਵੀਂ ਮਿਸਾਲ ਕਾਇਮ ਕੀਤੀ। ਸਰਦਾਰ ਕਾਲਕਾ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੀਵਨ ਵਿੱਚ ਉੱਚਾਈਆਂ ਹਾਸਲ ਕਰਨ ਲਈ ਮਿਹਨਤ, ਸੰਘਰਸ਼ ਅਤੇ ਲਗਾਤਾਰ ਅਭਿਆਸ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ “ਜਿਵੇਂ ਸੋਨਾ ਅੱਗ ਵਿੱਚ ਤਪ ਕੇ ਖ਼ਰਾ ਬਣਦਾ ਹੈ, ਓਸੇ ਤਰ੍ਹਾਂ ਮਨੁੱਖ ਵੀ ਮਿਹਨਤ ਨਾਲ ਨਿਖਰਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਇਹ ਵਿਦਿਅਕ ਸੰਸਥਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹੇ ਅਤੇ ਦੇਸ਼ ਤੇ ਸਮਾਜ ਦੀ ਸੇਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਉੱਚੇ ਮਕਾਮ ਤੱਕ ਪਹੁੰਚਾਏ।
ਇਹ ਸਮਾਰੋਹ ਗਿਆਨ, ਵਿਰਾਸਤ ਅਤੇ ਪ੍ਰੇਰਣਾ ਦਾ ਸੁੰਦਰ ਮੇਲ ਸਾਬਤ ਹੋਇਆ, ਜਿਸ ਨੇ ਹਾਜ਼ਰੀਨ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਭਰ ਦਿੱਤਾ।

