ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ:
ਆਰਜ਼ੀ/ ਮਨਮੋਹਨ
ਚਾਹ ਦਾ ਖੋਖਾ
ਉਦਾਸ ਪਲਾਂ ਦੀ ਪਨਾਹਗਾਹ
ਚਿੰਤਾਵਾਂ ਦੇ ਹੱਥ ਸਿਗਰਟ ਦਾ ਲੰਮਾ ਕਸ਼
ਬੁੱਲ੍ਹਾਂ ‘ਤੇ ਚਾਹ ਦੇ ਕੋਸੇ ਘੁੱਟ
ਨਿਸ਼ਬਦ ਸੁਖ….!
ਤੁਸੀਂ ਰਿਣੀ ਪਨਾਹਗਾਹਾਂ ਦੇ
ਕਿਤੇ ਚਲੇ ਜਾਓ ਕਿਸੇ ਸ਼ਹਿਰ….ਦੇਸ਼


ਨਾਲ ਨਾਲ ਰਹਿੰਦੀਆਂ ਸਦਾ
ਸਿਰਫ਼ ਨਾਂ…. ਥਾਂ ਬਦਲਦੇ
ਰੂਹ ਹੂ- ਬ- ਹੂ ਓਹੀ…ਹਮੇਸ਼ਾ
ਰਸਮੀ ਵਾਕਫ਼ੀਅਤ ਬਦਲ ਜਾਂਦੀ ਡੂੰਘੀ ਅਪਣੱਤ ‘ਚ
ਇਨ੍ਹਾਂ ਸੰਗ ਰਿਸ਼ਤਿਆਂ ਦਾ ਕੋਈ ਨਾਮ ਨਹੀਂ ਹੁੰਦੈ
ਬੋਲਣ ਬੇਬੋਲ ਭਾਸ਼ਾ…!
ਗ਼ਰੀਬੀ ਤੰਗਦਸਤੀ ਦੇ ਬਾਵਜੂਦ
ਜਾਣਦੈ ਮਹਿਮਾਨ ਨਿਵਾਜ਼ੀ ਦਾ ਸ਼ਿਸ਼ਟਾਚਾਰ
ਦੂਰੋਂ ਆਉਂਦਿਆਂ ਦੇਖ….ਰਹਿੰਦਾ ਤਿਆਰ
ਤੁਹਾਡੇ ਜ਼ਾਇਕੇ ਦੀ ਚਾਹ ਬਣਾਈ
ਜਾਣਦੈ ਖੰਡ ਦੁੱਧ ਪੱਤੀ ਦੀ ਮਿਕਦਾਰ
ਤੁਸੀਂ ਬਿਨਾਂ ਝਿਜਕੇ ਬੈਠ ਸਕਦੇ ਕਿਸੇ ਵੀ ਥਾਂ
ਅਖ਼ਬਾਰ ਪੜ੍ਹੋ ਚਾਹੇ ਲੋਕਾਂ ਦੀ ਨਜ਼ਰਾਂ
ਕੱਢ ਸਕਦੇ ਬਿਨ ਪੁੱਛਿਆਂ ਮਰਤਮਾਨ ‘ਚੋਂ
ਵੇਸਣ … ਬਾਲੂਸ਼ਾਹੀ…. ਮੱਠੀਆਂ
ਸਭ ਕਾਸੇ ‘ਚ ਇਕ ਗੈਰ-ਰਸਮੀ ਸਵਿਕਾਰ
ਸਾਰਾ ਹਿਸਾਬ ਤੁਹਾਡੇ ਖ਼ਾਤੇ ‘ਚ ਲਿਖਿਆ ਜਾਦੈ ਚੁੱਪਚਾਪ
ਭਾਵੇਂ ਕਿੰਨੀ ਦੇਰ ਬੈਠੇ ਰਹੋ ਕੋਈ ਨਹੀਂ ਪੁੱਛਣ ਵਾਲਾ
ਪਰ ਫੇਰ ਵੀ ਨਹੀਂ ਬੈਠ ਸਕਦੇ ਬਹੁਤ ਦੇਰ….ਜਾਣਾ ਹੁੰਦੈ
ਕਿਉਂ ਕਿ ਪਨਾਹਗਾਹਾਂ ਘਰ ਨਹੀਂ ਹੁੰਦੀਆਂ
ਘਰਾਂ ‘ਚ ਪਨਾਹਗਾਹਾਂ ਜਿਹਾ ਸੁੱਖ ਕਿੱਥੇ…..?
ਮਨਮੋਹਨ

