ਗੀਤ
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ/ ਡਾ.ਲਾਭ ਸਿੰਘ ਖੀਵਾ
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ|
ਕਰੇ ਨਾ ਸਲਾਮ ਕੋਈ, ਝੁਕੇ ਹੋਏ ਝੰਡੇ ਨੂੰ|
ਕਿਸੇ ਕਿਸੇ ਕਿਸੇ ਨੂੰ, ਝੱਟ ਗਲੇ਼ ਲਾਈਦਾ|
ਕਿਸੇ ਵੱਲ ਪਿੱਠ ਫੇਰ, ਕੋਲੋਂ ਲੰਘ ਜਾਈਦਾ|
ਚੁੰਮਿਆ ਨਾ ਜਾਂਦਾ ਕਦੇ, ਪੈਰ ਚੁਭੇ ਕੰਡੇ ਨੂੰ।
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਕੁੱਝ ਵੀ ਸਥਾਈ ਨਹੀਂ, ਇਸ ਕਾਇਨਾਤ ‘ਚ|
ਜਾਨੀ ਸ਼ਾਮ ਤੱਕ ਦਾ, ਰੰਗਲੀ ਬਰਾਤ ‘ਚ|


ਪਿੰਡ ਪਿੱਛੋਂ ਯਾਦ ਰੱਖੂ, ਕੀਤੇ ਚੰਗੇ-ਮੰਦੇ ਨੂੰ|
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਜ਼ਮੀਰਾਂ ਨਾ ਸੰਭਾਲੀਆਂ, ਜ਼ਮੀਨਾਂ ਨਾ ਸੰਭਾਲੀਆਂ।
ਅਣਖੀ ਪੰਜਾਬ ਨੇ, ਵਿਦੇਸ਼ ਠੋਹੀਆਂ ਭਾਲੀਆਂ|
ਉੱਡ ਗਿਆ ਚੋਗ ਲਈ, ਮਿਹਣਾ ਕੀ ਪਰਿੰਦੇ ਨੂੰ?
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਕੋੜਮੇ ਦੇ ਕੱਟੇ-ਵੱਛੇ, ਮੋਟੇ-ਭਾਰੇ ਕਰਕੇ।
ਆਉਣ ਵਾਲੀ ਪੀੜ੍ਹੀ ਲਈ, ਗੁਦਾਮ-ਕੋਠੇ ਭਰ ਕੇ|
ਫੇਰ ਵੀ ਸੇਵਾ ਕਹਿੰਦੇ, ਸਿਆਸਤ ਦੇ ਧੰਦੇ ਨੂੰ|
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਇਸ਼ਾਰਾ ਕਿਸੇ ਹੋਰ ਦਾ, ਨਾਅਰਾ ਕਿਸੇ ਹੋਰ ਦਾ।
ਰਾਖੇ ਸਾਡੇ ਧੀਆਂ-ਪੁੱਤ, ਮਾਲ ਕਿਸੇ ਚੋਰ ਦਾ।
ਗੰਜਿਆਂ ਦੀ ਭੀੜ ਕਹਿੰਦੀ, ਮੋਹਰ ਲਾਇਓ ਕੰਘੇ ਨੂੰ।
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਅੱਜ ਅਸਮਾਨੀ ਜਿਹੜੀ, ਗੁੱਡੀ ਚੜ੍ਹੀ ਹੋਈਐ,
ਉਹਨੂੰ ਵੀ ਪਤਾ ਹੈ ਡੋਰ, ਕੀਹਨੇ ਫੜੀ ਹੋਈਐ।
ਦੋਵਾਂ ਦਾ ਸਹੇਲਪੁਣਾ ਦਿਸਦਾ ਹੈ ਅੰਧੇ ਨੂੰ|
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਪੱਤੀ ਪੱਤੀ ਕਰਕੇ, ਹੁਸਨ ਖੋਹਿਆ ਫ਼ੁੱਲ ਦਾ।
ਪੰਜ ਆਬਾਂ ਵਾਲਿਆ, ਤੂੰ ਪਾਣੀ ਪੀਂਦਾ ਮੁੱਲ ਦਾ।
ਵਰਤ ਗਿਆ ਸ਼ਿਕਾਰੀ ਕੋਈ, ਤੇਰੇ ਸੁੰਨੇ ਕੰਧੇ ਨੂੰ|
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਭਾਵੇਂ ਕੁੱਜਾ ਟੁੱਟ ਜਾਵੇ, ਥੰਧਾ ਵੱਖ ਕਰੇ ਨਾ|
ਤੇਰੇ ‘ਚੋਂ ਵੀ ਨਾਬਰੀ, ‘ਪੰਜਾਬ ਸਿਆਂ’ ਮਰੇ ਨਾ।
ਇਹੀ ਡਰ ਲੱਗਾ ਰਹੇ, ਅੱਜ ਦੇ ‘ਔਰੰਗੇ’ ਨੂੰ|
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਕਰੇ ਨਾ ਸਲਾਮ ਕੋਈ, ਝੁਕੇ ਹੋਏ ਝੰਡੇ ਨੂੰ|
ਡਾ.ਲਾਭ ਸਿੰਘ ਖੀਵਾ
9417178487

