ਜਗਦੀਪ ਸਿੱਧੂ ਦੀ ਕਵਿਤਾ ਦੀਆਂ ‘ਪੌੜੀਆਂ ਉਤਰਦੀ ਛਾਂ’ – ਤਪਸ਼ ਵਿੱਚ ਠੰਢਕ ਦੇ ਅਹਿਸਾਸ ਵਾਲ਼ੀ ਕਵਿਤਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 03 ਜੂਨ:
ਜਗਦੀਪ ਸਿੱਧੂ ਦੇ ਕਾਵਿ ਸੰਗ੍ਰਹਿ ਪੌੜੀਆਂ ਉਤਰਦੀ ਛਾਂ ਦੀਆਂ ਪਹਿਲੀਆਂ ਪੰਦਰਾਂ ਕਵਿਤਾਵਾਂ ‘ਧੀ’ ਦੁਆਲ਼ੇ ਪਰਿਕਰਮਾ ਕਰਦੀਆਂ ਹਨ। ਪਹਿਲੀਆਂ ਪੰਜ ਕਵਿਤਾਵਾਂ ਪੜ੍ਹ ਕੇ ਮੈਂ ਫਿਰ ਪਿਛਾਂਹ ਪਰਤ ਪਹਿਲੀ ਕਵਿਤਾ ‘ਤੇ ਹੀ ਆ ਖੜ੍ਹਦਾ ਹਾਂ। ਉਹ ਸਮਾਂ ਚੇਤੇ ਵਿੱਚ ਪ੍ਰਗਟ ਹੋਇਆ ਜਦੋਂ ਸੁਰ ਸਾਂਝ ਵੱਲੋਂ ਅਸੀਂ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਸੀ। ਸਥਾਨਕ ਕਵੀਆਂ ਦੇ ਨਾਲ਼ ਨਾਲ਼ ਸਾਡੀ ਪੰਜਾਬੀ ਸਟੈਨੋਗ੍ਰਾਫੀ ਸੰਸਥਾ ਦੇ ਵਿਦਿਆਰਥੀ ਵੀ ਸਰੋਤੇ ਸਨ। ਪੰਜਾਬੀ ਭਾਸ਼ਾ ਦੀ ਡੂੰਘੀ ਸਮਝ ਤੇ ਸ਼ੁੱਧ ਉਚਾਰਨ ਦੀ ਮੁਹਾਰਤ ਬਿਨਾਂ ਸਟੈਨੋਗ੍ਰਾਫੀ ਸੰਭਵ ਹੀ ਨਹੀਂ। ਜਗਦੀਪ ਸਿੱਧੂ ਨੇ ਇੱਥੇ ਆਪਣੀ ‘ਮਾਸੂਮ’ ਕਵਿਤਾ ਪੜ੍ਹੀ ਸੀ। ਇਹੋ ‘ਮਾਸੂਮ’ ਕਵਿਤਾ ਪੌੜੀਆਂ ਉਤਰਦੀ ਛਾਂ ਦੀ ਪਹਿਲੀ ਕਵਿਤਾ ਹੈ।


ਐਨੇ ਅਰਸੇ ਬਾਅਦ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਕਵਿਤਾ ਉਂਝ ਦੀ ਉਂਝ ਚੇਤੇ ਹੈ, ਜਿਵੇਂ ਹੁਣੇ ਹੁਣੇ ਸੁਣੀ ਹੋਵੇ। ਉਹ ਗੱਲਾਂ ਕਰਦੇ, ‘ਮਾਸੂਮ ਧੀ ਵਾਲ਼ਾਂ ਨੂੰ ਜੋੜਨ ਲਈ ਆਖਦੀ ਹੈ ਪਰ ਕਵੀ-ਪਿਤਾ ਵਾਲ਼ਾਂ ਨੂੰ ਬੰਨ੍ਹ ਦਿੰਦਾ ਹੈ। ਮਾਸੂਮ ਧੀ ਕੇਲੇ ਨੂੰ ਖੋਲ੍ਹਣ ਲਈ ਆਖਦੀ ਹੈ ਪਰ ਕਵੀ-ਪਿਤਾ ਕੇਲਾ ਛਿੱਲ ਦਿੰਦਾ ਹੈ।’ ਇਨ੍ਹਾਂ ਸ਼ਬਦ ਦੀ ਡੁੰਘਾਈ ਤੇ ਬੁਲੰਦੀ ਪਾਠਕ ਮਨ ਨੂੰ ਕਿਤੇ ਦਾ ਕਿਤੇ ਪੁਚਾ ਦਿੰਦੀ ਹੈ।
ਜਗਦੀਪ ਸਿੱਧੂ ਦੀਆਂ ਕਵਿਤਾ ਵਿੱਚ ਮਾਂ, ਧੀ, ਪਤਨੀ, ਪਿਓ, ਘਰ, ਕਰੀਨੇ ਨਾਲ਼ ਬੰਨ੍ਹੀ ਪੱਗ ਤੇ ਹੋਰ ਬਹੁਤ ਕੁਝ ਆਪ-ਮੁਹਾਰੇ ਆਉਂਦਾ ਚਲਿਆ ਜਾਂਦਾ ਹੈ। ਓਹਦੀ ਕਵਿਤਾ ਪਰਬਤੀ ਉਚਾਣਾਂ ਤੋਂ ਡਿਗਦੇ ਪਾਣੀ ਦੀਆਂ ਛੱਲਾਂ ਵਾਂਗ ਉਤਰਦੀ ਕਲ ਕਲ ਕਰਦੇ ਝਰਨੇ ਵਿੱਚ ਸਮਾਅ ਜਾਂਦੀ ਹੈ। ਓਹਦੇ ਵੱਲੋਂ ਸਹਿਜ ਭਾਅ ਕਹੀ ਕਵਿਤਾ ਪਾਠਕ ਨੂੰ ਅਸਹਿਜ ਕਰ ਜਾਂਦੀ ਹੈ।
ਜਗਦੀਪ ਸਿੱਧੂ ਦੀ ਕਵਿਤਾ ਕੋਲ਼ ਮੁਹੱਬਤੀ ਸੁਰ ਮੌਜੂਦ ਹੈ। ਮੁਹੱਬਤੀ ਸੁਰ ਹੋਵੇ ਤਾਂ ਸੋਹਣੇ ਘਰ ਦਾ ਸੁਪਨਾ ਲਿਆ ਜਾ ਸਕਦਾ ਹੈ। ਫਿਰ ਰਾਗ ਵੀ ਅਲਾਪੇ ਜਾਣਗੇ। ਇਸ ਤਰ੍ਹਾਂ ਜਗਦੀਪ ਸਿੱਧੂ ਦਾ ਕਵੀ ਮਨ ਹੋਰ ਕੀਮਤੀ ਵਸਤੂਆਂ ਮਗਰ ਦੌੜਨ ਦੀ ਬਜਾਏ ਇਨ੍ਹਾਂ ਮੁਹੱਬਤੀ ਅਹਿਸਾਸਾਂ ਮਗਰ ਦੌੜਦਾ ਹੀ ਨਹੀਂ, ਉਨ੍ਹਾਂ ਨੂੰ ਮਾਣਦਾ/ ਪਛਾਣਦਾ ਵੀ ਹੈ। ਫਿਰ ਉਹ ਇਨ੍ਹਾਂ ਮਾਣੇ ਅਹਿਸਾਸਾਂ ਵਿੱਚੋਂ ਹੀ ਕਵਿਤਾ ਘੜ ਪਾਠਕ ਅੱਗੇ ਪਰੋਸ ਦਿੰਦਾ ਹਾਂ। ਨਿੱਕੀਆਂ ਨਿੱਕੀਆਂ ਕਵਿਤਾਵਾਂ ਦੇ ਡੂੰਘੇ ਅਰਥਾਂ ਦੇ ਰੂਪ ਵਿੱਚ। ਕਵਿਤਾ ਲਿਖਦਾ ਲਿਖਦਾ ਉਹ ਕਵਿਤਾ ਪੇਂਟ ਕਰਨ ਲਗਦਾ ਹੈ। ਸਾਹਿਤਕ ਮਹਿਫਲ ਕਵਿਤਾ ਵਿੱਚ ਉਹਦੇ ਵਿਅੰਗ ਵਾਣ ਦੇਖੋ, ‘ਗੱਲ ਮੂੰਗਫਲ਼ੀ ਗਿਰੀਆਂ ਤੋਂ ਸ਼ੁਰੂ ਹੁੰਦੀ/ ਤੇ ਲੱਤਾਂ ਨਾਲ਼ ਅੱਗੇ ਤੁਰਦੀ/ ਚੰਗੇ-ਚੰਗਿਆਂ ਨੂੰ ਢਾਹਿਆ ਜਾਂਦਾ।’
‘ਕੀ ਕਰਾਂ’ ਕਵਿਤਾ ਦਾ ਪਾਠ ਕਰਦਿਆਂ ਇਸ ਤੱਥ ਦਾ ਭਲੀ-ਭਾਂਤ ਪਤਾ ਚਲਦਾ ਹੈ। ਇਸ ਕਵਿਤਾ ਵਿੱਚ ਕਵੀ ਲਿਖਦਾ ਹੈ, ਪ੍ਰਾਪਤੀ, ਫ਼ਿਕਰ/ ਮੇਰੇ ਲਈ ਇੱਕੋ ਹੀ ਸ਼ਬਦ/ ਮੀਂਹ ਵੀ ਪੈਂਦਾ/ ਦੌੜ ਪੈਂਦਾ ਹਾਂ ਛੱਤ ਵੱਲ/ ਕਿਤੇ ਪਾਣੀ ਤਾਂ ਨਹੀਂ ਖੜ੍ਹਦਾ/ ਉਪਰਲੀ ਮੰਜ਼ਿਲ ਬਣ ਰਹੀ/ ਪ੍ਰਾਪਤੀ ਦੇ ਨਾਲ਼/ ਫਿਕਰ/ ਮੇਰੇ ਲਈ ਫਿਰ ਖੜ੍ਹਾ ਹੈ। ਇੱਥੇ ਮੈਂ ਇਹੋ ਕਹਿ ਸਕਦਾ ਹਾਂ ਕਿ ਜਗਦੀਪ ਸਿੱਧੂ ਦੀ ਕਵਿਤਾ ਦੀਆਂ ‘ਪੌੜੀਆਂ ਉਤਰਦੀ ਛਾਂ’ ਦੀ ਠੰਢਕ ਹੌਲ਼ੀ ਹੌਲ਼ੀ ਮਾਣਨੀ ਹੀ ਲਾਹੇਵੰਦ ਰਹੇਗੀ।
ਸੁਰਜੀਤ ਸੁਮਨ-98144 30874

