www.sursaanjh.com > ਸਿੱਖਿਆ > ਪੰਜਾਬੀ ਸਾਹਿਤ ਵਿੱਚ ਸੰਸਥਾਗਤ ਕਾਰਜ ਅਤੇ ਯੋਗਦਾਨ ‘ਤੇ ਵਿਚਾਰ ਚਰਚਾ

ਪੰਜਾਬੀ ਸਾਹਿਤ ਵਿੱਚ ਸੰਸਥਾਗਤ ਕਾਰਜ ਅਤੇ ਯੋਗਦਾਨ ‘ਤੇ ਵਿਚਾਰ ਚਰਚਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਪਰੈਲ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ‘ਪੰਜਾਬੀ ਸਾਹਿਤ ਵਿਚ ਸੰਸਥਾਗਤ ਕਾਰਜ ਅਤੇ ਯੋਗਦਾਨ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਵਿਚ ਪੰਜਾਬ ਭਰ ਤੋਂ ਸਾਹਿਤਕ ਸੰਸਥਾਵਾਂ ਦੇ ਪ੍ਰਤੀਨਿੱਧ ਪਹੁੰਚੇ ਹੋਏ ਸਨ। ਸਭ ਤੋਂ ਪਹਿਲਾਂ ਸਵਾਗਤੀ ਸ਼ਬਦ ਬੋਲਦਿਆਂ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਸ ਵਿਸ਼ੇ ਦੀ ਚੋਣ ਦਾ ਸਾਡਾ ਮਨੋਰਥ ਸੀ ਕਿ ਪੰਜਾਬੀ ਸਾਹਿਤ ਵਿਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਸਰਕਾਰੀ ਸਾਹਿਤਕ ਅਦਾਰਿਆਂ ਨੂੰ ਪਹਿਲਕਦਮੀ ਕਰਦੇ ਹੋਏ ਇਹਨਾਂ ਸਾਹਿਤਕ ਸੰਸਥਾਵਾਂ ਵੱਲੋਂ ਪਾਏ ਯੋਗਦਾਨ ਨੂੰ ਬਣਦੀ ਪਛਾਣ ਦਿੱਤੀ ਜਾਵੇ ਅਤੇ ਸਾਹਿਤ ਦੇ ਇਤਿਹਾਸ ਵਿਚ ਉਹਨਾਂ ਵੱਲੋਂ ਬਣਦੀ ਭੂਮਿਕਾ ਦਰਜ ਹੋ ਸਕੇ। ਉਹਨਾਂ ਅੱਗੇ ਜੋੜਿਆ ਕਿ ਹਰ ਸੰਸਥਾ ਦਾ ਆਪਣਾ ਸੰਵਿਧਾਨ ਤੇ ਵੈਬਸਾਈਟ ਹੋਣੀ ਚਾਹੀਦੀ ਹੈ।
ਇਸ ਉਪਰੰਤ ਬੁਲਾਰਿਆਂ ਵਿੱਚੋਂ ਸਭ ਤੋਂ ਪਹਿਲਾਂ ਬੋਲਦੇ ਹੋਏ ਨਾਦ ਪ੍ਰਗਾਸ, ਅੰਮ੍ਰਿਤਸਰ ਵੱਲੋਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਨਾਦ ਪ੍ਰਗਾਸ ਦਾ ਕਾਰਜ ਮੌਲਿਕ ਚਿੰਤਨ ਹੈ, ਅਸੀਂ ਜ਼ਿਆਦਾਤਰ ਵਿਦਿਆਰਥੀਆਂ ਵਿੱਚ ਵਿਚਰਦੇ ਹਾਂ। ਉਹਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸੇਧਤ ਕਰਨਾ ਹੀ ਸਾਡਾ ਯੋਗਦਾਨ ਮੰਨਿਆ ਜਾਵੇ। ਸਾਹਿਤ ਸਭਾ ਸਮਰਾਲਾ ਦੇ ਪ੍ਰਤੀਨਿੱਧ ਵਜੋਂ ਯਤਿੰਦਰ ਮਾਹਲ ਹੋਰਾਂ ਨੇ ਪੰਜਾਬੀ ਸਾਹਿਤ ਸਭਾਵਾਂ ਦੇ ਇਤਿਹਾਸ ‘ਤੇ ਰੋਸ਼ਨੀ ਪਾਈ। ਉਹਨਾਂ ਕਿਹਾ ਕਿ ਸਾਹਿਤ ਸਭਾਵਾਂ ਵਿਚ ਹੁੰਦੀ ਆਲੋਚਨਾ ਨੂੰ ਹਾਂ ਪੱਖੀ ਲੈਣਾ ਚਾਹੀਦਾ। ਉਹਨਾਂ ਅੱਗੇ ਜੋੜਿਆ ਕਿ ਸਾਡੀ ਸਾਹਿਤ ਸਭਾ ਵਿਚ ਸਖ਼ਤੀ ਨਾਲ ਰਚਨਾ ‘ਤੇ ਵਿਚਾਰ ਚਰਚਾ ਹੁੰਦੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬੋਲਦਿਆਂ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਤੇ ਯੂਨੀਵਰਸਿਟੀਆਂ ਨੂੰ ਪਹਿਲਕਦਮੀ ਕਰਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਾਏ ਯੋਗਦਾਨ ਬਾਰੇ ਵੀ ਦੱਸਿਆ। ਉਹਨਾਂ ਅਗਾਂਹ ਕਿਹਾ ਕਿ ਸਾਰੀਆਂ ਸਭਾਵਾਂ ਨੂੰ ਇਕ ਮੰਚ ‘ਤੇ ਆਉਣਾ ਚਾਹੀਦਾ ਹੈ।
ਸਮਾਗਮ ਦੇ ਅਗਲੇ ਦੌਰ ਵਿਚ ਬੇਗਮ ਇਕਬਾਲ ਬਾਨੋ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਵਿਜੇ ਕਪੂਰ ਨੇ ਕਿਹਾ  ਕਿ ਸਾਨੂੰ ਪੰਜਾਬੀਅਤ ਦੀ ਸੇਵਾ ਸੌੜੇਪਨ ਤੋਂ ਬਾਹਰ ਨਿਕਲ ਕੇ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਨੁਵਾਦ ਦੁਆਰਾ ਹੋਰਨਾ ਭਾਸ਼ਾਵਾਂ ਦੇ ਸਾਹਿਤ ਦਾ ਅਦਾਨ ਪ੍ਰਦਾਨ ਹੋਣਾ ਚਾਹੀਦਾ। ਉਹਨਾਂ ਅਗਾਂਹ ਕਿਹਾ ਕਿ ਸਾਡਾ ਕੰੰਮ ਅਲੱਗ ਅਲੱਗ ਸੰਸਕ੍ਰਿਤੀਆਂ ਨੂੰ ਇਕ ਮੰਚ ਦੇਣਾ ਹੈ। ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਪਰਮਜੀਤ ਪਰਮ ਨੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਸਖਾਾਂਦਰੂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਦੀ ਹੈ; ਇਸ ਕਾਰਨ ਨਵੇਂ ਲੇਖਕ ਚੰਗਾ ਲਿਖਣ ਵੱਲ ਸੇਧਤ ਹੁੰਦੇ ਹਨ। ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਆਪਣੀ ਸੰਸਥਾ ਦੇ ਮਾਣਮੱਤੇ ਇਤਿਹਾਸ ‘ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਉਹਨਾਂ ਦੀ ਸਭਾ ਦਾ ਆਪਣਾ ਸੰਵਿਧਾਨ ਹੈ। ਉਹਨਾਂ ਨੇ ਅਗਾਂਹ ਕਿਹਾ ਕਿ ਸਾਰੀਆਂ ਸਭਾਵਾਂ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨੇ ਚਾਹੀਦੇ ਹਨ। ਉਹਨਾਂ ਅਗਾਂਹ ਕਿਹਾ ਕਿ ਅਸੀਂ ਸੁਚੇਤ ਯਤਨ ਕਰ ਰਹੇ ਹਾਂ ਕਿ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਿਆ ਜਾਵੇ।
ਪੰਜਾਬੀ ਲੇਖਕ ਸਭਾ, ਪਟਿਆਲਾ ਤੋਂ ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬ ਤੋਂ ਬਾਹਰ ਕੰਮ ਕਰ ਰਹੀਆਂ ਸਭਾਵਾਂ ਦੀ ਗੱਲ ਕੀਤੀ। ਉਹਨਾਂ ਅੱਗੇ ਕਿਹਾ ਕਿ ਸਾਹਿਤ ਨੂੰ ਉੱਚਾ ਉਠਾਉਣ ਵਿੱਚ ਸਾਹਿਤ ਸਭਾਵਾਂ ਦੀ ਦੇਣ ਮਹੱਤਵਪੂਰਨ ਹੈ। ਉਹਨਾਂ ਸਰਕਾਰਾਂ ਨੂੰ ਸਭਾਵਾਂ ਨੂੰ ਗਰਾਂਟਾਂ ਦੇਣ ਦੀ ਵੀ ਗੱਲ ਕਹੀ।ਪ੍ਰਧਾਨਗੀ ਮੰਡਲ ਵਿੱਚੋਂ ਕਨੇਡਾ ਵਸਦੇ ਉੱਘੇ ਲੇਖਕ ਗੁਰਦੇਵ ਚੌਹਾਨ ਨੇ ਕਨੇਡਾ ਦੌਰਾਨ ਆਪਣੇ ਵਸੇਬੇ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਓਥੇ ਸਰਕਾਰਾਂ ਵੱਲੋਂ ਲੇਖਕਾਂ ਨੂੰ ਗਰਾਂਟ ਦਿੱਤੀ ਜਾਂਦੀ ਹੈ; ਲੇਖਕ ਹੋਰ ਉਤਸ਼ਾਹਿਤ ਹੋ ਕੇ ਲਿਖਦਾ ਹੈ। ਉਹਨਾਂ ਕਿਹਾ ਸਭਾਵਾਂ ਦਾ ਸਾਹਿਤ ਦੇ ਉਥਾਨ ਲਈ ਮਹੱਤਵਪੂਰਨ ਯੋਗਦਾਨ ਹੈ। ਉਹਨਾਂ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਵੱਲੋਂ ਇਸ ਉਪਰਾਲੇ ਲਈ ਸ਼ਲਾਘਾ ਕੀਤੀ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਭਾਵਾਂ ਦੀ ਇਕ ਫੈਡਰੇਸ਼ਨ ਬਣੇ, ਜਿਸ ਵਿਚ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਸਾਂਝੇ ਤੌਰ ‘ਤੇ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਸਾਰੀਆਂ ਸਭਾਵਾਂ ਕੋਲ਼ ਸਾਧਨ ਨਹੀਂ ਹੁੰਦੇ ਕਿ ਉਹ ਵੈਬਸਾਈਟ ਬਣਾ ਤੇ ਚਲਾ ਸਕਣ। ਉਹਨਾਂ ਅੱਗੇ ਕਿਹਾ ਕਿ ਕਲਾ ਪਰਿਸ਼ਦ ਇਕ ਪੋਰਟਲ ਤਿਆਰ ਕਰ ਰਹੀ ਹੈ, ਜਿਸ ਵਿਚ ਸਭਾਵਾਂ ਤੇ ਲੇਖਕਾਂ ਨੂੰ ਨੁਮਾਇੰਦਗੀ ਦਿੱਤੀ ਜਾਇਆ ਕਰੇਗੀ। ਸਮਾਗਮ ਦੇ ਆਖ਼ਰ ਵਿਚ ਅਕਾਡਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਢਿੱਲੋਂ ਨੇ ਇਸ ਸਮਾਗਮ ਦੀ ਸਾਰਥਿਕਤਾ ਬਾਬਤ ਦੱਸਿਆ। ਉਹਨਾਂ ਆਏ ਸਰੋਤਿਆਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਵਿਚਾਰ ਚਰਚਾ ਦਾ ਸੰਚਾਲਨ ਲੇਖਕ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਡਾ. ਸੁਰਿੰਦਰ ਗਿੱਲ, ਪ੍ਰੋ. ਦਿਲਬਾਗ, ਪ੍ਰੀਤਮ ਰੁਪਾਲ, ਵਰਿੰਦਰ ਸਿੰਘ, ਪਾਲ ਅਜਨਬੀ, ਸੁਰਜੀਤ ਸੁਮਨ, ਧਿਆਨ ਸਿੰਘ ਕਾਹਲੋਂ, ਦਵਿੰਦਰ ਢਿੱਲੋਂ, ਪਿਆਰਾ ਸਿੰਘ ਰਾਹੀ, ਲਾਭ ਸਿੰਘ ਲਹਿਲੀ, ਦੀਪਕ ਚਨਾਰਥਲ, ਸੁਖਵਿੰਦਰ ਸਿੱਧੂ, ਸ਼ਾਇਰ ਭੱਟੀ, ਹਰਬੰਸ ਕੌਰ ਗਿੱਲ, ਗੁਰਦੇਵ ਸਿੰਘ ਗਿੱਲ, ਸਰੂਪ ਸਿਆਲਵੀ, ਜੇ. ਐਸ ਮਹਿਰਾ, ਬਲਵਿੰਦਰ ਸਿੰਘ, ਮਨਿੰਦਰ ਗਿੱਲ, ਕਰਨ ਸਹਰ, ਪਰਮਜੀਤ ਸਿੰਘ ਮਾਨ, ਹਰਵਿੰਦਰ ਕਾਲਰਾ, ਚਰਨਜੀਤ ਬਾਠ, ਮੀਤ ਰੰਗਰੇਜ਼ ਆਦਿ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *