www.sursaanjh.com > ਅੰਤਰਰਾਸ਼ਟਰੀ > ਇਕ ਡਰਾਉਣੀ ਯਾਦ/ ਜਰਨੈਲ ਹੁਸ਼ਿਆਰਪੁਰੀ

ਇਕ ਡਰਾਉਣੀ ਯਾਦ/ ਜਰਨੈਲ ਹੁਸ਼ਿਆਰਪੁਰੀ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਗਸਤ:
ਇਹ ਗੱਲ 31 ਅਗਸਤ, 1995 ਦੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਦੀ ਹੈ। ਇਸ ਭਿਆਨਕ ਧਮਾਕੇ ਵਿਚ ਉਦੋਂ ਦੇ ਮੁੱਖ ਮੰਤਰੀ ਸ. ਬੇਅੰਤ ਸਿੰਘ ਸਮੇਤ 17 ਲੋਕ ਮਾਰੇ ਗਏ ਸਨ। ਸਮਾਂ ਸ਼ਾਮ ਦੇ ਪੰਜ ਵਜੇ ਦਾ ਸੀ। ਮੈਂ, ਅਜੀਤ ਸਿੰਘ ਪਾਹਵਾ, ਸੁਰਜੀਤ ਸੁਮਨ ਤੇ ਚਾਰ ਹੋਰ ਅਧਿਕਾਰੀਆਂ ਸਮੇਤ ਸਕੱਤਰੇਤ ਦੀ ਛੇਵੀਂ ਮੰਜ਼ਲ ਤੋਂ ਉਸੇ ਲਿਫਟ ਵਿਚ ਹੇਠਾਂ ਜਾ ਰਿਹਾ ਸੀ, ਜਿੱਥੋਂ ਬਾਹਰ ਨਿਕਲਦਿਆਂ ਹੀ ਹੋਏ ਬੰਬ ਧਮਾਕੇ ਦੀ ਜਗ੍ਹਾ ਸੀ। ਜਦੋਂ ਸਾਡੀ ਲਿਫਟ ਤੀਜੀ ਮੰਜ਼ਲ ਤੇ ਪਹੁੰਚੀ ਤਾਂ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦਾ ਅਸਰ ਏਨਾ ਹੋਇਆ ਕਿ ਲਿਫਟ ਅਚਾਨਕ ਫਸ ਗਈ। ਅਸੀਂ ਘਬਰਾ ਗਏ ਪਰ ਅਪ੍ਰੇਟਰ ਨੇ ਸਾਨੂੰ ਬਾਹਰ ਕੱਢ ਲਿਆ ਤੇ ਅਸੀਂ ਰੈਂਪ ਰਾਹੀਂ ਥੱਲੇ ਉਤਰ ਕੇ ਦੇਖਿਆ ਕਿ ਮੁੱਖ ਮੰਤਰੀ ਦੇ ਦਫਤਰ ਹੇਠਾਂ ਪੋਰਚ ਵਿਚ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਬਹੁਤ ਹੀ ਖੌਫਨਾਕ ਦ੍ਰਿਸ਼ ਸੀ।
ਅਸੀਂ ਉਸ ਧਮਾਕੇ ਤੋਂ ਕਿਵੇਂ ਬਚੇ, ਉਹ ਸਾਰੀ ਘਟਨਾ ਅਜੇ ਵੀ ਮੇਰੀਆਂ ਅੱਖਾਂ ਅੱਗੇ ਫਿਲਮ ਵਾਂਗ ਚਲਦੀ ਨਜ਼ਰ ਆਉਂਦੀ ਹੈ। ਅਸਲ ਵਿਚ ਮੈਂ ਤੇ ਸੁਰਜੀਤ ਸੁਮਨ  ਇਕ ਨਾਟਕ ਦੀ ਰਿਹਰਸਲ ਲਈ ਜਾ ਰਹੇ ਸੀ, ਪਰ ਅਚਾਨਕ ਇਹ ਭਾਣਾ ਵਰਤ ਗਿਆ। ਜਿਵੇਂ ਮੈਂ ਪਹਿਲਾਂ ਦੱਸਿਆ, ਅਸੀਂ ਛੇ ਸੱਤ ਅਧਿਕਾਰੀ ਲਿਫਟ ਵਿਚ ਸਾਂ। ਲਿਫਟ ਚੱਲਣ ਤੋਂ ਪਹਿਲਾਂ ਸਾਡੇ ਵਿੱਚੋਂ ਇਕ ਬਹੁਤ ਹੀ ਧਾਰਮਿਕ ਖਿਆਲਾਂ ਵਾਲਾ ਅਧਿਕਾਰੀ ਅਜੀਤ ਸਿੰਘ ਪਾਹਵਾ ਕਹਿਣ ਲੱਗਾ ਕਿ ਉਹ ਬਾਥਰੂਮ ਜਾਣਾ ਚਾਹੁੰਦਾ ਹੈ, ਦੋ ਕੁ ਮਿੰਟ ਰੁਕ ਜਾਓ। ਅਸੀਂ ਉਸਦੀ ਗੱਲ ਮੰਨ ਕੇ ਇੰਤਜ਼ਾਰ ਕਰਨ ਲੱਗੇ। ਜਦੋਂ ਉਹ ਪੰਜ ਮਿੰਟ ਤੱਕ ਨਾ ਆਇਆ ਤਾਂ ਸਾਡੇ ਵਿੱਚੋਂ ਇਕ ਬੋਲਿਆ, ‘ਮੈਨੂੰ ਲਗਦਾ ਉਹਦੀ ਬਿਰਤੀ ਲੱਗ ਗਈ ਹੋਣੀ ਏ। ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਉਹ ਆ ਗਿਆ ਤੇ ਅਸੀਂ ਚੱਲ ਪਏ। ਜਦੋਂ ਸਾਡੀ ਲਿਫਟ ਤੀਜੀ ਮੰਜ਼ਲ ਤੇ ਪਹੁੰਚੀ  ਤਾਂ ਇੱਕ ਜ਼ੋਰਦਾਰ ਧਮਾਕਾ ਹੋ ਗਿਆ। ਜੇਕਰ ਪਾਹਵਾ ਸਾਹਿਬ ਸਾਨੂੰ ਲਿਫਟ ਵਿਚ ਛੱਡ ਕੇ ਬਾਥਰੂਮ ਨਾ ਜਾਂਦਾ ਅਤੇ ਹੋਰ ਸਮਾਂ ਨਾ ਲਗਾਉਂਦਾ ਤਾਂ ਅਸੀਂ ਵੀ ਲਿਫਟ ਰਾਹੀਂ ਧਮਾਕੇ ਵਾਲੀ ਥਾਂ ‘ਤੇ ਪਹੁੰਚ ਚੁੱਕੇ ਹੋਣਾ ਸੀ। ਇਸ ਤਰ੍ਹਾਂ ਹੋਰ ਬਦਕਿਸਮਤ ਲੋਕਾਂ ਵਾਂਗ ਸਾਡੇ ਵੀ ਚੀਥੜੇ ਉੱਡੇ ਹੋਣੇ ਸਨ। ਐਵੇਂ ਤਾਂ ਨਹੀਂ ਕਹਿੰਦੇ ਕਿ ਮਾਰਨ ਵਾਲ਼ੇ ਨਾਲੋਂ ਬਚਾਉਣ ਵਾਲਾ ਡਾਢਾ ਹੁੰਦਾ। ਪਾਹਵਾ ਸਾਹਿਬ ਦੇ ਪੰਜ ਮਿੰਟ ਸਾਡੀ ਸਾਰਿਆਂ ਦੀ ਜ਼ਿੰਦਗੀ ਬਚਾ ਗਏ।
ਜਰਨੈਲ ਹੁਸ਼ਿਆਰਪੁਰੀ – 84376 00128

Leave a Reply

Your email address will not be published. Required fields are marked *