|
ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ- ਮਨ ਤੰਦੂਰ/ ਡਾ. ਗੁਰਚਰਨ ਸਿੰਘ ਔਲਖ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜੁਲਾਈ:
ਨਿੱਜੀ ਗੁਣਾਂ ਕਾਰਨ ਗੁਰਭਜਨ ਗਿੱਲ ਯੋਧਾ ਹੈ। ਜਥੇਬੰਦੀਆਂ ਦਾ ਵੀ ਤੇ ਪੰਜਾਬੀ ਕਵਿਤਾ ਦੇ ਰਣ ਖੇਤਰ ਦਾ ਵੀ। ਅੱਜ ਅਸੀਂ ਉਸ ਦੇ ਸੱਜਰੇ ਸੰਗ੍ਰਹਿ ‘ਮਨ ਤੰਦੂਰ’ ਦੀ ਚਰਚਾ ਕਰਦੇ ਹਾਂ ਜਿਸ ਵਿੱਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਲ ਹਨ। ਪ੍ਰੋ. ਰਵਿੰਦਰ ਭੱਠਲ ਵੱਲੋਂ ਲਿਖੇ ਰੇਖਾ-ਚਿੱਤਰ: “ਸਾਵਾ ਬਿਰਖ ਗੁਰਭਜਨ ਗਿੱਲ” ਨਾਲ ਇਹ ਕਿਤਾਬ ਸ਼ੁਰੂ ਹੁੰਦੀ ਹੈ। ਰਵਿੰਦਰ ਭੱਠਲ ਵੱਲੋਂ ਲਿਖੇ ਸ਼ਬਦ ਚਿੱਤਰ ਦਾ ਪਹਿਲਾ ਵਾਕ ਹੀ ਭਾਵਪੂਰਤ ਹੈ ਤੇ ਸੰਤੁਲਤ ਵੀ।
ਇਹ ਗੁਰਭਜਨ ਗਿੱਲ ਦੇ ਕਾਵਿ-ਸਰੋਕਾਰਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ, ਜਿਸ ਰਾਹੀ ਉਹਦੀ ਸਾਂਝੇ ਪੰਜਾਬ ਪ੍ਰਤੀ ਵਿਲਕਣੀ ਤੇ ਉਹ ਤਰਲੋਮੱਛੀ ਹੁੰਦੀ ਦਿਖਾਈ ਦਿੰਦੀ ਹੈ:
ਉਹ ਰਾਵੀਓਂ ਉਰਵਾਰ-ਪਾਰ/ ਕੂਕਦੀ ਆਵਾਜ਼ ਦਾ ਸਿਰਨਾਵਾਂ ਹੈ (ਪੰਨਾ 9)। ਦੇਸ਼ ਦੀ ਵੰਡ ਤੇ ਪੰਜਾਬ ਦੀ ਵੰਡ ਦੀ ਪੀੜ ਉਹਦੀਆਂ ਕਈ ਕਵਿਤਾਵਾਂ ਵਿੱਚ ਵਾਰ ਵਾਰ ਬਿਰਹੜੇ ਕਰਦੀ ਹੈ: ਉਹਨਾਂ ਵਕਤਾਂ ਦਾ ਦਰਦ ਉਹਦੀਆਂ ਅੱਖਾਂ ‘ਚੋਂ/ ਹੁਣ ਵੀ ਸੇਕ ਵਾਂਗ ਨਿਕਲਦਾ ਹੈ (ਪੰਨਾ 9)। ਉਸ ਦੀ ਸ਼ਖ਼ਸੀਅਤ ਬਾਰੇ ਵੀ ਰਵਿੰਦਰ ਭੱਠਲ ਦੇ ਸ਼ਬਦ ਬਹੁਤ ਹੀ ਮਾਰਮਿਕ ਹਨ; ਉਹਦਾ ਜੀਵਨ ਸਾਦਾ ਸਰਲ ਨਹੀਂ/ ਸੰਘਰਸ਼ ਦੀ ਲੰਮੇਰੀ ਵਿਥਿਆ ਹੈ (ਪੰਨਾ 9)।
ਮਾਯੂਸੀਆਂ ਨੇ ਉਸਨੂੰ / ਸਾਹ-ਸਤ ਹੀਣ ਨਹੀਂ/ ਸਗੋਂ ਸਤਿਆਵਾਨ ਹੋਣ ਦਾ/ ਸਾਹਸ ਦਿੱਤਾ (ਪੰਨਾ 10)।
ਉਹ ਰਿਸ਼ਤਿਆਂ ਦੀ/ ਧਰਮੀ ਧਰਾਤਲ ‘ਤੇ/ ਮੋਹ-ਮਿੱਟੀ ‘ਚ ਗੁੰਨਿਆ ਵਜੂਦ ਹੈ (ਪੰਨਾ 11)। ਹਰ ਧੁਖ਼ਦੇ ਪਿੰਡ ਨੂੰ ਆਪਣਾ ਕਹਿ/ ਉਸ ਦੀ ਅਗਨਕਥਾ ਸੁਣਾਉਂਦਾ/ ਪਾਰਦਰਸ਼ੀ/ ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ (ਪੰਨਾ 14)। ਉਹਦੇ ਜੀਵਨ ਵਿਚਲੇ ਕੁਝ ਰੰਗ ਬੜੇ ਪੱਕੇ ਹਨ/ ਧੋਤਿਆਂ ਵੀ ਨਹੀਂ ਉੱਤਰਦੇ/ ਚਾਰ ਦਹਾਕਿਆਂ ਤੋਂ ਵੱਧ ਲੁਧਿਆਣਾ ਮਹਾਂ ਨਗਰ ‘ਚ ਵੱਸਦਿਆਂ, ਦਿੱਲੀ ਦੱਖਣ, ਦੇਸ-ਪ੍ਰਦੇਸ਼ ਘੁੰਮਦਿਆਂ ਵਿਸ਼ਵ-ਭਰ ਦੀਆਂ ਸੋਚਾਂ ਨੂੰ ਮਨ-ਮਸਤਕ ਵਿਚ ਟਿਕਾਈ ਫਿਰਦਿਆਂ ਵੀ ਸ਼ਾਇਦ ਪਿੰਡ ਉਹਦੇ ਜੀਵਨ-ਵਿਹਾਰ ‘ਚੋਂ ਇਸੇ ਲਈ ਖਾਰਜ ਨਹੀਂ ਹੋਇਆ (ਪੰਨਾ 16)।
ਗੁਰਭਜਨ ਗਿੱਲ ਦੇ ਕਾਵਿ ਸੰਸਾਰ ਦੇ ਉੱਭਰਵੇਂ ਸਰੋਕਾਰਾਂ ਵਿੱਚ ਪਿੰਡ, ਪੰਜਾਬ, ਗੁਰੂ ਨਾਨਕ ਦੀ ਸਿੱਖੀ ਤੇ ਪੰਜਾਬ ਦੀ ਵੰਡ ਦਾ ਦਰਦ ਸਹਿਜੇ ਹੀ ਪਛਾਣੇ ਜਾਂਦੇ ਹਨ। ਧੀਆਂ, ਬਹੁ-ਬੇਟੀਆਂ ਦਾ ਦਰਦ ਵੀ ਥਾਂ ਥਾਂ ਝਲਕਦਾ ਹੈ। ਸਮੁੱਚੀ ਰਚਨਾ ਵਿਚ ਮਾਨਵੀ ਪੀੜਾਂ ਤੇ ਉਸਾਰੂ ਸੋਚ ਦੀ ਰੌਸ਼ਨੀ ਹੈ। ਉਹ ਪੰਜਾਬੀ ਸੱਭਿਆਚਾਰ ਦੀ ਆਵਾਜ਼ ਬਣ ਕੇ ਕੂਕਦਾ ਹੈ: ਬਣੇ ਬਣਾਏ ਬਰਗਰ ਪੀਜ਼ਾ, ਢਾਹ ਨਾ ਦੇਵਣ ਚੁੱਲ੍ਹੇ/ ਮਰੇ ਉਡੀਕ ਕਦੇ ਨਾ ਮਾਂ ਦੀ, ਬੱਚਾ ਨਾ ਰਾਹ ਭੁੱਲੇ।
ਕਿਸਾਨਾਂ ਦੀ ਦਸ਼ਾ ਵੱਲ ਸੰਕੇਤ ਵੀ ਕਿਆ ਕਮਾਲ ਹੈ: ਧਰਤੀ ਮਾਂ ਦੇ ਪੈਰੋਂ ਜਿੰਨਾਂ ਫ਼ਿਕਰ ਜੰਜ਼ੀਰਾਂ ਲਾਹੀਆਂ/ ਉਹਨਾਂ ਦੇ ਪੁੱਤਰਾਂ ਦੇ ਗਲ ਵਿੱਚ ਕਰਜ਼ੇ ਬਣ ਗਏ ਫਾਹੀਆਂ (ਸ਼ਬਦ ਸਲਾਮਤ ਰਹਿਣ ਪੰਨਾ 17)। ਪੁਰਾਣੀ ਜੀਵਨ ਜਾਚ ਨੂੰ ਤਿਆਗ ਰਹੇ ਲੋਕਾਂ ਨੂੰ ਉਹ ਨਵੀਆਂ ਕੈਦਾਂ, ਬੇੜੀਆਂ ਤੋਂ ਸੁਚੇਤ ਹੋਣ ਦਾ ਹੋਕਾ ਦਿੰਦਾ ਹੈ ਪਹਿਰੇਦਾਰ ਲੱਗਦਾ ਹੈ।
ਗੁਰਭਜਨ ਗਿੱਲ ਦੀਆਂ 47 ਕਵਿਤਾਵਾਂ ਵਿੱਚੋਂ “ਸ਼ਬਦ ਸਲਾਮਤ ਰਹਿਣ”, “ਇਤਿਹਾਸ ਰੇਖਾ”, “ਧੀਆਂ ਦੀਆਂ ਲੋਹੜੀਆਂ”, “ਦੱਸੋ ਗੁਰੂ ਵਾਲਿਓ”, ” ਧੀ ਦੇ ਘਰ ਵਿੱਚ ਬੈਠੀਏ ਮਾਏ”, “ਵੇ ਮੈਂ ਤੇਰੇ ਪਿੱਛੋਂ”, “ਸਮਝੇ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ”, “ਇਸ ਦੂਰ ਦੇਸ਼ ਦੀ ਧਰਤੀ ਤੇ”, “ਕਿੱਥੇ ਚੜਿਐ ਚੰਨਾ ਵੇ” ਬਹੁਤ ਮੁੱਲਵਾਨ ਹਨ ਕਿਉਂਕਿ ਇਹਨਾਂ ਵਿੱਚ ਉਸਨੇ ਪੰਜਾਬੀ ਸੱਭਿਆਚਾਰ ਦੀ, ਵੰਡ ਦੇ ਦਰਦ ਦੀ, ਧੀਆਂ ਪ੍ਰਤੀ ਸਾਡੀ ਇਕ ਪਾਸੜ ਸੋਚ ਦੀ, ਤੇ ਪੈਸੇ ਖਾਤਰ ਡਾਲਰਾਂ ਦੇ ਦੇਸ਼ਾਂ ਵਿੱਚ ਜਾ ਕੇ ਆਪ ਮੁਸੀਬਤਾਂ ਸਹੇੜਨ ਦੇ ਸਰੋਕਾਰਾਂ ਨੂੰ ਉਭਾਰਿਆ ਹੈ। ਇਹ ਕਵਿਤਾਵਾਂ ਸ਼ਬਦਾਂ ਕਰਕੇ ਹੀ ਨਹੀਂ, ਅਰਥਾਂ ਕਰਕੇ ਵੀ ਸੀਨੇ ਤੇ ਪ੍ਰਭਾਵ ਪਾਉਂਦੀਆਂ ਤੇ ਝਰਨੇ ਤੇ ਪਾਣੀ ਵਾਂਗ ਆਕਰਸ਼ਣ ਦਾ ਕਾਰਨ ਬਣਦੀਆਂ ਹਨ।
![]() ![]()
|
|
ਆਪਣੀ ਔਕਾਤ, ਜ਼ਾਤ ਕਦੇ ਵੀ ਪਛਾਣੀਏ ਨਾ,
ਮੰਡੀ ਵਿਚ ਟੰਗੇ ਹੋਏ ਭਾਵਾਂ ਦੇ ਗੁਲਾਮ ਹਾਂ।
ਜੰਮਿਆ ਤੇ ਪਾਲਿਆ, ਸੰਭਾਲਿਆ ਹੈ ਤਿੰਨਾਂ ਨੇ ਹੀ,
ਮਾਤ ਭੂਮ, ਬੋਲੀ ਅਤੇ ਮਾਵਾਂ ਦੇ ਗੁਲਾਮ ਹਾਂ।
(ਪੰਨਾ 93)
ਉਸ ਦੇ ਦੇਸ਼ ਪਿਆਰ ਦੀ ਇੱਕ ਹੋਰ ਨਦੀ ਵੰਡ ਦੀ ਪੀੜ ਤੋਂ ਵੱਖਰੀ ਵਗ ਤੁਰਦੀ ਹੈ ਹਾਂ ਉਹ ਗਜ਼ਲਾਂ ਦਾ ਰੂਪ ਧਾਰਦੀ ਹੈ:
ਏਸ ਆਜ਼ਾਦੀ ਅੱਥਰੂ ਦਿੱਤੇ, ਜਸ਼ਨ ਮਨਾ ਨਹੀਂ ਹੋਇਆ।
ਅੱਖੀਆਂ ਦੀ ਮਜ਼ਬੂਰੀ ਮੈਥੋਂ, ਹੰਝ ਲੁਕਾ ਨਹੀਂ ਹੋਇਆ।
ਖਾ ਗਏ ਲੱਖ ਕਰੋੜਾਂ ਰੀਝਾਂ, ਤਖ਼ਤਾਂ ਤਾਜਾਂ ਵਾਲੇ,
ਸਾਥੋਂ ਇਕ ਵੀ ਹੌਕਾ ਦਿਲ ਵਿਚ ਦਰਦ ਪਚਾ ਨਹੀਂ ਹੋਇਆ।
ਮੱਥੇ ਤੇ ਕਾਲਖ ਦਾ ਟਿੱਕਾ, ਲਾ ਗਿਆ ਸੰਨ ਸੰਤਾਲੀ,
ਪੌਣੀ ਸਦੀ ਗੁਜ਼ਾਰ ਕੇ ਸਾਥੋਂ, ਇਹ ਵੀ ਲਾਹ ਨਹੀਂ ਹੋਇਆ।
(ਪੰਨਾ 99)
ਪਿੰਡ ਬਨਾਮ ਸ਼ਹਿਰ ਵਾਲੀ ਅਵਸਥਾ ਵਿੱਚ ਉਸ ਨੂੰ ਪਿੰਡ ਖਿੱਚ ਪਾਉਂਦੇ ਨੇ ਤੇ ਸ਼ਹਿਰੀ ਹੋਣ ਦਾ ਉਹ ਦਰਦ ਹੰਢਾਉਂਦਾ ਹੋਇਆ ਲਿਖਦਾ ਹੈ:
ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ,
ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ।
ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ,
ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ।
(ਪੰਨਾ 101)
ਤੇ ਉਹ ਫਿਰ ਲਿਖਦਾ ਹੈ:
ਹੋ ਸਕਦਾ ਸੀ ਮੈਂ ਵੀ ਤੈਥੋਂ ਉਤਲੀ ਟੀਸੀ ਬਹਿੰਦਾ,
ਧਰਤੀ-ਧਰਮ ਗੁਆ ਕੇ ਮੈਥੋਂ ਅੰਬਰੀਂ ਜਾ ਨਹੀਂ ਹੋਇਆ।
ਆ ਗਏ ਆਂ ਲੁਧਿਆਣੇ ਭਾਵੇਂ, ਪਿੰਡ ਸਾਹਾਂ ਵਿੱਚ ਰਹਿੰਦਾ,
ਬਾਰ ਪਰਾਏ ਤਾਹੀਓਂ ਸਾਥੋਂ, ਯਾਰੋ ਜਾ ਨਹੀਂ ਹੋਇਆ।
(ਪੰਨਾ 111)
ਸਾਰੰਸ ਇਹੋ ਹੈ ਕਿ ਗੁਰਭਜਨ ਗਿੱਲ ਪੰਜਾਬ ਦਾ, ਪੰਜਾਬੀ ਦਾ, ਪੰਜਾਬੀ ਸੱਭਿਆਚਾਰ ਦਾ, ਸਿੱਖ ਸਦਾਚਾਰ, ਪੰਜਾਬੀ ਜੀਵਨ ਜਾਚ, ਕਾਰ ਵਿਹਾਰ ਦਾ, ਪੇਂਡੂ ਪੰਜਾਬ ਦਾ ਪਰਵਕਤਾ ਹੈ। ਪੰਜਾਬ ਦੇ ਦੁੱਖ ਉਹਦੇ ਹੰਝੂ ਬਣਦੇ ਹਨ। ਉਹਦੀ ਕਵਿਤਾ ਉਸ ਨੂੰ ਚੈਨ ਦਿੰਦੀ ਹੈ ਜੋ ਪੰਜਾਬ ਨਾਲ ਮੋਹ ਕਰਦਾ ਹੈ।
|



