www.sursaanjh.com > ਸਾਹਿਤ > ਜਦੋਂ ਮੈਂ ਸਿੱਖਿਆ ਵਲੰਟੀਅਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ/ ਜੇ.ਐਸ. ਮਹਿਰਾ

ਜਦੋਂ ਮੈਂ ਸਿੱਖਿਆ ਵਲੰਟੀਅਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ/ ਜੇ.ਐਸ. ਮਹਿਰਾ

ਜਦੋਂ ਮੈਂ ਸਿੱਖਿਆ ਵਲੰਟੀਅਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ/ ਜੇ.ਐਸ. ਮਹਿਰਾ
ਜਦੋਂ ਮੈਂ ਇਕ ਸਰਕਾਰੀ ਅਧਿਆਪਕ ਨੂੰ ਮਿਡ ਡੇਅ ਮੀਲ ਦੇ ਚਾਵਲਾਂ ਦਾ ਕੱਟਾ, ਚੁਰਾ ਕੇ ਆਪਣੀ ਗੱਡੀ ਵਿੱਚ ਲੈ ਜਾਂਦੇ ਹੋਏ ਫੜ ਲਿਆ
ਉਹ ਅਧਿਆਪਕ ਮੈਨੂੰ ਆਖਣ ਲੱਗਾ “ਤੈਨੂੰ ਕੀ ਸਰਕਾਰੀ ਮਾਲ ਆ, ਸਾਰੇ ਹੀ ਖਾਂਦੇ ਹੀ ਨੇ, ਤੂੰ ਵੀ ਲੈ ਲੈ  ਅੱਧਾ”
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ:
25 ਅਗਸਤ 2008 ਵਿੱਚ ਮੈਂ ਆਪਣੇ ਹੀ ਪਿੰਡ ਦੇ ਐਲੀਮੈਂਟਰੀ ਸਕੂਲ ਵਿੱਚ ਸਿੱਖਿਆ ਵਲੰਟੀਅਰ ਨਿਯੁਕਤ ਹੋ ਗਿਆ ਸੀ। ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਤੁਹਾਨੂੰ ਵਲੰਟੀਅਰ ਸ਼ਬਦ ਦਾ ਅਰਥ ਦੱਸ ਦੇਣਾ ਚਾਹੁੰਦਾ ਹਾਂ। ਵਲੰਟੀਅਰ ਮਤਲਬ ਉਹ ਸ਼ਖਸ਼ ਜੋ ਆਪਣੀ ਮਰਜ਼ੀ ਨਾਲ ਕਿਸੇ ਵੀ ਸੇਵਾ ਵਿੱਚ ਪ੍ਰਵੇਸ਼ ਕਰਦਾ ਹੈ। ਉਹ ਬਿਨਾਂ ਵੇਤਨ ਤੋਂ ਆਪਣਾ ਸਮਾਂ ਤੇ ਸੇਵਾ ਪ੍ਰਦਾਨ ਕਰਦਾ ਹੈ ਅਤੇ ਵਲੰਟੀਅਰ ਅਖਵਾਉਂਦਾ ਹੈ। ਪਰ ਸਾਨੂੰ ਵੇਤਨ ਦਿੱਤਾ ਜਾਂਦਾ ਸੀ, ਸਰਵ ਸਿੱਖਿਆ ਅਭਿਆਨ ਦੇ ਤਹਿਤ Graduate ਨੂੰ 2500 ਰੁਪਏ, Post Graduate ਨੂੰ 3500 ਰੁਪਏ ਅਤੇ Trained Graduate ਨੂੰ 4500 ਰੁਪਏ ਦਿੱਤਾ ਜਾਂਦਾ ਸੀ। ਇਹ ਭਰਤੀ ਰੈਗੂਲਰ ਬੇਸਿਸ ਤੇ ਹੋਈ ਸੀ। ਆਪਣੇ ਹੀ ਪਿੰਡ ਦੇ ਜਿਸ ਸਕੂਲ ਵਿੱਚ ਮੈਂ ਅੱਠਵੀਂ ਜਮਾਤ ਤੱਕ, ਜਿਨ੍ਹਾਂ ਅਧਿਆਪਕਾ ਕੋਲ ਪੜ੍ਹਦਾ ਰਿਹਾ ਸੀ, ਅੱਜ ਉਹਨਾਂ ਅਧਿਆਪਕਾਂ ਦੇ ਬਰਾਬਰ ਕੁਰਸੀ ‘ਤੇ ਬੈਠ ਕੇ ਮੈਂ ਆਪਣੇ ਅਧਿਆਪਕਾਂ ਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰ ਰਿਹਾ ਸੀ। ਹੁਣ ਪਿੰਡ ਵਿੱਚ ਲੋਕ ਮੈਨੂੰ “ਜੱਸੀ” ਤੋਂ “ਮਾਸਟਰ ਜੀ” ਕਹਿ ਕੇ ਸੱਦਣ ਲੱਗ ਪਏ ਸਨ। ਇਹ ਸੁਣ ਕੇ ਮੈਨੂੰ ਖ਼ੁਦ ਵੀ ਆਪਣੇ ਆਪ ‘ਤੇ ਮਾਣ ਮਹਿਸੂਸ ਹੁੰਦਾ, ਪਰ ਜੇਕਰ ਮੈਂ ਆਪਣੇ ਹੀ ਪਿੰਡ ਦੇ ਸਕੂਲ ਵਿੱਚ ਰਹਿੰਦਾ ਤਾਂ ਸ਼ਾਇਦ ਅੱਜ ਵੀ ਉੱਥੇ ਸਿੱਖਿਆ ਵਲੰਟੀਅਰ ਹੀ ਹੁੰਦਾ।
ਪਰ ਮੇਰੇ ਲਈ ਵਕਤ ਨੇ ਆਪਣੇ ਗਰਭ ਵਿੱਚ ਬਹੁਤ ਸਾਰੇ ਸਮੁੰਦਰ ਤੇ ਤੂਫਾਨ ਲੁਕਾ ਕੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਮੈਂ ਅਜੇ ਪਾਰ ਕਰਨਾ ਸੀ। ਅਸੀਂ ਸਿੱਖਿਆ ਵਲੰਟੀਅਰ ਭਰਤੀ ਹੋ ਕੇ ਪਹਿਲਾ ਹੀ ਆਪਣੇ ਹੱਥ ਕਟਵਾ ਲਏ ਸਨ, ਕਿਉਂਕਿ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਅਸੀਂ ਰੈਗੂਲਰ ਰਹਾਂਗੇ ਪਰ ਪੱਕੇ ਨਹੀਂ ਕੀਤੇ ਜਾਵਾਂਗੇ। ਹੁਣ ਸਾਡੇ ਨਾਲ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਹੋਣਾ ਹੀ ਸੀ। ਆਪਣੇ ਪਿੰਡ ਦੇ ਸਕੂਲ ਵਿਚ ਮੈਂ ਲਗਭਗ ਡੇਢ ਮਹੀਨਾ ਹੀ ਰਿਹਾ। ਇਹਨਾਂ ਦਿਨਾਂ ਵਿੱਚ ਵੀ ਮੇਰੀ ਡਿਊਟੀ ਕਦੇ ਕਿਸੇ ਤੇ ਕਦੇ ਕਿਸੇ ਸਕੂਲ ਵਿੱਚ ਲਗਾਈ ਜਾਂਦੀ ਰਹੀ। ਕਿਉਂਕਿ ਜਿਆਦਾਤਰ ਮੈਡਮਾਂ ਮੇਟਰਨਟੀ ਲੀਵ ਤੇ ਸਨ ਤੇ ਬਾਕੀ ਬਚੇ ਹੋਏ ਪੱਕੇ ਅਧਿਆਪਕ ਵੀ ਬਹੁਤ ਜ਼ਿਆਦਾ ਛੁੱਟੀਆਂ ਕਰਦੇ ਸਨ। ਇੰਨੇ ਘੱਟ ਵੇਤਨ ‘ਤੇ ਅਲੱਗ ਅਲੱਗ ਸਕੂਲਾਂ ਵਿੱਚ ਦੂਰ-ਦੂਰ ਡਿਊਟੀ ਲਾ ਦੇਣੀ ਤੇ ਕਿਰਾਇਆ ਵੀ ਨਾ ਦੇਣਾ, ਇਹ ਆਰਥਿਕ ਸ਼ੋਸ਼ਣ ਨਹੀਂ ਤਾਂ ਹੋਰ ਕੀ ਸੀ? ਜਦੋਂ ਮੈਂ ਇਸ ਗੱਲ ਦੀ ਵਿਰੋਧਤਾ ਕੀਤੀ ਤਾਂ ਮੇਰੀ ਡਿਊਟੀ ਪੱਕੇ ਤੌਰ ‘ਤੇ ਕਾਦੀ ਮਾਜਰਾ ਸਕੂਲ ਵਿੱਚ ਲਗਾ ਦਿੱਤੀ ਗਈ, ਕਿਉਂਕਿ ਉੱਥੇ ਇੱਕ ਮੈਡਮ ਮੈਟਰਨਟੀ ਲੀਵ ‘ਤੇ ਚਲੇ ਗਈ ਸੀ। ਉੱਥੇ ਇੱਕ ਅਧਿਆਪਕ ਹੋਰ ਵੀ ਸੀ ਜੋ ਆਉਂਦਾ ਤਾਂ ਰੋਜ਼ ਸੀ ਪਰ ਇੱਕ ਘੰਟਾ ਸਕੂਲ ਵਿੱਚ ਬੈਠਣ ਤੋਂ ਬਾਅਦ ਮੈਨੂੰ ਇਹ ਕਹਿ ਕੇ ਚਲਾ ਜਾਂਦਾ ਸੀ ਕਿ ਅੱਜ ਮੇਰੀ ਡਿਊਟੀ ਕਿਸੇ ਹੋਰ ਸਕੂਲ ਵਿੱਚ ਲੱਗੀ ਹੋਈ ਹੈ। ਕੋਈ ਅਫਸਰ ਆਵੇ ਤਾਂ ਮੇਰੀ ਫ਼ੋਨ ‘ਤੇ ਗੱਲ ਕਰਵਾ ਦੇਵੀਂ। ਰੋਜ਼-ਰੋਜ਼ ਦੇ ਉਸ ਦੇ ਇਸ ਕੰਮ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਉਹ ਅਪਰੋਚ ਵਾਲਾ ਬੰਦਾ ਹੈ ਤੇ ਉਹ ਇਕੱਲਾ ਹੀ ਕੁਰੱਪਟ ਨਹੀਂ ਹੋਰ ਵੀ ਅਫਸਰ ਕੁਰੱਪਟ ਨੇ, ਜਿਹਨਾਂ ਨਾਲ਼ ਮਿਲ ਕੇ ਉਹ ਆਯਾਸ਼ੀ ਕਰ ਰਿਹਾ ਹੈ। ਸਕੂਲ ਦੇ ਸੌ-ਡੇਢ ਸੌ ਬੱਚਿਆਂ ਨੂੰ ਕੰਟਰੋਲ ਕਰਨਾ ਮੇਰੇ ਇਕੱਲੇ ਲਈ ਹੈ ਤਾਂ ਸਮੱਸਿਆ ਸੀ ਪਰ ਮੈਂ ਹੋਰ ਕਰ ਵੀ ਕੀ ਸਕਦਾ ਸੀ? ਮੇਰਾ ਚੁਪ ਰਹਿਣਾ ਹੀ ਠੀਕ ਸੀ। ਮੈਂ ਬੱਚਿਆਂ ਨਾਲ ਦੋਸਤਾਂ ਵਾਂਗ ਪੇਸ਼ ਆਉਂਦਾ ਤੇ ਉਹ ਵੀ ਮੇਰਾ ਸਾਥ ਦੇਣ ਲੱਗ ਪਏ ਸਨ। ਇਸ ਤਰਾਂ ਸਕੂਲ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ ਸੀ। ਬੱਚਿਆਂ ਨੂੰ ਹੱਸਦੇ ਖੇਡਦੇ ਦੇਖ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ। ਮੈਨੂੰ ਬੱਚਿਆਂ ਨਾਲ ਤੇ ਬੱਚਿਆਂ ਨੂੰ ਮੇਰੇ ਨਾਲ ਮੋਹ ਪੈ ਗਿਆ ਸੀ ਤੇ ਉਦੋਂ ਮੈਂ ਸਕੂਲ ਦੇ ਓਸ ਦ੍ਰਿਸ਼ ਨੂੰ ਪੇਸ਼ ਕਰਦੀ ਹੋਈ ਇਹ ਕਵਿਤਾ ਲਿਖੀ ਸੀ:-
ਸਕੂਲ ਦੇ ਬੱਚੇ
ਨਹਾ ਧੋ ਕੇ ਹਰ ਰੋਜ਼ ਸਵੇਰੇ
ਸਕੂਲ ਦੇ ਵਿੱਚ ਆਉਂਦੇ ਨੇ
ਖੜ੍ਹ ਕੇ ਵਿੱਚ ਕਤਾਰਾਂ ਦੇ ਫਿਰ
ਜਨ ਗਣ ਮਨ ਵੀ ਗਾਉਂਦੇ ਨੇ
ਮੇਰੀ ਹਰ ਗੱਲ ਇਹ ਸਮਝਣ
ਹੁਣ ਨਾ ਰਹੇ ਕੰਨਾ ਦੇ ਕੱਚੇ
ਮੇਰੇ ਸਕੂਲ ਦੇ ਬੱਚੇ, ਮੇਰੇ ਸਕੂਲ ਦੇ ਬੱਚੇ।
ਬੇਸ਼ਕ ਮਿੱਟੀ ਦੇ ਵਿੱਚ ਖੇਡਣ
ਕੱਪੜੇ ਕਰਨ ਨਾ ਮੈਲ਼ੇ
ਰੋਜ਼ ਸਵੇਰੇ ਸਕੂਲ ਦੇ ਵਿੱਚ
ਆਉਂਦੇ ਮੈਥੋਂ ਪਹਿਲੇ
ਜਦ ਵੀ ਮੈਂ ਸਕੂਲੇ ਜਾਵਾਂ
ਇਹ “ਸਰ ਜੀ” “ਸਰ ਜੀ” ਕਰਦੇ
ਕੋਲ ਆ ਜਾਂਦੇ ਨੱਸੇ ਨੱਸੇ
ਮੇਰੇ ਸਕੂਲ ਦੇ ਬੱਚੇ, ਮੇਰੇ ਸਕੂਲ ਦੇ ਬੱਚੇ।
ਕੁਝ ਬੱਚੇ ਮਨ ਲਾ ਕੇ ਪੜ੍ਹਦੇ
ਕੁਝ ਨੇ ਮੈਨੂੰ ਤੰਗ ਵੀ ਕਰਦੇ
ਕੁਝ ਰਹਿੰਦੇ ਨੇ ਰਲ-ਮਿਲ਼ ਕੇ
ਕਈ ਨਿੱਤ ਸਕੂਲੇ ਜੰਗ ਵੀ ਕਰਦੇ
ਮਨ ਦੀ ਗੱਲ ਨਾ ਮੈਥੋਂ ਲੁਕਾਂਦੇ
ਇਹ ਬਹੁਤ ਹੀ ਦਿਲ ਦੇ ਸੱਚੇ
ਮੇਰੇ ਸਕੂਲ ਦੇ ਬੱਚੇ, ਮੇਰੇ ਸਕੂਲ ਦੇ ਬੱਚੇ।
ਜਦ ਛੁੱਟੀ ਦਾ ਹੋਵੇ ਵੇਲਾ
ਪਾਊਂਦੇ ਨੇ ਇਹ ਬਹੁਤ ਹੀ ਰੌਲਾ
ਜਦ ਟਣ-ਟਣ ਵੱਜਦੀ ਘੰਟੀ
ਘਰ ਭੱਜ ਜਾਂਦੇ ਚੁੱਕ ਕੇ ਝੋਲ਼ਾ
“ਜੱਸੀ ਸ਼ਾਇਰ” ਨੇ ਖਲਕਤ ਦੇਖੀ
ਪਰ ਇਹ ਸਾਰੇ ਜੱਗ ਤੋਂ ਅੱਛੇ
ਮੇਰੇ ਸਕੂਲ ਦੇ ਬੱਚੇ, ਮੇਰੇ ਸਕੂਲ ਦੇ ਬੱਚੇ।
ਹੁਣ ਤਕ ਜਿਨ੍ਹਾਂ ਸਕੂਲਾਂ ਵਿੱਚ ਮੈ ਡਿਊਟੀ ਕਰਦਾ ਰਿਹਾ ਸੀ, ਪੁਰਾਣੇ ਅਧਿਆਪਕਾਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਨਵੇਂ ਅਧਿਆਪਕ ਜੋ ਪੱਕੇ ਭਰਤੀ ਹੋਏ ਸੀ, ਸੁਭਾਅ ਪੱਖੋਂ ਕਾਫੀ ਰੁੱਖੇ ਸਨ। ਉਹ ਮੇਰੇ ਨਾਲ ਚੱਪੜਾਸੀ ਵਾਲਾ ਸਲੂਕ ਕਰਦੇ। ਆਪਣੇ ਮਹਿੰਗੇ ਕੱਪੜੇ ਤੇ ਗੱਡੀਆਂ ਦੀ ਧੌਸ ਦਿਖਾਉਂਦੇ ਹੋਏ ਮੈਨੂੰ ਗੱਲ ਗੱਲ ‘ਤੇ ਨੀਵਾਂ ਦਿਖਾਉਂਦੇ। ਫਰਵਰੀ 2009 ਵਿੱਚ ਮੇਰੀ ਦੂਸਰੀ ਪੁਸਤਕ ਕਹਾਣੀ ਸੰਗ੍ਰਹਿ “ਅਰਸ਼ ਤੋਂ ਉੱਚੇ ਹਰਫ਼” ਰਿਲੀਜ਼ ਹੋਈ, ਜਿਸ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਫੋਟੋਆਂ ਤੇ ਖਬਰਾਂ ਛਪੀਆਂ। ਅਖਬਾਰਾਂ ਵਿੱਚ ਛਾਪੀਆਂ ਇਹਨਾਂ ਫੋਟੋਆਂ ਤੇ ਖਬਰਾਂ ਨੂੰ ਪੜ੍ਹ ਕੇ ਹੁਣ ਇਨ੍ਹਾਂ ਅਧਿਆਪਕਾਂ ਨੂੰ ਮੇਰੇ ਲੇਖਕ ਤੇ ਪੱਤਰਕਾਰ ਹੋਣ ਦਾ ਪਤਾ ਵੀ ਚੱਲ ਗਿਆ ਸੀ। ਹੁਣ ਉਹ ਮਨ ਹੀ ਮਨ ਮੇਰੇ ਤੋਂ ਡਰਨ ਵੀ ਲੱਗ ਪਏ ਸਨ। ਕੀ ਪਤਾ ਇਹ ਕਦੋਂ ਸਾਡੀਆਂ ਕਰਤੂਤਾਂ ਦਾ ਭਾਂਡਾ ਭੰਨ ਦੇਵੇ।
ਇੱਕ ਦਿਨ ਮੈਂ ਇਕ ਸਰਕਾਰੀ ਅਧਿਆਪਕ ਨੂੰ ਮਿਡ ਡੇਅ ਮੀਲ ਸਰਕਾਰੀ ਭੋਜਨ ਜੋ ਗਰੀਬ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਵਿੱਚੋਂ ਇੱਕ ਚਾਵਲਾਂ ਦਾ ਕੱਟਾ, ਚੁਰਾ ਕੇ ਆਪਣੀ ਗੱਡੀ ਵਿੱਚ ਲੈ ਜਾਂਦੇ ਹੋਏ ਫੜ ਲਿਆ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਮੈਨੂੰ ਕਹਿਣ ਲੱਗਾ “ਤੈਨੂੰ ਕੀ ਸਰਕਾਰੀ ਮਾਲ ਆ, ਸਾਰੇ ਹੀ ਖਾਂਦੇ ਹੀ ਨੇ ਤੂੰ ਵੀ ਲੈ ਲੈ  ਅੱਧਾ।” ਪੈਂਤੀ-ਚਾਲ਼ੀ ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਲੈਣ ਵਾਲੇ, ਗਰੀਬ ਬੱਚਿਆਂ ਦਾ ਭੋਜਨ ਚੁਰਾ ਕੇ ਲੈ ਜਾਣ ਵਾਲੇ ਇਹ ਚੋਰ ਅਧਿਆਪਕਾਂ ਦਾ  ਘਟੀਆ ਤੇ ਸ਼ਰਮਨਾਕ ਕਾਰਾ, ਮੇਰੇ ਤੋਂ ਬਰਦਾਸ਼ਤ ਨਾ ਹੋਇਆ। ਮੇਰੇ ਮਨ ਵਿੱਚ ਰੰਜ ਤੇ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਗਿਆ। ਅਜਿਹੇ ਅਧਿਆਪਕਾਂ ਪ੍ਰਤੀ। ਹੁਣ ਮੈਨੂੰ ਮੌਕੇ ਦੀ ਤਲਾਸ਼ ਸੀ। ਅਪ੍ਰੈਲ 2009 ਵਿੱਚ ਚਨਾਲ਼ੋਂ ਵਿਖ਼ੇ ਸਾਡਾ ਸੈਮੀਨਾਰ ਲੱਗਿਆ, ਜਿੱਥੇ ਮੈਨੂੰ ਇੱਕ ਲੇਖਕ ਹੋਣ ਕਰਕੇ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਮੈਂ ਇਹ ਸਾਰੀ ਭੜਾਸ ਤੇ ਗੁੱਸਾ ਕੱਢ ਦਿੱਤਾ। ਮੇਰੇ ਬੋਲਦਿਆਂ ਹੀ ਚੰਗੇ ਅਧਿਆਪਕ ਮੇਰੀ ਹਾਮੀ ਭਰਨ ਲੱਗੇ ਤੇ ਫੇਰ ਚੰਗੇ ਤੇ ਬੁਰੇ ਅਧਿਆਪਕਾਂ ਵਿੱਚ ਤੂੰ-ਤੂੰ, ਮੈਂ-ਮੈਂ ਹੋਣ ਲੱਗ ਪਈ। ਇੱਧਰ-ਓਧਰ ਫੋਨ ਖੜ੍ਹਕਣ ਲੱਗ ਪਏ ਤੇ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ ਕਿ ਗੱਲ ਬਾਹਰ ਮੀਡੀਆ ਤੱਕ ਪਹੁੰਚੇ, ਹਰ ਤਰੀਕੇ ਨਾਲ ਮੇਰਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਕਿਸੇ ਕੋਰਟ ਕਚਹਿਰੀ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ ਸੀ, ਇਸ ਲਈ ਮੈਨੂੰ ਆਪਣੀ ਇਸ ਨੌਕਰੀ ਤੋਂ 20 ਅਪ੍ਰੈਲ, 2009 ਵਿੱਚ ਅਸਤੀਫ਼ਾ ਦੇਣਾ ਪਿਆ।

Leave a Reply

Your email address will not be published. Required fields are marked *