www.sursaanjh.com > ਸਾਹਿਤ > ਇੰਟਰਨੈੱਟ, ਸ਼ੋਸ਼ਲ ਮੀਡੀਆ ਬੱਚਿਆਂ ਨੂੰ ਕਰ ਦੇਵੇਗਾ ਤਬਾਹ/ ਅਵਤਾਰ ਨਗਲੀਆਂ

ਇੰਟਰਨੈੱਟ, ਸ਼ੋਸ਼ਲ ਮੀਡੀਆ ਬੱਚਿਆਂ ਨੂੰ ਕਰ ਦੇਵੇਗਾ ਤਬਾਹ/ ਅਵਤਾਰ ਨਗਲੀਆਂ

ਇੰਟਰਨੈੱਟ, ਸ਼ੋਸ਼ਲ ਮੀਡੀਆ ਬੱਚਿਆਂ ਨੂੰ ਕਰ ਦੇਵੇਗਾ ਤਬਾਹ/ ਅਵਤਾਰ ਨਗਲੀਆਂ
ਨਿਊ ਚੰਡੀਗੜ੍ਹ (ਸੁਰ ਸਾਝ ਡਾਟ ਕਾਮ ਬਿਊਰੋ), 15 ਜੁਲਾਈ:
ਬਹੁਤ ਪੁਰਾਣੀ ਗੱਲ ਹੈ, “ਇੱਕ ਸਕੂਲ ਦੇ  ਵਿਦਿਆਰਥੀ ਨੂੰ ਇਮਤਿਹਾਨ ਵਿੱਚ ਸਿਰਫ਼ ਤਿੰਨ ਅੰਕ ਮਿਲੇ। ਉਸ ਦੇ ਅਨਪੜ੍ਹ ਪਿਤਾ ਨੇ ਪੁੱਛਿਆ, “ਪੁੱਤ ! ਤੈਨੂੰ ਲੰਬਰ ਐਨੇ ਘੱਟ ਕਿਉਂ ਮਿਲੇ?”
ਵਿਦਿਆਰਥੀ  ਨੇ ਜਵਾਬ ਦਿੱਤਾ, “ਬਾਪੂ ! ਜਦੋਂ ਮਾਸਟਰ ਜੀ ਨੰਬਰ ਦੇ ਰਹੇ ਸਨ ਤਾਂ ਮੈਂ ਲਾਈਨ ਵਿੱਚ ਸਭ ਤੋਂ ਪਿੱਛੇ ਲੱਗਿਆ ਹੋਇਆ ਸੀ। ਮੇਰੀ ਵਾਰੀ ਨੂੰ ਅਖੀਰ ਵਿੱਚ ਮਾਸਟਰ ਜੀ ਕੋਲ਼ ਤਿੰਨ ਨੰਬਰ ਹੀ ਬਾਕੀ ਰਹਿ ਗਏ। ਏਹੀ ਬਚੇ ਹੋਏ ਨੰਬਰ ਮਾਸਟਰ ਜੀ ਨੇ ਮੈਨੂੰ ਦੇ ਦਿੱਤੇ।”
ਇਸ ਜਵਾਬ ਤੋਂ ਸੰਤੁਸ਼ਟ ਹੁੰਦਿਆਂ ਪਿਤਾ ਨੇ ਕਿਹਾ, “ਅੱਗੇ ਨੂੰ ਧਿਆਨ ਰੱਖੀਂ ਪੁੱਤ ! ਜਦੋਂ ਮਾਸਟਰ ਲੰਬਰ ਵੰਡਣ ਲੱਗਿਆ ਤਾਂ ਤੂੰ ਸਭ ਤੋਂ ਪਹਿਲਾਂ ਈ ਲੈਨ  ‘ਚ ਲੱਗਜੀਂ।”
ਇਹ ਉਹ ਸਮਾਂ ਸੀ, ਜਦੋਂ  ਪੜ੍ਹਾਈ ਕਰ ਰਹੇ ਬੱਚੇ ਆਪਣੇ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ-ਲਿਖੇ ਮਾਪਿਆਂ ਨੂੰ ਇੰਝ ਗੁੰਮਰਾਹ ਕਰਦੇ ਸਨ। ਬੇਵਕੂਫ਼ ਬਣਾਉਂਦੇ ਸਨ। ਗ਼ੈਰ-ਜ਼ਿੰਮੇਵਾਰ ਕਿਸਮ ਦੀ ਔਲਾਦ ਆਪਣੇ ਮਾਪਿਆਂ ਨਾਲ਼ ਇਸ ਤਰ੍ਹਾਂ ਹੀ ਧੋਖਾਧੜੀ ਕਰਦੀ ਹੈ। ਫਿਰ ਵੀ ਬੀਤੇ ਵੇਲ਼ਿਆਂ ਵਿੱਚ ਮੁਕਾਬਲਤਨ ਬੱਚਿਆਂ-ਅੱਲ੍ਹੜਾਂ ਵੱਲੋਂ ਆਪਣੇ ਮਾਪਿਆਂ ਨੂੰ ਗੁੰਮਰਾਹ ਕਰਨ ਦੀਆਂ ਘਟਨਾਵਾਂ ਘੱਟ ਹੀ ਵਾਪਰਦੀਆਂ ਸਨ।
ਪਰ ਅੱਜ ਦੇ ਹਾਈਟੈਕ ਜ਼ਮਾਨੇ ਵਿੱਚ ਅਜਿਹੀਆਂ ਔਲਾਦਾਂ ਬੀਤੇ ਨਾਲ਼ੋਂ ਕਿਤੇ ਵੱਧ ਕੁਸ਼ਲਤਾ ਨਾਲ਼ ਆਪਣੇ ਮਾਪਿਆਂ  ਨੂੰ  ਬੇਵਕੂਫ  ਬਣਾ ਰਹੀਆਂ ਹਨ। ਸਿਰਫ਼ ਕੁਸ਼ਲਤਾ ਨਾਲ਼ ਹੀ ਨਹੀਂ ਸਗੋਂ ਆਰਗੇਨਾਈਜ਼ਡ ਤਰੀਕੇ ਨਾਲ਼। ਬਹੁਤ ਵੱਡੇ ਪੱਧਰ ਉੱਤੇ। ਕਮਾਲ ਦੀ ਗੱਲ ਇਹ ਹੈ ਕਿ ਅੱਜ ਦੇ ਮਾਪਿਆਂ ਵਿੱਚ ਯੂਨੀਵਰਸਿਟੀਆਂ -ਪ੍ਰੋਫੈਸ਼ਨਲ ਕਾਲਜਾਂ ਵਿੱਚ ਉੱਚ-ਸਿੱਖਿਆ ਪ੍ਰਾਪਤ ਮਾਪੇ ਮੁਕਾਬਲਤਨ  ਜ਼ਿਆਦਾ ਬੇਵਕੂਫ਼ ਬਣ ਰਹੇ ਹਨ। ਚੰਗੇ ਪੜ੍ਹੇ-ਲਿਖੇ, ਆਰਥਿਕ ਪੱਖੋਂ ਮਜ਼ਬੂਤ ਮਾਪਿਆਂ ਨੂੰ ਬੇਵਕੂਫ਼ ਬਣਾਉਣ ਵਾਲ਼ੀ ਔਲਾਦ ਉਹ ਹੈ ਜੋ ਰਾਤ-ਦਿਨ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਇੰਟਰਨੈੱਟ, ਸ਼ੋਸ਼ਲ ਮੀਡੀਆ ਉੱਤੇ ਅੱਖਾਂ ਗੱਡ  ਕੇ ਬਿਤਾਉਂਦੀ ਹੈ। ਸਰੀਰਕ ਮਿਹਨਤ ਦੇ ਪੱਖ ਤੋਂ ਲਗਭਗ ਪੂਰੀ ਤਰ੍ਹਾਂ  ਨਿਕੰਮੇ ਹੋ ਰਹੇ ਇਹ ਬੱਚੇ-ਅੱਲ੍ਹੜ ਬੰਦ ਕਮਰੇ ਵਿੱਚ ਬੈਠੇ ਅਵਾਰਾਗਰਦੀ ਦੇ ਸਿਖਰਾਂ ਨੂੰ ਵੀ ਛੂਹ ਰਹੇ ਹਨ, ਜਿਸ ਦੀ ਬੀਤੇ ਸਮਿਆਂ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਪਹਿਲੇ ਵੇਲ਼ਿਆਂ ਵਿੱਚ ਅਵਾਰਾਗਰਦ ਝੱਟ ਹੀ ਪਛਾਣ ਵਿੱਚ ਆ ਜਾਂਦੇ ਸਨ ਅਤੇ ਸਮਾਂ ਰਹਿੰਦਿਆਂ ਹੀ ਉਹਨਾਂ ਦਾ ਸੁਧਾਰ ਵੀ ਸੰਭਵ ਸੀ। ਪਰ ਮਾਪਿਆਂ ਨੂੰ ਆਨ ਲਾਈਨ ਪੜ੍ਹਾਈ  ਦਾ ਬਹਾਨਾ ਮਾਰ ਕੇ ਜਾਂ ਇੰਟਰਨੈੱਟ ਉੱਤੇ ਸਟੱਡੀ ਮੈਟੀਰੀਅਲ  ਸਰਚ ਕਰਨ ਦਾ ਦਿਖਾਵਾ ਕਰਕੇ ਵਾੱਟਸ ਐਪ, ਫੇਸਬੁੱਕ, ਇੰਸਟਾਗਰਾਮ ਆਦਿ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਨਾਲ਼  ਘਰ ਦੇ ਬੰਦ ਕਮਰੇ ਵਿੱਚ ਆਨਲਾਈਨ ਜੁੜ ਕੇ ਬੈਠੇ ਬੱਚੇ ਦਾ ਪਤਾ ਵੀ ਨਹੀਂ ਚੱਲਦਾ ਕਿ ਉਸ ਦੀ ਅਵਾਰਾਗਰਦੀ ਸੱਤ ਸਮੁੰਦਰ ਪਾਰ ਵੀ ਘੁੰਮ ਆਈ ਹੈ।
ਮਾਪਿਆਂ ਨੂੰ ਇਸਦਾ  ਇਲਮ ਵੀ ਨਹੀਂ ਹੁੰਦਾ ਕਿ ਉਹਨਾਂ ਦਾ ਅੱਲ੍ਹੜ ਬੇਟਾ ਜਾਂ ਬੇਟੀ ਪਬਜ਼ੀ ਅਤੇ ਹੋਰ ਕਿੰਨੀਆਂ ਹੀ ਖਤਰਨਾਕ ਆਨਲਾਈਨ ਗੇਮਾਂ, ਆਨਲਾਈਨ ਜੂਏਬਾਜ਼ੀਆਂ ਨਾਲ਼ ਜੁੜ ਕੇ ਸਿਰਫ਼ ਪੈਸੇ ਦੀ ਬਰਬਾਦੀ ਹੀ ਨਹੀਂ ਸਗੋਂ ਸਰੀਰ ਦੀ ਬਰਬਾਦੀ, ਭਿਆਨਕ ਬੀਮਾਰੀਆਂ ਅਤੇ ਆਤਮ-ਹੱਤਿਆਵਾਂ ਵਰਗਾ ਹੌਲਨਾਕ ਅੰਤ ਵੀ ਸਹੇੜ ਰਿਹਾ ਹੈ। ਇੰਟਰਨੈੱਟ ਇੱਕ ਅਜਿਹਾ ਪਲੇਟ ਫਾਰਮ ਹੈ, ਜਿੱਥੇ ਬਹੁਤ ਸਾਰੀਆਂ ਲਾਭਦਾਇਕ  ਜਾਣਕਾਰੀਆਂ ਦੇ ਨਾਲ਼ ਹੀ ਬੱਚਿਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣ ਵਾਲ਼ੇ ਅਮੁੱਕ ਡਾਟੇ ਦਾ ਸਮੁੰਦਰ ਮੌਜ਼ੂਦ ਹੈ। ਇੰਟਰਨੈੱਟ ਤੋਂ ਬੱਚਾ ਝੂਠ ਬੋਲਣ, ਮਾਪਿਆਂ, ਟੀਚਰਾਂ  ਅਤੇ ਹੋਰਨਾਂ ਨੂੰ ਧੋਖਾ ਦੇਣ ਦੇ ਹਾਈਟੈੱਕ ਤਰੀਕੇ  ਚੁਟਕੀਆਂ ਵਿੱਚ ਹੀ ਸਿੱਖ ਸਕਦਾ ਹੈ ਤਾਂ ਬਲੈਕਮੇਲਿੰਗ, ਠੱਗੀਆਂ, ਡਕੈਤੀਆਂ, ਚੋਰੀਆਂ, ਨਸ਼ੇਖੋਰੀਆਂ, ਕਤਲ ਅਤੇ ਜੁਰਮ ਦੀ ਦੁਨੀਆ ਦੇ ਇੱਕ ਤੋਂ ਵਧ ਕੇ ਇੱਕ ਢੰਗ-ਤਰੀਕੇ ਇੱਕ ਕਲਿੱਕ ਨਾਲ਼ ਕੰਠ ਵੀ ਕਰ ਸਕਦਾ ਹੈ ਅਤੇ ਇੰਨੀ ਹੀ ਤੇਜ਼ੀ ਨਾਲ਼ ਲਾਗੂ ਕਰ ਸਕਦਾ ਹੈ।
ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਮਸ਼ੀਨ ਦੀ ਮਦਦ ਨਾਲ਼ ਇੰਟਰਨੈੱਟ  ਨਾਲ਼ ਰਾਤ-ਦਿਨ ਜੁੜੇ ਬੱਚੇ  ਜਾਂ ਅੱਲ੍ਹੜ  ਦਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਬਹੁਤ ਹੀ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਹੈ। ਉਸ ਨੂੰ ਇੰਟਰਨੈੱਟ  ਦੀ ਆਦਤ, ਇੰਟਰਨੈੱਟ  ਦੀ ਐਡਿਕਸ਼ਨ (ਨਸ਼ੇੜੀਪਣ) ਹੋ ਜਾਂਦੀ ਹੈ। ਇਹ ਨਸ਼ੇੜੀ ਪ੍ਰਭਾਵ  ਕਿਸੇ ਵੀ ਖ਼ਤਰਨਾਕ ਡਰੱਗ ਤੋਂ ਘੱਟ ਨਹੀਂ ਹੁੰਦਾ। ਇਸ ਦੇ ਪ੍ਰਭਾਵ  ਹੇਠ ਬੱਚਾ ਅਸਲ ਜੀਵਨ ਹਾਲਤਾਂ-ਅਸਲ ਜ਼ਿੰਦਗੀ ਤੋਂ ਪੂਰੀ ਤਰ੍ਹਾਂ  ਟੁੱਟ ਜਾਂਦਾ ਹੈ। ਉਸ ਦੀ ਸੰਵੇਦਨਸ਼ੀਲਤਾ ਜੋ ਕਿ ਉਸ ਦੇ ਚੰਗੇ ਨਾਗਰਿਕ ਬਣਨ ਲਈ ਜ਼ਰੂਰੀ ਹੁੰਦੀ ਹੈ। ਪੂਰੀ ਤਰ੍ਹਾਂ  ਨਸ਼ਟ ਹੋ ਜਾਂਦੀ ਹੈ। ਉਸ ਦੇ ਸਮਾਜਿਕ ਪ੍ਰਾਣੀ  ਹੋਣ ਦਾ ਗੁਣ ਖ਼ਤਮ ਹੋ ਜਾਂਦਾ ਹੈ।  ਇਸ ਦਾ ਇਲਾਜ ਬਹੁਤ ਔਖਾ ਅਤੇ ਕਈ ਮਾਮਲਿਆਂ ਵਿੱਚ ਲਗਭਗ ਅਸੰਭਵ  ਹੋ ਜਾਂਦਾ ਹੈ। ਭਲੇ ਵੇਲ਼ਿਆਂ ਵਿੱਚ ਜਦੋਂ ਬੱਚਾ ਗ਼ਲਤੀ ਕਰਦਾ ਸੀ ਅਤੇ ਗ਼ਲਤੀ ਫੜੀ ਜਾਂਦੀ ਸੀ ਤਾਂ ਉਸ ਅੰਦਰ ਗਿਲਟੀ ਭਾਵ (ਅਪਰਾਧਬੋਧ) ਜ਼ਰੂਰ ਪੈਦਾ ਹੁੰਦਾ ਸੀ। ਪਰ ਸ਼ੋਸ਼ਲ ਮੀਡੀਆ ਦਾ ਬੱਚਿਆਂ ਦੇ ਕੋਮਲ ਮਨਾਂ ਉੱਤੇ ਇਸ ਕਦਰ ਨਾਂਹ ਪੱਖੀ ਗ਼ੈਰ-ਕੁਦਰਤੀ ਪ੍ਰਭਾਵ ਪੈਂਦਾ ਹੈ, ਅੱਲ੍ਹੜਾਂ ਦੀ ਜ਼ਮੀਰ ਇਸ ਕਦਰ ਨਸ਼ਟ ਹੋ ਸਕਦੀ ਹੈ ਕਿ ਚੰਗੇ-ਭਲੇ ਪਰਿਵਾਰ ਦੇ ਇੰਟਰਨੈੱਟਨੈੱਟ ਐਡਿਕਟ ਬੱਚੇ ਅੰਦਰ  ਵੀ ਵੱਡੀ ਤੋਂ ਵੱਡੀ ਗ਼ਲਤੀ ਕਰਕੇ, ਜੁਰਮ ਕਰਕੇ ਵੀ ਅਪਰਾਧ ਬੋਧ ਪੈਦਾ ਨਹੀਂ ਹੁੰਦਾ। ਇੰਟਰਨੈੱਟ  ਦੀ ਲਤ ਉਸ ਦਾ  ਇਸ ਕਦਰ ਬਰੇਨ-ਵਾਸ਼ ਕਰ ਸਕਦੀ ਹੈ ਕਿ ਉਸ ਦੀ ਜ਼ਮੀਰ ਜਾਗਦੀ ਹੀ ਨਹੀਂ।
ਨੈੱਟ ਨਾਲ਼ ਲਗਾਤਾਰ ਜੁੜੇ ਬੱਚੇ  ਵੱਲੋਂ  ਰੋਜ਼ਾਨਾ ਦੀ ਜ਼ਿੰਦਗੀ ਲਈ ਜ਼ਰੂਰੀ ਆਮ ਹਿੱਲ-ਜੁਲ , ਤੋਰਾ-ਫੇਰਾ ਨਾ ਕਰਨ ਕਰਕੇ  ਉਸ ਦੇ ਸਰੀਰ ਅੰਦਰ  ਲਾਇਲਾਜ  ਖ਼ਤਰਨਾਕ ਬੀਮਾਰੀਆਂ ਜਵਾਨ ਹੋਣ ਤੋਂ ਪਹਿਲਾਂ ਹੀ  ਜੜ੍ਹਾਂ ਫੜ ਲੈਂਦੀਆਂ ਹਨ। ਗੱਲ ਸਿਰਫ਼ ਇੱਥੇ ਹੀ ਨਹੀਂ ਮੁੱਕਦੀ, ਬਹੁਤ ਸਾਰੇ ਆਨਲਾਈਨ ਪਲੇਟਫਾਰਮ ਬੱਚਿਆਂ-ਅੱਲ੍ਹੜਾਂ  ਨੂੰ ਪੁੱਠੀ ਸਿੱਖਿਆ ਦੇ ਕੇ ਉਹਨਾਂ ਦੇ ਮਨਾਂ  ਵਿੱਚ ਇਹ ਭਰਮ ਪੱਕੇ ਤੌਰ ਉੱਤੇ ਵਸਾ ਦਿੰਦੇ ਹਨ ਕਿ ਉਹ ਨਵੇਂ ਜ਼ਮਾਨੇ ਦੇ, ਇੰਟਰਨੈੱਟ ਯੁੱਗ ਦੇ  ਅਤਿ ਆਧੁਨਿਕ ਨਵੀਂ ਹਾਈਟੈਕ ਪੀੜ੍ਹੀ  ਦੇ ਲੋਕ ਹਨ ਜਦ ਕਿ ਉਹਨਾਂ ਦੇ ਮਾਪੇ ਬੀਤੇ ਯੁੱਗ ਦੀ ਬਹੁਤ ਹੀ ਪਛੜੀ ਹੋਈ ਪੀੜ੍ਹੀ ਦੀ ਪ੍ਰਤੀਨਿਧਤਾ ਕਰ ਰਹੇ ਹਨ। ਕਿਰਤ ਤੋਂ ਪੂਰੀ ਤਰ੍ਹਾਂ ਟੁੱਟ ਚੁਕੇ ਬੱਚੇ ਇੰਟਰਨੈੱਟ  ਤੋਂ ਅਜਿਹਾ ਸ਼ਬਦ-ਜ਼ਾਲ਼ ਸਿੱਖ ਚੁੱਕੇ ਹਨ ਜਾਂ ਸਿੱਖ ਰਹੇ ਹਨ ਕਿ ਇਹਨਾਂ ਅੱਗੇ ਉੱਚ-ਸਿੱਖਿਅਤ ਮਾਪੇ ਵੀ ਹੀਣੇ ਮਹਿਸੂਸ ਕਰ ਰਹੇ ਹਨ ਅਤੇ ਬੱਚਿਆਂ ਦੀ ਯੋਗ  ਅਗਵਾਈ ਛੱਡ ਬੱਚਿਆਂ ਵੱਲੋਂ ਭੁਲੇਖਿਆਂ ਤਹਿਤ ਲਏ ਜਾ  ਰਹੇ ਕੱਚ-ਘਰੜ  ਫੈਸਲਿਆਂ ਉੱਤੇ ਹੀ ਫੁੱਲ ਚੜ੍ਹਾਈ ਜਾ ਰਹੇ ਹਨ। ਨਵੀਂ ਪੀੜ੍ਹੀ ਨੂੰ  ਕੁਰਾਹੇ ਪਾਉਣ ਵਿੱਚ ਪ੍ਰਾਈਵੇਟ  ਸਕੂਲ, ਕੋਚਿੰਗ ਸੈਂਟਰ ਅਤੇ ਹੋਰ ਪ੍ਰਾਈਵੇਟ ਸਿੱਖਿਆ ਅਦਾਰੇ ਸਭ ਤੋਂ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਇਹ ਜੋ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ  ਸਕੂਲਾਂ ਵਰਗੇ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਦਰਅਸਲ  ਸਰਕਾਰੀ ਸਕੁਲਾਂ ਦੇ ਤੰਦਰੁਸਤ  ਮਾਹੌਲ ਨੂੰ ਦੂਸ਼ਿਤ ਕਰਨ ਦੇ ਵੱਡੇ ਅਤੇ ਖਤਰਨਾਕ ਉਪਰਾਲੇ ਹਨ। ਹੁਣ ਤੱਕ ਸਰਕਾਰੀ ਸਕੂਲ ਹੀ ਅਜਿਹੇ ਵਿਦਿਅਕ ਅਦਾਰੇ ਸਾਬਤ ਹੋਏ ਹਨ ਜੋ ਬੱਚਿਆਂ ਨੂੰ ਸਿੱਖਿਆ ਦੇਣ  ਦੇ ਨਾਲ਼ ਹੀ ਕਿਰਤ, ਮਾਂ ਬੋਲੀ ਅਤੇ  ਵਿਰਸੇ ਨਾਲ਼ ਜੋੜਦੇ ਆ ਰਹੇ ਹਨ। ਪਰ ਹੁਣ ਸਰਕਾਰੀ ਸਕੂਲਾਂ ਦੇ ਇਸ ਮਹਾਨ ਗੁਣ ਨੂੰ ਵੀ ਨਸ਼ਟ ਕਰਨ ਲਈ ਪੂਰਾ ਟਿੱਲ ਲਾਇਆ ਜਾ ਰਿਹਾ ਹੈ।
ਬੀਤੇ ਵੇਲ਼ੇ ਦੇ ਮਾਪੇ ਭਾਵੇਂ ਅਨਪੜ੍ਹ  ਜਾਂ ਘੱਟ ਪੜ੍ਹੇ-ਲਿਖੇ ਜ਼ਰੂਰ ਸਨ, ਪਰ ਬਾਵਜੂਦ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ  ਨਾਲ਼ ਜੋੜ ਕੇ ਰੱਖਣ ਅਤੇ ਹੱਦਾਂ-ਬੰਨੇ ਟੱਪਣ ਤੋਂ ਰੋਕ ਕੇ ਰੱਖਣ ਵਿੱਚ ਕਾਮਯਾਬ ਰਹਿੰਦੇ ਸਨ। “ਰੰਬਾ ਅਤੇ ਮੁੰਡਾ ਚੰਡੇ ਹੋਏ ਹੀ ਠੀਕ ਰਹਿੰਦੇ ਹਨ” ਅਜਿਹਾ ਮੂਲ ਮੰਤਰ ਸੀ, ਜਿਸ ਨੂੰ ਸਾਡੇ ਸਮਾਜ ਵਿੱਚ ਸਖ਼ਤੀ ਨਾਲ਼  ਲਾਗੂ ਕੀਤਾ ਜਾਂਦਾ ਸੀ। ਇੱਥੇ ਚੰਡਣ ਦਾ ਮਤਲਬ  ਕੁੱਟਮਾਰ ਨਹੀ, ਸਗੋਂ ਚੰਗੀ ਸਰੀਰਕ ਮਿਹਨਤ ਕਰਵਾਉਣਾ ਹੈ। ਇਹ ਉਸ ਸਮੇਂ ਦਾ ਸੱਭਿਆਚਾਰ ਸੀ ਜਾਂ ਕਹਿ ਲਵੋ ਕਿ ਉਸ ਸਮੇਂ ਦੇ ਮਾਪਿਆਂ ਦੀ ਮਜ਼ਬੂਰੀ ਸੀ ਕਿ ਬੱਚਿਆਂ ਤੋਂ ਖਾਸ ਕਰਕੇ ਮੁੰਡਿਆਂ  ਤੋਂ ਘਰ ਦੇ ਬਹੁਤ ਸਾਰੇ ਸਖ਼ਤ ਮਿਹਨਤ ਵਾਲ਼ੇ ਹੱਥੀਂ ਕੰਮ ਕਰਵਾਉਣ ਲਈ ਨਿਰਭਰ ਹੋਣਾ ਹੀ ਪੈਂਦਾ ਸੀ। ਕੁੜੀਆਂ ਤਾਂ ਬਹੁਤ ਛੋਟੀ ਉਮਰ ਤੋਂ ਹੀ ਆਪਣੀਆਂ ਮਾਵਾਂ ਨਾਲ਼ ਘਰ ਦੇ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਬੱਚਿਆਂ ਤੋਂ ਕਰਵਾਇਆ ਇਹ ਹੱਥੀਂ ਕੰਮ ਭਾਵ  “ਦਸਾਂ ਨਹੁੰਆਂ ਦੀ ਕਿਰਤ”  ਦਾ ਅਸਤਰ ਬਹੁਗਿਣਤੀ ਬੱਚਿਆਂ ਨੂੰ  ਕਾਮਯਾਬੀ ਨਾਲ਼ ਭਟਕਣ ਤੋਂ ਰੋਕ ਕੇ ਰੱਖਦਾ ਸੀ। ਉਸ ਸਮੇਂ ਬੱਚਿਆਂ-ਅੱਲ੍ਹੜਾਂ ਲਈ ਮਨੋਰੰਜਨ  ਦਾ ਮੁੱਖ ਸਾਧਨ ਸਰੀਰਕ  ਖੇਡਾਂ ਹੀ ਸਨ ਜੋ ਕਿਰਤ ਦਾ ਹੀ ਦੂਜਾ ਰੂਪ ਸਨ। ਬੀਤੇ ਵੇਲ਼ੇ ਬਹੁਤ ਘੱਟ ਪ੍ਰਾਈਵੇਟ ਸਕੂਲ ਹੁੰਦੇ ਸਨ। ਸਰਕਾਰੀ ਸਕੂਲਾਂ ਵਿੱਚ ਵੀ  ਬੱਚਿਆਂ ਨੂੰ ਬਹੁਤ ਸਾਰਾ ਹੱਥੀਂ ਕੰਮ ਕਰਨਾ ਪੈਂਦਾ ਸੀ, ਖੇਡਾਂ ਨਾਲ਼ ਚੰਗੀ ਸਰੀਰਕ ਮਿਹਨਤ ਕਰਨ ਦਾ ਮੌਕਾ ਮਿਲਦਾ ਸੀ।
ਸਾਡੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਨ  ਨੂੰ ਸਭ ਤੋਂ ਵੱਧ ਮਹੱਤਵ ਦਿੰਦਿਆਂ ਇਸ ਦੁਨੀਆ  ਨੂੰ “ਕਿਰਤ ਕਰੋ,  ਵੰਡ ਛਕੋ, ਨਾਮ ਜਪੋ” ਦਾ ਮਹਾਨ ਸਿਧਾਂਤ ਦਿੱਤਾ ਸੀ। ਗੁਰੂ ਸਾਹਿਬ  ਨੇ ਆਪਣੀ ਬਿਰਧ ਅਵਸਥਾ  ਵਿੱਚ ਜਾ ਕੇ ਵੀ ਹੱਥੀਂ ਖੇਤੀਬਾੜੀ  ਕਰਕੇ “ਦਸਾਂ ਨਹੁੰਆਂ ਦੀ ਕਿਰਤ” ਦੀ ਵਡਿਆਈ  ਕੀਤੀ ਸੀ। ਇਸ ਸਿਧਾਂਤ  ਦੀ ਸਾਰਥਕਤਾ  ਅੱਜ ਦੇ ਯੁੱਗ ਵਿੱਚ ਹੋਰ ਵੀ ਵੱਧ ਮਹੱਤਵਪੂਰਨ  ਬਣ ਗਈ ਹੈ। ਅੱਜ ਨਿਊਰੋ ਸਾਇੰਸ ਅਤੇ ਮਨੋਵਿਗਿਆਨ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਹੱਥੀਂ ਕੰਮ ਕਰਨ ਨਾਲ਼ ਬੱਚੇ ਦੇ ਦਿਮਾਗ  ਦੇ ਸੈਲਾਂ ਉੱਤੇ, ਨਿਊਰੋਨਾਂ ਉੱਤੇ ਹਾਂ ਪੱਖੀ ਦਬਾਉ ਪੈਂਦਾ ਹੈ, ਉਤੇਜਨਾ ਪੈਦਾ ਹੁੰਦੀ ਹੈ, ਜਿਸ ਨਾਲ਼ ਬੱਚੇ ਅੰਦਰ ਵਿਹਾਰਕ ਸਮਝ ਪੈਦਾ ਹੁੰਦੀ ਹੈ, ਜੋ ਬੱਚੇ ਦੇ ਸਹੀ ਅਤੇ ਸਾਵੇਂ ਵਿਕਾਸ ਲਈ ਜ਼ਰੂਰੀ ਹੁੰਦੀ ਹੈ। ਸਰੀਰਕ ਮਿਹਨਤ  ਨਾਲ਼ ਸਰੀਰ ਦੇ ਹਰ ਤਰ੍ਹਾਂ  ਦੇ ਵਿਕਾਸਾਂ ਦੇ ਨਾਲ਼ ਹੀ ਸਰੀਰ ਅੰਦਰ ਕਈ ਤਰ੍ਹਾਂ  ਦੇ ਲਾਭਦਾਇਕ ਚੰਗੇ ਹਾਰਮੋਨ ਪੈਦਾ ਹੁੰਦੇ ਹਨ ਜੋ ਉਸ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਦੇ ਹਨ। ਇਸ ਤਰਾਂ ਕਿਰਤ ਦਾ ਸਿਧਾਂਤ ਹੀ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ।
ਦਰਅਸਲ ਬੱਚਿਆਂ-ਅੱਲ੍ਹੜਾਂ ਨੂੰ ਕਿਰਤ ਤੋਂ ਤੋੜਨ ਪ੍ਰਕਿਰਿਆ ਇੱਕ ਯੋਜਨਾਬੱਧ ਸੱਭਿਆਚਾਰਕ ਹਮਲੇ ਦਾ ਇੱਕ ਭਾਗ  ਹੈ ਜੋ ਕਿਸੇ ਸਮੇਂ ਸਾਮਰਾਜੀ ਅਦਾਰਿਆਂ ਵੱਲੋਂ ਦੁਨੀਆ ਭਰ ਵਿੱਚ ਅਸ਼ਲੀਲ ਕਿਤਾਬਾਂ ਦਾ ਹੜ੍ਹ  ਲਿਆ ਕੇ ਕੀਤਾ ਗਿਆ ਸੀ। ਇਸ ਉਪਰੰਤ  ਟੈਲੀਵਿਜ਼ਨ ਰਾਹੀਂ ਸ਼ਿਕਾਰ ਬਣਾਇਆ ਗਿਆ। ਪਰ ਜਨਤਾ ਉੱਤੇ ਇਹਨਾਂ ਦਾ ਪ੍ਰਭਾਵ ਸੀਮਿਤ ਰਿਹਾ। ਅੱਜ ਦੇ ਦੌਰ ਵਿੱਚ  ਇੰਟਰਨੈੱਟ, ਸ਼ੋਸ਼ਲ ਮੀਡੀਆ  ਰਾਹੀਂ ਇਹ ਅਟੈਕ ਬਹੁਤ ਹੀ ਜਾਬਰ ਅਤੇ ਖਤਰਨਾਕ ਸਾਬਤ ਹੋਇਆ ਹੈ, ਜਿਸਨੇ ਬਹੁਤ ਹੀ ਵਿਆਪਕ  ਅਤੇ ਸਮੂਹਿਕ  ਤੌਰ ਉੱਤੇ ਨਵੀਂ ਪੀੜ੍ਹੀ ਨੂੰ ਕਿਰਤ ਦੇ ਸਿਧਾਂਤ  ਤੋਂ ਤੋੜ ਦੇਣ ਵਿੱਚ  ਬਹੁਤ ਵੱਡੀ ਕਾਮਯਾਬੀ ਹਾਸਲ  ਕੀਤੀ ਹੈ। ਇਸ ਨੇ ਇੱਕ ਪੀੜ੍ਹੀ ਨੂੰ ਦੂਜੀ ਪੀੜ੍ਹੀ  ਤੋਂ ਵੱਖ ਕਰ ਦੇਣ ਦਾ ਬਹੁਤ ਹੀ ਬੱਜਰ ਗੁਨਾਹ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਅਜਿਹੇ ਕਦਮ  ਸਾਮਰਾਜ ਪੱਖੀ ਕਾਰਪੋਰੇਟ ਅਦਾਰਿਆਂ ਦੇ ਅੰਨੇ ਮੁਨਾਫੇ  ਅਤੇ  ਰਾਜਨੀਤੀ ਨੂੰ ਸੁਰੱਖਿਆ ਦਿੰਦੇ ਹਨ।
ਕਾਰਪੋਰੇਟ  ਦੀ ਸਿਰਜੀ ਚਕਾਚੌਂਧ  ਵਿੱਚ ਸਾਡੇ ਪੜ੍ਹੇ-ਲਿਖੇ ਵਰਗਾਂ  ਨਾਲ਼ ਸਬੰਧਤ ਲੋਕਾਂ ਟੀਚਰਾਂ, ਪ੍ਰੋਫੈਸਰਾਂ, ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਲੇਖਕਾਂ, ਪੱਤਰਕਾਰਾਂ, ਸਾਇੰਸਦਾਨਾਂ ਅਤੇ ਹੋਰ ਬੁੱਧੀਜੀਵੀਆਂ ਦੀਆਂ ਅੱਖਾਂ ਇਸ ਕਦਰ ਚੁੰਧਿਆ ਚੁੱਕੀਆਂ ਹਨ ਕਿ ਉਹ ਬੱਚਿਆਂ, ਨੌਜਵਾਨਾਂ ਅਤੇ  ਜਨਤਾ ਦੀ ਠੀਕ ਅਗਵਾਈ ਕਰਨ ਤੋਂ ਭਗੌੜੇ ਹੋ ਕੇ ਕਾਰਪੋਰੇਟ ਦੇ ਧੂਤੂ ਬਣ ਚੁੱਕੇ ਹਨ।
ਸ੍ਰੀ  ਗੁਰੂ ਨਾਨਕ ਦੇਵ ਜੀ ਦਾ ਕਿਰਤ ਸਿਧਾਂਤ ਹੀ ਇਸ ਵੱਡੇ ਮਾਰੂ  ਹਮਲੇ ਤੋਂ ਸਾਡੇ ਬੱਚਿਆਂ ਦੀ ਸੁਰੱਖਿਆ ਕਰ ਸਕਦਾ ਹੈ। ਬੱਚਿਆਂ ਨੂੰ ਇੰਟਰਨੈੱਟ  ਦੇ ਮਾੜੇ ਪੱਖਾਂ ਤੋਂ ਬਚਾ ਕੇ ਇਸ ਦੀ ਸਹੀ ਵਰਤੋਂ ਕਰਨ ਦਾ ਗੁਰ ਦੇ ਸਕਦਾ ਹੈ। ਅੱਜ ਦੇ ਸਮੇਂ ਇਸ ਸਿਧਾਂਤ ਦੀ ਪਾਲਣਾ ਹੱਥੀਂ ਕਰਮ ਕਰਨ ਵਾਲ਼ੇ ਵਰਗ  ਭਾਵ ਮਜ਼ਦੂਰ, ਕਿਸਾਨ, ਦਸਤਕਾਰ ਹੀ  ਕਰ ਰਹੇ ਹਨ। ਬੱਚਿਆਂ-ਅੱਲ੍ਹੜਾਂ ਤੋਂ ਲਾਜ਼ਮੀ ਹੀ ਸਰੀਰਕ ਮਿਹਨਤ ਦੇ ਨਾਲ਼ ਹੀ ਸਰੀਰਕ ਖੇਡਾਂ ਦਾ ਪ੍ਰਬੰਧ  ਸਿਰਜਣਾ ਚਾਹੀਦਾ ਹੈ। ਕਾਰਪੋਰੇਟ  ਪ੍ਰਭਾਵ  ਤੋਂ ਮੁਕਤ ਹੋ ਕੇ ਸਰਕਾਰੀ ਸਕੂਲ ਬੱਚਿਆਂ ਅੰਦਰ ਕਿਰਤ ਭਾਵ ਪੈਦਾ ਕਰਨ ਵਿੱਚ ਵੱਡਾ ਰੋਲ ਅਦਾ ਕਰ ਸਕਦੇ ਹਨ।
ਅਵਤਾਰ ਨਗਲੀਆਂ

Leave a Reply

Your email address will not be published. Required fields are marked *