ਧੀ ਦਾ ਹੱਕ/ ਜੇ.ਐਸ. ਮਹਿਰਾ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਮਿਤੀ 24 ਮਈ, 2021 ਲਾਕਡਾਊਨ ਚੱਲ ਰਿਹਾ ਸੀ। ਮੈਂ ਆਪਣੀ ਘਰਵਾਲੀ ਦਾ ਚੌਥਾ ਅਲਟਰਾਸਾਊਂਡ ਜੋ ਕਿ ਪ੍ਰੈਗਨੈਂਸੀ ਦੇ ਨੋਵੇਂ ਮਹੀਨੇ ਹੁੰਦੈ, ਕਰਵਾਉਣ ਲਈ ਮਿੱਤਲ ਡੈਗਨੋਸਟਿਕ ਸੈਂਟਰ ਖਰੜ ਪਹੁੰਚ ਗਿਆ, ਜਿੱਥੇ ਅਲਟਰਾਸਾਊਡ ਰਿਪੋਰਟ ਵਿੱਚ ਬੱਚੇ ਦੀ ਹਾਲਤ ਗੰਭੀਰ ਦੱਸੀ ਗਈ। ਮੈਨੂੰ ਸਮਝ ਨਹੀਂ ਆਈ ਕਿ ਘਰਵਾਲੀ ਦੀ ਇੰਨੀ ਜ਼ਿਆਦਾ ਸੰਭਾਲ ਰੱਖਣ, ਖਾਣ-ਪੀਣ, ਆਰਾਮ, ਦਵਾਈਆਂ ਤੇ ਸਾਰੇ ਚੈੱਕਅੱਪ ਕਰਾਉਣ ਤੋਂ ਬਾਅਦ ਇਹ ਕਿਵੇਂ ਹੋ ਗਿਆ? ਜਦ ਕਿ ਇਸ ਤੋਂ ਪਹਿਲਾਂ ਹੋਏ ਤਿੰਨ ਅਲਟਰਾਸਾਊਂਡ ਵਿੱਚ ਇਹ ਸਭ ਠੀਕ ਸੀ। ਮੈਂ ਤੁਰੰਤ ਘਰਵਾਲੀ ਨੂੰ ਲੈ ਸਿਵਲ ਹਸਪਤਾਲ, ਮੁਹਾਲੀ ਪਹੁੰਚਿਆ। ਜਿੱਥੋਂ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇੱਥੇ ਡਾਕਟਰਾਂ ਨੇ ਘਰਵਾਲੀ ਤੇ ਬੱਚੇ ਦੀ ਹਾਲਤ ਗੰਭੀਰ ਦੇਖਦੇ ਹੀ ਇਲਾਜ ਸ਼ੁਰੂ ਕਰ ਦਿੱਤਾ। ਰਾਤੀ 10:50 ਮਿੰਟ ‘ਤੇ ਘਰਵਾਲੀ ਨੇ ਵੱਡੇ ਆਪ੍ਰੇਸ਼ਨ ਦੁਆਰਾ ਇਕ ਲੜਕੀ ਨੂੰ ਜਨਮ ਦਿੱਤਾ। ਘਰਵਾਲੀ ਕਰੋਨਾ ਪੌਜ਼ਟਿਵ ਆ ਚੁੱਕੀ ਸੀ ਤੇ ਬੱਚੀ ਦੀ ਰਿਪੋਰਟ ਨੇਗੇਟਿਵ ਸੀ। ਇਸ ਲਈ ਘਰਵਾਲੀ ਨੂੰ ਕੋਰੋਨਾ ਵਾਰਡ ਤੇ ਬੱਚੀ ਨੂੰ ਵਜ਼ਨ ਘੱਟ ਹੋਣ ਕਾਰਨ ਨਿਊਨੈਟਲ ਇੰਟੈਨਸਿਵ ਕੇਅਰ ਯੂਨਿਟ ਵਿੱਚ ਭੇਜ ਦਿੱਤਾ ਗਿਆ। ਇਸ ਤਰ੍ਹਾਂ ਬੱਚਾ ਤੇ ਮਾਂ ਇੱਕ-ਦੂਜੇ ਤੋਂ ਅਲੱਗ ਹੋ ਗਏ।


ਡਾਕਟਰਾਂ ਨੇ ਮੈਨੂੰ ਦੱਸਿਆ ਕਿ ਹੁਣ ਇੱਕ ਦੋ ਮਹੀਨੇ ਇੱਥੇ ਹੀ ਰਹਿਣਾ ਪਵੇਗਾ। ਇਸ ਲਈ ਮੈਂ ਘਰਵਾਲੀ, ਬੱਚੇ ਦੀ ਸੰਭਾਲ ਲਈ ਆਪਣੀ ਭੈਣ ਤੇ ਮਾਮੇ ਦੇ ਮੁੰਡੇ ਨੂੰ ਆਪਣੀ ਮਦਦ ਲਈ ਬੁਲਾ ਲਿਆ। ਮੇਰੀ ਭੈਣ ਬੱਚੇ ਨੂੰ ਬਣਾਉਟੀ ਦੁੱਧ ਪਿਲਾ ਕੇ ਉਸ ਦੀ ਸੰਭਾਲ ਕਰਦੀ ਤੇ ਆਪਣੀ ਘਰਵਾਲੀ ਦਾ ਖਿਆਲ ਮੈਂ ਖੁਦ ਰੱਖਦਾ, ਮਾਮੀ ਦਾ ਮੁੰਡਾ ਸੋਨੂੰ ਰੋਟੀ ਪਾਣੀ ਤੇ ਦਵਾਈਆਂ ਆਦ ਤਾ ਖਿਆਲ ਰਖਦਾ। ਬੱਚੇ ਦਾ ਜਨਮ ਸਰਟੀਫਿਕੇਟ ਵੀ ਲੈਣਾ ਸੀ। ਇਸ ਲਈ ਉਸ ਦਾ ਨਾਮ ਰੱਖਣਾ ਜ਼ਰੂਰੀ ਸੀ। ਮੈਂ ਉਸ ਦਾ ਨਾਮ ਸਮਰੀਤ ਕੌਰ ਰੱਖ ਦਿੱਤਾ। ਵੱਡਾ ਅਪਰੇਸ਼ਨ ਹੋਇਆ ਸੀ। ਕੋਰੋਨਾ ਕਾਰਨ ਇਨਫੈਕਸ਼ਨ ਦਾ ਕਾਫ਼ੀ ਜ਼ਿਆਦਾ ਖਤਰਾ ਸੀ, ਇਸ ਲਈ ਘਰਵਾਲੀ ਨੂੰ ਡਿਸਚਾਰਜ ਕਰ ਦਿੱਤਾ ਗਿਆ। ਮੇਰੀ ਭੈਣ ਵੀ ਘਰਵਾਲੀ ਦੀ ਸੰਭਾਲ ਲਈ ਉਸ ਦੇ ਨਾਲ ਹੀ ਘਰ ਵਾਪਸ ਚਲੇ ਗਈ ਤੇ ਬੱਚੇ ਦੀ ਸੰਭਾਲ ਦੀ ਜ਼ਿੰਮੇਵਾਰੀ ਮੈਂ ਸੰਭਾਲ ਲਈ। ਅਜੇ ਪੰਜ ਛੇ ਦਿਨ ਹੀ ਹੋਏ ਸਨ ਕਿ ਬੱਚੇ ਨੇ ਪਿਸ਼ਾਬ ਕਰਨਾ ਬੰਦ ਕਰ ਦਿੱਤਾ। ਡਾਕਟਰੀ ਮੁਆਇਨੇ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਬੱਚੇ ਦੇ ਦੋਨੋ ਗੁਰਦੇ ਖ਼ਰਾਬ ਹੋ ਗਏ ਹਨ। ਡਾਕਟਰ ਨੇ ਮੈਨੂੰ ਦੱਸਿਆ ਕਿ ਬੱਚਾ 10-12 ਸਾਲ ਦੀ ਉਮਰ ਤੱਕ ਹੀ ਜ਼ਿੰਦਾ ਰਹਿ ਸਕਦਾ ਹੈ। ਅਗਰ ਸਹੀ ਸਮੇਂ, ਸਹੀ ਇਲਾਜ ਤੇ ਖੁਰਾਕ ਮਿਲਦੀ ਰਹੇ ਤਾਂ ਵੱਧ ਤੋਂ ਵੱਧ 18 ਸਾਲ ਤੱਕ ਜੀ ਸਕਦਾ ਹੈ। ਉਦੋਂ ਤੱਕ ਬੱਚੇ ਨੂੰ ਜਿੰਦਾ ਰੱਖਣ ਲਈ ਹਰ ਮਹੀਨੇ ਪੰਜ ਛੇ ਹਜ਼ਾਰ ਰੁਪਏ ਦੀ ਦਵਾਈ ਚਲਦੀ ਰਹੇਗੀ। ਮੈਂ ਡਾਢੀ ਚਿੰਤਾ ਵਿੱਚ ਘਿਰ ਗਿਆ।
ਡਾਕਟਰ ਨੇ ਮੈਨੂੰ ਕਿਹਾ ਕਿ ਹੁਣ ਤੁਸੀਂ ਸੋਚ ਲਵੋ ਕਿ ਅਗਲਾ ਟ੍ਰੀਟਮੈਂਟ ਚਾਲੂ ਕਰਨਾ ਹੈ ਯਾ ਨਹੀਂ ਇਹ ਸੁਣ ਕੇ ਮੈਨੂੰ ਬਹੁਤ ਜ਼ੋਰ ਦਾ ਝਟਕਾ ਲੱਗਾ। ਮੈਂ ਤਾਂ ਪਹਿਲਾਂ ਹੀ ਇੱਕ ਔਰਤ ਦੇ ਜ਼ੁਲਮ ਦਾ ਸ਼ਿਕਾਰ ਹੋ ਜਾਣ ਕਾਰਨ ਆਪਣਾ ਬੇਟਾ, ਕਾਰੋਬਾਰ ਤੇ ਪਿਤਾ ਦੀ ਮਿਹਨਤ ਦੀ ਕਮਾਈ ਗਵਾ ਚੁੱਕਿਆ ਸੀ। ਦੁਬਾਰਾ ਵਿਆਹ ਕਰਵਾ ਹੁਣ ਮਸਾਂ ਹੀ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਕਿ ਵਕਤ ਨੇ ਮੈਨੂੰ ਇੱਕ ਹੋਰ ਘੁੰਮਣਘੇਰੀ ਵਿੱਚ ਫਸਾ ਦਿੱਤਾ ਸੀ।
ਪਹਿਲਾ ਝਗੜਾਲੂ ਨਾਰੀ ਨੇ/ ਫਿਰ ਕਰੋਨਿਕ ਬਿਮਾਰੀ ਨੇ/ ਲੱਖਾਂ ਤੋਂ ਕੱਖਾਂ ਦਾ ਕਰ ਦਿੱਤਾ/ ਮੈਨੂੰ ਜੀਵਨ ਦੀ ਦੁਸ਼ਵਾਰੀ ਨੇ…! ਹੁਣ ਸੋਚਣਾ ਕੀ ਸੀ ਮੈਂ ਖੁਦ ਨੂੰ ਹੌਂਸਲਾ ਦਿੰਦੇ ਹੋਏ ਵਕਤ ਨੂੰ ਮਾਤ ਪਾਉਂਦਿਆਂ ਇਹ ਸਤਰਾਂ ਲਿਖੀਆਂ:
ਐ ਵਕਤ/ ਜੇ ਤੂੰ ਬਲਵਾਨ ਹੈ/ ਤਾਂ ਮੈਂ ਵੀ ਭਲਵਾਨ ਹਾਂ/ ਚਲਾ ਲੈ ਤੂੰ ਜਿਹੜੇ/ ਦਾਓ-ਪੇਚ ਚਲਾਉਣੇ/ ਮੈਂ ਵੀ ਸਿੱਖ ਲਏ ਨੇ ਹੁਣ/ ਹਾਲਾਤਾਂ ਨਾਲ ਲੜਨ ਦੇ ਦਓ-ਪੇਚ…!
ਬੱਚੀ ਦਾ ਇਲਾਜ ਚਾਲੂ ਹੋ ਗਿਆ। ਮੈਂ ਤੇ ਮੇਰੇ ਮਮੇਰਾ ਭਰਾ ਸੋਨੂੰ ਪੂਰੇ ਤਿੰਨ ਮਹੀਨੇ ਪੀਜੀਆਈ ਬੈਠੇ ਰਹੇ। ਮੇਰੇ ਪਿਤਾ, ਭਰਾ ਅਤੇ ਦੋਸਤਾਂ ਨੇ ਜਿੰਨਾ ਹੋ ਸਕਦਾ ਸੀ, ਓਨੇ ਪੈਸੇ ਬੱਚੇ ਦੇ ਇਲਾਜ ਲਈ ਦਿੱਤੇ। ਮੈਨੂੰ ਲੋਨ ਵੀ ਲੈਣਾ ਪਿਆ। ਅਸੀਂ ਪੀਜੀਆਈ ਦੇ ਗੇਟ ਦੇ ਬਾਹਰ ਚੱਲਦੇ ਲੰਗਰਾਂ ਵਿੱਚ ਰੋਟੀ ਖਾ ਵਕਤ ਗੁਜ਼ਾਰਦੇ ਰਹੇ। ਹੁਣ ਬੱਚਾ ਚਾਰ ਕਿੱਲੋ ਦਾ ਹੋ ਚੁੱਕਿਆ ਸੀ। ਇਸ ਲਈ ਡਾਕਟਰਾਂ ਨੇ ਉਸ ਨੂੰ ਉਥੋਂ ਡਿਸਚਾਰਜ ਕਰ ਦਿੱਤਾ ਤੇ ਬੱਚਿਆਂ ਦੀ ਵਾਰਡ ਵਿੱਚ ਨੈਫ਼ਰੋਲੋਜ਼ੀ ਵਿਭਾਗ ਤੋਂ ਉਸ ਦਾ ਟ੍ਰੀਟਮੈਂਟ ਚਾਲੂ ਹੋ ਗਿਆ। ਅੱਜ ਮੇਰੀ ਉਹੀ ਬੱਚੀ ਦੋ ਸਾਲ ਦੀ ਹੋ ਚੁੱਕੀ ਮੈਂ ਤੇ ਮੇਰੀ ਘਰਵਾਲੀ ਸਮੇਂ ਸਮੇਂ ਤੇ ਪੀਜੀਆਈ ਜਾ ਕੇ ਉਸ ਦਾ ਚੈੱਕਅੱਪ ਕਰਵਾਉਂਦੀ ਰਹਿੰਦੇ ਹੈ। ਸਾਡਾ ਬੱਚੀ ਨਾਲ ਬਹੁਤ ਜ਼ਿਆਦਾ ਮੋਹ ਪੈ ਗਿਆ ਹੈ ਤੇ ਅਸੀਂ ਉਸਨੂੰ ਖੋਣਾ ਨਹੀਂ ਚਾਹੁੰਦੇ। ਮੈਂ ਆਪਣੇ ਪੂਰੇ ਸਰੀਰ ਤੇ ਅੱਖਾਂ ਦਾਨ ਦੀ ਰਜਿਸਟ੍ਰੇਸ਼ਨ ਪੀਜੀਆਈ ਚੰਡੀਗੜ੍ਹ ਵਿਖੇ ਕਰਵਾ ਦਿੱਤੀ ਹੈ। ਹੁਣ ਮੈਂ ਦਿਨ ਰਾਤ ਇੱਕ ਕਰਕੇ ਆਪਣੇ ਬੱਚੇ ਦੀ ਦਵਾਈ ਤੇ ਇਲਾਜ ਲਈ ਪੈਸੇ ਇਕੱਠੇ ਕਰਦਾ ਹਾਂ ਤੇ ਇਸ ਤੋਂ ਇਲਾਵਾ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਦਾ ਤਾਂ ਜੋ ਸਮਾਂ ਆਉਣ ਤੇ ਮੈਂ ਆਪਣੇ ਬੱਚੇ ਨੂੰ ਗੁਰਦਾ ਦੇ ਸਕਾਂ। ਮੈਂ ਹਮੇਸ਼ਾ ਹੀ ਉਸਦੇ ਬਾਰੇ ਸੋਚਦਾ ਰਹਿੰਦਾ ਹਾਂ ਤੇ ਜੇ ਕਦੇ ਕਿਤੇ ਇਕੱਲਾ ਹੋਵਾਂ ਤਾਂ ਅੱਖਾਂ ਵੀਂ ਭਰ ਆਉਂਦੀਆਂ ਨੇ।
ਮੈਂ ਸ਼ੁਰੂ ਤੋਂ ਹੀ ਆਪਣੀਆਂ ਭਾਣਜੀਆ ਤੇ ਭਤੀਜੀਆਂ ਦੀ ਲੋਹੜੀ ਮਨਾਉਂਦਾ ਰਿਹਾ ਹਾਂ। ਭਰੂਣ ਹੱਤਿਆ ‘ਤੇ ਸੈਮੀਨਾਰ ਕਰਵਾਉਂਦਾ ਤੇ ਕਵਿਤਾਵਾਂ ਲਿਖਦਾ ਰਿਹਾਂ ਹਾਂ। ਮੈਂ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸਮਝਦਾ। ਜਦੋਂ ਮੈਂ ਇਹ ਸਭ ਕਰਦਾ ਹੁੰਦਾ ਸੀ ਤਾਂ ਲੋਕ ਮੈਨੂੰ ਦੇਖ ਕਹਿੰਦੇ ਹੁੰਦੇ ਸੀ, “ਸਾਲਾ ਦਿਖਾਵੇ ਕਰਦਾ।” ਹੁਣ ਮੈਂ ਉਨ੍ਹਾਂ ਲੋਕਾਂ ਨੂੰ ਕਹਿੰਦਾ ਹਾਂ ਕਿ ਆਓ ਹੁਣ ਤੁਸੀਂ ਮੈਨੂੰ ਮੇਰੀ ਰੀਸ ਕਰਕੇ ਦਿਖਾਓ, ਫਿਰ ਮੈਂ ਦੇਖਦਾ ਹਾਂ ਕਿ ਕੌਣ ਤੁਹਾਡੀਆਂ ਧੀਆਂ ਨੂੰ ਮਾਰ ਦੇਵੇਗਾ..? ਕੌਣ ਉਹਨਾਂ ਦਾ ਰੇਪ ਕਰ ਦੇਵੇਗਾ..? ਹਾਦਸੇ ਤੇ ਘਟਨਾਵਾਂ ਉਦੋਂ ਹੀ ਵਾਪਰਦੀਆਂ ਹਨ, ਜਦੋਂ ਅਸੀਂ ਅਚੇਤ ਤੇ ਅਸਾਵਧਾਨ ਹੋ ਜਾਂਦੇ ਹਾਂ। ਧੀਆਂ ਨੂੰ ਉਨ੍ਹਾਂ ਦਾ ਹੱਕ ਦਿਓ, ਉਹਨਾਂ ਪ੍ਰਤੀ ਸੁਚੇਤ ਤੇ ਸਾਵਧਾਨ ਰਹੋ। ਮੈਂ ਆਪਣੀ ਬੇਟੀ ਨੂੰ ਇਕੱਲਾ ਹੀ ਨਹੀਂ ਸਗੋਂ ਉਸ ਨੂੰ ਆਪਣੀ ਜਾਇਦਾਦ ਦਾ ਵਾਰਿਸ਼ ਵੀ ਬਣਾਵਾਂਗਾ। ਕੇਵਲ ਧੀਆਂ ਦੀ ਲੋਹੜੀ ਮਨਾ ਕੇ ਹੀ ਕੰਮ ਨਹੀਂ ਚਲੇਗਾ। ਉਹਨਾਂ ਨੂੰ ਜਾਇਦਾਦ ਵਿੱਚ ਹਿੱਸਾ ਵੀ ਦਿਉ, ਚਾਹੇ ਦੋ ਖਣ ਹੀ ਦਿਓ ਤਾਂ ਜੋ ਤਲਾਕਸ਼ੁਦਾ ਤੇ ਸਮਾਜ ਦੀ ਦਰਿੰਦਗੀ ਦਾ ਸ਼ਿਕਾਰ ਹੋਈਆਂ ਧੀਆਂ, ਦੁਨੀਆਂ ਦੇ ਤਾਅਨੇ-ਮਿਹਣਿਆਂ ਤੋਂ ਮੁਕਤ ਆਪਣਾ ਜੀਵਨ ਆਜ਼ਾਦ ਤੇ ਸੁਤੰਤਰ ਜੀਅ ਸਕਣ, ਜਿਨ੍ਹਾਂ ਕੋਲ ਹੈ ਹੀ ਦੋ ਖਣ ਉਹ ਦੂਜੇ ਬੱਚੇ ਬਾਰੇ ਸੋਚਣ ਵੀ ਨਾ। ਮੈਂ ਤੇ ਮੇਰੀ ਘਰਵਾਲੀ ਨੇ ਵੀ ਇਹੀ ਫੈਸਲਾ ਲੈ ਲਿਆ ਹੈ। ਮੈਂ ਆਪਣਾ ਸਭ ਕੁੱਝ ਆਪਣੀ ਬੇਟੀ ਨੂੰ ਸਮਰਪਿਤ ਕਰ ਦਿੱਤਾ ਹੈ। ਮੈਂ ਆਪਣਾ ਸਭ ਕੁੱਝ ਆਪਣੀ ਬੇਟੀ ਸਮਰ ਨੂੰ ਸਮਰਪਿਤ ਕਰ ਦਿੱਤਾ ਹੈ:-
ਇਸ ਤੋਂ ਪਹਿਲਾਂ ਕੇ ਸਮਰੀਤ
ਸਮਰਿਤੀ ਬਣ ਮੈਨੂੰ ਸਤਾਵੇ
ਮੇਰੀ ਕੋਈ ਪੁਸਤਕ
ਉਸਨੂੰ ਸਮਰਪਿਤ ਹੋ ਜਾਵੇ
ਮੈਂ ਆਪਣਾ ਸਭ ਕੁੱਝ
ਉਸ ਨੂੰ ਸਮਰਪਿਤ ਕਰ ਦਿੱਤਾ ਹੈ….!
ਜੇ.ਐਸ.ਮਹਿਰਾ, ਪਿੰਡ ਤੇ ਡਾਕਘਰ ਬੜੋਦੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ-140110, ਮੋਬਾਈਲ ਨੰਬਰ 95924 30420

