www.sursaanjh.com > ਅੰਤਰਰਾਸ਼ਟਰੀ > ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ/ ਗੁਰਭਜਨ ਗਿੱਲ

ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ/ ਗੁਰਭਜਨ ਗਿੱਲ

ਮਾਲਵੇ ਦੀ ਰੂਹਦਾਰੀ ਜਾਣਦੇ ਕਵੀਸ਼ਰ ਬਾਬੂ ਰਜਬ ਅਲੀ ਜੀ ਦਾ ਜਨਮ ਦਿਹਾੜਾ ਹੈ ਅੱਜ/ ਗੁਰਭਜਨ ਗਿੱਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਗਸਤ:
ਪਹਿਲੀ ਵਾਰ ਡਾਃ ਆਤਮ ਹਮਰਾਹੀ ਜੀ ਦੇ ਮੂੰਹੋਂ ਬਾਬੂ ਰਜਬ ਅਲੀ ਜੀ ਦਾ ਨਾਮ ਸੁਣਿਆ ਸੀ। ਉਨ੍ਹਾਂ ਰਾਹੀ ਹੀ ਪਹਿਲੀ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਡਾਃ ਮ ਸ ਰੰਧਾਵਾ ਸਨਮੁਖ ਬਾਬੂ ਰਜਬ ਅਲੀ ਜੀ ਦੇ ਸ਼ਾਗਿਰਦ ਗੁਰਦੇਵ ਸਿੰਘ ਸਾਹੋਕੇ ਤੇ ਸਾਥੀਆਂ ਨੇ ਉਨ੍ਹਾਂ ਦਾ ਕਲਾਮ ਕਵੀਸ਼ਰੀ ਸਰੂਪ ਵਿੱਚ ਸੁਣਾਇਆ ਸੀ। ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸੇ ਜਥੇ ਨੂੰ ਡਾਃ ਆਤਮ ਹਮਰਾਹੀ ਰਾਹੀਂ ਅੰਮ੍ਰਿਤਸਰ ਵਿਖੇ ਬੁਲਾ ਕੇ ਸਰੋਤਿਆ ਸਨਮੁਖ ਪੇਸ਼ ਕੀਤਾ। ਡਾਃ ਰੁਲੀਆ ਸਿੰਘ ਸਿੱਧੂ ਨੇ ਬਾਬੂ ਰਜਬ ਅਲੀ ਤੇ ਪਹਿਲੀ ਪੀ ਐੱਚ ਡੀ ਕਰਕੇ ਇਤਿਹਾਸ ਰਚਿਆ। ਹੁਣ ਅਨੇਕਾਂ ਲੋਕ ਪੀ ਐੱਚ ਡੀ ਤੇ ਐੱਮ ਫਿੱਲ ਦੀ ਡਿਗਰੀ ਕਰ ਚੁਕੇ ਹਨ।
ਬਾਬੂ ਰਜਬ ਅਲੀ ਜੋ ਬਾਬੂ ਜੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਅਤੇ ਖ਼ਾਸ ਕਰ ਮਾਲਵੇ ਦੇ ਇੱਕ ਉੱਘੇ ਕਵੀਸ਼ਰ ਸਨ। ਉਹਨਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਬਾਬੂ ਰਜਬ ਅਲੀ ਜੀ ਦਾ ਜਨਮ ਦਾ ਨਾਮ ਰਜਬ ਅਲੀ ਖ਼ਾਨ ਸੀ ਪਰ ਉਹ ਪੂਰੀ ਉਮਰ ਬਾਬੂ ਰਜਬ ਅਲੀ ਦੇ ਨਾਮ ਨਾਲ ਜਾਣੇ ਜਾਂਦੇ ਰਹੇ।
10 ਅਗਸਤ 1894 ਨੂੰ ਸਾਹੋਕੇ, ਜ਼ਿਲਾ ਫ਼ਿਰੋਜ਼ਪੁਰ (ਹੁਣ, ਜ਼ਿਲਾ ਮੋਗਾ) ਵਿੱਚ ਜਨਮੇ ਬਾਬੂ ਰਜਬ ਅਲੀ ਮਈ 6, 1979 ਨੂੰ 84 ਸਾਲ ਦੀ ਉਮਰ ਭੋਗ ਕੇ ਸਾਨੂੰ ਸਦਾ ਲਈ ਛੱਡ ਗਏ। ਪਿਤਾ ਧਮਾਲੀ ਖ਼ਾਨ ਦੇ ਘਰ ਮਾਂ ਜੀਉਣੀ ਦੀ ਕੁੱਖੋਂ ਬਰਤਾਨਵੀ ਪੰਜਾਬ ਦੇ ਜ਼ਿਲਾ ਫ਼ਿਰੋਜ਼ਪੁਰ (ਹੁਣ ਮੋਗਾ) ਦੇ ਪਿੰਡ ਸਾਹੋਕੇ ਵਿਖੇ ਜਨਮੇ ਬਾਬੂ ਜੀ ਦੀਆਂ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ ਸੀ। ਉਸ ਦੇ ਚਾਚਾ ਹਾਜੀ ਰਤਨ ਵੀ ਕਵੀਸ਼ਰ ਸਨ। ਉਹਨਾਂ ਨੇ ਨੇੜਲੇ ਪਿੰਡ ਬੰਬੀਹਾ ਭਾਈ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਫਿਰ 1912 ਵਿੱਚ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਤੋਂ ਦਸਵੀਂ ਪਾਸ ਕੀਤੀ।
ਉਹ ਚੰਗੇ ਅਥਲੀਟ ਅਤੇ ਫ਼ੁੱਟਬਾਲ ਖਿਡਾਰੀ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸਨ। ਬਾਅਦ ਗੁਜਰਾਤ (ਹੁਣ ਪਾਕਿਸਤਾਨ) ਜ਼ਿਲੇ ਦੇ ਰਸੂਲ ਇੰਜਨੀਰਿੰਗ ਸਕੂਲ ਤੋਂ ਸਿਵਲ ਇੰਜਨੀਅਰਿੰਗ ਪਾਸ ਕੀਤੀ, ਜਿਸ ਨੂੰ ਉਸ ਵੇਲ਼ੇ ਪੰਜਾਬ ਵਿੱਚ  ਓਵਰਸੀਅਰੀ ਕਿਹਾ ਜਾਂਦਾ ਸੀ। ਆਪ ਨੇ ਪੰਜਾਬ ਦੇ ਸਿੰਚਾਈ ਮਹਿਕਮੇ ਵਿੱਚ ਸਾਰੀ ਉਮਰ ਓਵਰਸੀਅਰ ਦੀ ਨੌਕਰੀ ਕੀਤੀ। ਲੰਮਾ ਸਮਾਂ ਉਹ ਅਖਾੜਾ (ਜਗਰਾਉਂ) ਵਿਖੇ ਵੀ ਨੌਕਰੀ ਕਰਦੇ ਰਹੇ। ਜਗਰਾਉਂ ਦੀ ਵਰਤਮਾਨ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਇਹ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਗਪਗ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਖਾੜਾ ਪੁਲ ਦਾ ਨਾਮ ਬਾਬੂ ਰਜਬ ਅਲੀ ਦੇ ਨਾਮ ਕਰਨ ਦੀ ਬੇਨਤੀ ਕੀਤੀ ਹੋਈ ਹੈ। ਰੱਬ ਕਰੇ, ਇਹ ਬੇਨਤੀ ਪਰਵਾਨ ਹੋਵੇ।
ਬਾਬੂ ਰਜਬ ਅਲੀ ਜੀ ਦੇ ਚਾਰ ਵਿਆਹ, ਦੌਲਤ ਬੀਬੀ, ਭਾਗੋ ਬੇਗਮ, ਰਹਿਮਤ ਬੀਬੀ ਅਤੇ ਫ਼ਾਤਿਮਾ ਨਾਲ਼ ਹੋਏ ਅਤੇ ਇਹਨਾਂ ਦੇ ਘਰ ਚਾਰ ਪੁੱਤਰ, ਅਦਾਲਤ ਖ਼ਾਨ, ਅਲੀ ਸਰਦਾਰ, ਸ਼ਮਸ਼ੇਰ ਖ਼ਾਨ ਅਤੇ ਅਕਾਲ ਖ਼ਾਨ ਅਤੇ ਦੋ ਧੀਆਂ, ਸ਼ਮਸ਼ਾਦ ਬੇਗਮ ਅਤੇ ਗੁਲਜ਼ਾਰ ਬੇਗਮ ਨੇ ਜਨਮ ਲਿਆ। ਬਾਬੂ ਜੀ ਆਪਣੀ ਪਹਿਲੀ ਕਵਿਤਾ, ਹੀਰ ਬਾਬੂ ਰਜਬ ਅਲੀ, ਨਾਲ਼ ਕਵੀਸ਼ਰੀ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ 1940 ਵਿੱਚ ਆਪਣੀ ਸਿਰਜਣਾ  ਨਾਲ਼ ਸਮਝੌਤਾ ਨਾ ਕਰਦੇ ਹੋਏ ਨੌਕਰੀ ਛੱਡ ਦਿੱਤੀ। ਬਾਬੂ ਜੀ ਪੰਜਾਬੀ ਅਤੇ ਉਰਦੂ ਅਤੇ ਕੁਝ ਕੁ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਵੀ ਜਾਣਦੇ ਸਨ ਪਰ ਉਹਨਾਂ ਦੀ ਕਵਿਤਾ ਦਾ ਸਿਰਫ਼ ਪੰਜਾਬੀ ਵਿੱਚ ਹੋਣਾ ਪੰਜਾਬ ਅਤੇ ਪੰਜਾਬੀ ਪ੍ਰਤੀ ਉਹਨਾਂ ਦੇ ਪਿਆਰ ਨੂੰ ਜ਼ਾਹਰ ਕਰਦਾ ਹੈ।
ਉਹਨਾਂ ਨੇ ਤਕਰੀਬਨ ਇੱਕ ਦਰਜਨ ਕਿੱਸੇ ਅਤੇ ਕਵਿਤਾਵਾਂ ਦੀਆਂ ਕਈ ਪੁਸਤਕਾਂ ਲਿਖੀਆਂ। ਮੁੱਖ ਤੌਰ ’ਤੇ ਉਹਨਾਂ ਹਿੰਦੂ ਮਿਥਿਹਾਸ ਜਿਵੇਂ ਕਿ ਰਮਾਇਣ, ਪੂਰਨ ਭਗਤ ਅਤੇ ਕੌਲਾਂ, ਇਸਲਾਮੀ ਪੈਗੰਬਰ ਅਤੇ ਲੋਕ-ਨਾਇਕਾਂ ਜਿਵੇਂ ਕਿ ਮੁਹੰਮਦ ਸਾਹਿਬ, ਹਸਨ ਹੁਸੈਨ, ਦਹੂਦ ਬਾਦਸ਼ਾਹ ਅਤੇ ਸਿੱਖ ਇਤਿਹਾਸ ਅਤੇ ਨਾਇਕਾਂ ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ, ਸਾਕਾ ਸਰਹਿੰਦ, ਸਾਕਾ ਚਮਕੌਰ, ਬਿਧੀ ਚੰਦ, ਭਗਤ ਸਿੰਘ ਅਤੇ ਦੁੱਲਾ ਭੱਟੀ ਆਦਿ ਬਾਰੇ ਕਵਿਤਾਵਾਂ ਅਤੇ ਕਿੱਸੇ ਲਿਖੇ ਅਤੇ ਗਾਏ। ਇਸ ਤੋਂ ਬਿਨਾਂ ਉਹਨਾਂ ਨੇ ਪੰਜਾਬ ਦੀ ਤਕਰੀਬਨ ਹਰ ਪ੍ਰੀਤ-ਕਹਾਣੀ ਬਾਰੇ ਕਵਿਤਾਵਾਂ ਲਿਖੀਆ ਜਿੰਨ੍ਹਾਂ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ ਅਤੇ ਮਿਰਜ਼ਾ ਸਾਹਿਬਾਂ ਦੇ ਨਾਂ ਸ਼ਾਮਲ ਹਨ।
ਉਹਨਾਂ ਨੇ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਰਚੇ।ਅੱਜ ਵੀ ਪੰਜਾਬ ਦੇ ਬਹੁਤ ਕਵੀਸ਼ਰ ਅਤੇ ਉਹਨਾਂ ਦੇ ਵਿਦਿਆਰਥੀ ਉਹਨਾਂ ਦੀਆਂ ਲਿਖਤਾਂ ਨੂੰ ਹੀ ਗਾਉਂਦੇ ਹਨ ਕਵੀਸ਼ਰ ਸੁਖਵਿੰਦਰ ਸਿੰਘ (ਪੱਕਾ ਕਲਾਂ) ਬਠਿੰਡਾ ਨੇ ਉਹਨਾਂ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਸੰਗਮ ਪਬਲੀਕੇਸ਼ਨਜ਼, ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਹਨ। ਇਨ੍ਰਾਂ ਵਿੱਚੋਂ ਇੱਕ ਪੁਸਤਕ ਦਾ ਮੁੱਖ ਬੰਦ ਲਿਖਣ ਦਾ ਮੈਨੂੰ ਵੀ ਮਾਣ ਮਿਲਿਆ ਸੀ। ਉਨ੍ਹਾ ਦੀਆਂ ਚੋਣਵੀਆਂ ਕਿਤਾਬਾਂ ਹਨ ਅਲਬੇਲਾ ਰਜਬ ਅਲੀ,ਅਨਮੋਲ ਰਜਬ ਅਲੀ,ਅਣਖੀਲਾ ਰਜਬ ਅਲੀ ਰੰਗੀਲਾ ਰਜਬ ਅਲੀ,ਅਨੋਖਾ ਰਜਬ ਅਲੀ,ਦਸਮੇਸ਼ ਮਹਿਮਾ ਤੇ ਬਾਬੂ ਰਜਬ ਅਲੀ ਦੇ ਕਿੱਸੇ। ਇਸ ਵਿੱਚ ਬਹੁਤੀ ਜਾਣਕਾਰੀ ਵਿਕੀਪੀਡੀਆ ਚੋਂ ਲੈ ਕੇ ਵਰਤ ਰਿਹਾਂ।
ਉਨ੍ਹਾਂ ਦੀ ਪੋਤਰੀ ਰੇਹਾਨਾ ਰਜਬ ਅਲੀ ਸਾਹੀਵਾਲ ਰਹਿੰਦੀ ਹੈ। ਪਿਛਲੇ ਸਾਲ ਲਾਹੌਰ ਵਿੱਚ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ  ਮੈਨੂੰ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਲਾਹੌਰ ਉਚੇਚਾ ਮਿਲਣ ਆਈ। ਏਧਰਲੇ ਪੰਜਾਬ ਦੀ ਧੀ ਮੰਨ ਕੇ ਉਸ ਨੂੰ ਅਸਾਂ ਸਾਰਿਆਂ ਰਲ਼ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਦਾ ਸ਼ਗਨ ਦਿੱਤਾ। ਪਾਕਿਸਤਾਨ ਵਿੱਚ ਅਜੇ ਤੀਕ ਵੀ ਬਹੁਤੇ ਲੋਕ ਬਾਬੂ ਰਜਬ ਅਲੀ ਦੀ ਅਦਬੀ ਹਸਤੀ ਤੋਂ ਨਾ ਵਾਕਿਫ਼ ਹਨ। ਹੁਣ ਅਸਾਂ ਕੋਸ਼ਿਸ਼ ਆਰੰਭੀ ਹੈ। ਆਸਿਫ਼ ਰਜ਼ਾ ਨੇ ਉਨ੍ਹਾਂ ਦਾ ਕਾਫ਼ੀ ਕਲਾਮ ਸ਼ਾਹਮੁਖੀ ਚ ਕਰ ਦਿੱਤਾ ਹੈ। ਮੁਨੀਰ ਹੋਸ਼ਿਆਰਪੁਰੀਆ ਨੇ ਵੀ ਕਿੱਸਾ ਹੀਰ ਰਾਂਝਾ ਸ਼ਾਹਮੁਖੀ ਚ ਤਿਆਰ ਕਰ ਲਿਐ। ਨੇੜ ਭਵਿੱਖ ਚ ਗੱਲ ਅੱਗੇ ਤੁਰੇਗੀ ਲਾਜ਼ਮੀ। ਬਾਬੂ ਰਜਬ ਅਲੀ ਜੀ ਦੀ ਅਮਰ ਰਚਨਾ:
ਆਵੇ ਵਤਨ ਪਿਆਰਾ ਚੇਤੇ
॥ਤਰਜ਼ ਅਮੋਲਕ॥
ਮੰਨ ਲਈ ਜੋ ਕਰਦਾ ਰੱਬ ਪਾਕਿ ਐ ।
ਆਉਂਦੀ ਯਾਦ ਵਤਨ ਦੀ ਖ਼ਾਕ ਐ ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।
ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।
ਭੜਥਾ ਬਣ ਗਈ ਦੇਹੀ ਐ ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?
ਜਾਂਦੇ ਲੋਕ ਨਗਰ ਦੇ ਰਸ ਬੂ ।
ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।
ਹੋ ਗਿਆ ਜਿਗਰ ਫਾੜੀਉਂ-ਫਾੜੀ ।
ਵੱਢਦੀ ਚੱਕ ਚਿੰਤਾ ਬਘਿਆੜੀ,
ਹੱਡੀਆਂ ਸਿੱਟੀਆਂ ਚੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਸੋਹਣੀਏ ‘ਸਾਹੋ’ ਪਿੰਡ ਦੀਏ ਵੀਹੇ ।
ਬਚਪਨ ਦੇ ਵਿਚ ਪੜ੍ਹੇ ‘ਬੰਬੀਹੇ’ ।
ਚੂਰੀ ਖੁਆ ਮਾਂ ਪਾਤੇ ਰਸਤੇ ।
ਚੱਕ ਲਏ ਕਲਮ ਦਵਾਤਾਂ ਬਸਤੇ ।
ਸ਼ੇਰ, ਨਿਰੰਜਣ, ਮਹਿੰਗੇ ਨੇ ।
ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ ।
ਪੰਜ ਪਾਸ ਕਰਕੇ ਤੁਰ ਗਏ ਮੋਗੇ ।
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ।
ਪੈਸੇ ਖਾ ਮਠਿਆਈਆਂ ਬਚਦੇ ।
ਵੇਂਹਦੇ ਸ਼ਹਿਰ ਸੜਕ ਪਰ ਨਚਦੇ,
ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਕਰ ਐਂਟਰੈਂਸ ਪਾਸ ਸਕੂਲੋਂ ।
ਓਵਰਸੀਅਰ ਬਣੇਂ ਰਸੂਲੋਂ ।
ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ ।
ਦੌਲਤ ਪਾਣੀ ਵਾਂਗੂੰ ਵਰਤੀ ।
ਬਹੁਤ ਬਹਾਰਾਂ ਮਾਣੀਆਂ ।
ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ ।
ਬਦਲੇ ਜਗਰਾਵਾਂ ਕੋਲੇ ‘ਖਾੜੇ’ ।
ਵਰ੍ਹਦੀਆਂ ਕਣੀਆਂ ਰੂਪ ਦੀਆਂ ‘ਤਿਹਾੜੇ’ ।
ਅਫ਼ਲਾਤੂਨ ਵਰਗੀਆਂ ਅਕਲਾਂ ।
ਗੱਭਰੂ ਮੁਟਿਆਰਾਂ ਪਰ ਸ਼ਕਲਾਂ,
ਸੋਹਣੀ ਬਣ ਗਈ ਛੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਜਬ ਜੰਗ ਕਰਦੇ ਬਿਰਟਸ਼-ਜਰਮਣ ।
‘ਬਸਰੇ’ ਵਗ ਗਿਆ ਮਾਂ ਦਾ ਸਰਬਣ ।
ਮੁਲਕ ਉਹ ਕੋਹਾਂ ਕਾਫ਼ਾਂ ਤੋਂ ਨੇੜੇ ।
ਮਾਰੇ ਸਬਜ਼ ਸ਼ਹਿਰ ਵੱਲ ਗੇੜੇ,
ਵਹਾਂ ਟਿਕਾਣੇ ਪਰੀਆਂ ਦੇ ।
ਅਜਬ ਨਜਾਰੇ ਦੇਖੇ, ਰੱਬ ਦੀਆਂ ਕਾਰਾਗਰੀਆਂ ਦੇ ।
ਮੁੜ ਪਿਆ ਵੇਖਣ ਪਿੰਡ ਦੀਆਂ ਗਲੀਆਂ ।
ਪਿੰਡ ਦੀਆਂ ਮਿੱਟੀਆਂ, ਖੰਡ ਦੀਆਂ ਡਲੀਆਂ ।
ਬਾਂਕੇ ਗੱਭਰੂ ਦਿਲ ਨੂੰ ਮੋਹਣੇ ।
ਬਿਲਡਿੰਗ ਨਿਊਯਾਰਕ ਤੋਂ ਸੋਹਣੇ,
ਰਹੇ ਚੁਬਾਰੇ ਫੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਮੁਕਤਸਰ, ਢਿੱਪਾਂ ਵਾਲੀ, ਮਹਾਂ ਵੱਧਰ ।
ਨੀਤਾਂ ਸਾਫ਼, ਦਿਲਾਂ ਦੇ ਪੱਧਰ ।
ਲੋਗ ਐ ਇਨ ਨਗਰਾਂ ਦੇ ਦਾਤੇ ।
ਮਾਘੀ ਨ੍ਹਾਉਣ ‘ਤੇ ਬੋਹਲ ਲੁਟਾ ਤੇ ।
ਦਾਣੇ ਪੀਹਣ ਮਸ਼ੀਨਾਂ ਤੇ ।
ਬਚੜੇ ਜਿਉਣ ਸਦਾ ਸੁਖ ਮਾਣਨ, ਬਣ ਗਿਆ ਸੁਰਗ ਜ਼ਮੀਨਾਂ ਤੇ ।
ਖ਼ੁਸ਼ੀਆਂ ਕਰਨ ਦੀਵਾਨ ਲਗਾਉਂਦੇ ।
ਸੈਣੇ ਵਜਦੇ ਸ਼ਬਦ ਸੁਣਾਉਂਦੇ ।
ਆਉਂਦੇ ਪਰਚਾਰਕ ਤੇ ਢਾਡੀ,
ਤੜਕੇ ਉੱਠ ਕੇ ਧੋਂਦੇ ਬਾਡੀ,
ਸ਼ਾਇਰ ਸੁਣਾਉਂਦੇ ਕਬਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਆ ਗਏ ਬਦਲ ਮੁਕਤਸਰੋਂ ‘ਢਹਿਪਈ’ ।
ਬਾਗ਼ੀਂ ਬੁਲਬੁਲ ਕਰੇ ਚਹਿਚਹਿ ਪਈ ।
ਵੇਖੇ ਕੋਟ ਫ਼ਰੀਦ ਦੁਸਹਿਰੇ ।
ਹੋਵਣ ਲਗਦੇ ਫ਼ੈਰ ਦੁਪਹਿਰੇ,
ਤੋਪਚੀ ਤੋਪ ਚਲਾਵਣ ਜੀ ।
ਪਾਪ ਕਰਿਉ ਨਾ, ਪਾਪੀ, ਹਰ ਸਾਲ ਸੜਦਾ ਰਾਵਣ ਜੀ ।
ਆ ਗਏ ‘ਕੈਰੇ’ ਬੜੀ ਆਬਾਦੀ,
ਚਾਹਾਂ ਪੀ ਕੇ ਗੁੱਡਣ ਕਮਾਦੀ ।
ਲਾ ਲਏ ਖੇਤ-ਖੇਤ ਵਿੱਚ ਕੂੰਏਂ,
ਖੰਡ ਦੀਆਂ ਡਲੀਆਂ ਨਿਕਲਣ ਧੂੰਏਂ,
ਖਾਂਡ ਬਣਾਉਂਦੇ ਸਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਫੇਰ ਮੈਨੂੰ ‘ਚੱਕ’ ਦਾ ਸੈਕਸ਼ਨ ਦੇ ਗੇ ।
ਜੱਗੂ ਰਾਮਣ ਜਾਂਦੇ ਬੇਗੇ ।
ਸੋਹਣੇ ਮਿਰਜ਼ੇ ਵਰਗੇ ਲਾੜੇ,
ਬੱਬਰ ਮਾਰ ਸੰਗੀਨਾਂ ਪਾੜੇ,
ਚੜ੍ਹ ਕੇ ‘ਚੱਕ’ ਨੂੰ ਜਾਣਾ ਸੀ ।
ਪੁਲਸੀਆਂ ਵਰਗੀ ਬਿਰਜਸ ਮੇਰਾ ਖਾਖੀ ਬਾਣਾ ਸੀ ।
ਜਾਂ ਮੈਂ ਆਉਂਦੇ ਵੇਖੇ ਜਮ ‘ਜਹੇ ।
ਮੇਰੇ ਉਖੜੇ ਫਿਰਦੇ ਦਮ ਜਹੇ ।
ਦੂਰੋਂ ਵੇਖ ਮੈਂ ਦੇ ਗਿਆ ਤੀੜਾਂ ।
ਮੇਰੀਆਂ ਪੈਂਦੀਆਂ ਜਾਣ ਪਦੀੜਾਂ,
ਉਡਦੀ ਜਾਂਦੀ ਗੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
‘ਸੀਤੋ’, ‘ਬਿਸ਼ਨਪੁਰੇ’, ‘ਸੁਖਚੈਨ’ ਐ ।
ਏਧਰ ਮਿਰਗ ਜ਼ਿਆਦਾ ਰਹਿਣ ਐ ।
ਮੁਛਦੇ ਫਿਰਦੇ ਹਾੜੀ ਸਾਉਣੀ ।
ਹੀਰਿਆਂ ਹਰਨਾਂ ਜਿਹਾਂ ਦੀ ਛਾਉਣੀ ।
ਹੈ ਵਿੱਚ ਖੁਲ੍ਹੀਆਂ ਰੋਹੀਆਂ ਦੇ ।
ਵੜਨ ਨਾ ਦੇਣ ਸ਼ਿਕਾਰੀ, ਬਾਰਾਂ ਪਿੰਡ ਬਿਸ਼ਨੋਈਆਂ ਦੇ ।
‘ਤਿਹੁਣੇ’, ‘ਰਾਇਕੇ’, ‘ਮਾਹੂਆਣੇ’ ।
‘ਬਾਦਲ’, ‘ਖੁੱਡੀਆਂ’, ‘ਅਬੁਲ-ਖੁਰਾਣੇ’,
ਕੁੱਲ ਸਰਦਾਰ ਨਵਾਬਾਂ ਵਰਗੇ,
ਕੋਠੇ ਨਰਮਿਆਂ ਦੇ ਨਾਲ ਭਰ ਗੇ,
ਇਨ ਪਰ ਰਾਜ਼ੀ ਰੱਬ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ ।
ਬੈਠਾ ‘ਬਾਜਕ’, ‘ਲੰਬੀ’, ‘ਸਹੁਜਾਂ’ ।
‘ਜੰਘੀਰਾਣੇ’ ਲੈ ਲੀਆਂ ਮੌਜਾਂ ।
‘ਝੁੰਬਾ’, ‘ਗਿਦੜਵਾਹਾ’ ਤੇ ‘ਚੁੱਘੇ’ ।
‘ਬਾਬੂ ਰਜਬ ਅਲੀ’ ਹੋਸ ਗਏ ਉੱਘੇ ।
ਮੇਲੇ ਵੇਖ ਬਠਿੰਡੇ ਜੀ ।
ਖਾੜੇ ਫ਼ਤਹਿ, ਅਜ਼ੀਜ਼ ਲਗਾਉਂਦੇ, ਜੈਸੇ ਟੀਕਣ ਬਿੰਡੇ ਜੀ ।
ਸੁਣ ਜਗਮੇਲ, ਬਸੰਤ ਪਿਆਰਿਉ ।
ਪਰ ਜਿੰਦ ਰੱਬ ਦੇ ਨਾਂ ਤੇ ਵਾਰਿਉ ।
ਪੈਂਦਾ ਸੁੱਤਾ ਜਾਗ ਨਸੀਬਾ ।
ਜਾਂਦਾ ਕਿਸਮਤ ਦੇ ਨਾਲ ਬੀਬਾ,
ਜਨਮ ਅਮੋਲਕ ਲੱਭ ਤਾਂ ਜੀ ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ।
ਗੁਰਭਜਨ ਗਿੱਲ

Leave a Reply

Your email address will not be published. Required fields are marked *