ਕਲਾ, ਸਾਹਿਤ ਤੇ ਸਭਿਆਚਾਰਕ ਜਗਤ ਵਿੱਚ ਦੇ ਸਿਤਾਰੇ ਮਾਸਟਰ ਤਰਲੋਚਨ ਸਿੰਘ ਸਪੁਰਦ-ਏ-ਆਤਿਸ਼

ਉੱਘੇ ਰੰਗਕਰਮੀ, ਸਰਗਰਮ ਜਥੇਬੰਦਕ ਸ਼ਖਸੀਅਤ, ਸਮਾਜ ਸੁਧਾਰਕ, ਲੇਖਕ, ਸੰਪਾਦਕ ਤੇ ਇੱਕ ਚੰਗੇ ਅਧਿਆਪਕ ਸਨ ਮਾਸਟਰ ਤਰਲੋਚਨ ਸਿੰਘ

ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਰਜੀਤ ਸੁਮਨ); 12 ਅਗਸਤ:

ਮਾਸਟਰ ਤਰਲੋਚਨ ਸਿੰਘ ਦੇ ਇੱਕ ਸੜਕ ਦੁਰਘਟਨਾ ਵਿੱਚ ਤੁਰ ਜਾਣ ਨਾਲ਼ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਭਾਵ ਸੋਸ਼ਲ ਮੀਡੀਆ ਰਾਹੀਂ ਮਾਸਟਰ ਤਰਲੋਚਨ ਦੇ ਪਰਿਵਾਰਕ ਜੀਆਂ ਦੇ ਨਾਲ਼ ਨਾਲ਼ ਮਿੱਤਰ-ਸਨੇਹੀ, ਦਿਲ ਦੇ ਜਾਨੀ ਆਪਣੇ ਆਪਣੇ ਮਨ ਦੀ ਵਿਥਿਆ ਸੁਣਾ ਰਹੇ ਹਨ। ਦੁੱਖ ਜ਼ਾਹਿਰ ਕਰ ਰਹੇ ਹਨ। ਢਿੱਡ ਫਰੋਲ ਰਹੇ ਹਨ। ਵਿਛੜ ਗਏ ਸੱਜਣ ਪ੍ਰਤੀ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟਾ ਰਹੇ ਹਨ।

ਮੈਂ ਜਦੋਂ ਵੀ ਕਦੀ ਆਪਣੇ ਨਾਨਕੇ ਪਿੰਡ ਹਿਆਤਪੁਰੇ ਵੀਰ ਮਾਸਟਰ ਸਰਵਣ ਕੁਮਾਰ ਕੋਲ਼ ਜਾਣਾ, ਉਨ੍ਹਾਂ ਨਾਲ਼ ਗੱਲਾਂ ਕਰਨ ਦਾ ਬੜਾ ਮਜ਼ਾ ਲੈਣਾ। ਮਾਸਟਰ ਸਰਵਣ ਕੁਮਾਰ ਤੇ ਮਾਸਟਰ ਤਰਲੋਚਨ ਸਿੰਘ ਸਹਿਕਰਮੀ ਤਾਂ ਸਨ ਹੀ, ਗੂੜੇ ਮਿੱਤਰ ਵੀ ਸਨ। ਮਾਸਟਰ ਤਰਲੋਚਨ ਮੈਨੂੰ ਅਕਸਰ ਹਿਆਤਪੁਰੇ ਮਿਲ਼ਦੇ ਰਹਿੰਦੇ। ਦੁੱਖ-ਸੁੱਖ ਵੇਲ਼ੇ ਜਾਂ ਵੈਸੇ ਹੀ ਮਾਸਟਰ ਸਰਵਣ ਕੁਮਾਰ ਕੋਲ਼ ਆਏ ਹੁੰਦੇ। ਕਈ ਵਾਰ ਨੇ ਮੈਨੂੰ ਸਰਦਲ ਮੈਗਜ਼ੀਨ ਪੜ੍ਹਨ ਲਈ ਦੇਣਾ। ਏਸ ਮੈਗਜ਼ੀਨ ਵਿੱਚੋਂ ਉਨ੍ਹਾਂ ਦਾ ਸਮਾਜ ਪ੍ਰਤੀ ਦਰਦ ਤੇ ਜ਼ਿੰਮੇਵਾਰੀ ਦੋਵੇਂ  ਡੁੱਲ੍ਹ-ਡੁੱਲ੍ਹ ਪੈਂਦੇ ਸਨ। ਇੱਕ ਦਿਨ ਮੈਂ ਤੇ ਵੀਰ ਸਰਵਣ ਅੰਬ ਥੱਲੇ ਖੜ੍ਹੇ ਗੱਲਾਂ ਕਰ ਰਹੇ ਸੀ। ਓਧਰੋਂ ਮਾਸਟਰ ਤਰਲੋਚਨ ਆਉਂਦੇ ਦਿਸੇ ਤਾਂ ਵੀਰ ਸਰਵਣ ਦੇ ਪੈਰ ਮੱਚਣ ਲੱਗੇ। ਉਹ ਛੋਹਲ਼ੇ ਕਦਮੀਂ ਮਾਸਟਰ ਤਰਲੋਚਨ ਵੱਲ ਵਧੇ ਤੇ ਉਸ ਨੂੰ ਕਲ਼ਾਵੇ ਵਿੱਚ ਭਰ ਲਿਆ। ਓਧਰੋਂ ਵੀਰ ਸਤਨਾਮ ਵੀ ਆ ਗਏ। ਹਾਸਿਆਂ ਦੇ ਪਟਾਕੇ ਪੈਣ ਲੱਗੇ। ਸਤਨਾਮ ਨੇ ਰਸੇ ਅੰਬਾਂ ਦੀ ਭਰੀ ਬਾਲਟੀ ਸਾਰਿਆਂ ਵਿਚਕਾਰ ਲਿਆ ਧਰੀ। ਓਸ ਦੁਪਹਿਰ ਅਸੀਂ ਸਾਰਿਆਂ ਰਲ਼ ਕੇ ਅੰਬ ਚੂਪੇ। ਰਸੀਲ ਅੰਬ। ਵੀਰ ਮਾਸਟਰ ਸਰਵਣ ਕੁਮਾਰ ਤੇ ਸਤਨਾਮ ਦੋਵੇਂ ਹੁਣ ਆਪਣੇ ਪੁੱਤਰਾਂ ਕੋਲ਼ ਆਸਟਰੇਲੀਆ ਹਨ ਤੇ ਮਾਸਟਰ ਤਰਲੋਚਨ ਸਿੰਘ …? 

ਮੇਰਾ ਪਲੇਠਾ ਕਾਵਿ-ਸੰਗ੍ਰਹਿ 2014 ਵਿੱਚ ਛਪਿਆ। ਗ਼ਜ਼ਲਗੋ ਸੁਰਜੀਤ ਮੰਡ ਹੋਰਾਂ ਇਸ ਕਾਵਿ ਸੰਗ੍ਰਹਿ ‘ਤੇ ਸ੍ਰੀ ਚਮਕੌਰ ਸਾਹਿਬ ਵਿਖੇ ਵਿਚਾਰ ਚਰਚਾ ਕਰਵਾਈ ਜਾਣੀ ਸੀ। ਕਹਾਣੀਕਾਰ ਸੁਖਜੀਤ ਜੀ ਦੀ ਪ੍ਰਧਾਨਗੀ ਸੀ। ਸੁਰਜੀਤ ਮੰਡ, ਰਬਿੰਦਰ ਰੱਬੀ, ਧਰਮਿੰਦਰ ਭੰਗੂ ਤੇ ਮਾਸਟਰ ਅਮਰਜੀਤ ਸਿੰਘ ਮਾਵੀ ਸਮੇਤ ਸਾਰੇ ਮਿੱਤਰਾਂ ਦੇ ਚਿਹਰਿਆਂ ‘ਤੇ ਡਾਢੀ ਰੌਣਕ ਸੀ। ਵੱਡੇ ਲੋਕਾਂ ਦੇ ਆਉਣ ਦਾ ਚਾਅ ਵੀ ਸੀ। ਉਨ੍ਹਾਂ ਨੂੰ ਸੁਣਨ ਦਾ ਚਾਅ ਸੀ। ਮਾਸਟਰ ਸਰਵਣ ਕੁਮਾਰ ਨੇ ਤਾਂ ਆਉਣਾ ਹੀ ਸੀ, ਉਹ ਵਿਸ਼ੇਸ਼ ਤੌਰ ਤੇ ਮਾਸਟਰ ਤਰਲੋਚਨ ਸਿੰਘ ਜੀ ਨੂੰ ਵੀ ਲੈ ਆਏ ਸਨ। ਸਾਡੇ ਸਾਰਿਆਂ ਦੇ ਧਰਤੀ ਨਾਲ਼ ਪੈਰ ਨਹੀਂ ਸਨ ਲੱਗ ਰਹੇ।

ਹਿਆਤਪੁਰੇ ਜਾਣਾ ਤਾਂ ਮਾਸਟਰ ਤਰਲੋਚਨ ਸਿੰਘ ਵੱਲੋਂ ਸੰਤੋਖ ਸਿੰਘ ਧੀਰ ਦੀ ਕਹਾਣੀ ਮੰਗੋ ਦੇ ਦੂਰਦਰਸ਼ਨ ਤੇ ਹੋਏ ਪ੍ਰਸਾਰਣ ਦੀ ਗੱਲ ਛਿੜ ਜਾਣੀ। ਮਾਸਟਰ ਤਰਲੋਚਨ ਟੋਕੇ ਵਾਲ਼ੀ ਮਸ਼ੀਨ ਗੇੜ ਰਿਹਾ ਦਿਸਣਾ। ਟੋਆ ਨਾਟਕ ਖੇਡਦਾ ਦਿਸਣਾ। ਜਲੰਧਰ ਗਦਰੀ ਬਾਬਿਆਂ ਦੇ ਮੇਲੇ ‘ਤੇ ਵਰਿਆਮ ਸੰਧੂ ਦੀ ਕਹਾਣੀ ‘ਤੇ ਖੇਡੇ ਗਏ ਨਾਟਕ ਦੌਰਾਨ ਪੰਡਾਲ ਇੱਕਦਮ ਉਬਾਲ਼ਾ ਖਾ ਗਿਆ। ਅਸ਼ਾਂਤ ਮਾਹੌਲ ਪ੍ਰਬੰਧਕਾਂ ਲਈ ਸਾਂਭਣਾ ਮੁਸ਼ਕਲ ਹੋ ਗਿਆ। ਮੈਂ ਆਪਣੇ ਸੱਜੇ ਪਾਸੇ ਬੈਠੇ ਭਗਵੰਤ ਰਸੂਲਪੁਰੀ ਵੱਲ ਵੇਖਿਆ ਤੇ ਫਿਰ ਸੱਜੇ ਪਾਸੇ ਬੈਠੇ ਨਿੰਦਰ ਘੁਗਿਆਣਵੀ ਵੱਲ। ਦਰਸ਼ਕ ਉੱਠ ਖਲੋਤੇ ਸਨ। ਰੌਲ਼ਾ ਪੈ ਰਿਹਾ ਸੀ। ਕੁਝ ਵੀ ਸਮਝ ਨਈਂ ਸੀ ਆ ਰਿਹਾ। ਸਟੇਜ ‘ਤੇ ਸਨਾਟਾ ਛਾਇਆ ਹੋਇਆ ਸੀ। ਮਾਸਟਰ ਤਰਲੋਚਨ ਮਲਕੜੇ ਜਿਹੇ ਸਟੇਜ ਦਾ ਪਰਦਾ ਉਠਾ ਮਾਈਕ ‘ਤੇ ਆਣ ਖੜ੍ਹੇ ਹੋਏ। ਉਨ੍ਹਾਂ ਦੀਆਂ ਗੱਲਾਂ ਨਾਲ਼ ਪੰਡਾਲ ਸ਼ਾਂਤ ਹੋਣਾ ਸ਼ੁਰੂ ਹੋ ਗਿਆ। ਹੌਲ਼ੀ ਹੌਲ਼ੀ ਪੰਡਾਲ ਵਿੱਚ ਚੁੱਪ ਪਸਰ ਗਈ ਤੇ ਨਾਟਕ ਦੁਬਾਰਾ ਸ਼ੁਰੂ ਹੋ ਗਿਆ। ਜਿਵੇਂ ਕਿਸੇ ਜਾਦੂਗਰ ਨੇ ਜਾਂ ਕਿਸੇ ਮਾਂਦਰੀ ਨੇ ਸਾਰਾ ਜ਼ਹਿਰ ਈ ਚੂਸ ਲਿਆ ਹੋਵੇ। ਅੱਜ ਮਾਸਟਰ ਤਰਲੋਚਨ ਸਿੰਘ ਜ਼ਿੰਦਗੀ ਦੀ ਸਟੇਜ ਤੋਂ ਅਚਾਨਕ ਤੁਰ ਗਏ ਹਨ। ਬੇਵਕਤ। ਅਣਦੱਸੀ ਥਾਂ। ਉਹਦੇ ਚਹੇਤਿਆਂ ਦੇ ਮਨ ਉਬਾਲ਼ਾ ਖਾ ਰਹੇ ਹਨ। ਮਾਸਟਰ ਤਰਲੋਚਨ ਸਿੰਘ ਦੀ ਜ਼ਿੰਦਗੀ ਦੇ ਰੰਗਮੰਚ ਦਾ ਪਰਦਾ ਗਿਰ ਚੁੱਕਾ ਹੈ। ਹੁਣ ਓਹਦੇ ਕੀਤੇ ਕਾਰਜ ਕਿਸੇ ਨਾ ਕਿਸੇ ਰੂਪ ਵਿੱਚ ਰੰਗਮੰਚ ‘ਤੇ ਆਉਂਦੇ ਰਹਿਣਗੇ।

ਸੁਰਜੀਤ ਸੁਮਨ  

Leave a Reply

Your email address will not be published. Required fields are marked *