Breaking
www.sursaanjh.com > ਅੰਤਰਰਾਸ਼ਟਰੀ > ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ:

ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ।
ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ।
ਲਾਲੀ, ਹਰਿਆਲੀ, ਚਿੱਟਾ ਕੇਸਰੀ ਜੋ ਰੰਗ ਓਏ।
ਚੱਕਰ ਅਸ਼ੋਕ ਵਾਲਾ ਦਿਲਾਂ ਦੀ ਤਰੰਗ ਓਏ।
ਸਾਨੂੰ ਤੂੰ ਸਿਖਾਇਆ ਹੈ ਆਜ਼ਾਦੀਆਂ ਦਾ ਢੰਗ ਓਏ।
ਵੈਰੀਆਂ ਨੇ ਭਾਵੇਂ ਸਾਨੂੰ ਸੂਲੀ ਉੱਤੇ ਟੰਗਿਆ।
ਰੱਜਿਆਂ ਸਮਾਨ ਕਰ ਲਿੱਸਿਆਂ ਕੰਗਾਲਾਂ ਨੂੰ।
ਅੱਖਰਾਂ ਦਾ ਦਾਨ ਦੇ ਤੂੰ ਪੈਰੋਂ ਨੰਗੇ ਬਾਲਾਂ ਨੂੰ।
ਤੂੰ ਹੀ ਹੱਲ ਕਰਨਾ ਏਂ, ਉਨ੍ਹਾਂ ਦੇ ਸੁਆਲਾਂ ਨੂੰ।
ਜਿਹੜੇ ਬੇਜ਼ੁਬਾਨਾਂ ਨੇ ਕਦੇ ਨਹੀਂ ਕੁਝ ਮੰਗਿਆ।
ਬਿਰਧ ਦਵਾਈ ਖੁਣੋਂ ਕਦੇ ਨਾ ਮੁਥਾਜ ਹੋਵੇ।
ਕਿਰਤੀ ਕਿਸਾਨਾਂ ਸਿਰ ਖ਼ੁਸ਼ੀਆਂ ਦਾ ਤਾਜ ਹੋਵੇ।
ਧੀਆਂ ਭੈਣਾਂ ਵੀਰਾਂ ਦੀਆਂ ਅੱਖਾਂ ਵਿਚ ਲਾਜ ਹੋਵੇ।
ਜਿਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਕਾਲੇ ਨਾਗਾਂ ਡੰਗਿਆ।
ਲੱਦੀਆਂ ਹਮੇਸ਼ਾਂ ਰਹਿਣ ਫੁੱਲਾਂ ਸੰਗ ਡਾਲੀਆਂ।
ਗੱਭਰੂ ਜਵਾਨਾਂ ਦਿਆਂ, ਚਿਹਰਿਆਂ ਤੇ ਲਾਲੀਆਂ।
ਖੇਤਾਂ ਵਿਚ ਫ਼ਸਲਾਂ ਤੇ ਜੀਣ ਹਰਿਆਲੀਆਂ।
ਅੰਗ ਅੰਗ ਜਾਵੇ ਸਾਡਾ ਚਾਵਾਂ ਵਿਚ ਰੰਗਿਆ।
ਝੁੱਲ ਉੱਚੇ ਅੰਬਰੀਂ ਤੂੰ ਝੁੱਲ ਓਏ ਤਿਰੰਗਿਆ।
ਅਸੀਂ ਤੈਨੂੰ ਖੂਨ ਦਿੱਤਾ ਜਦੋਂ ਵੀ ਤੂੰ ਮੰਗਿਆ।
ਗੁਰਭਜਨ ਗਿੱਲ

Leave a Reply

Your email address will not be published. Required fields are marked *