ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਕਵੀ ਦਰਬਾਰ ਦਾ ਆਯੋਜਨ – ਡਾ. ਦਵਿੰਦਰ ਸਿੰਘ ਬੋਹਾ
ਮੁੱਖ ਮਹਿਮਾਨ ਸੁਰਿੰਦਰ ਗਿੱਲ, ਵਿਸ਼ੇਸ਼ ਮਹਿਮਾਨ ਗੁਰਨਾਮ ਕੰਵਰ, ਗ਼ਜ਼ਲ ਉਸਤਾਦ ਸਿਰੀ ਰਾਮ ਅਰਸ਼, ਡਾ. ਦਵਿੰਦਰ ਸਿੰਘ ਬੋਹਾ, ਬਲਕਾਰ ਸਿੱਧੂ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:
ਮਾਣਯੋਗ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਕਵੀ ਦਰਬਾਰ ਵਿਚ ਮੁੱਖ ਮਹਿਮਾਨ ਵਜੋਂ ਸੁਰਿੰਦਰ ਗਿੱਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਨਾਮ ਕੰਵਰ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪੁੱਜੇ ਮੁੱਖ ਮਹਿਮਾਨਾਂ, ਕਵੀਆਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਦੀਆਂ ਸਰਗਰਮੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।


ਸਿਰੀ ਰਾਮ ਅਰਸ਼ ਵੱਲੋਂ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਵੱਲੋਂ ਚੰਡੀਗੜ੍ਹ ਦੀ ਧਰਤੀ ’ਤੇ ਪੰਜਾਬੀ ਕਵੀ ਦਰਬਾਰ ਉਲੀਕਣਾਂ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਗ਼ਜ਼ਲ ਵੀ ਸੁਣਾਈ ਗਈ। ਵਿਸ਼ੇਸ਼ ਮਹਿਮਾਨ ਗੁਰਨਾਮ ਕੰਵਰ ਵੱਲੋਂ ਭਾਵਪੂਰਤ ਟਿੱਪਣੀ ਕਰਦਿਆਂ ਪੰਜਾਬ ਬਨਾਮ ਪਰਵਾਸ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕਰਦੀ ‘ਪਰਵਾਸੀ ਮਹਿਬੂਬਾ ਨੂੰ ਜਵਾਬੀ ਖ਼ਤ’ ਕਵਿਤਾ ਸੁਣਾਈ ਗਈ। ਮੁੱਖ ਮਹਿਮਾਨ ਸੁਰਿੰਦਰ ਗਿੱਲ ਵੱਲੋਂ ਕਵੀ ਦਰਬਾਰ ਵਿਚ ਪੰਜਾਬੀ ਹਿਤੈਸ਼ੀਆਂ ਨੂੰ ਇਕੱਠੇ ਕਰਨ ਲਈ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਨੂੰ ਵਧਾਈ ਦਿੱਤੀ ਗਈ ਅਤੇ ‘ਧੀ ਧਿਆਣੀ ਨੂੰ’ ਕਵਿਤਾ ਸਾਂਝੀ ਕੀਤੀ ਗਈ।
ਬਲਕਾਰ ਸਿੰਘ ਸਿੱਧੂ ਵੱਲੋਂ ‘ਕੀ ਕਰੀਏ’ ਕਵਿਤਾ ਜ਼ਰੀਏ ਵਿਅੰਗਮਈ ਸ਼ੈਲੀ ਵਿਚ ਸਮੁੱਚੇ ਸਮਾਜਿਕ ਤਾਣੇ-ਬਾਣੇ ‘ਤੇ ਕਟਾਖਸ਼ ਕੀਤਾ ਗਿਆ। ਬਲਵਿੰਦਰ ਚਹਿਲ ਵੱਲੋਂ ‘ਬੱਚੇ ਸੁਰੱਖਿਅਤ ਨੇ’ ਅਤੇ ‘ਗੁਫ਼ਤਗੂ ਕਰਦੀਆਂ ਲਾਸ਼ਾਂ’ ਕਵਿਤਾਵਾਂ ਰਾਹੀਂ ਤਕਨੀਕ ਦੀ ਭੇਂਟ ਚੜ੍ਹਦੇ ਬਚਪਨ ਅਤੇ ਅਣਮਨੁੱਖੀ ਸਥਿਤੀਆਂ ਨੂੰ ਪੇਸ਼ ਕੀਤਾ ਗਿਆ। ਜੈ ਪਾਲ ਵੱਲੋਂ ‘ਮੋਹ ਦੇ ਰਿਸ਼ਤੇ’ ਅਤੇ ‘ਉਡੀਕ ਦੇ ਰੰਗ’ ਕਵਿਤਾਵਾਂ ਰਾਹੀਂ ਪੂੰਜੀ ਦੀ ਭੇਂਟ ਚੜ੍ਹਦੇ ਮੁਹੱਬਤੀ ਰਿਸ਼ਤਿਆਂ ਦੀ ਗੱਲ ਕੀਤੀ ਗਈ। ਹਰਵਿੰਦਰ ਸਿੰਘ ਵੱਲੋਂ ‘ਪੰਜਾਬੀ ਮਹਾਂਨਾਦ’ ਕਵਿਤਾ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਗਈ। ਜਸ਼ਨਪ੍ਰੀਤ ਕੌਰ ਵੱਲੋਂ ‘ਮੁਕੰਮਲ’ ਅਤੇ ‘ਮੈਂ ਆਪਣਾ ਕੀ ਲੱਗਦਾ ਹਾਂ’ ਕਵਿਤਾਵਾਂ ਰਾਹੀਂ ਅਜੋਕੇ ਮਨੁੱਖ ਅਤੇ ਉਸ ਦੀ ਚੁੱਪ ਦੀਆਂ ਮਹੀਨ ਤੰਦਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਡਾ. ਰਾਜਿੰਦਰ ਰੇਨੂੰ ਵੱਲੋਂ ‘ਮੈਂ ਸੱਚ ਦੀ ਪਾਂਧਣ’ ਅਤੇ ‘ਮੇਰਾ ਵੱਸਦਾ ਰਹੇ ਪੰਜਾਬ’ ਕਵਿਤਾਵਾਂ ਰਾਹੀਂ ਪੰਜਾਬ ਅਤੇ ਪੰਜਾਬੀਆਂ ਦੇ ਸੁਭਾਅ ਦੀ ਖ਼ੂਬਸੂਰਤ ਤਸਵੀਰਕਸ਼ੀ ਕੀਤੀ ਗਈ। ਰਾਜਿੰਦਰ ਕੌਰ ਵੱਲੋਂ ‘ਇਕ ਲੀਕ ਹੋਰ’ ਅਤੇ ‘ਆ ਨੀ ਕੁੜੀਏ’ ਕਵਿਤਾਵਾਂ ਰਾਹੀਂ ਸਮਾਜਿਕ ਅਤੇ ਨਾਰੀਵਾਦੀ ਮਸਲਿਆਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ।
ਗੁਰਦਰਸ਼ਨ ਸਿੰਘ ਮਾਵੀ ਵੱਲੋਂ ‘ਪੰਜਾਬ’ ਅਤੇ ‘ਅੱਜ ਨਾ ਪੂਰਾ ਕਦੇ ਹੰਢਾਵਾਂ’ ਕਵਿਤਾਵਾਂ ਰਾਹੀਂ ਮਨੁੱਖਤਾ ਦੇ ਦਰਦ ਅਤੇ ਤੜਪ ਨੂੰ ਪੇਸ਼ ਕੀਤਾ ਗਿਆ। ਜਗਦੀਪ ਕੌਰ ਨੂਰਾਨੀ ਵੱਲੋਂ ‘ਜਿੰਦੇ ਆਪਣਾ ਮੂਲ ਪਛਾਣ’ ਅਤੇ ਹੋਰ ਕਵਿਤਾਵਾਂ ਰਾਹੀਂ ਮਨੁੱਖ ਨੂੰ ਸਵੈ-ਪਛਾਣ ਦੇ ਰਾਹ ਤੋਰਦੇ ਹੋਏ ਵੰਡੀਆਂ ਰਹਿਤ ਸਮਾਜ ਦੀ ਗੱਲ ਕੀਤੀ ਗਈ। ਸੁਰਜੀਤ ਸੁਮਨ ਵੱਲੋਂ ‘ਸੁਣ ਮਾਂਦਰੀਆ‘ ਅਤੇ ‘ਜਿਵੇਂ ਤਸਵੀਰ ਵਿਚ ਹੱਸਦੈਂ’ ਕਵਿਤਾਵਾਂ ਰਾਹੀਂ ਸਮਕਾਲੀ ਵਿਵਸਥਾ ਦੇ ਦੰਭੀ ਚਿਹਰੇ ਨੂੰ ਨੰਗਿਆਂ ਕੀਤਾ ਗਿਆ। ਸੁਰਜੀਤ ਬੈਂਸ ਵੱਲੋਂ ‘ਬਾਂਸੁਰੀ ਵਜਾ’ ਅਤੇ ‘ਆਸਿਫ਼ ਹੋ ਜਾ’ ਕਵਿਤਾਵਾਂ ਰਾਹੀਂ ਅਣਮਨੁੱਖੀ ਵਰਤਾਰਿਆਂ ਨੂੰ ਬੜੇ ਸਰਲ ਤੇ ਸਪਸ਼ਟ ਢੰਗ ਨਾਲ ਪੇਸ਼ ਕੀਤਾ ਗਿਆ। ਦਿਲਪ੍ਰੀਤ ਚਹਿਲ ਵੱਲੋਂ ‘ਆਓ ਗੱਲ ਕਰੀਏ’ ਕਵਿਤਾ ਜ਼ਰੀਏ ਹਰੂਫ਼-ਏ-ਤਹਜੀ ਨੂੰ ਮਨੁੱਖਤਾ ਦੇ ਖ਼ੂਬਸੂਰਤ ਰੰਗਾਂ ਨਾਲ ਉਘਾੜਿਆ ਗਿਆ।
ਇਸ ਕਵੀ ਦਰਬਾਰ ਮੌਕੇ ਡਾ. ਮਨਜੀਤ ਸਿੰਘ ਮਝੈਲ, ਅਵਤਾਰ ਸਿੰਘ ਪਤੰਗ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਬਲਦੇਵ ਸਿੰਘ ਬਿੰਦਰਾ ਅਤੇ ਵਤਨਦੀਪ ਸਿੰਘ ਵੱਲੋਂ ਵੀ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆ ਗਈਆਂ। ਸਮਾਗਮ ਦੇ ਅੰਤ ਵਿੱਚ ਪੰਜਾਬੀ ਸੈੱਲ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਕਵੀ ਦਰਬਾਰ ਵਿਚ ਸ਼ਿਕਤ ਕਰਨ ਲਈ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਕਵੀ ਦਰਬਾਰ ਮੌਕੇ ਬਲਦੇਵ ਸਿੰਘ, ਮਨਜੀਤ ਸਿੰਘ, ਪਰਦੀਪ ਸਿੰਘ, ਤਨੂੰ, ਸ਼ਿਲਪਾ ਗਰਗ, ਮਨਜੀਤ ਕੌਰ, ਹਰਸਿਮਰਨ ਸਿੰਘ, ਮਲਕੀਤ ਸਿੰਘ, ਰੁਪਿੰਦਰ ਕੌਰ, ਹਰਵਿੰਦਰ ਕੌਰ ਵੀ ਹਾਜ਼ਰ ਸਨ।

