‘ਚਾਲ਼ੀ ਦਿਨ’, ਸਧਾਰਨ ਸ਼ਬਦਾਂ ’ਚ ਜ਼ਿੰਦਗੀ ਦਾ ਬਿਰਤਾਂਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਨਵੰਬਰ:


‘ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰ….’, ਜਦੋਂ ਅਸੀਂ ਨੌਵੇਂ ਗੁਰੂ ਸਾਹਿਬ ਦੀ ਬਾਣੀ ਦੀ ਇਹ ਤੁਕ ਪੜ੍ਹਦੇ ਹਾਂ ਤਾਂ ਸਾਨੂੰ ਸਚਮੁਚ ਇਹ ਜ਼ਿੰਦਗੀ ਇਕ ਸੁਪਨੇ ਦੀ ਨਿਆੲੀਂ ਲਗਦੀ ਹੈ ਪਰ ਜਦੋਂ ਅਸੀਂ ਇਸ ਪਦਾਰਥਕ ਸੰਸਾਰ ਨੂੰ ਵੇਖਦੇ ਹਾਂ ਤਾਂ ਸਾਡੇ ਮਨਾਂ ਅੰਦਰ ਅਨੇਕ ਸੁਪਨੇ ਪਲ ਰਹੇ ਹੁੰਦੇ ਹਨ, ਮਤਲਬ ਸੁਪਨੇ ਅੰਦਰ ਸੁਪਨਿਆਂ ਦਾ ਇਕ ਹੋਰ ਸੰਸਾਰ। ਹਕੀਕਤ ਕੀ ਹੈ ਤੇ ਸੁਪਨਮਈ ਸੰਸਾਰ ਕੀ ਹੈ, ਜਦੋਂ ਅਸੀਂ ‘ਚਾਲ਼ੀ ਦਿਨ’ ਨਾਵਲ ਦੇ ਦੋ ਪਾਤਰਾਂ ਕੇਸਰ ਅਤੇ ਫਕੀਰ ਨਾਲ ਯਾਤਰਾ ’ਤੇ ਨਿਕਲਦੇ ਹਾਂ ਤਾਂ ਜੀਵਨ ਦੀਆਂ ਸੱਚਾਈਆਂ ਸਾਡੇ ਅੱਗੇ ਖੁੱਲ੍ਹਣ ਲਗਦੀਆਂ ਹਨ। ਕੇਸਰ ਕੌਣ ਹੈ, ਫਕੀਰ ਕੌਣ ਹੈ, ਸਾਡੇ ਸੋਚਣ ਦਾ ਵਿਸ਼ਾ ਨਹੀਂ ਹੈ ਪਰ ਅਸਲ ਵਜੂਦ ਉਨ੍ਹਾਂ ਗੱਲਾਂ ਦਾ ਹੈ ਜੋ ਕੇਸਰ ਅਤੇ ਫਕੀਰ ਦਰਮਿਆਨ ਚਾਲ਼ੀ ਦਿਨਾਂ ਦੀ ਯਾਤਰਾ ਦੌਰਾਨ ਹੁੰਦੀਆਂ ਹਨ। ਇਹ ਗੱਲਬਾਤ, ਪੜਾਅ ਦਰ ਪੜਾਅ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਖੋਲ੍ਹਦੀ ਜਾਂਦੀ ਹੈ। ਇਹ ਵਾਰਤਾਲਾਪ ਦਸਦਾ ਹੈ—ਝੂਠ ਕੀ ਹੈ, ਸੱਚ ਕੀ ਹੈ, ਫਰੇਬ ਕੀ ਹੈ, ਵਫਾ ਕੀ ਹੈ, ਚੰਗਾ ਕੀ ਹੈ ਮਾੜਾ ਕੀ ਹੈ, ਬੰਦਾ ਕੌਣ ਹੈ ਕੁਬੰਦਾ ਕੌਣ ਹੈ, ਧਰਮ ਕੀ ਹੈ, ਅਧਰਮ ਕੀ ਹੈ। ਮੌਤ ਕੀ ਹੈ, ਜੀਵਨ ਕੀ ਹੈ। ਹਕੀਕਤ ਕੀ ਹੈ, ਝੂਠ ਕੀ ਹੈ।
ਡਾ. ਧੁੱਗਾ ਗੁਰਪ੍ਰੀਤ, ਪੇਸ਼ੇ ਵਜੋਂ ਡਾਕਟਰ ਹੈ, ਕਵਿਤਾ ਲਿਖਣਾ ਉਸਦਾ ਜਨੂਨ ਹੈ ਪਰ ਜਦੋਂ ਉਹ ਵਾਰਤਕ ਰਚਦਾ ਹੈ ਤਾਂ ਉਸ ਅੰਦਰ ਬਹੁਤ ਕੁਝ ਪਿਆ ਹੋਇਆ, ਹੌਲੀ ਹੌਲੀ ਕਿਰਦਾ ਜਾਂਦਾ ਹੈ। ਇਹ ਫਿਰ ਰੂਪ ਧਾਰਨ ਕਰ ਜਾਂਦਾ ਹੈ ਸਾਡੇ ਵਿਰਸੇ ਵਿਚ ਪਈਆਂ ਸਾਖੀਆਂ ਦਾ। ਸਾਨੂੰ ਇਹ ਨਾਵਲ ਪੜ੍ਹਦਿਆਂ ਬਹੁਤ ਕੁਝ ਚੇਤੇ ਆ ਜਾਂਦਾ ਹੈ—ਰਸੂਲ ਹਮਜ਼ਾਤੋਵ ਜਾਂ ਫਿਰ ਸਾਡੇ ਬਹੁਤ ਸਾਰੇ ਫਿਲਾਸਫਰ, ਚਿੰਤਕ ਅਤੇ ਉਹ ਉਪਦੇਸ਼ਕ ਜੋ ਆਮ ਲੋਕਾਂ ’ਚ ਵਿਚਰਦੇ ਹੋਏ ਹਮੇਸ਼ਾ ਉਨ੍ਹਾਂ ਦੀ ਬੋਲੀ ’ਚ ਹੀ ਆਪਣੀ ਗੱਲ ਉਨ੍ਹਾਂ ਅੱਗੇ ਰੱਖਦੇ। ‘ਚਾਲ਼ੀ ਦਿਨਾਂ’ ਦਾ ਸਾਡੀ ਜ਼ਿੰਦਗੀ ’ਚ ਬਹੁਤ ਵੱਡਾ ਮਹੱਤਵ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸਨੂੰ ਚਾਲੀਹਾ ਕੱਟਣਾ ਪੈਂਦਾ ਹੈ ਤਾਂਕਿ ਉਹ ਆਮ ਵਰਗੀ ਜ਼ਿੰਦਗੀ ਜਿਊਣ ਲਈ ਮੁੜ ਤਾਜ਼ਾ ਦਮ ਹੋ ਸਕੇ। ਕੇਸਰ ਜਦੋਂ ਫਕੀਰ ਨਾਲ ਯਾਤਰਾ ਤੇ ਤੁਰਦਾ ਹੈ ਤਾਂ ਉਹ ਆਪਣੇ ਬਜ਼ੁਰਗ ਨੂੰ ਲੱਭਣ ਦੀ ਲਾਲਸਾ ਨਾਲ ਤੁਰਦਾ ਹੈ। ਤੁਰੇ ਜਾਂਦਿਆਂ ਕੇਸਰ ਤੇ ਫਕੀਰ ਰਲਗੱਡ ਹੋ ਜਾਂਦੇ ਹਨ। ਜਾਪਣ ਲਗਦਾ ਕਿ ਉਹ ਦੋ ਨਹੀਂ ਹਨ—ਅਸਲ ’ਚ ਇਕ ਹੀ ਹਨ। ਕਈ ਵਾਰ ਤਾਂ ਇੰਝ ਲਗਦਾ ਕਿ ਦੋਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੇ ਹਨ। ਫਕੀਰ ਕੋਲ ਆਪਣਾ ਉਹ ਬਿਰਤਾਂਤ ਹੈ ਜੋ ਉਸਨੇ ਵੰਡ ਦੇ ਸਮੇਂ ਦੌਰਾਨ ਦੇਖਿਆ, ਉਹ ਦੁਖਾਂਤ ਜਿਸਨੇ ਉਸਨੂੰ ਯਥਾਰਥ ਦੇ ਰੁਬਰੂ ਕਰਵਾਇਆ। ਇਹ ਦੁਖਾਂਤ ਹੀ ਹੁੰਦੇ ਨੇ ਜੋ ਮਨੁੱਖ ਨੂੰ ਜ਼ਿੰਦਗੀ ਦੇ ਹਕੀਕੀ ਅਰਥ ਸਮਝਾਉਂਦੇ ਹਨ। ਇੰਝ ਫਕੀਰ ਜਿਥੇ ਬੀਤੇ ਸਮੇਂ ਨੂੰ ਆਪਣੀ ਬੁੱਕਲ ’ਚ ਲੁਕੋਈ ਬੈਠਾ ਹੈ, ਕੇਸਰ ਉਸਦੇ ਨਾਲ ਨਾਲ ਮੌਜੂਦਾ ਸਮੇਂ ਦੇ ਰੂਪ ’ਚ ਤੁਰ ਰਿਹਾ ਹੈ। ਦੋਵੇਂ ਅੰਦਰੂਨੀ ਯਾਤਰਾ ’ਤੇ ਹਨ ਤੇ ਅੰਤ ’ਚ ਇਹ ਯਾਤਰਾ ਉਥੇ ਰੁਕਦੀ ਹੈ ਜਿਥੇ ਕੇਸਰ ਨੂੰ ਮਨੁੱਖ ਦਾ ਅੰਤ ਨਜ਼ਰ ਆਉਂਦਾ ਹੈ।
ਡਾ. ਧੁੱਗਾ ਦੀ ਵਾਰਤਕ ਸ਼ੈਲੀ ਬੜੀ ਕਮਾਲ ਦੀ ਹੈ, ਸਾਖੀਆਂ ਇੰਝ ਤੁਰਦੀਆਂ ਜਾਂਦੀਆਂ ਹਨ ਜਿਵੇਂ ਕਲਕਲ ਵਗਦਾ ਪਾਣੀ ਹੋਵੇ ਅਤੇ ਇਹ ਸਿਲਸਿਲਾ ਜ਼ਿੰਦਗੀ ਦੀਆਂ ਹਕੀਕਤਾਂ, ਸੱਚਾਈਆਂ ਨੂੰ ਪਾਠਕਾਂ ਅੱਗੇ ਬਿਨਾਂ ਉਚੇਚ ਦੇ ਪਰੋਸੀ ਜਾਂਦਾ ਹੈ। ਪੁਸਤਕ ਨੂੰ ਆਰੰਭ ਕਰ ਲਓ ਤਾਂ ਮਖਕ ਸੋਚਦਾ ਕਿ ਹੁਣ ਇਸਨੂੰ ਮੁਕੰਮਲ ਕਰਕੇ ਹੀ ਉੱਠਾਂ। ‘ਚਾਲ਼ੀ ਦਿਨ’ ਨਾਂ ਦਾ ਇਹ ਨਾਵਲ ਆਧੁਨਿਕ ਨਾਵਲ ਵਿਚ ਨਵੀਂ ਤਰ੍ਹਾ ਦਾ ਰੂਪ ਲੈ ਕੇ ਆਉਂਦਾ ਹੈ। ਦਰਅਸਲ ਲੇਖਕ ਦੇ ਮਨ ਅੰਦਰ ਕੋਈ ਰਚਨਾ ਜਦੋਂ ਜਨਮ ਲੈਂਦੀ ਹੈ ਤਾਂ ਉਹ ਰਚਨਾ ਆਪਣੀ ਵਿਧਾ ਦਾ ਰੂਪ ਆਪ ਚੁਣਦੀ ਹੈ। ਇਹ ਰਚਨਾ ਸਧਾਰਨ ਸ਼ਬਦਾਂ ਵਿਚ ਗੁੰਝਲਦਾਰ ਜੀਵਨ ਦੀਆਂ ਪਰਤਾਂ ਨੂੰ ਬੜੇ ਸਹਿਜ ਨਾਲ ਪਾਠਕਾਂ ਅੱਗੇ ਖੋਲ੍ਹਦੀ ਤੁਰੀ ਜਾਂਦੀ ਹੈ। ਇਸ ਵਿਲੱਖਣ ਕਿਸਮ ਦੀ ਰਚਨਾ ਦਾ ਸੁਆਗਤ ਹੈ।
ਇਸ ਪੁਸਤਕ ਦੇ 155 ਪੰਨੇ ਹਨ ਅਤੇ ਇਸਨੂੰ ਆਟਮ ਆਰਟ ਨੇ ਪ੍ਰਕਾਸ਼ਿਤ ਕੀਤਾ ਹੈ।

