www.sursaanjh.com > ਅੰਤਰਰਾਸ਼ਟਰੀ > ਮੰਟੋ, ਮਸਤ ਰਾਮ ਤੇ ਚਮਕੀਲਾ/ ਤਰਸੇਮ ਬਸ਼ਰ

ਮੰਟੋ, ਮਸਤ ਰਾਮ ਤੇ ਚਮਕੀਲਾ/ ਤਰਸੇਮ ਬਸ਼ਰ

ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਈ:
ਮੰਟੋ, ਮਸਤ ਰਾਮ ਤੇ ਚਮਕੀਲਾ/ ਤਰਸੇਮ ਬਸ਼ਰ
ਵਿਆਹ ਤੋਂ ਤੁਰੰਤ ਬਾਅਦ ਜਦੋਂ ਚੰਡੀਗੜ੍ਹ ਜਾਣਾ ਹੋਇਆ, ਮੈਂ ਤੇ ਬੀਵੀ 17 ਸੈਕਟਰ, ਚੰਡੀਗੜ ਦੀ ਇੱਕ ਵੱਡੀ ਸੰਗੀਤਕ ਦੁਕਾਨ ‘ਤੇ ਗਏ। ਮੈਂ ਮਦਨ ਮੋਹਨ ਦੇ ਸੰਗੀਤਬੱਧ ਗਾਣਿਆਂ ਦਾ ਇੱਕ ਸੈੱਟ ਲਿਆ, ਜੋ ਮਹਿੰਗਾ ਵੀ ਸੀ, ਪਰ ਮੈਂ ਲੈ ਲਿਆ। ਇਹਨਾਂ ਵਿੱਚ ਤਿੰਨ ਦਰਜਨ ਦੇ ਲਗਭਗ ਉਹ ਗੀਤ ਸਨ, ਜਿਨ੍ਹਾਂ ਦੀਆਂ ਤਰਜ਼ਾਂ ਰਾਗ ਆਧਾਰਿਤ ਸਨ।
ਭਾਂਵੇਂ  ਇਹਨਾਂ ਵਿੱਚ ਮਕਬੂਲ ਗੀਤ ਘੱਟ ਸਨ, ਪਰ ਇਹਨਾਂ ਗਜ਼ਲਾਂ ਦੇ ਸ਼ਿਅਰ ਡੂੰਘੇ  ਸਨ। ਦਿਲ ‘ਤੇ ਅਸਰ ਕਰਨ ਵਾਲੇ। ਜ਼ਿਆਦਾਤਰ ਗੀਤ ਕੈਫੀ ਆਜ਼ਮੀ ਅਤੇ ਮਜਰੂਹ ਸਾਹਿਬ ਦੇ ਸਨ। ਮੈਂ ਇਸੇ ਤਰ੍ਹਾਂ ਦਾ ਸੰਗੀਤ ਸੁਣਦਾ ਰਿਹਾ ਹਾਂ। ਮੇਰੀ ਪਤਨੀ ਦੀ ਪਸੰਦ ਵੀ ਲੱਗਭਗ ਅਜਿਹੀ ਹੀ ਹੈ। ਘਰ ਵਿੱਚ ਕੁੱਲ ਮਿਲਾ ਕੇ ਗਹਿਰ ਗੰਭੀਰ ਸੰਗੀਤਕ ਮਾਹੌਲ ਸੀ। ਲੋਕਾਂ ਦੇ ਘਰਾਂ ਵਿੱਚ ਕੁਝ ਹੋਰ ਤਰ੍ਹਾਂ ਦੇ ਗੀਤ ਸੰਗੀਤ ਦੀ ਆਵਾਜ਼  ਗੂੰਜਦੀ ਹੁੰਦੀ, ਤਾਂ ਸਾਡੇ ਘਰ ਦਾ ਰਿਕਾਰਡਰ  ਵਿਚਾਰਾ ਗਹਿਰ ਗੰਭੀਰ ਸੰਗੀਤ ਵਜਾਉਣ ਲਈ ਮਜਬੂਰ ਹੁੰਦਾ।
ਫਿਰ ਇੱਕ ਦਿਨ ਮੈਂ ਘਰੇ ਇੱਕ ਅਜਿਹਾ ਗੀਤ ਵਜਾਇਆ, ਜੋ  ਕੁਝ ਅਲੱਗ ਕੈਫੀਅਤ ਦਾ ਸੀ। ਸਾਡੇ ਘਰ ਦੀ ਫਿਜ਼ਾ ਲਈ ਓਪਰਾ।  ਇਹ ਅਮਰ ਸਿੰਘ ਚਮਕੀਲਾ ਦਾ ਗੀਤ ਸੀ  “ਕਰ ਯਾਦ ਕੁੜੇ।
ਪਤਨੀ ਪਹਿਲਾਂ ਤਾਂ  ਹੈਰਾਨ ਹੋਈ, ਮੈਂ ਕਦੋਂ ਤੋਂ ਇਹ ਕੁਝ ਪਸੰਦ ਕਰਨ ਲੱਗ ਗਿਆ ਹਾਂ? ਪਰ ਮੇਰੇ ਨਾਲ ਉਸ ਨੇ ਜਦੋਂ ਇਹ ਗੀਤ ਸੁਣਿਆ ਤਾਂ ਉਸ ਨੂੰ ਵੀ ਚੰਗਾ ਲੱਗਿਆ। ਗੀਤ ਉਦਾਸ ਸੁਰ ਦਾ ਸੀ ਤੇ ਅਮਰ ਸਿੰਘ ਚਮਕੀਲਾ ਦੀ ਆਵਾਜ਼ ਵਿੱਚ ਲੋਹੜੇ ਦੀ ਉਦਾਸੀ ਸੀ।  ਸੰਗੀਤ ਵੀ ਕਮਾਲ ਦਾ ਸੀ। ਇਹ ਇੱਕ ਮੁਕੰਮਲ ਗੀਤ ਸੀ। ਸੁਣਦਿਆਂ ਹੋਇਆਂ ਮੈਂ ਪਤਨੀ ਨੂੰ ਕਹਿ ਰਿਹਾ ਸੀ “ਬਹੁਤ ਸੁਰੀਲਾ ਗਾਇਕ ਹੈ। ਦੇਖ ਕਿੰਨੇ ਉੱਚੇ ਸਕੇਲ ਵਿੱਚ ਗਾਉਂਦਾ ਹੈ। ਕਿਤੇ ਵੀ ਬੇਸੁਰਾ ਨਹੀਂ ਹੁੰਦਾ। ਆਵਾਜ਼ ਵਿੱਚ ਗਰਾਮ ਹੈ। ਉੱਚੇ  ਸੁਰ ਵਿੱਚ ਫਿੱਕਾ ਨਹੀਂ ਹੁੰਦਾ ਤੇ ਅੰਤਰਾ  ਦੇਖ ਕਿਵੇਂ ਚੱਕਿਆ ਹੈ? ਪੰਜਾਬੀ ਗਾਇਕ ਅੰਤਰੇ  ‘ਤੇ ਆ ਕੇ ਫਿੱਕੇ ਪੈ ਜਾਂਦੇ ਹਨ। ਦੇਖ ਇਹਦਾ ਅੰਤਰਾ।
ਛੋਟੇ ਹੁੰਦਿਆਂ  ਮੈਂ  ਵਿਆਹਾਂ  ਵਿੱਚ , ਮੇਲਿਆਂ ਵਿੱਚ, ਇਕੱਠਾਂ ਵਿੱਚ ਉਸ ਦੇ ਗੀਤ ਵੱਜਦੇ ਸੁਣੇ ਸਨ, ਪਰ ਮੇਰੀ ਉਹਨਾਂ ਵਿੱਚ ਦਿਲਚਸਪੀ ਨਹੀਂ ਸੀ ਬਣੀ। ਮਾਂ ਦੀਆਂ ਨਸੀਹਤਾਂ ਕਾਰਨ ਸਮਾਜਿਕ ਬੰਦਸ਼ ਦਾ ਬੋਲ ਬਾਲਾ ਸੀ। ਸੀਟੀ ਵਜਾਉਣ ਤੱਕ ‘ਤੇ ਵੀ  ਪਾਬੰਦੀ ਸੀ ਤਾਂ ਇਹਨਾਂ ਗੀਤਾਂ ਦੇ ਨੇੜੇ ਜਾ ਵੀ ਕਿਵੇਂ ਸਕਦਾ ਸੀ? ਸਾਨੂੰ ਕਿਸੇ ਨੇ ਸਮਝਾਇਆ ਨਹੀਂ ਸੀ, ਪਰ ਸਾਨੂੰ ਪਤਾ ਸੀ ਇਹ ਵਰਜਿਤ ਗੀਤ ਹਨ। ਪਰ ਚਮਕੀਲੇ  ਦੀ ਮਕਬੂਲੀਅਤ ਬਾਰੇ ਇਲਮ ਸੀ। ਉਸ ਦੇ ਗੀਤਾਂ ਦੀ ਬੋਲੀ ਪਿੰਡਾਂ ਦੀ ਬੋਲੀ ਸੀ।  ਉਸ ਨੇ “ਜਾਇ ਵੱਡੀ ਦਾ” ਵਰਗੇ ਨਿਰੋਲ ਪੇਂਡੂ ਸ਼ਬਦ ਚਲਨ ਵਿੱਚ  ਲਿਆਂਦੇ ਸਨ। ਉਸਦੇ ਪਾਤਰ ਪੇਂਡੂ ਸਨ। ਉਹ ਇਹਨਾਂ ਪਾਤਰਾਂ ਦੀ ਮਾਨਸਿਕਤਾ ਨੂੰ ਆਧਾਰ ਬਣਾ ਕੇ ਗੀਤ ਲਿਖ ਰਿਹਾ ਸੀ,  ਜਿਸ ਵਿੱਚ ਬਦਮਾਸ਼ੀ ਦਾ ਜ਼ਿਕਰ ਸੀ। ਸ਼ਰਾਬੀਆਂ ਦਾ ਬੋਲਬਾਲਾ ਸੀ। ਛੜਿਆਂ ਦੀਆਂ ਅਪੂਰਨ ਕਾਮਨਾਵਾਂ ਦਾ ਵੀ ਜ਼ਿਕਰ ਸੀ। ਉਹ ਬਹੁਤਾ ਮਸ਼ਹੂਰ ਵੀ ਪਿੰਡਾਂ ਵਿੱਚ ਸੀ, ਸ਼ਹਿਰੀ ਲੋਕ ਉਸ ਤੋਂ ਦੂਰ ਸਨ। ਉਹਨੇ ਸ਼ਹਿਰੀ ਜੀਵਨ ਬਾਰੇ ਬਹੁਤਾ ਲਿਖਿਆ ਵੀ ਨਹੀਂ ਸੀ।
ਬਚਪਨ ਦੇ ਦਿਨਾਂ ਵਿੱਚ ਜਦੋਂ ਨਾਲ ਦੇ ਪਿੰਡ ਵਿੱਚ ਉਸ ਦਾ ਅਖਾੜਾ ਲੱਗਿਆ, ਤਾਂ ਉੱਥੇ ਖੜਨ ਨੂੰ ਜਗ੍ਹਾ ਨਹੀਂ ਸੀ ਮਿਲੀ। ਉਦੋਂ ਚਮਕੀਲੇ ਨੂੰ ਅਖਾੜੇ ਲਈ ਵਿਆਹ ਵਿੱਚ ਬੁਲਾਉਣਾ ਸਟੇਟਸ ਸਿੰਬਲ ਬਣ ਗਿਆ ਸੀ। ਉਸਦੀ ਮਕਬੂਲੀਅਤ ਬੁਲੰਦੀ ‘ਤੇ ਸੀ, ਪਰ ਘਰਾਂ ਵਿੱਚ ਉਸ ਦੇ ਗੀਤ ਉਸ ਤਰ੍ਹਾਂ ਨਹੀਂ ਸਨ ਸੁਣੇ ਜਾਂਦੇ, ਜਿਸ ਤਰ੍ਹਾਂ ਕੁਲਦੀਪ ਮਾਣਕ ਦੇ ਸੁਣੇ ਜਾਂਦੇ ਸਨ। ਸੁਰਿੰਦਰ ਸ਼ਿੰਦੇ, ਦੀਦਾਰ ਸੰਧੂ ਦੇ ਸੁਣੇ ਜਾਂਦੇ ਸਨ। ਘਰਾਂ ਦੇ ਸਿਆਣਿਆਂ ਨੇ ਉਸ ਬਾਰੇ ਇਹ ਫੈਸਲਾ ਕਰ ਲਿਆ ਸੀ ਕਿ ਉਸਦੇ ਗੀਤ ਘਰਾਂ ਵਿੱਚ ਵੱਜਣ ਵਾਲੇ ਨਹੀਂ। ਇਹਨਾਂ ਦਾ ਬੱਚਿਆਂ ਦੀ ਪਰਵਰਿਸ਼ ‘ਤੇ ਬੁਰਾ ਅਸਰ ਪੈਂਦਾ ਹੈ।
ਇਹ ਇੱਕ ਤਰ੍ਹਾਂ ਦਾ ਅਜੀਬੋ ਗਰੀਬ ਸਮਾਜਿਕ ਇਹਤਜਾਜ ਸੀ। ਘਰਾਂ ਵਿੱਚ ਉਸ ਦੇ ਗੀਤ ਨਹੀਂ ਸਨ ਚੱਲ ਰਹੇ, ਪਰ  ਵਿਆਹਾਂ ਸ਼ਾਦੀਆਂ ਵਿੱਚ, ਮੇਲਿਆਂ- ਅਖਾੜਿਆਂ ਵਿੱਚ ਉਸ ਨੂੰ ਸੁਣਨ ਲਈ ਲੋਕ ਇਕੱਠੇ ਹੋ ਜਾਂਦੇ ਸਨ, ਜਿਨਾਂ ਵਿੱਚ ਔਰਤਾਂ ਵੀ ਸ਼ਾਮਿਲ ਹੁੰਦੀਆਂ। ਉਸ ਕੋਲ ਸਭ ਤੋਂ ਵੱਧ ਕੰਮ ਆ ਚੁੱਕਿਆ ਸੀ।ਇਹਨਾਂ ਹਾਲਾਤਾਂ ਦਾ ਚਮਕੀਲਾ ਫਿਲਮ ਵਿੱਚ ਬੜਾ ਸਪਸ਼ਟ ਜ਼ਿਕਰ ਹੈ, ਜਦੋਂ ਉਹ ਮਕਬੂਲੀਅਤ ਦੇ ਸਿਖਰ ‘ਤੇ ਹੁੰਦਿਆਂ ਵਿਵਾਦਾਂ ਵਿੱਚ ਘਿਰ ਗਿਆ। ਕਲਾ ਉਸ ਕੋਲ ਸੀ ਹੀ,  ਫਿਰ ਉਸ ਨੇ ਧਾਰਮਿਕ ਗੀਤ ਲਿਖੇ ਤੇ ਗਾਏ । ਇਹਨਾਂ ਗੀਤਾਂ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਭਾਵੁਕ ਬਿਰਤਾਂਤ ਸਨ, ਵਿਛੜ ਗਏ ਸਥਾਨਾਂ ਦਾ ਵਿਗੋਚਾ ਸੀ, ਧਰਮ ਪ੍ਰਤੀ ਅਕੀਦਤ ਅਤੇ ਨਿਸ਼ਠਾ ਦਾ ਇਜ਼ਹਾਰ  ਸੀ।
ਇਹ ਗੀਤ ਘਰਾਂ ਵਿੱਚ ਵੱਜੇ। ਘਰਾਂ ਦੇ ਭੇੜੇ ਹੋਏ ਦਰਵਾਜ਼ੇ ਉਸ ਲਈ ਖੁੱਲ੍ਹ ਗਏ ਸਨ।  ਉਹਨਾਂ ਲੋਕਾਂ ਨੇ ਉਸ ਦੀ ਪ੍ਰਤਿਭਾ ਦਾ ਲੋਹਾ ਮੰਨ ਲਿਆ ਸੀ, ਜਿਨਾਂ ਨੇ ਉਸ ਨੂੰ ਉਸ ਦੇ ਮੁੱਢਲੇ ਗੀਤਾਂ ਕਰਕੇ ਰੱਦ ਕਰ ਦਿੱਤਾ ਸੀ, ਜਿਨ੍ਹਾਂ ਦੀ ਸ਼ਬਦਾਵਲੀ ਸਮਾਜਿਕ ਮਰਿਆਦਾ ਅਨੁਸਾਰ ਨਾ ਬਰਦਾਸ਼ਤ ਕੀਤੀ ਜਾਣ ਵਾਲੀ ਸੀ। ਸਾਡੇ ਪਿੰਡ ਮੰਦਰ ਤੇ ਮੇਰੇ ਦੋਸਤ ਵਾਜਾ ਤੇ ਢੋਲਕ ਰੱਖਦੇ ਸਨ। ਅਕਸਰ  ਗਾਣੇ ਗਾਉਂਦੇ ਰਹਿੰਦੇ ਸਨ, ਜਿਨ੍ਹਾਂ ਵਿੱਚ ਨੁਸਰਤ ਸਾਹਿਬ ਦੇ ਗਾਣੇ ਹੁੰਦੇ ਸਨ, ਸਲੀਮ ਦੇ, ਸਰਦੂਲ ਸਿਕੰਦਰ ਤੇ ਹੰਸ ਰਾਜ ਹੰਸ ਦੇ ਗੀਤ।
ਇਹਨਾਂ ਗੀਤਾਂ ਦੀ ਚੋਣ ਸਮਾਜਿਕ ਅਤੇ ਧਾਰਮਿਕ ਅਧਾਰ ਤੇ ਹੁੰਦੀ ਸੀ। ਫਿਰ ਇਸ ਵਿੱਚ ਇੱਕ ਚਮਕੀਲੇ ਦਾ ਗੀਤ ਵੀ ਸ਼ਾਮਿਲ ਹੋ ਗਿਆ ਸੀ। ਇਹ  ਸੀ  “ਢਾਈ ਦਿਨ ਦੀ ਪ੍ਰਾਹੁਣੀ ਜਿੰਦੇ ਤੂੰ।’  ਸਮਾਜਿਕ ਸੱਚ ਅਤੇ ਨਸੀਹਤਾਂ ਨੂੰ ਚਮਕੀਲੇ ਨੇ ਬਹੁਤ ਸੋਹਣੇ ਢੰਗ ਨਾਲ ਗਾਇਆ ਸੀ। ਉਸ ਦਾ ਇਹ ਗੀਤ ਮੰਦਰ ਤੇ ਗਾਏ ਜਾਣ ਵਾਲੇ ਇਹਨਾਂ ਗੀਤਾਂ ਵਿੱਚ ਸ਼ਾਮਿਲ ਹੋਣਾ, ਇੱਕ ਅਹਿਮ ਮੋੜ ਸੀ। ਉਸ ਦੇ ਇਹਨਾਂ ਸਮਾਜਿਕ ਤੇ ਧਾਰਮਿਕ ਗੀਤਾਂ ਵਿੱਚ ਕਲਾਤਮਕ ਸਿੱਕ ਸੀ, ਕਿਸੇ ਪਰਪੱਕ ਧਾਰਮਿਕ ਗੀਤਕਾਰ ਦੀ ਛੂਹ ਸੀ। ਸਮਾਜ ਉਸ ਦੇ ਇਹਨਾਂ “ਸਮਾਜਿਕ ਗੀਤਾਂ” ਨੂੰ ਪ੍ਰਵਾਨਗੀ ਦੇ ਰਿਹਾ ਸੀ, ਪਰ ਹਾਲੇ ਉਸ ਦੇ ਉਹਨਾਂ ਗੀਤਾਂ ਨੂੰ ਤਸਲੀਮ ਕਰਨ ਵਾਸਤੇ ਰਾਜ਼ੀ ਨਹੀਂ ਸੀ, ਜਿਨ੍ਹਾਂ ਕਰਕੇ ਉਸਦੀ ਮਕਬੂਲ਼ਇਤ ਹੋਈ ਸੀ, ਜਿਸ ਕਰਕੇ ਹਰ ਦਿਨ ਉਸ ਦੇ ਅਖਾੜੇ ਲੱਗਦੇ ਸਨ, ਜਿਸ ਵਿੱਚ ਪੈਸਾ ਸੀ।
ਸ਼ਾਇਦ ਉਹ ਇੱਕ ਵੱਡੇ ਵਿਰੋਧਾਭਾਸ ਦੇ ਸਾਹਮਣੇ ਸੀ। ਇਹ ਦੌਰ ਪੰਜਾਬ ਵਾਸਤੇ ਬਹੁਤ ਤਣਾਓ ਭਰਿਆ ਦੌਰ ਸੀ। ਕਤਲ ਹੋ ਰਹੇ ਸਨ, ਮੁਕਾਬਲੇ ਕੀਤੇ ਜਾ ਰਹੇ ਸਨ। ਕੁਦਰਤੀ ਗੱਲ ਹੈ ਕਿ ਚਮਕੀਲਾ ਵੀ ਤਣਾਅ ਵਿੱਚ ਹੋਵੇਗਾ। ਇਸ ਮਹੀਨ ਵਰਤਾਰੇ ਨੂੰ ਇਮਤਿਆਜ਼ ਅਲੀ ਨੇ ਆਪਣੀ ਫਿਲਮ ਵਿੱਚ ਬੜੀ ਸੂਖਮਤਾ  ਨਾਲ ਦਿਖਾਇਆ ਹੈ। ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਉਲੰਘੇ ਜਾਣ ਦੇ ਦੋਸ਼ਾਂ ਵਿੱਚ ਘਿਰਿਆ ਹੋਇਆ ਉਹ ਇਹ ਵੀ ਸਮਝਦਾ ਸੀ ਕਿ ਚੜ੍ਹਾਈ ਦੇ ਕੁਝ ਕੁ ਸਾਲ  ਹੀ ਹੁੰਦੇ ਹਨ।
ਗਰੀਬੀ ਦੇ ਦੁੱਖ ਉਹ ਜਾਣਦਾ ਸੀ। ਫਿਰ ਇੱਕ ਦਿਨ ਖਬਰ ਆਈ ਕਿ ਚਮਕੀਲਾ, ਉਸ ਦੀ ਸਾਥਣ ਅਮਰਜੋਤ ਅਤੇ ਹੋਰ ਕਈ ਸਾਥੀਆਂ ਦਾ ਵੀ ਕਤਲ ਹੋ ਗਿਆ। ਇਨ੍ਹਾਂ ਵਿੱਚ ਹਰਜੀਤ ਗਿੱਲ ਵੀ ਸ਼ਾਮਿਲ ਸੀ ਜੋ ਉਸ ਨਾਲ ਹਰਮੋਨੀਅਮ ਵਜਾਉਂਦਾ ਸੀ, ਜਿਸ ਦਾ ਹੀ ਲਿਖਿਆ ਗੀਤ ਸੀ “ਕਰ ਯਾਦ ਕੁੜੇ।” ਉਦੋਂ ਹਰ ਰੋਜ਼ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸਨ ਤੇ ਚਮਕੀਲੇ ਬਾਰੇ ਬਹੁਤਿਆਂ ਨੂੰ ਪਹਿਲਾਂ ਤੋਂ ਹੀ ਡਰ ਸੀ ਕਿ ਅਜਿਹਾ ਕਦੇ ਵੀ ਹੋ ਸਕਦਾ ਹੈ।  ਉਦੋਂ ਉਹ ਮਹਿਜ਼ 27 ਸਾਲਾਂ ਦਾ ਸੀ ਅਤੇ ਆਪਣੀ ਛੋਟੀ ਉਮਰ ਦੇ ਇਸ ਪੜਾਅ ਵਿੱਚ ਉਸ ਨੇ ਉਹ ਮਕਬੂਲੀਅਤ ਹਾਸਲ ਕਰ ਲਈ ਸੀ ਜੋ ਬਹੁਤਿਆਂ ਨੂੰ ਤਾਉਮਰ ਨਸੀਬ ਨਹੀਂ ਹੁੰਦੀ ।
ਖਬਰ ਆਈ, ਖਬਰ ਚਲੀ ਗਈ, ਪਰ ਚਮਕੀਲਾ ਨਹੀਂ ਸੀ ਗਿਆ। ਉਹ ਲੋਕਾਂ ਦੇ ਜ਼ਿਹਨ ਵਿੱਚ ਜ਼ਿੰਦਾ ਸੀ। ਕੈਸਟਾਂ, ਸੀਡੀਆਂ ਵਿੱਚ ਚੁੱਪ ਸੀ। ਕੁਝ ਸਾਲਾਂ ਬਾਅਦ ਫਿਰ ਲੋਕ ਉਸ ਨੂੰ ਸੁਣਨ ਲੱਗ ਪਏ ਸਨ ਤੇ ਫਿਰ ਉਹ ਅਗਲੀਆਂ ਪੀੜ੍ਹੀਆਂ ਤੱਕ ਵੀ ਪਹੁੰਚ ਗਿਆ।
“ਇਮਤਿਆਜ਼ ਅਲੀ” ਹੁਰਾਂ ਦੀ ਇਹ ਫਿਲਮ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ। ਚਮਕੀਲਾ ਮਰਨ ਤੋਂ ਬਾਅਦ ਹੋਰ ਵੱਡਾ ਹੋ ਗਿਆ ਹੈ। ਉਹ ਪੰਜਾਬ ਤੋਂ ਬਾਹਰ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਕਿਸੇ ਇਲਾਕਾਈ ਗਾਇਕ ਵਿੱਚ ਕਿਸੇ ਬਾਹਰਲੇ ਦੇਸ਼ ਅਤੇ ਸੂਬਿਆਂ ਦੇ ਲੋਕਾਂ ਨੂੰ ਕੀ ਦਿਲਚਸਪੀ ਹੋ ਸਕਦੀ ਹੈ? ਇਮਤਿਆਜ਼ ਅਲੀ ਇਹ ਬਾਖੂਬੀ ਸਮਝਦੇ ਸਨ। ਉਹ ਕਹਾਣੀ ਨੂੰ ਸਮਝਦੇ ਸਨ, ਇਸ ਵਿਚ ਬਹੁਤ ਕੁਝ ਸੀ।
ਫਿਲਮ ਵਿੱਚ ਚਮਕੀਲਾ ਤੇ ਅਮਰਜੋਤ ਦੇ ਗੀਤ ਹਨ। ਪ੍ਰਚੱਲਿਤ ਅਤੇ ਪ੍ਰਸਿੱਧ ਗੀਤ ਹਨ। ਕੁਝ ਗੀਤ ਇਹਨਾਂ ਤੋਂ ਬਿਨਾਂ ਵੀ ਹਨ, ਜਿਨ੍ਹਾਂ ਦਾ ਸੰਗੀਤ ਏਆਰ ਰਹਿਮਾਨ ਨੇ ਦਿੱਤਾ ਹੈ। ਭਾਵੇਂ ਇਹ ਗੀਤ ਕਹਾਣੀ ਨੂੰ ਅੱਗੇ ਤੋਰਦੇ ਹਨ, ਪਰ ਸੰਗੀਤਕ ਤੌਰ ‘ਤੇ ਇੰਨੇ ਪ੍ਰਭਾਵਿਤ ਨਹੀਂ ਕਰਦੇ। ਇਹ ਯਾਦ ਨਹੀਂ ਰਹਿੰਦੇ। ਇਹਨਾਂ ਦੀ ਸ਼ਬਦਾਵਲੀ ਵੀ ਸਪੱਸ਼ਟ ਨਹੀਂ ਹੈ। ਫਿਲਮ ਦੀ ਸਕ੍ਰਿਪਟ ਵਿੱਚ ਲਗਾਤਾਰਤਾ ਹੈ, ਤੇਜ਼ੀ ਹੈ ਪਰ ਅਖੀਰਲੇ ਅੱਧੇ ਘੰਟੇ ਵਿੱਚ ਕਈ ਵਾਰ ਦੁਹਰਾਓ ਵੀ  ਆਉਂਦਾ ਹੈ।
ਜਿਹੜੇ ਦਰਸ਼ਕ ਜਾਂ ਵਿਚਾਰਕ ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਗਾਇਕਾਂ ਦੀ ਅਦਾਕਾਰੀ ਤੋਂ ਨਿਰਾਸ਼ ਹਨ, ਉਹ ਦਲਜੀਤ ਵੱਲੋਂ ਨਿਭਾਈ ਗਈ ਭੂਮਿਕਾ ਕਾਰਨ ਉਤਸ਼ਾਹਿਤ ਹੋ ਸਕਦੇ ਹਨ। ਉਸ ਨੇ ਜੇ ਵਧੀਆ ਕਲਾ ਦਾ ਪ੍ਰਦਰਸ਼ਨ ਨਹੀਂ ਵੀ ਕੀਤਾ ਤਾਂ ਵੀ ਉਹ ਬਹੁਤਿਆਂ ਨਾਲੋਂ ਬਿਹਤਰ ਜ਼ਰੂਰ ਹੈ। ਪਰਨੀਤੀ ਚੋਪੜਾ ਨੇ ਵੀ ਚੁਣੌਤੀ ਪੂਰਨ ਭੂਮਿਕਾ ਨੂੰ ਸੰਤੋਸ਼ ਜਨਕ ਢੰਗ ਨਾਲ ਨਿਭਾਇਆ ਹੈ। ਓਹਨਾਂ ਸਾਹਮਣੇ ਇੱਕ ਚੁਣੌਤੀ ਇਹ ਵੀ ਸੀ ਕਿ ਉਹਨਾਂ ਨੇ ਇੱਕ ਗਾਇਕਾ ਦੀ ਭੂਮਿਕਾ ਅਦਾ ਕਰਨੀ ਸੀ, ਜਿਸ ਦੇ ਗੀਤ ਵੀ ਉਹਦੀ ਹੀ ਸ਼ੈਲੀ, ਪੇਂਡੂ ਠੁੱਕ  ਸਮੇਤ ਗਾਉਣੇ ਸਨ।  ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਪਰਨੀਤੀ ਚੋਪੜਾ ਨੇ ਇਸ ਫਿਲਮ ਲਈ ਕਿੰਨੀ ਮਿਹਨਤ ਕੀਤੀ ਹੈ। ਭਾਵੇਂ ਕਿਸੇ ਵੀ ਫਿਲਮ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਜੁੜੀ ਹੋਈ ਹਰ ਚੀਜ਼ ਦਿਖਾਉਣਾ ਸੰਭਵ ਨਹੀਂ ਹੁੰਦਾ, ਪਰ ਇਹ ਮੰਨਣਾ ਪਏਗਾ ਕਿ ਇਮਤਿਆਜ਼ ਅਲੀ ਅਤੇ ਉਹਨਾਂ ਦੀ  ਟੀਮ ਨੇ ਫਿਲਮ ਉੱਤੇ ਮਿਹਨਤ ਕੀਤੀ ਹੈ, ਹਰ ਪੱਖ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਹੈ।
ਚਰਨਜੀਤ ਅਹੂਜਾ ਪੰਜਾਬੀ ਸੰਗੀਤ ਜਗਤ ਦੇ ਸਭ ਤੋਂ ਪਿਆਰੇ ਜਾਣ ਵਾਲੇ ਸੰਗੀਤ ਨਿਰਦੇਸ਼ਕ ਰਹੇ ਹਨ। ਅਮਰ ਸਿੰਘ ਚਮਕੀਲਾ ਦੀ ਸਫਲਤਾ ਪਿੱਛੇ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ, ਪਰ ਉਹਨਾਂ ਨੂੰ ਸੰਕੇਤਕ ਰੂਪ ਵਿੱਚ ਹੀ ਦਿਖਾਉਣਾ ਅੱਖਰਦਾ ਹੈ। ਉਨਾਂ ਲਈ ਕੁਝ ਹੋਰ ਵੱਡੀ ਭੂਮਿਕਾ ਪੈਦਾ ਕੀਤੀ ਜਾ ਸਕਦੀ ਸੀ।
“ਮੈਨੂੰ ਵਿਦਾ ਕਰੋ” ਸ਼ਿਵ ਬਟਾਲਵੀ ਦਾ ਪ੍ਰਸਿੱਧ ਗੀਤ ਹੈ। ਚਮਕੀਲੇ ਦੀ ਮੌਤ ‘ਤੇ ਇਹ ਕੁਝ ਨਵੇਂ ਲਫਜ਼ਾਂ ਵਿੱਚ ਮਾਤਮੀ ਧੁਨ ਨਾਲ ਵਜਦਾ ਹੈ, ਤਾਂ ਦਰਸ਼ਕਾਂ ਦੀ ਹਮਦਰਦੀ ਪੂਰੀ ਤਰ੍ਹਾਂ ਚਮਕੀਲੇ ਨਾਲ ਜੁੜ ਜਾਂਦੀ ਹੈ।
ਇਸ ਗੀਤ ਦੀ ਥਾਂ ‘ਤੇ ਕੋਈ ਹੋਰ ਗੀਤ ਵੀ ਲਿਆ ਜਾ ਸਕਦਾ ਸੀ। ਸ਼ਾਇਦ ਜ਼ਿਆਦਾ ਚੰਗਾ ਹੁੰਦਾ। ਸ਼ਿਵ ਦਾ ਅਕਸ ਚਮਕੀਲੇ ਤੋਂ ਭਿੰਨ ਹੈ। ਫਿਲਮ ਦੇਖਣ ਉਪਰੰਤ ਮੇਰੇ ਜ਼ਿਹਨ ਵਿੱਚ ਸਆਦਤ ਹਸਨ ਮੰਟੋ ਤੋਂ ਨਾਲ ਸੰਬੰਧਿਤ ਕੁਝ ਘਟਨਾਵਾਂ ਯਾਦ ਆਈਆਂ ਤੇ ਕੁਝ ਸਮਾਂ ਉਹਨਾਂ ਤੇ ਆਈ ਫਿਲਮ “ਮੰਟੋ” ਵੀ ਯਾਦ ਆਈ। ਦਾਦਾ ਕੋਂਡਕੇ ਦੀਆਂ ਫਿਲਮਾਂ ਦੇ ਦੋਅਰਥੀ ਸਿਰਲੇਖ ਵੀ ਜ਼ਿਹਨ ਵਿੱਚ ਘੁੰਮ ਗਏ।
ਉਸ ਦੀਆਂ ਫ਼ਿਲਮਾਂ ਵੀ ਦੋਹਰੇ ਸੰਵਾਦਾਂ ਕਰਕੇ ਬਦਨਾਮ ਸਨ। ਸਿਰਲੇਖ ਇਥੇ ਵੀ ਨਹੀਂ ਲਿਖੇ ਜਾ ਸਕਦੇ। ਭੋਜਪੁਰੀ ਗਾਣੇ ‘ਤੇ ਫ਼ਿਲਮਾਂ ਬਾਰੇ ਵੀ ਸੋਚਿਆ ਕਿ ਕੀ ਉਹ ਪਰਿਵਾਰ ਵਿੱਚ ਦੇਖਣ-ਸੁਣਨ ਵਾਲੇ ਹਨ। ਅਸ਼ਲੀਲਤਾ  ਬੇਸ਼ੱਕ ਸਮਾਜ ਵਿੱਚ ਲੁਕੇ ਛਪੇ ਢੰਗ ਨਾਲ ਮੌਜੂਦ ਹੋਵੇ, ਪਰ ਜਦੋਂ ਜਦੋਂ ਵੀ ਇਹ ਕਲਮ ਦੀ ਜੱਦ ਵਿੱਚ ਆਈ ਹੈ ਤਾਂ ਚਰਚਿਤ ਹੋ ਜਾਂਦੀ ਹੈ। ਵਿਵਾਦਾਂ ਵਿੱਚ ਆ ਜਾਂਦੀ ਹੈ। ਦਾਦਾ ਕੋਂਡਕੇ ਦੀ ਉਸ ਸਮੇਂ ਵੀ ਬਹੁਤ ਮਲਾਲਤ ਹੋਈ, ਅੱਜ ਤੱਕ ਹੁੰਦੀ ਹੈ ਤੇ ਮੰਟੋ  ਨੂੰ ਵੀ ਹਮੇਸ਼ਾ ਯਾਦ ਕੀਤਾ ਜਾਂਦਾ ਹੈ।
“ਸਆਦਤ  ਹਸਨ ਮੰਟੋ” ਦੀਆਂ ਕਹਾਣੀਆਂ ‘ਤੇ ਲਗਭਗ ਪੰਜ ਕੇਸ ਹੋਏ।  ਦੋਸ਼ ਇਹ ਸੀ ਕਿ ਉਨਾਂ ਵਿੱਚ ਅਸ਼ਲੀਲਤਾ ਹੈ। ਮੰਟੋ ਦਾ ਤਰਕ ਸੀ ਕਿ ਅਸ਼ਲੀਲਤਾ ਸਾਹਮਣੇ ਵਾਲੇ ਦੇ ਦਿਮਾਗ ਵਿੱਚ ਹੁੰਦੀ ਹੈ। ਕੋਈ ਉਹਨਾਂ ਚੀਜ਼ਾਂ ਨੂੰ ਕਿਸੇ ਹੋਰ ਲਹਿਜ਼ੇ ਨਾਲ ਦੇਖਦਾ ਹੈ ਤੇ ਕੋਈ ਹੋਰ ਉਹਨਾਂ ਹੀ ਚੀਜ਼ਾਂ ਨੂੰ ਕਿਸੇ ਹੋਰ ਨਜ਼ਰੀਏ ਨਾਲ। ਮੈਂ ਸਮਾਜ ਦਾ ਸੱਚ ਲਿਖਿਆ ਹੈ, ਉਸ ਤਰ੍ਹਾਂ ਜਿਸ ਨਜ਼ਰੀਏ ਨਾਲ ਮੈਂ ਦੇਖਿਆ ਹੈ।
ਉਹ ਉਸ ਤੋਂ ਅੱਗੇ ਇਹ ਵੀ ਕਹਿੰਦਾ ਹੈ, ਜੇਕਰ ਪੈਸਿਆਂ ਬਦਲੇ ਇੱਜ਼ਤ ਦਾ ਸੌਦਾ ਕਰਨ ਲਈ ਕਿਸੇ ਨੂੰ ਤਵਾਇਫ ਕਿਹਾ ਜਾਂਦਾ ਹੈ ਤਾਂ ਸਾਰੇ ਉਹ ਲੋਕ ਇਸ  ਤਵਾਇਫ਼ ਖਾਨੇ ਦੇ ਹਿੱਸੇ ਹਨ ਜੋ ਕਿਸੇ ਤਰ੍ਹਾਂ ਵੀ ਪੈਸਾ ਲੈ ਕੇ ਜ਼ਮੀਰ ਦਾ ਸੌਦਾ ਕਰਦੇ ਹਨ। ਮੰਟੋ ਨੇ ਅਸ਼ਲੀਲਤਾ ਦੇ ਦੋਸ਼ਾਂ ਦਾ ਸੰਘਰਸ਼ ਪੂਰੀ ਉਮਰ ਕੀਤਾ ਤੇ ਉਸ  ਦੀਆਂ ਕਹਾਣੀਆਂ ਨੇ ਉਸ ਦੇ ਅੰਤ ਤੋਂ ਬਾਅਦ ਵੀ।
ਅੱਜ ਮੰਟੋ  ਨੂੰ ਮਹਾਨ ਕਹਾਣੀਕਾਰ ਕਿਹਾ ਜਾਂਦਾ ਹੈ। ਮੈਨੂੰ ਇੱਕ ਵਾਰ ਬੜੀ ਹੈਰਾਨੀ ਹੋਈ। ਮੰਟੋ ਦੀਆਂ ਚੋਣਵੀਆਂ ਕਹਾਣੀਆਂ ਨਾਂ ਦੀ ਇੱਕ ਕਿਤਾਬ ਉੱਪਰ ਜੋ ਚਿੱਤਰ ਬਣਾਇਆ ਗਿਆ ਸੀ, ਉਹ ਕਹਾਣੀਆਂ ਦੇ ਮਰਮ ਮੁਤਾਬਕ ਬਿਲਕੁਲ ਨਹੀਂ ਸੀ। ਉਹ ਸਸਤੀ ਕਲਾ ਦਾ ਇੱਕ ਉਦਾਹਰਨ ਸੀ, ਜਿਸ ਤਰ੍ਹਾਂ ਦੀਆਂ ਫੋਟੋਆਂ ਦੋ ਅਰਥੀ ਸੰਵਾਦਾਂ ਵਾਲੀਆਂ ਕਹਾਣੀਆਂ ਦੀਆਂ ਕਿਤਾਬਾਂ ਤੇ ਲੱਗੀਆਂ ਹੁੰਦੀਆਂ ਹਨ। ਕਿਸੇ ਨੇ ਮੰਟੋ ਦੀਆਂ ਕਹਾਣੀਆਂ ਨੂੰ ਗਰਮ ਕਹਾਣੀਆਂ ਦੇ ਤੌਰ ‘ਤੇ ਪੇਸ਼ ਕਰ ਦਿੱਤਾ ਸੀ।  ਉਸਨੂੰ ਲੱਗਿਆ ਹੋਣਾ ਹੈ ਕਿ ਲੋਕ ਇਸ ਤਰ੍ਹਾਂ ਦੀਆਂ ਕਿਤਾਬਾਂ ਜਿਆਦਾ ਖਰੀਦਦੇ ਹਨ।
ਖ਼ੈਰ, ਮੰਟੋ ਦੀਆਂ ਕਹਾਣੀਆਂ ਵਿੱਚ ਮਕਸਦ ਸੀ, ਜਦ ਕਿ ਚਮਕੀਲੇ ਦੀ ਗਾਇਕੀ ਵਿੱਚ ਭੌਤਿਕੀ ਖਾਹਿਸ਼।  ਫਿਲਮ ਮੰਟੋ ‘ਤੇ ਵੀ ਬਣੀ ਹੈ, ਪਰ ਉਹ ਇਸ ਪੱਧਰ ‘ਤੇ ਚਰਚਿਤ ਨਹੀਂ ਹੋਈ, ਜਿਸ ਪੱਧਰ ‘ਤੇ ਚਮਕੀਲੇ ‘ਤੇ ਬਣੀ ਫਿਲਮ ਦੀ ਚਰਚਾ ਹੋਈ ਹੈ। ਬਿਨਾਂ ਸ਼ੱਕ ਸਆਦਤ ਹਸਨ ਮੰਟੋ ਵੱਡਾ ਸਾਹਿਤਕਾਰ ਸੀ, ਪਰ ਚਮਕੀਲਾ ਅਵਾਮ ਵਿੱਚ ਜ਼ਿਆਦਾ ਪ੍ਰਸਿੱਧ ਸੀ। ਆਓ ਇੱਕ ਹੋਰ ਹਵਾਲੇ ਨਾਲ ਅਮਰ ਸਿੰਘ ਚਮਕੀਲਾ ਦੇ ਤਤਕਾਲੀਨ ਹਾਲਾਤਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ।
ਕੁਝ ਸਮਾਂ ਪਹਿਲਾਂ ਇੱਕ ਫਿਲਮ ਆਈ ਸੀ “ਮਸਤ ਰਾਮ।”  ਇੱਕ ਲੇਖਕ ਹੈ, ਜਿਸ ਕੋਲ ਲਿਖਣ ਦਾ ਹੁਨਰ ਹੈ ਪਰ ਉਸ ਦੇ ਸਾਹਿਤ ਨੂੰ ਉਹ ਮਕਬੂਲੀਅਤ ਨਹੀਂ ਮਿਲਦੀ,  ਜੋ ਉਹ ਚਾਹੁੰਦਾ ਹੈ। ਉਹ ਆਪਣੀ ਸਿਰਜਣਾਤਮਕ ਸ਼ਕਤੀ ਦੀ ਇਸ ਬੇਕਦਰੀ ਤੋਂ ਨਿਰਾਸ਼ ਹੈ। ਫਿਰ ਉਹ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਤਿਲਾਂਜਲੀ ਦਿੰਦਿਆਂ ਇੱਕ ਵੱਖਰੇ ਰਾਹ ‘ਤੇ ਤੁਰ ਪੈਂਦਾ ਹੈ। ਉਹ ਆਪਣਾ ਨਾਮ ਬਦਲ ਕੇ ਫ਼ਾਹਿਸ਼ ਕਹਾਣੀਆਂ ਲਿਖਦਾ ਹੈ, ਜਿਸ ਵਿੱਚ ਵੀ ਉਸ ਦੀ ਕਲਾਤਮਕ ਪੁੱਠ ਹੁੰਦੀ ਹੈ।
ਉਸ ਦਾ ਨਵਾਂ ਨਾਂ ਹੁੰਦਾ ਹੈ, ਮਸਤ ਰਾਮ। ਉਸ ਦੀਆਂ ਇਹ ਲਿਖਤਾਂ ਧੜਾਧੜ ਵਿਕਦੀਆਂ ਹਨ ਅਤੇ ਨਵਾਂ ਰੱਖਿਆ ਹੋਇਆ ਨਾਂ ਚੱਲ ਪੈਂਦਾ ਹੈ। ਪੈਸੇ ਆਉਣੇ ਆਰੰਭ ਹੋ ਜਾਂਦੇ ਹਨ।
ਚਮਕੀਲੇ ਨੂੰ ਇਸ “ਫਿਲਮ” ਦੇ ਸੰਦਰਭ ਵਿੱਚ ਵੀ ਦੇਖਿਆ ਜਾ ਸਕਦਾ ਹੈ। ਉਸ ਕੋਲ ਕਲਾ ਸੀ, ਪਰ ਉਸਨੇ ਕਲਾ ਰਾਹੀਂ ਉਹ ਪਰੋਸਿਆ ਜੋ ਮਕਬੂਲ ਹੁੰਦਾ ਹੈ, ਜਿਸ ਨਾਲ ਪੈਸੇ ਅਰਜਿਤ ਕੀਤੇ ਜਾ ਸਕਦੇ ਹਨ, ਜੋ ਲੋਕ ਸੁਣਨਾ ਚਾਹੁੰਦੇ ਸਨ। ਇਮਤਿਆਜ਼ ਅਲੀ ਦੀ ਚਮਕੀਲਾ ਸਾਡੇ ਸਾਹਮਣੇ ਇਹ ਸਵਾਲ ਜ਼ਰੂਰ ਖੜ੍ਹਾ ਕਰਦੀ ਹੈ ਕਿ ਕਿਸੇ ਦੇ ਗੀਤ ਸਮਾਜਿਕ ਮਰਿਆਦਾ ਵਿੱਚ ਨਾ ਹੋਣ ਤਾਂ ਕੀ ਉਸ ਨੂੰ ਮਾਰ ਦੇਣਾ ਚਾਹੀਦਾ ਹੈ? ਭਾਵੇਂ ਉਹ ਇਸ ‘ਤੇ ਸਪੱਸ਼ਟ ਕੁਝ ਨਹੀਂ ਕਹਿੰਦੇ, ਪਰ ਇਹ ਸਵਾਲ ਦੇਖਣ ਵਾਲੇ ਦੇ ਜ਼ਿਹਨ ਵਿੱਚ ਉੱਠਦਾ ਹੈ। ਕੁਝ ਹਵਾਲਿਆਂ ਵਿੱਚ ਇਹ ਵੀ ਦਿਖਾਇਆ ਜਾਂਦਾ ਹੈ ਕਿ ਸਮਕਾਲੀ ਗਾਇਕ ਉਸ ਤੋਂ ਈਰਖਾ ਕਰਦੇ ਸਨ।
ਦਰਸ਼ਕ ਇਹ ਸਮਝਣ ਵਿੱਚ ਅਸਫਲ ਰਹਿੰਦਾ ਹੈ ਕਿ ਉਸ ਦੇ ਮਾਰੇ ਜਾਣ ਦੇ ਕਾਰਣ ਕੀ ਸਨ? ਚਮਕੀਲਾ ‘ਤੇ ਫਿਲਮ ਬਣਨਾ ਬੇਸ਼ਕ ਵਪਾਰਕ ਵਰਤਾਰਾ ਹੋਵੇ, ਪਰ ਇਹ ਜ਼ਰੂਰ ਹੋਇਆ ਹੈ ਕਿ ਚਮਕੀਲੇ ਦੇ ਚਮਕਦੇ ਪੱਖ ਤੋਂ ਬਗੈਰ ਉਸ ਦੇ ਜੀਵਨ ਵਿਚਲੀਆਂ ਚੁਣੌਤੀਆਂ ਤੋਂ ਵੀ ਲੋਕ ਜਾਣੂ ਹੋਏ ਹਨ। ਦੋਹਰਾ ਸਮਾਜਿਕ ਮਾਪਦੰਡ ਵੀ ਉੱਘੜ ਕੇ ਸਾਹਮਣੇ ਆਉਂਦਾ ਹੈ, ਜਦੋਂ ਸਮਾਜ ਉਨਾਂ ਚੀਜ਼ਾਂ ਨੂੰ ਹੀ ਪਸੰਦ ਕਰਦਾ ਦਿਖਾਈ ਦਿੰਦਾ ਹੈ, ਜਿਨ੍ਹਾਂ ਨੂੰ ਉਹ ਭੰਡਦਾ ਵੀ ਰਹਿੰਦਾ ਹੈ।
ਫਿਲਮ ਦੇ ਕਈ ਮਰਹਲਿਆਂ ਵਿੱਚ ਇਹ ਦ੍ਰਿਸ਼ ਸਾਹਮਣੇ ਆਉਂਦਾ ਹੈ, ਜਦੋਂ ਚਮਕੀਲਾ ਦੋਗਾਣਾ ਗਾਇਕੀ ਦੀ ਬਜਾਏ ਧਾਰਮਿਕ ਗਾਣੇ ਗਾਉਣਾ ਚਾਹੁੰਦਾ ਹੈ, ਪਰ ਲੋਕ ਉਸ ਤੋਂ ਉਹੀ ਦੋ ਅਰਥੀ ਗਾਣਾ ਸੁਣਨਾ ਚਾਹੁੰਦੇ ਹਨ। ਨਿਰਦੇਸ਼ਕ ਕਿਸੇ ਵੀ ਨਤੀਜੇ ‘ਤੇ ਪਹੁੰਚਣ ਦੀ ਬਜਾਏ ਤਤਕਾਲੀਨ ਹਾਲਾਤਾਂ ਨੂੰ ਘਟਨਾਵਾਂ ਦਾ ਜ਼ਿੰਮੇਵਾਰ ਬਣਾਉਂਦਾ ਨਜ਼ਰ ਆਉਂਦਾ ਹੈ।
ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਛੋਟੀ ਸੀ, ਪਰ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ, ਜਿਸ ਵਿੱਚ ਮਸ਼ਹੁਰੀਅਤ ਦੀ ਚਮਕ  ਸੀ ਅਤੇ ਉਸਦਾ ਆਪਣਾ  ਤੇ ਸਾਥੀਆਂ ਦਾ ਕਤਲ ਦਾ ਹਨੇਰਾ ਪੱਖ ਵੀ ਸ਼ਾਮਿਲ ਸੀ। ਇੱਕ ਅਜਿਹੀ ਕਹਾਣੀ ਜਿਸ ‘ਤੇ ਫਿਲਮ ਬਣਾਈ ਜਾ ਸਕਦੀ ਸੀ। ਚਰਚਿਤ ਹੋਣੀ ਸੀ, ਵਪਾਰਕ ਤੌਰ ‘ਤੇ ਵੀ ਸਫਲ ਹੋ ਸਕਦੀ ਸੀ।
ਇਮਤਿਆਜ਼ ਅਲੀ ਦੇ ਕਲਾਤਮਕ ਹੁਨਰ ਦੀ ਤਾਰੀਫ ਕਰਨੀ ਪਵੇਗੀ ਕਿ ਉਹਨਾਂ ਨੇ ਵਿਵਾਦਿਤ ਸਮਿਆਂ ਦੇ ਵਿਵਾਦਿਤ ਵਿਅਕਤੀ ‘ਤੇ ਫਿਲਮ ਬਣਾਈ ਅਤੇ ਕਿਸੇ ਨੂੰ ਵੀ ਦੋਸ਼ੀ ਗਰਦਾਨਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਇਹ ਫੈਸਲਾ ਦੇਖਣ ਵਾਲਿਆਂ ‘ਤੇ ਛੱਡਦੇ ਹਨ। ਪੂਰੀ ਫਿਲਮ ਵਿੱਚ ਉਹ ਉਪਲਬਧ ਜਾਣਕਾਰੀ ਤੇ ਨਿਰਭਰ ਦਿਖਾਈ ਦਿੰਦੇ ਹਨ। ਉਹਨਾਂ ਨੇ ਇਸ ਫਿਲਮ ਵਿੱਚ ਉਹ  ਛੂਟ ਵੀ ਨਹੀਂ ਲਈ ਜੋ ਅਕਸਰ ਜੀਵਨੀਆਂ ਅਧਾਰਿਤ ਫਿਲਮਾਂ ਵਿੱਚ ਨਿਰਦੇਸ਼ਕ ਲੈ ਜਾਂਦੇ ਹਨ।ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਫਿਲਮ ਦਾ ਵਿਸ਼ਾ ਬਹੁਤ ਚਰਚਿਤ ਹੈ, ਇਸ ਨੂੰ ਹੋਰ ਸਨਸਨੀਖੇਜ਼ ਬਨਾਉਣ ਦੀ ਲੋੜ ਨਹੀਂ।
ਖ਼ੈਰ ,ਜੇਕਰ ਚਮਕੀਲਾ ਜ਼ਿੰਦਾ ਹੁੰਦਾ ਤਾਂ ਸ਼ਾਇਦ ਖਤਮ ਹੋਣ ਦੇ ਕੰਢੇ ਤੇ ਹੁੰਦਾ, ਪਰ ਉਸ ਦੀ ਕਹਾਣੀ ਨੇ ਉਸ ਨੂੰ ਮਿੱਥ ਬਣਾ ਦਿੱਤਾ ਹੈ ਤੇ ਇਸ ਫਿਲਮ ਨੇ ਉਸ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਅਖੀਰ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਚਮਕੀਲਾ ਵਿਚਾਰ ਉਤੇਜਕ ਪ੍ਰਸਤੁਤੀ ਹੋਣ ਦੇ ਬਾਵਜੂਦ ਕਿਸੇ ਤਰਾਂ ਦਾ ਸਾਰਥਿਕ ਸੰਵਾਦ ਛੇੜਨ ਵਿੱਚ ਅਸਫਲ ਰਹਿ ਗਈ ਹੈ। ਇਥੋਂ ਤੱਕ ਕਿ ਅਸ਼ਲੀਲਤਾ ਪ੍ਰਤੀ ਸਮਾਜਿਕ ਨਜ਼ਰੀਏ ਤੋਂ ਵੀ।

Leave a Reply

Your email address will not be published. Required fields are marked *