ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:


ਮਨੁੱਖੀ ਸਰੀਰ ਦਾ ਭਾਰ ਲੱਗਭੱਗ 60 ਤੋਂ 100 ਕਿੱਲੋ ਗ੍ਰਾਮ ਤਾਂ ਆਮ ਹੁੰਦਾ ਹੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ 25 ਗ੍ਰਾਮ ਦੀ ਬਿਨਾਂ ਹੱਡੀ ਤੋਂ ਮਾਸ ਦਾ ਲੋਥੜਾ (ਜੀਭ) ਅਕਸਰ ਸਰੀਰ ‘ਤੇ ਭਾਰੂ ਪੈ ਜਾਂਦੀ ਹੈ। ਇਹ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਦਿੰਦੀ ਹੈ ਤੇ ਗੱਲ ਕਈ ਵਾਰ ਹੱਡੀਆਂ ਤੁੜਵਾਉਣ ਤੱਕ ਵੀ ਚਲੀ ਜਾਂਦੀ ਹੈ। ਇਹ ਮਿੱਠਾ ਬੋਲੇ ‘ਤੇ ਸਤਿਕਾਰ ਦਿਵਾ ਦਿੰਦੀ ਹੈ ਕੌੜਾ ਬੋਲਣ ‘ਤੇ ਕਲੇਸ਼ ਵੀ ਝੱਟ ਕਰਵਾ ਦਿੰਦੀ ਹੈ। ਵੱਡੇ ਵੱਡੇ ਮਹਾਂਰਥੀ ਵੀ ਬਹੁਤੀ ਵਾਰ ਆਪਣੀ ਜੀਭ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ। ਮਹਾਂਭਾਰਤ ਵਿੱਚ ਦਰੋਪਦੀ ਨੂੰ ਹੀ ਵੇਖ ਲਵੋ, ਜਦੋਂ ਉਸਨੇ ਦੁਰਯੋਧਨ ਨੂੰ ਅੰਨ੍ਹੇ ਦਾ ਪੁੱਤ ਅੰਨ੍ਹਾ ਕਿਹਾ ਤੇ ਇਹ ਬੋਲ ਹੀ ਸਨ ਜਿਨ੍ਹਾਂ ਨੇ 18 ਖੂਹਣੀਆਂ ਫੌਜ ਗਰਕ ਕਰਵਾ ਦਿੱਤੀ। ਘਰ ਘਰ ਵਿੱਚ ਰੋਣੇ ਪਿੱਟਣੇ ਪਵਾ ਦਿੱਤੇ। ਸੁਹਾਗ ਉੱਜੜੇ, ਭੈਣਾਂ ਦੇ ਵੀਰ ਮਰੇ। ਇਹ ਸਭ ਕੁਝ ਬੱਸ ਜੀਭ ਦਾ ਹੀ ਤਾਂ ਕੀਤਾ ਕਰਾਇਆ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜੀਭ ਵੱਡੇ ਵੱਡੇ ਕਾਰੇ ਸਹਿਜੇ ਹੀ ਕਰਵਾ ਦਿੰਦੀ ਹੈ। ਇਸ ਨੂੰ ਕਾਬੂ ਵਿੱਚ ਰੱਖਣ ਵਾਲੇ ਹੀ ਸਮਾਜ ਵਿੱਚ ਇੱਜ਼ਤ ਕਮਾਉਂਦੇ ਹਨ। ਇੱਕ ਹੋਰ ਅਚੰਬਾ ਇਹ ਹੈ ਕਿ ਅੱਜ ਦਾ ਮਨੁੱਖ ਬੇਈਮਾਨੀ ਨਾਲ ਧਨ ਅਰਜਿਤ ਕਰਕੇ ਉਸਦੀ ਰਖਵਾਲੀ ਲਈ ਈਮਾਨਦਾਰ ਨੌਕਰ ਭਾਲਣ ਦੀ ਤਾਕ ਵਿੱਚ ਰਹਿੰਦਾ ਹੈ ਤਾਂ ਜੋ ਉਸਦਾ ਬੇਈਮਾਨੀ ਵਾਲਾ ਧਨ ਸੁਰੱਖਿਅਤ ਰਹੇ ਪਰ ਮਾਇਆ ਕਦੇ ਕਿਸੇ ਦੀ ਨਹੀਂ ਹੋਈ। ਇਹ ਤਾਂ ਬਨੇਰੇ ਬੈਠੇ ਕਾਂ ਵਰਗੀ ਹੈ। ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਜਾਂ ਬਹਿੰਦੀ ਹੈ। ਇਹ ਸਚਾਈ ਉੱਘੇ ਗੀਤਕਾਰ ਜਸਵੰਤ ਸੰਦੀਲੇ ਨੇ ਵੀ ਆਪਣੇ ਇੱਕ ਗੀਤ ਵਿੱਚ ਬਾਖੂਬੀ ਪੇਸ਼ ਕੀਤੀ ਹੈ। ਇਹ ਗੱਲ ਵੀ ਜੱਗ ਜ਼ਾਹਰ ਹੈ ਕਿ ਜਿਹੜੇ ਬੰਦੇ ਕੰਨਾਂ ਦੇ ਕੱਚੇ ਹੋਣ ਉਹਨਾਂ ਦੇ ਰਿਸ਼ਤੇ ਕਦੇ ਪੱਕੇ ਨਹੀਂ ਹੋ ਸਕਦੇ।
ਮੇਰੀ ਜਾਚੇ ਚੁਗਲੀ ਕਰਨ ਵਾਲੇ ਨਾਲੋਂ ਚੁਗਲੀ ਸੁਨਣ ਵਾਲਾ ਵਧੇਰੇ ਦੋਸ਼ੀ ਹੁੰਦਾ ਹੈ, ਜਿਵੇਂ ਮੰਥਰਾ ਨੇ ਕਾਕੇਈ ਦੇ ਕੰਨ ਵਿੱਚ ਐਸੀ ਚੁਗਲੀ ਕੀਤੀ ਕਿ ਨਤੀਜੇ ਵਜੋਂ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਤੱਕ ਵਣ ਵਿੱਚ ਗੁਜ਼ਾਰਨੇ ਪਏ। ਕਾਨਾਫੂਸੀ ਬਹੁਤੀ ਵਾਰ ਅੱਗ ਨਾਲੋਂ ਵੀ ਭਿਆਨਕ ਵਾਰ ਕਰ ਜਾਂਦੀ ਹੈ ਭਾਵ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸ ਲਈ ਅਜਿਹੀ ਬਿਰਤੀ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਆਓ ਬੰਦੇ ਦੀ ਇੱਕ ਹੋਰ ਫਿਤਰਤ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂ। ਉਹ ਇਹ ਹੈ ਕਿ ਬੰਦਾ ਮੰਗਣ ਲਈ ਧਰਮ ਦੁਆਰਿਆਂ ‘ਤੇ ਨੱਕ ਰਗੜਦਾ ਹੈ ਪਰ ਜਦੋਂ ਕੁਝ ਹਾਸਿਲ ਹੋ ਜਾਵੇ ਤਾਂ ਖੁਸ਼ੀ ਦਾ ਇਜ਼ਹਾਰ ਕਰਨ ਲਈ ਪੱਬਾਂ ਤੇ ਕਲੱਬਾਂ ਵਿੱਚ ਖੌਰੂ ਪਾਉਂਦਾ ਹੈ। ਇਥੋਂ ਹੀ ਬੰਦੇ ਦਾ ਦੋਗਲਾ ਕਿਰਦਾਰ ਵੀ ਉਜਾਗਰ ਹੋ ਜਾਂਦਾ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਬੰਦੇ ਨੂੰ ਜਿਉਂਦੇ ਜੀ ਚੱਜ ਨਾਲ ਕਦੇ ਬੁਲਾਇਆ ਵੀ ਨਾ ਹੋਵੇ, ਉਸਦੇ ਮਰਨੇ ‘ਤੇ ਉਹੀ ਬੰਦਾ ਮਰੇ ਹੋਏ ਨੂੰ ਹਿਲਾ ਹਿਲਾ ਕੇ ਰੁਦਨ ਕਰਦਾ ਪੁੱਛੇਗਾ ਕਿ ‘ਤੂੰ ਬੋਲਦਾ ਕਿਉਂ ਨਹੀਂ।’ ਬੰਦੇ ਕੋਲ ਚਾਹੇ ਕਿੰਨਾ ਵੀ ਧਨ ਹੋਵੇ, ਉਸਦੇ ਮਰਨ ਉਪਰੰਤ ਅਖ਼ਬਾਰ ਵਿੱਚ ਕੁਝ ਐਦਾਂ ਹੀ ਛਪੇਗਾ ਕਿ ਫਲਾਣੇ ਦਾ ਨਿਧਨ ਹੋ ਗਿਆ ਭਾਵ ਮਰਨ ਉਪਰੰਤ ਬੰਦਾ ਧਨ ਵਿਹੂਣਾ ਹੋ ਗਿਆ। ਉਂਝ ਬੰਦਾ ਸਾਰੀ ਉਮਰ ਧਨ ਤੇ ਪਕੜ ਮਜਬੂਤ ਬਣਾ ਕੇ ਰੱਖਦਾ ਹੈ ਤੇ ਇਸ ਦੇ ਆਸਰੇ ਦੂਜੇ ਨੂੰ ਟਿੱਚ ਵੀ ਸਮਝਦਾ ਹੈ। ਦੇਖਣ ਨੂੰ ਗੱਲ ਭਾਵੇਂ ਕੁਝ ਅਟਪਟੀ ਜਿਹੀ ਹੀ ਲੱਗਦੀ ਹੈ ਪਰ ਸੋਚਣ ਤੇ ਵਿਚਾਰਨ ਵਾਲੀ ਵੀ ਹੈ।
ਰਾਜ ਕੁਮਾਰ ਸਾਹੋਵਾਲੀਆ

