Breaking
www.sursaanjh.com > ਅੰਤਰਰਾਸ਼ਟਰੀ > ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ

ਸੁਰਜੀਤ ਪਾਤਰ ਜੀ ਦੀ ਦੂਜੀ ਬਰਸੀ ‘ਤੇ ਹੋਇਆ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ:
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਯੁਗ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਦੀ ਦੂਸਰੀ ਬਰਸੀ ਮੌਕੇ ਉਹਨਾਂ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਡੀਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਯੋਜਨਾ ਰਾਵਤ ਵੱਲੋਂ ਇਕ ਭਾਸ਼ਣ ਦਿੱਤਾ ਗਿਆ। ਉਹਨਾਂ ਨੇ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਦਾ ਹਿੰਦੀ ਅਨੁਵਾਦ ਕੀਤਾ ਹੈ, ਜਿਸ ਨੂੰ ਹਿੰਦੀ ਦੇ ਵੱਡੇ ਪ੍ਰਕਾਸ਼ਕ ਰਾਜ ਕਮਲ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ।  ਸਭ ਤੋਂ ਪਹਿਲਾਂ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਕਿਹਾ ਕਿ ਨਿੱਜੀ ਤੌਰ ‘ਤੇ ਪਾਤਰ ਸਾਹਬ ਨਾਲ ਮੇਰੀ ਸਾਂਝ 42 ਸਾਲ ਪੁਰਾਣੀ ਹੈ ਤੇ ਉਹ ਮੇਰੇ ਪਿਤਾ ਸਮਾਨ ਸਨ; ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਉਹਨਾਂ ਕਿਹਾ ਕਿ ਪਾਤਰ ਸਾਹਬ ਹੋਰਾਂ ਦਾ ਔਰਾਅ ਬਹੁਤ ਵੱਡਾ ਸੀ। ਉਹਨਾਂ ਹੋਰ ਕਿਹਾ ਕਿ ਸੁਰਜੀਤ ਪਾਤਰ ਹੋਰੀਂ ਸਮੇਂ ਦੀ ਨਬਜ਼ ਪਛਾਣਦੇ ਸਨ, ਹਰ ਸਮੇਂ ਨੂੰ ਉਹਨਾਂ ਲਿਖਿਆ। ਉਹਨਾਂ ਕਲਾ ਪਰਿਸ਼ਦ ਦੀਆਂ ਭਵਿੱਖੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਪਾਤਰ ਸਾਹਬ ਬਾਰੇ ਇਕ ਕਾਵਿ-ਚਿਤਰ ਪੜ੍ਹਿਆ।
ਇਸ ਉਪਰੰਤ ਪ੍ਰੋ. ਯੋਜਨਾ ਰਾਵਤ ਨੇ ਆਪਣੇ ਭਾਸ਼ਨ ਦੋਰਾਨ ਕਿਹਾ ਕਿ ਅਸੀਂ ਕਾਲਜ ਸਮੇਂ ਤੋਂ ਹੀ ਪਾਤਰ ਸਾਹਬ ਨੂੰ ਪੜ੍ਹਦੇ ਆਏ ਹਾਂ। ਉਹਨਾਂ ਨੇ ਪਹਿਲੀ ਵਾਰ ਫਰੈਂਕਫਰਟ ਵਿਸ਼ਵ ਪੁਸਤਕ ਮੇਲੇ ਵਿਚ ਮਿਲਣ ਬਾਰੇ, ਉਹਨਾਂ ਦੇ ਸੁਭਾਅ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਮੈਨੂੰ ਉਹਨਾਂ ਦਾ ਗਾਇਨ ਵੀ ਬਹੁਤ ਪਸੰਦ ਸੀ। 2023 ਵਿਚ ਮੈਂ ਉਹਨਾਂ ਨਾਲ ਗਿਲਾ ਕੀਤਾ ਕਿ ਤੁਸੀਂ ਮੈਨੂੰ ਅਨੁਵਾਦ ਕਰਨ ਲਈ ਕਵਿਤਾਵਾਂ ਨਹੀਂ ਦਿੱਤੀਆਂ ਤੇ ਫੇਰ ਉਹਨਾਂ ਨੇ ਮੈਨੂੰ ਮਾਂ ਬੋਲੀ ਨਾਲ ਸੰਬੰਧਿਤ ਕਵਿਤਾਵਾਂ ਭੇਜੀਆਂ। ਆਪਣੀ ਗੱਲ ਜਾਰੀ ਰੱਖਦੇ ਹੋਏ ਉਹਨਾਂ ਕਿਹਾ ਕਿ ਪਾਤਰ ਸਾਹਬ ਨਾਲ ਭਾਸ਼ਾ ਦੇ ਮਾਮਲੇ ਵਿਚ ਸਹਿਮਤੀ ਬਣਾਉਣੀ ਔਖੀ ਸੀ, ਉਹਨਾਂ ਨੂੰ ਆਪਣੀ ਬੋਲੀ ਦੇ ਸ਼ਬਦਾਂ ਨਾਲ ਮੋਹ ਸੀ। ਉਹਨਾਂ ਅੰਦਰ ਇਕ ਚੁੱਪ ਖਣਕਦੀ ਸੀ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਅਸ਼ਵਨੀ ਚੈਟਲੈ ਨੇ ਕਿਹਾ ਕਿ ਪਾਤਰ ਸ਼ਬਦਾਂ ਦਾ ਜਾਦੂਗਰ ਹੀ ਨਹੀਂ ਸੀ, ਸਗੋਂ ਰਿਸ਼ਤਿਆਂ ਦਾ ਵੀ ਜਾਦੂਗਰ ਸੀ। ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਪਾਤਰ ਅਜ਼ੀਜ਼ ਦੋਸਤ ਸੀ। ਉਹਨਾਂ ਨੇ ਪਾਤਰ ਸਾਹਬ ਦੀਆਂ ਭੂਤਵਾੜੇ ਨਾਲ ਸੰਬੰਧਿਤ ਗੱਲਾਂ ਵੀ ਕੀਤੀਆਂ। ਡਾ. ਯੋਗਰਾਜ ਅੰਗਰੀਸ਼ ਨੇ ਸੰਚਾਲਨ ਕਰਦੇ ਹੋਏ ਸੁਰਜੀਤ ਪਾਤਰ  ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਕਵਿਤਾ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਿਚ ਅਨੁਵਾਦ ਹੁੰਦੀ ਤਾਂ ਉਹਨਾਂ ਦੀ ਮਹਿਮਾ ਹੋਰ ਵੀ ਵੱਡੀ ਹੁੰਦੀ। ਇਸ ਸਮਾਗਮ ਵਿਚ ਨਿਰਮਲ ਜੌੜਾ, ਰਾਜਵਿੰਦਰ ਸਮਰਾਲਾ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਜਸ਼ਨਪ੍ਰੀਤ, ਸਰਦਾਰਾ ਸਿੰਘ ਚੀਮਾ, ਮਨਮੋਹਨ ਸਿੰਘ ਦਾਊਂ, ਹਰਜਾਪ ਸਿੰਘ ਔਜਲਾ, ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਸੁਰਿੰਦਰ ਸ਼ਰਮਾ, ਜਗਦੀਪ ਸਿੱਧੂ, ਚਰਨਜੀਤ ਬਾਠ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *