Breaking
www.sursaanjh.com > ਅੰਤਰਰਾਸ਼ਟਰੀ > ‘ਲੇਖਕ ਸਮਾਜ ਦਾ ਬਦਲ ਨਹੀਂ ਸਿਰਜ ਸਕਦਾ, ਉਹ ਕੇਵਲ ਸਥਿਤੀਆਂ ਦਾ ਅਹਿਸਾਸ ਕਰਵਾ ਸਕਦਾ’ – ਡਾ. ਸਿਰਸਾ

‘ਲੇਖਕ ਸਮਾਜ ਦਾ ਬਦਲ ਨਹੀਂ ਸਿਰਜ ਸਕਦਾ, ਉਹ ਕੇਵਲ ਸਥਿਤੀਆਂ ਦਾ ਅਹਿਸਾਸ ਕਰਵਾ ਸਕਦਾ’ – ਡਾ. ਸਿਰਸਾ

ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਵਰਤਮਾਨ ਸਮਿਆਂ ‘ਚ ਭਵਿੱਖੀ ਚਣੌਤੀਆਂ ਅਤੇ ਲੇਖਕ ਦੀ ਭੂਮਿਕਾ’ ਤੇ ਸਮਾਗਮ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ:
ਬੀਤੇ ਦਿਨੀ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਰਨਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦਾ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੁੱਖ ਭਾਸ਼ਣ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਕੁਲਦੀਪ ਸਿੰਘ ਦੀਪ, ਬਦਲੇਵ ਸਿੰਘ ਬੱਲੀ, ਪ੍ਰਿੰ. ਜਸਪਾਲ ਸਿੰਘ ਰੰਧਾਵਾ, ਸੁਰਜੀਤ ਜੱਜ ਤੇ ਗੁਰਮੀਤ ਨੇ ਕੀਤੀ। ਹਾਲ ਵਿੱਚ ਪਹੁੰਚੇ ਲੇਖਕਾਂ ਤੇ ਵਿਦਵਾਨਾਂ ਨੂੰ ਜੀ ਆਇਆ ਕਹਿਣ ਉਪਰੰਤ ਸੰਘ ਦੇ ਪ੍ਰਧਾਨ ਡਾ. ਜਸਪਾਲ ਰੰਧਾਵਾ ਨੇ ਕਿਹਾ ਕਿ ਭਾਰਤ ਦਾ ਅਰਥਚਾਰਾ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ। ਇਹ ਦੁੱਖ ਦੀ ਗੱਲ ਹੈ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਵੋਟ ਬਟੋਰਨ ਦੇ ਏਜੰਡੇ ਤੋਂ ਇਲਾਵਾ ਕੋਈ ਵੀ ਸਮਕਾਲੀ ਮੁੱਦਿਆਂ ਨੂੰ ਨਹੀਂ ਉਭਾਰ ਰਹੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਜੁਕ ਸਮੇਂ ਵਿੱਚ ਬੁੱਧੀਜੀਵੀਆਂ ਨੂੰ ਅੱਗੇ ਆਉਣ ਤੇ ਸਿਰ ਜੋੜ ਕੇ ਚਿੰਤਨ ਮੰਥਨ ਕਰਨ ਦੀ ਲੋੜ ਹੈ। ਸਟੇਜ ਸੰਚਾਲਨ ਕਰ ਰਹੇ ਮੱਖਣ ਮਾਨ ਨੇ ‘ਵਰਤਮਾਨ ਸਮਿਆਂ ਦੀਆਂ ਚਣੌਤੀਆਂ’ ਤੇ ਭਾਸ਼ਣ ਦੇਣ ਲਈ ਡਾ. ਸੁਖਦੇਵ ਸਿੰਘ ਸਿਰਸਾ ਨੂੰ  ਸੱਦਾ ਦਿੱਤਾ। ਖਚਾ-ਖਚਾ ਭਰੇ ਹਾਲ ਵਿੱਚ ਡਾ. ਸਿਰਸਾ ਨੇ ਇਕ ਘੰਟੇ ਤੋਂ ਵੱਧ ਸਮੇਂ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁਝ ਮੁੱਦੇ ਸਾਨੂੰ ਹੀ ਨਹੀਂ ਸੱਤਾਧਾਰੀ ਨੇਤਾਵਾਂ ਨੂੰ ਮੁੜ ਕੇ ਪ੍ਰਭਾਸ਼ਿਤ ਕਰਨੇ ਪੈ ਰਹੇ ਹਨ। ਉਨ੍ਹਾਂ ‘ਭਾਰਤ ਵਿਸ਼ਵ ਗੁਰੂ’, ‘ਸਵਦੇਸੀ’, ਤੇ ‘ਰਾਸ਼ਟਰਵਾਦ’ ਵਰਗੀਆਂ ਟਰਮਾਂ ਦੇ ਨਵੇਂ ਅਰਥ ਕੱਢੇ ਜਾਣ ‘ਤੇ ਕਿੰਤੂ ਕਰਦਿਆਂ ਕਿਹਾ ਕਿ ਸਮਕਾਲ ‘ਚ ਇਨ੍ਹਾਂ ਬਾਰੇ ਉਲਟੇ ਬਿਰਤਾਂਤ ਸਿਰਜੇ ਜਾ ਰਹੇ ਹਨ। ਅੱਜ ਜਿਸ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ, ਉਹ ਸਾਡੀ ਉਸ ਪ੍ਰੰਪਰਾ ਨਾਲ ਮੇਲ ਨਹੀਂ ਖਾਂਦਾ ਜਿਹੜੀ ਪ੍ਰੰਪਰਾ ਦੇਸ਼ ਦੀ ਆਜ਼ਾਦੀ ਵੇਲੇ ਸੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਇਕ ਸੈਕਸ਼ਨ ਦੀ ਨਾਗਰਿਕਤਾ ਤੇ ਜਿਸ ਤਰ੍ਹਾਂ ਸਵਾਲ ਚੁੱਕੇ ਜਾ ਰਹੇ ਹਨ ਸਾਨੂੰ ਇਸ ਦੇ ਖਿਲਾਫ਼ ਖੜਨ ਦੀ ਵੀ ਲੋੜ ਹੈ। ਜਾਂਗਲੀ, ਆਦਿਵਾਸੀ, ਜਨਜਾਤੀਆਂ ਬਾਰੇ ਅੱਜ ਮਾੜੇ ਸ਼ਬਦ ਵਰਤੇ ਜਾ ਰਹੇ ਹਨ, ਜਿਨ੍ਹਾਂ ਨੂੰ  ਹੁਣ ਤੱਕ ਮਨੁੱਖੀ ਅਧਿਕਾਰ ਹੀ ਨਹੀਂ ਦਿੱਤੇ ਗਏ ਜਾਂ ਉਨ੍ਹਾਂ ਨੂੰ  ਸਿਵਲ ਸੁਸਾਇਟੀ ਦਾ ਅੰਗ ਹੀ ਨਹੀਂ ਬਣਾਇਆ ਗਿਆ।
ਗਲੋਬਲ ਪੱਧਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੂਜੇ ਦੇਸ਼ਾਂ ਨੂੰ ਹਥਿਆਰ ਨਾਲ ਕਾਬੂ ਨਹੀਂ ਕੀਤਾ ਜਾਂਦਾ ਬਲਕਿ ਉਸ ਦੇਸ਼ ਦੇ ਅਰਥਚਾਰੇ ਨੂੰ ਕਾਬੂ ਕੀਤਾ ਜਾਂਦਾ ਹੈ। ਦੇਸ਼ ਅੱਜ ਆਪਣੀ ਪ੍ਰੋਡਕਸ਼ਨ ਨਹੀਂ ਬਲਕਿ ਤਕਨੀਕ ਵੇਚ ਰਿਹਾ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਕਿ ਪੂਰੇ ਭਾਰਤ ਤੇ ਪੰਜਾਬ ਦਾ ਇਕ ਸਮਕਾਲ ਨਹੀਂ ਹੋ ਸਕਦਾ। ਇਸ ਪਾਸੇ ਹਾਈਟੈਕ ਸਮਾਜ ਹੈ, ਦੂਜੇ ਪਾਸੇ ਉਹ ਜਨ ਜਾਤੀਆਂ ਹਨ ਜਿਨ੍ਹਾਂ ਕੋਲ ਪੀਣ ਲਈ ਪਾਣੀ ਤੇ ਖਾਣ ਲਈ ਅੰਨ ਨਹੀਂ। ਏਥੋਂ ਤੱਕ ਕਿ ਪੰਜਾਬੀਆਂ ਦਾ ਇਕ ਸਮਕਾਲ ਵੀ ਨਹੀਂ। ਉਹ ਵੀ ਅਨੇਕਾਂ ਵਰਗਾਂ, ਜਮਾਤਾਂ, ਜਾਤਾਂ ਵਿੱਚ ਵਿਚਰਦੇ ਹਨ। ਅੱਗੇ ਨਿਮਨ ਜਾਤੀਆਂ ਵਿਚੋਂ ਨਿਕਲੀ ਕ੍ਰੀਮੀ ਲੇਅਰ ‘ਚ ਪੁੱਜੇ ਲੋਕਾਂ ਦਾ ਆਪਣੀ ਤਰ੍ਹਾਂ ਦਾ ਸਮਕਾਲ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਭਿੰਨ ਭਿੰਨ ਰੰਗਾਂ, ਵੱਖਰਤਾਵਾਂ ਨੂੰ ਖਤਮ ਕਰਕੇ ਇਕ ਰੰਗਾ ਰਾਸ਼ਟਰਵਾਦ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸਭ ਦੀ ਇਕ ਭਾਸ਼ਾ, ਪਹਿਰਾਵਾ, ਧਰਮ ਹੋਵੇ। ਲੇਖਕ ਦੀ ਭੂਮਿਕਾ ਦੀ ਗੱਲ ਕਰਦਿਆਂ ਉਨ੍ਹਾਂ ਅੰਤ ਵਿੱਚ ਕਿਹਾ ਕਿ ਲੇਖਕ ਕਦੇ ਵੀ ਸਮਾਜ ਨਾਲੋਂ ਟੁੱਟ ਕੇ ਸਵੈ ਕੇਂਦਰਤ ਹੋ ਕੇ ਆਪਣੀ ਸੁਤੰਸ਼ਟੀ ਜਾਂ ਸੋਹਜ ਸਵਾਦ ਲਈ ਨਹੀਂ ਲਿਖਦਾ। ਕਾਰਲ ਮਾਰਕਸ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪੂੰਜੀਵਾਦੀ ਵਿਵਸਥਾ ਕਲਾ ਲਈ ਜ਼ਰਖੇਜ਼ ਹੁੰਦੀ ਹੈ। ਲੇਖਕ ਸਮਾਜ ਦਾ ਬਦਲ ਨਹੀਂ ਸਿਰਜ ਸਕਦਾ, ਉਹ ਕੇਵਲ ਸਥਿਤੀਆਂ ਦਾ ਅਹਿਸਾਸ ਕਰਵਾ ਸਕਦਾ ਹੈ।
ਸੂਬਾ ਜਰਨਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਬਹਿਸ ਦਾ ਆਗਾਜ਼ ਕੀਤਾ। ਉੁਨ੍ਹਾਂ ਕਿਹਾ ਕਿ ਆਪਣੀ ਆਪਣੀ ਬੇਸਮੈਂਟ ਵਿੱਚ ਬੈਠੇ ਭਾਰਤ ਦੇ ਲੇਖਕਾਂ ਤੇ ਲੋਕਾਂ ਨੂੰ ਸੁਚੇਤ ਕੀਤਾ ਜੋ ਭਾਰਤ ਦੇ ਸਮਕਾਲੀ ਵਰਤਾਰਿਆਂ ਤੋਂ ਅਣਜਾਣ ਤੇ ਅੱਖਾਂ ਮੀਟੀ ਬੈਠੇ ਹਨ। ਜਦੋਂ ਆਲੇ ਦੁਆਲੇ ਬਹੁਤ ਕੁਝ ਅਣ ਕਿਆਸਾ ਵਾਪਰ ਰਿਹਾ ਹੋਵੇ ਤਾਂ ਉਸ ਦੌਰ ‘ਚ ਲੇਖਕ ਚੁੱਪ ਕਿਉਂ ਬੈਠਾ ਰਹਿੰਦਾ ਹੈ? ਬੁੱਧੀਜੀਵੀ ਸਤਨਾਮ ਚਾਨਾ ਨੇ ਭਾਰਤ ਦੀ ਮੌਜੂਦਾ ਸਥਿਤੀ ਉੱਤੇ ਚਿੰਤਾ ਜ਼ਾਹਰ ਕੀਤੀ। ਡਾ. ਸ਼ੈਲਸ਼ ਨੇ ਪੂਰੇ ਭਾਰਤ ‘ਚ ਲੋਕ ਚੇਤਨਾ ਦੀ ਲਹਿਰ ਕਿਵੇਂ ਤਬਾਹ ਹੋ ਰਹੀ ਹੈ, ਉੁੱਤੇ ਸੱਚੇ ਪੱਖੀ ਲਹਿਰ ਕਿਵੇਂ ਪੂਰੇ ਭਾਰਤ ਵਿੱਚ ਫੈਲ ਰਹੀ ਹੈ ‘ਤੇ ਚਿੰਤਾ ਜ਼ਾਹਰ ਕੀਤੀ। ਤਸਕੀਨ ਨੇ ਲੇਖਕ ਦੀ ਲਿਖਤ ਤੇ ਵਿਹਾਰ ਵਿੱਚਲੇ ਅੰਤਰ ਦੀ ਗੱਲ ਕੀਤੀ। ਅੱਜ ਦਾ ਲੇਖਕ ਫਕੀਰ ਨਹੀਂ ਬਣਨਾ ਚਾਹੁੰਦਾ, ਉਹ ਪਾਵਰ ਵਿੱਚ ਰਹਿਣਾ ਚਾਹੁੰਦਾ ਹੈ। ਅੱਜ ਸਥਿਤੀ ਇਹ ਬਣ ਗਈ ਹੈ ਕਿ ਬੰਦੇ ਦੀ ਸ਼ਕਲ ਓਨੀ ਆਪਣੇ ਬਾਪ ਨਾਲ ਨਹੀਂ ਮਿਲਦੀ, ਜਿੰਨੀ ਸਮੇਂ ਨਾਲ ਮਿਲਦੀ ਹੈ। ਅੱਜ ਲੇਖਕ ਦੀ ਸ਼ਕਲ ਵੀ ਸਮੇਂ ਨਾਲ ਬਹੁਤ ਮਿਲ ਰਹੀ ਹੈ, ਕਿਉਂਕਿ ਉਹ ਸਿਸਟਮ ਦਾ ਹਿੱਸਾ ਬਣ ਕੇ ਉਹਦੇ ਵਰਗਾ ਹੋ ਰਿਹਾ ਹੈ। ਹਰਵਿੰਦਰ ਭੰਡਾਲ ਨੇ ਕਿਹਾ ਕਿ ਅੱਜ ਇਹ ਸਮਝਣ ਦੀ ਲੋੜ ਹੈ ਕਿ ਸਮੇਂ ਨੇ ਵਿਅਕਤੀਆਂ ਜਾਂ ਲੇਖਕਾਂ ਨੂੰ ਆਪਣੇ ਵਰਗਾ ਕਿਵੇਂ ਬਣਾ ਲਿਆ ਹੈ। ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਸਾਨੂੰ ਸੱਤਾਂ ਵਿੱਚ ਬੈਠੇ ਵਰਗਾਂ ਦੀ ਪੜਚੋਲ ਕਰਨ ਦੀ ਲੋੜ ਹੈ। ਇਨ੍ਹਾਂ ਤੋਂ ਇਲਾਵਾ ਪ੍ਰੋ. ਗੋਪਾਲ ਸਿੰਘ ਬੁੱਟਰ, ਗੁਰਮੀਤ, ਡਾ. ਜਗਜੀਤ ਸਿੰਘ ਚੀਮਾ, ਨਵਤੇਜ ਗੜਦੀਵਾਲ ਤੇ ਹੋਰਨਾਂ ਨੇ ਬਹਿਸ ਵਿੱਚ ਹਿੱਸਾ ਲਿਆ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੂਬਾ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਸਮਕਾਲੀ, ਰਾਜਸੀ ਅਤੇ ਸਮਾਜਿਕ ਵਰਤਾਰਿਆਂ ਨੂੰ  ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ। ਇਸ ਕਾਰਜ ਲਈ ਸਾਡਾ ਪ੍ਰਗਤੀਸ਼ੀਲ ਲੇਖਕ ਸੰਘ ਪਹਿਲਾਂ ਵੀ ਤੇ ਹੁਣ ਵੀ ਇਹ ਕਾਰਜ ਬੜੀ ਦਲੇਰੀ ਨਾਲ ਕਰ ਰਿਹਾ ਤੇ ਕਰਦਾ ਰਹੇਗਾ। ਅੰਤ ਵਿੱਚ ਜਲੰਧਰ ਇਕਾਈ ਦੇ ਜਰਨਲ ਸਕੱਤਰ ਭਗਵੰਤ ਰਸੂਲਪੁਰੀ ਨੇ ਉਪਰੋਕਤ ਮਸਲੇ ‘ਤੇ ਭਰਪੂਰ ਸੰਵਾਦ ਕਰਨ ਉੱਤੇ ਸਾਰੇ ਵਿਦਵਾਨਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਕੁਲਦੀਪ ਸਿੰਘ ਬੇਦੀ, ਬਲਬੀਰ ਪਰਵਾਨਾ, ਡਾ. ਕੁਲਵੰਤ ਸਿੰਘ ਸੰਧੂ, ਜੋਗਿੰਦਰ ਸੰਧੂ, ਕਾ. ਅਮੋਲਕ ਸਿੰਘ, ਹਰਮੇਸ਼ ਮਾਲੜੀ, ਰਕੇਸ਼ ਆਨੰਦ, ਸਰੋਜ, ਬਲਵਿੰਦਰ ਭੱਟੀ, ਬਿੰਦਰ ਬਸਰਾ, ਪ੍ਰੋ. ਲਾਲ ਬਹਾਦਰ, ਵਿਜੈ ਬੰਬੇਲੀ, ਅਜਮੇਰ ਸਿੰਘ, ਜਗਦੀਸ਼ ਰਾਣਾ, ਰਮੇਸ਼ ਚੋਹਕਾ, ਨਰਿੰਦਰਪਾਲ ਕੰਗ, ਕੇਸਰ, ਸੁਰਿੰਦਰ ਕੁਮਾਰੀ ਕੋਛੜ, ਬਲਜੀਤ ਕੌਰ ਬੱਲ, ਕੁਲਵਿੰਦਰ ਅਤੇ ਹੋਰ ਬਹੁਤ ਸਾਰੇ ਲੇਖਕ ਸਾਥੀ ਹਾਜ਼ਰ ਸਨ।
ਫੋਟੋ ਕੈਪਸ਼ਨ:
1. ਸਟੇਜ਼ ਤੇ ਡਾ. ਸੁਖਦੇਵ ਸਿੰਘ ਸਿਰਸਾ ‘ਵਰਤਮਾਨ ਸਮਿਆਂ ‘ਚ ਭਵਿੱਖੀ ਚਣੌਤੀਆਂ ਤੇ ਲੇਖਕ ਦੀ ਭੂਮਿਕਾ’ ਤੇ ਮੁੱਖ ਭਾਸ਼ਣ ਦਿੰਦੇ ਹੋਏ;
2. ਪ੍ਰਧਾਨਗੀ ਮੰਡਲ ਵਿੱਚ ਬੈਠੇ ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਬਦਲੇਵ ਸਿੰਘ ਬੱਲੀ, ਡਾ. ਜਸਪਾਲ ਸਿੰਘ ਰੰਧਾਵਾ, ਸੁਰਜੀਤ ਜੱਜ ਤੇ ਡਾਇਸ ਤੇ ਡਾ. ਸਿਰਸਾ ਭਾਸ਼ਣ ਦਿੰਦੇ ਹੋਏ |
ਵਲੋਂ – ਭਗਵੰਤ ਰਸੂਲਪੁਰੀ (94170-64350)

Leave a Reply

Your email address will not be published. Required fields are marked *