ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ:
ਸੰਨ 47 ਦਾ ਦਰਦ ਬਿਆਨਦੀ ਕਵਿਤਾ
ਪੀੜ ਪਰੁੰਨੀ ਰੁੱਤ/ ਸੁਖਵਿੰਦਰ ਸਿੰਘ ਸਿੱਧੂ
ਪੀੜ ਪਰੁੰਨੀ ਰੁੱਤ ਜਦ ਆਈ
ਬਣਗੇ ਸੀ ਦੁਸ਼ਮਣ ਸਭ ਭੈਣ ਭਾਈ
ਇਕੋ ਥਾਲੀ ‘ਚ ਸੀ ਜੋ ਖਾਂਦੇ
ਇੱਕ ਦੂਜੇ ਲਈ ਬਣੇ ਕਸਾਈ
ਪੀੜ ਪਰੁੰਨੀ ਰੁੱਤ ਜਦ ਆਈ …
ਕਿਰਚਾਂ ਬਣ ਕਿਰਨਾਂ ਸੀ ਖੁੱਭੀਆਂ
ਹਵਾਵਾਂ ਵੀ ਸੂਲਾਂ ਬਣ ਚੁਭੀਆਂ
ਹੈਵਾਨੀਅਤ ਦੀ ਘਟ ਚਹੁੰਪਾਸੇ


ਉਦੋਂ ਸੀ ਅਸਮਾਨ ਤੇ ਛਾਈ
ਪੀੜ ਪਰੁੰਨੀ ਰੁੱਤ ਜਦ ਆਈ…
ਕਈਆਂ ਰਿਸ਼ਤੇ ਖੂਬ ਨਿਭਾਏ
ਆਪਣੇ ਪਰਾਏ ਗਲ਼ ਨਾਲ ਲਾਏ
ਇਨਸਾਨੀਅਤ ਦੀ ਪਰਿਭਾਸ਼ਾ
ਮਰਦੀ-ਮਰਦੀ ਉਨ੍ਹਾਂ ਬਚਾਈ
ਪੀੜ ਪਰੁੰਨੀ ਰੁੱਤ ਜਦ ਆਈ …
ਜਦੋਂ ਰਖਵਾਲੇ ਸ਼ੈਤਾਨ ਹੋ ਗਏ
ਬਾਗ਼ ਬਗ਼ੀਚੇ ਵਿਰਾਨ ਹੋ ਗਏ
ਸ਼ਬਨਮ ਦੀ ਥਾਂ ਰੱਤ ਵਗੇਂਦੀ
ਸੀ ਕੁਦਰਤ ਵੀ ਕੁਰਲਾਈ
ਪੀੜ ਪਰੁੰਨੀ ਰੁੱਤ ਜਦ ਆਈ …
ਖ਼ੁਸ਼ੀਆਂ ਉੱਤੇ ਵੱਜ ਗਏ ਡਾਕੇ
ਚਹੁੰ ਪਾਸਿਓਂ ਹੋਏ ਗੁੰਮ ਹਾਸੇ
ਰੱਤ ਪੀਣੀਆਂ ਜੋਕਾਂ ਨੇ
ਪਵਿੱਤਰ ਧਰਤ ਰੱਤ ਨਾਲ ਨੁਹਾਈ
ਪੀੜ ਪਰੁੰਨੀ ਰੁੱਤ ਜਦ ਆਈ …
ਨੇਤਾ ਇਹ ਸ਼ੈਤਾਨੀ ਕਰ ਗਏ
ਭੋਂਇ ਆਪਣੀ ਬੇਗਾਨੀ ਕਰ ਗਏ
ਆਪੋ ਆਪਣੀ ਚੌਧਰ ਲਈ ਉਨ੍ਹਾਂ
ਬੇਦੋਸ਼ਿਆਂ ਦੀ ਬਲੀ ਚੜਾਈ
ਪੀੜ ਪਰੁੰਨੀ ਰੁੱਤ ਜਦ ਆਈ
ਬਣ ਗਏ ਸੀ ਦੁਸ਼ਮਣ ਸਭ ਭੈਣ ਭਾਈ ।

ਸੁਖਵਿੰਦਰ ਸਿੰਘ ਸਿੱਧੂ 


