www.sursaanjh.com > ਅੰਤਰਰਾਸ਼ਟਰੀ > ਪ੍ਰਲੇਸ ਵੱਲੋਂ ‘ਜੰਗ ਮਨੁੱਖਤਾ ਦਾ ਘਾਣ’ ‘ਤੇ ਵਿਚਾਰ-ਚਰਚਾ

ਪ੍ਰਲੇਸ ਵੱਲੋਂ ‘ਜੰਗ ਮਨੁੱਖਤਾ ਦਾ ਘਾਣ’ ‘ਤੇ ਵਿਚਾਰ-ਚਰਚਾ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜੁਲਾਈ:
ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ਼) ਜਲੰਧਰ ਇਕਾਈ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ‘ਜੰਗ ਮਨੁੱਖਤਾ ਦਾ ਘਾਣ’ ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ ਦੀ ਪ੍ਰਧਾਨਗੀ ਪ੍ਰਲੇਸ਼ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਪਿ੍ਥੀਪਾਲ ਸਿੰਘ ਮਾੜੀਮੇਘਾ, ਸਤਨਾਮ ਸਿੰਘ ਮਾਣਕ, ਮੱਖਣ ਮਾਨ ਨੇ ਕੀਤੀ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਸਤਨਾਮ ਮਾਣਕ ਨੇ ਸੰਸਾਰ ਪੱਧਰ ਦੀਆਂ ਜੰਗਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਜੰਗ ਵਿਚ ਮਰੇ ਆਮ ਲੋਕਾਂ ਤੇ ਫੌਜੀਆਂ ਦੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਜੋ ਜੰਗਾਂ ਭਾਰਤ ਦੀ ਧਰਤੀ ‘ਤੇ ਲੜੀਆਂ ਗਈਆਂ, ਉਹ ਅਸੀਂ ਆਪਣੀ ਸੁਰਤਿ ਤੇ ਆਪਣੇ ਬਜ਼ੁਰਗਾਂ ਦੇ ਮੂੰਹੋਂ ਵੀ ਸੁਣੀਆਂ ਤਾਂ ਸਾਨੂੰ ਮਨੁੱਖਤਾ ਦੇ ਘਾਣ ਦਾ ਪਤਾ ਲੱਗਾ। ਅੱਗੇ ਉਨ੍ਹਾਂ ਜੰਗ ਦੀ ਦਹਿਸ਼ਤ ਦੇ ਬੱਚਿਆ ਤੇ ਪਏ ਮਾਰੂ ਪ੍ਰਭਾਵ ਦਾ ਜ਼ਿਕਰ ਵੀ ਕੀਤਾ। ਭਾਰਤ-ਪਾਕਿ ਜੰਗ ਦੇ ਹਵਾਲੇ ਨਾਲ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਹੁਣ ਜੰਗ ਦਾ ਸਰੂਪ ਬਿਲਕੁਲ ਬਦਲ ਗਿਆ ਹੈ। ਏਹ ਜੰਗ ਅਸਮਾਨ ਉੱਤੇ ਲੜੀ ਗਈ ਤੇ ਸਰਕਾਰਾਂ ਨੇ ਸਹੀ ਤੱਥ ਤੇ ਅੰਕੜੇ ਵੀ ਲੋਕਾਂ ਵਿੱਚ ਆਉਣ ਨਹੀਂ ਦਿੱਤੇ। ਅੰਤ ਵਿੱਚ ਉਨ੍ਹਾਂ ਜੰਗ ਵਿਰੁੱਧ ਆਮ ਲੋਕਾਂ ਨੂੰ ਲਾਮਬੰਦ ਹੋਣ ਦਾ ਹੰਭਲਾ ਮਾਰਨ ਲਈ ਕਿਹਾ।
ਸਟੇਜ ਸੰਚਾਲਨ ਕਰਦਿਆਂ ਭਗਵੰਤ ਰਸੂਲਪੁਰੀ ਨੇ ਸਵੀਡਨ ਦੇ ਰਸਾਇਣ ਵਿਗਿਆਨ ਵਿਸਫੋਟਕ ਪਦਾਰਥ, ਡਾਇਨਾਮਾਈਟ ਤਿਆਰ ਕਰਨ ਵਾਲੇ ਐਲਫਰਰੈੱਡ ਨੋਬੈਲ ਦੇ ਹਵਾਲੇ ਨਾਲ ਗੱਲ ਕਰਦਿਆਂ ਉਸ ਨੂੰ ਪਰਮਾਣੂ ਜੰਗ ਦਾ ਜਨਮਦਾਤਾ ਕਿਹਾ। ਉਨ੍ਹਾਂ ਸੰਸਾਰ ਵਿੱਚ ਬਣੇ ਪ੍ਰਮਾਣੂ ਰਿਐਕਟਰ ਦੇ ਹਵਾਲੇ ਨਾਲ ਕਿਹਾ ਕਿ ਏਸ ਵੇਲੇ ਸੰਸਾਰ ਪ੍ਰਮਾਣੂ ਊਰਜਾ ਦੇ ਢੇਰ ਉੱਤੇ ਬੈਠਾ ਹੈ। ਕਿਸੇ ਵੇਲੇ ਵੀ ਇਹ ਪ੍ਰਮਾਣੂ ਊਰਜਾ ਦੇ ਕਾਰਖਾਨੇ ਪ੍ਰਮਾਣੂ ਬੰਬ ਬਣ ਜਾਣਗੇ, ਮਨੁੱਖਤਾ ਦੀ ਭਾਰੀ ਤਬਾਹੀ ਕਰਨਗੇ ਅਤੇ ਇਹ ਪ੍ਰਮਾਣੂ ਰਿਐਕਟ ਖਤਮ ਕਰਨ ਵਾਲੀ ਭਾਰੀ ਤਬਾਹੀ ਹੋਵੇਗੀ। ਰਕੇਸ਼ ਆਨੰਦ ਨੇ ਮਦਨ ਵੀਰਾ ਵੱਲੋਂ ਅਨੁਵਾਦ ਮੁਹੰਮਦ ਮੂਸਾ ਦੀਆਂ ਫ਼ਲਸਤੀਨੀ ਜੰਗ ਨਾਲ ਸੰਬੰਧਤ ਕਵਿਤਾਵਾਂ ਪੜ੍ਹ ਕੇ ਚਰਚਾ ਦਾ ਮੁੱਢ ਬੰਨ੍ਹਿਆ। ਡਾ. ਜਗਜੀਤ ਚੀਮਾ ਨੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਹਾਂ ਸ਼ਕਤੀਆਂ ਛੋਟੇ ਮੁਲਕਾਂ ਦੇ ਕੁਦਰਤੀ ਸਰੋਤਾਂ ‘ਤੇ ਕਾਬਜ਼ ਹੋਣ ਲਈ ਮੁਲਖਾਂ ਤੇ ਲੋਕਾਂ ਨੂੰ ਜੰਗ ਦੀ ਭੱਠੀ ਵਿੱਚ ਝੋਕ ਦਿੰਦੀਆਂ ਹਨ। ਤਸਕੀਨ ਨੇ ਤਿੱਖੇ ਸੁਰ ਵਿੱਚ ਮਹਾਂਸ਼ਕਤੀਆਂ ਦੇ ਆਕਾਵਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਾਨੂੰ ਪਤਾ ਹੈ ਕਿ ਵਿਸ਼ਵ ਜੰਗ ‘ਚ ਲੱਖਾਂ ਦੀ ਗਿਣਤੀ ਵਿੱਚ ਯਹੂਦੀਆਂ ਨੂੰ ਮਾਰਿਆ ਗਿਆ ਇਜ਼ਰਾਈਲ ਦੇ ਮੌਜ਼ੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਰਯਾਹੂ ਤੇ ਟਰੰਪ ਛੋਟੇ ਮੁਲਖਾਂ ਨੂੰ ਜੰਗ ਵਿੱਚ ਝੋਕ ਜੋ ਹੁਣ ਮਨੁੱਖਤਾ ਦਾ ਘਾਣ ਕਰ ਰਿਹਾ ਹੈ। ਸਾਨੂੰ ਉਸ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਏਸ ਜੰਗ ਦੀ ਆੜ ਵਿੱਚ ਟਰੰਪ ਵਰਗੇ ਜਿਵੇਂ ਛੋਟੇ ਕਮਜ਼ੋਰ ਮੁਲਖਾਂ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਖ਼ਿਲਾਫ਼ ਤਿੱਖੀ ਸੁਰ ਵਿੱਚ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਵੇਲੇ ਭਾਰਤ ਪਾਕ ਦੀ ਜੰਗਬੰਦੀ ਦੀ ਖ਼ਬਰ ਆਈ ਤਾਂ ਮੈਨੂੰ ਲੱਗਾ ਏਹ ਮੁਲਖ ਅਜੇ ਵੀ ਪੱਛਮੀ ਮੁਲਖਾਂ ਦੀਆਂ ਬਸਤੀਆਂ ਹਨ ਕਿ ਜਦੋਂ ਮਰਜ਼ੀ ਇਨ੍ਹਾਂ ਦੀ ਜੰਗ ਲਗਾ ਦੇਣ ਤੇ ਜਦੋਂ ਮਰਜ਼ੀ ਖਤਮ ਕਰਨ ਲਈ ਕਹਿ ਦੇਣ।
ਪ੍ਰਸਿੱਧ ਲੇਖਕ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਜੰਗ ਦੇ ਮਸਲੇ ਆਮ ਨਾਗਰਿਕ ਦੇ ਵੱਸੋਂ ਬਾਹਰ ਹੁੰਦੇ ਜਾ ਰਹੇ ਹਨ। ਹੁਣ ਜੰਗਬੰਦੀ ਛੋਟੇ ਮੁਲਖਾਂ ਦੇ ਵੀ ਵੱਸ ਵਿੱਚ ਨਹੀਂ ਰਹੀ। ਏਸ ਦੇ ਬਾਵਜੂਦ ਸਾਨੂੰ ਸ਼ਾਂਤੀ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਜੰਗ ਨਾਲ ਸਬੰਧਤ ਸਾਹਿਤ ਦੀਆਂ ਗੱਲ ਕਰਦਿਆਂ ਕਿਹਾ ਕਿ ਅਸੀਂ ਸਾਹਿਤ ਰਾਹੀਂ ਵੀ ਜੰਗ ਦੇ ਨੁਕਸਾਨ ਨੂੰ ਸਮਝ ਸਕਦੇ ਹਾਂ। ਇਹ ਵੀ ਵੱਡਾ ਸਵਾਲ ਹੈ ਕਿ ਆਪਣੇ ਮੁਲਖ ਵਿੱਚ ਸ਼ਾਂਤੀ ਦੀ ਆਵਾਜ਼ ਕਿਵੇਂ ਬੁਲੰਦ ਕਰਨੀ ਹੈ।
ਡਾ. ਸ਼ੈਲਸ ਨੇ ਬਹਿਸ ਨੂੰ ਅੱਗੇ ਤੋਰਦਿਆਂ ਕਿਹਾ ਕਿ ਵੱਡੇ ਦੇਸ਼ਾਂ ਵੱਲੋਂ ਛੋਟੇ ਦੇਸ਼ਾਂ ਨੂੰ ਜੰਗ ਦੀ ਭੱਠੀ ਵਿੱਚ ਝੋਕਣ ਦੇ ਦੋ ਤਿੰਨ ਕਾਰਨ ਮੈਂ ਸਮਝਦਾ ਹਾਂ। ਵੱਡਾ ਕਾਰਨ ਏਹੋ ਹੈ ਕਿ ਜੰਗ ਰਾਹੀਂ ਉਥੋਂ ਕੁਦਰਤੀ ਸਰੋਤਾਂ ਉੱਤੇ ਕਾਬਜ਼ਾ ਕਰਨਾ ਤੇ ਕਮਜ਼ੋਰ ਦੇਸ਼ਾਂ ਨੂੰ ਹਥਿਆਰ ਜੰਗੀ ਸਾਜ਼ੋ-ਸਮਾਨ ਖਰੀਦਣ ਲਈ ਬੇਵੱਸ ਕਰਨਾ ਤੇ ਆਪਣੇ ਗੋਡੇ ਥੱਲੇ ਰੱਖਣਾ।
ਪ੍ਰਲੇਸ਼ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਇਹ ਚੰਗੇ ਤਰੀਕੇ ਨਾਲ ਵਿਉਂਤਿਆ ਗਿਆ ਜਲੰਧਰ ਇਕਾਈ ਦਾ ਪਲੇਠਾ ਸਫ਼ਲ ਪ੍ਰੋਗਰਾਮ ਹੈ। ਅੱਗੇ ਉਨ੍ਹਾਂ ਪ੍ਰਲੇਸ਼ ਦੀਆਂ ਜਿਲ੍ਹਾ ਇਕਾਈਆਂ ਦੇ ਸਮਾਗਮਾਂ ਦਾ ਜ਼ਿਕਰ ਵੀ ਕੀਤਾ। ਜੰਗ ਸਬੰਧੀ ਉਨ੍ਹਾਂ ਕਿਹਾ ਕਿ ਅੱਜ ਜੰਗ ਦਾ ਖਤਰਨਾਕ ਚਿਹਰਾ ਸਾਡੇ ਸਾਹਮਣੇ ਆ ਰਿਹਾ ਹੈ। ਤੁਸੀਂ ਪਿਛਲੇ 100 ਸਾਲਾਂ ਦਾ ਇਤਿਹਾਸ ਵੇਖ ਲਓ, ਉਹ ਸਮਾਂ ਲੱਭਣਾ ਮੁਸ਼ਕਲ ਹੈ ਜਦੋਂ ਸੰਸਾਰ ਵਿੱਚ ਮੁਕੰਮਲ ਸ਼ਾਂਤੀ ਹੋਈ ਹੋਵੇ। ਦੁਨੀਆਂ ਵਿੱਚ ਕਿਤੇ ਨਾ ਕਿਤੇ ਜੰਗ ਲੱਗੀ ਰਹਿੰਦੀ ਹੈ। ਜਦੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ 1936 ਵਿੱਚ ਸਥਾਪਨਾ ਹੁੰਦੀ ਹੈ, ਉਸ ਵੇਲੇ ਵੀ ਨਾਜੀਵਾਦ ਦੇ ਖ਼ਿਲਾਫ਼ ਵਿਰੋਧ ਕਰਨ ਨਾਲ ਸੰਘ ਦਾ ਮੁੱਢ ਬੱਝਦਾ ਹੈ ਕਿ ਯੁੱਧ ਜੋ ਮਨੁੱਖਤਾ ਦਾ ਘਾਣ ਕਰਦਾ ਹੈ, ਉਹਦਾ ਵਿਰੋਧ ਕਰਨਾ ਹੈ। ਏਸ ਵਿਚਾਰ ਚਰਚਾ ਵਿੱਚ ਸਭ ਨੇ ਕਾਫੀ ਵਿਸਥਾਰ ਨਾਲ ਗੱਲਾਂ ਕੀਤੀਆਂ ਹਨ। ਸਤਨਾਮ ਮਾਣਕ ਹੁਰਾਂ ਨੇ ਜੰਗ ਵਿੱਚ ਮਨੁੱਖਤਾ ਦੇ ਮਰਨ ਦੇ ਜੋ ਅੰਕੜੇ ਦਿੱਤੇ ਗਏ ਹਨ, ਉਹ ਸਰਕਾਰੀ ਹਨ ਤੇ ਸਰਕਾਰਾਂ ਦੇ ਅੰਕੜੇ ਪੂਰੇ ਸੱਚੇ ਨਹੀਂ ਹੁੰਦੇ। ਏਹਦਾ ਮਤਲਬ ਹੈ ਕਿ ਜੰਗ ਵਿੱਚ ਮਨੁੱਖਤਾ ਦਾ ਘਾਣ ਵੱਡੀ ਪੱਧਰ ਉੱਤੇ ਹੁੰਦਾ ਹੈ। ਜੰਗ ਮਨੁੱਖ ਉੱਤੇ ਮਾਨਸਿਕ ਦਹਿਸ਼ਤ ਵੀ ਪਾਉਂਦਾ ਹੈ ਤੇ ਉਹ ਬਰਬਾਦੀ ਵੀ ਕਰਦੀ ਹੈ ਜੋ ਮਨੁੱਖ ਦੇ ਮਨਾਂ ਉੱਤੇ ਸਾਲਾਂ ਤੱਕ ਰਹਿੰਦੀ ਹੈ। ਸਾਨੂੰ ਪਤਾ ਹੈ ਕਿ ਅਸੀਂ ਫ਼ਲਸਤੀਨੀ ਲੋਕਾਂ ਦੇ ਮੱਲ੍ਹਮ ਨਹੀਂ ਲਗਾ ਸਕਦੇ ਪਰ ਸਾਰੀ ਦੁਨੀਆਂ ‘ਚੋਂ ਜੋ ਲੋਕ ਵਿਰੋਧ ਦੀ ਆਵਾਜ਼ ਪੈਦਾ ਹੁੰਦੀ ਹੈ। ਉਹ ਥਾਂ-ਥਾਂ ਤੋਂ ਹੁੰਦੀ ਹੋਈ ਬਹੁਤ ਵੱਡੀ ਆਵਾਜ਼ ਬਣ ਕੇ ਇਕ ਲਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ।
ਅੰਤ ਵਿੱਚ ਸੰਘ ਦੇ ਸੀਨੀ. ਮੀਤ ਪ੍ਰਧਾਨ ਮੱਖਣ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ‘ਚ ਅਸੀਂ ਜੋ ਦੋ ਚਾਰ ਦਿਨਾਂ ਦੀ ਜੰਗ ਵੇਖੀ ਕਿ ਕਿਵੇਂ ਜੰਗ ਨੇ ਚਾਰ ਦਿਨਾਂ ਵਿੱਚ ਆਮ ਮਨੁੱਖਤਾ ਉੱਤੇ ਕਿੰਨੀ ਦਹਿਸ਼ਤ ਪਾ ਦਿੱਤੀ ਤੇ ਜਿਨ੍ਹਾਂ ਦੇਸ਼ਾਂ ਵਿੱਚ ਜੰਗ ਲੱਗੇ ਨੂੰ ਕਈ ਕਈ ਸਾਲ-ਮਹੀਨੇ ਹੋ ਗਏ ਹਨ, ਉੱਥੇ ਕਿੰਨੀ ਤਬਾਹੀ ਤੇ ਲੋਕਾਂ ਵਿੱਚ ਦਹਿਸ਼ਤ ਹੋਵੇਗੀ।  ਇਹ ਜਾਣ ਕੇ ਰੌਗਟੇ ਖੜੇ ਹੋ ਜਾਂਦੇ ਹਨ। ਸਮਾਗਮ ਵਿੱਚ ਭਗਵੰਤ ਰਸੂਲਪੁਰੀ ਦੀ ਸੰਪਾਦਨਾ ਹੇਠ ਛਪਦੇ ‘ਕਹਾਣੀ ਧਾਰਾ’ ਦਾ ਵਿਸ਼ੇਸ਼ ਅੰਕ ‘ਕਹਾਣੀ ਦੇ ਅਸਲੀ ਤੇ ਨਕਲੀ ਪਾਤਰ’ ਅਤੇ ਕੁਲਦੀਪ ਸਿੰਘ ਬੇਦੀ ਦੇ ਪਰਚੇ ‘ਅਸਲੀ ਮੀਰਜ਼ਾਦਾ’ ਦੇ ਨਵੇਂ ਅੰਕ ਵੀ ਰਿਲੀਜ਼ ਕੀਤੇ ਗਏ। ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਜੁਗਿੰਦਰ ਸੰਧੂ, ਬਿੰਦਰ ਬਸਰਾ, ਜਗਦੀਸ਼ ਰਾਣਾ, ਪ੍ਰੋ. ਲਾਲ ਬਹਾਦਰ, ਨਰਿੰਦਰ ਸੱਤੀ, ਸਰੋਜ, ਸੁਰਿੰਦਰ ਕੁਮਾਰੀ ਕੋਛੜ, ਕੇਸਰ, ਰਮੇਸ਼ ਚੋਹਕਾਂ, ਨਰਿੰਦਰ ਪਾਲ, ਬਿਹਾਰੀ ਲਾਲ ਛਾਬੜਾ, ਪਰਮਜੀਤ, ਪੁਨੀਤ, ਬਲਜਿੰਦਰ ਅਤੇ ਹੋਰ ਵਿਚਾਰ ਚਰਚਾ ਵਿੱਚ ਪਹੁੰਚੇ।

Leave a Reply

Your email address will not be published. Required fields are marked *