www.sursaanjh.com > Uncategorized > ਕਸਤੂਰੀ ਵਾਲਾ ਮਿਰਗ – ਦਿਲਬਾਗ/ ਪ੍ਰੀਤਮ ਰੁਪਾਲ

ਕਸਤੂਰੀ ਵਾਲਾ ਮਿਰਗ – ਦਿਲਬਾਗ/ ਪ੍ਰੀਤਮ ਰੁਪਾਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਦਸੰਬਰ:
ਅਜੇ ਵੀ ਸੱਚ ਨਹੀਂ ਆਉਂਦਾ ਕਿ ਦਿਲਬਾਗ ਆਪਣੀ ਭੂਮਿਕਾ ਅੱਧ ਵਿਚਾਲੇ ਛੱਡ ਕੇ ਇਸ ਸੰਸਾਰਿਕ ਮੰਚ ਤੋਂ ਬਾਹਰ ਹੋ ਗਿਆ। ਕਸਤੂਰਾ ਮਿਰਗ ਕਸਤੂਰੀ ਦੀ ਭਾਲ ਵਿੱਚ ਚੁੰਗੀਆਂ ਭਰਦਾ ਅਛੋਪਲੇ ਜਿਹੇ ਧੁੰਦੂਕਾਰੇ ਵਿੱਚ ਅਲੋਪ ਹੋ ਗਿਆ। ਇਹ ਗੱਲ ਸ਼ਾਇਦ 1976-77 ਦੀ ਹੋਵੇਗੀ, ਜਦ ਮੈਂ ਪਹਿਲੀ ਵਾਰ ਦਿਲਬਾਗ ਨੂੰ ਮਿਰਜ਼ੇ ਦੇ ਰੂਪ ਵਿੱਚ ਵੇਖਿਆ। ਮੈਂ ਉਦੋਂ ਗਾਂਧੀ ਸਕੂਲ ਮਾਨਸਾ ਦਾ ਵਿਦਿਆਰਥੀ ਸੀ ਤੇ ਦਿਲਬਾਗ, ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੜ੍ਹਦਾ ਸੀ। ਅਸੀਂ 26 ਜਨਵਰੀ, 15 ਅਗਸਤ ਦੀਆਂ ਪਰੇਡਾਂ ਦੌਰਾਨ ਮਿਲਦੇ ਤਾਂ ਉਹ ਐਨਸੀਸੀ ਦੀ ਵਰਦੀ ਵਿੱਚ ਵੀ ਮਿਰਜ਼ਾ ਹੀ ਲੱਗਦਾ ਸੀ। ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਨਾਟਕ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ’ ਵਿੱਚ ਮਿਰਜ਼ੇ ਦਾ ਰੋਲ ਕਰ ਰਿਹਾ ਸੀ, ਜੋ ਮਗਰੋਂ ‘ਅਰਬਦ ਨਰਬਦ ਧੁੰਦੂਕਾਰਾ’ ਦੇ ਨਾਂ ਹੇਠ ਖੇਡਿਆ ਗਿਆ ਤੇ ਇੰਟਰ ਯੂਨੀਵਰਸਿਟੀ ਤੱਕ ਪਹਿਲੇ ਸਥਾਨ ਤੇ ਰਿਹਾ। ਦਿਲਬਾਗ ਦਾ ਛੋਟਾ ਭਾਈ ਜਸਪਾਲ ਸਿੱਧੂ (ਪਾਲਾ) ਹਾਇਰ ਸੈਕੰਡਰੀ ਵਿੱਚ ਮੇਰਾ ਜਮਾਤੀ ਸੀ, ਮੈਨੂੰ ਬੜਾ ਚੰਗਾ ਲੱਗਦਾ ਕਿ ਦਿਲਬਾਗ ਦੇ ਭਰਾ ਨਾਲ ਮੇਰੀ ਦੋਸਤੀ ਹੈ। ਦੋ ਸਾਲ ਮਗਰੋਂ ਜਦ ਕਾਲਜ ਗਏ ਦਿਲਬਾਗ ਉਦੋਂ ਬੀਏ ਕਰ ਰਿਹਾ ਸੀ। ਉਸ ਨਾਲ ਹੱਥ ਮਿਲਾ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ, ਜਿਵੇਂ ਕਿਸੇ ਵੱਡੇ ਬੰਦੇ ਨੂੰ ਮਿਲੇ ਹੋਈਏ। ਨਹਿਰੂ ਕਾਲਜ ਦਾ ਤਾਂ ਉਹ ਹੀਰੋ ਸੀ। ਅਗਲੇ ਸਾਲ ਪ੍ਰੋਫੈਸਰ ਔਲਖ ਦਾ ਨਾਟਕ ਬੇਗਾਨੇ ਬੋਹੜ ਦੀ ਛਾਂ, ਫਿਰ ਅੰਤਰ ਵਰਸਟੀ ਚੋਂ ਜੇਤੂ ਰਿਹਾ, ਜਿਸ ਵਿੱਚ ਦਿਲਬਾਗ ਨੇ ਪੀਤੇ ਅਮਲੀ ਦਾ ਰੋਲ ਕੀਤਾ ਸੀ। ਉਹ ਬੈਸਟ ਐਕਟਰ ਵੀ ਚੁਣਿਆ ਗਿਆ। ਉਹ ਕਾਲਜ ਦੀ ਫੁਟਬਾਲ ਟੀਮ ਦਾ ਚੋਟੀ ਦਾ ਖਿਡਾਰੀ ਸੀ, ਸ਼ਾਇਦ ਫਾਰਵਰਡ ਖੇਡਦਾ ਸੀ। ਭੰਗੜੇ ਦੀ ਟੀਮ ਵੀ ਉਸਦੇ ਸਿਰ ‘ਤੇ ਹੀ ਬਣਦੀ ਸੀ। ਬਾਅਦ ਵਿੱਚ ਅਸੀਂ ਜਸਪਾਲ, ਜਗਜੀਤ ਤੇ ਹੋਰਨਾਂ ਨੇ ਭੰਗੜੇ ਵਿੱਚ ਉਸਦੀ ਵਿਰਾਸਤ ਸਾਂਭੀ। ਉਹ ਅਗਲੇ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਇੰਡੀਅਨ ਥੀਏਟਰ ਵਿੱਚ ਡਿਪਲੋਮਾ ਕਰਨ ਚਲਾ ਗਿਆ। ਬਸ ਫਿਰ ਚੰਡੀਗੜ੍ਹ ਦਾ ਹੀ ਹੋ ਕੇ ਰਹਿ ਗਿਆ।
ਦਿਲਬਾਗ ਲੋਕ ਕਲਾ ਮੰਚ ਦੇ ਮੁਢਲੇ ਮੈਂਬਰਾਂ ਵਿੱਚ ਸ਼ਾਮਿਲ ਸੀ। ਬਾਅਦ ‘ਚ ਉਸਨੇ ਚੰਡੀਗੜ੍ਹ ਆ ਕੇ ਮਾਲਵਾ ਰੰਗ ਮੰਚ ਨਾਂ ਦੀ ਸੰਸਥਾ ਕਾਇਮ ਕੀਤੀ ਅਤੇ ਬਾਕਾਇਦਾ ਥਿਏਟਰ ਸ਼ੁਰੂ ਕੀਤਾ। ਮਾਨਸਾ ਕਾਲਜ ਵਿੱਚ ਅਤੇ ਲੋਕ ਕਲਾ ਮੰਚ ਵਿੱਚ ਅਸੀਂ ਉਸ ਤੋਂ ਅਗਲੀ ਕਤਾਰ ਦੇ ਕਲਾਕਾਰ ਬਣੇ। ਇੰਡੀਅਨ ਥੀਏਟਰ ਵਿੱਚ ਇੱਕ ਸਾਲ ਡਿਪਲੋਮਾ ਕਰਨ ਮਗਰੋਂ ਉਹ ਸ੍ਰੀ ਰਾਮ ਸੈਂਟਰ ਨਵੀਂ ਦਿੱਲੀ ਇੱਕ ਹੋਰ ਕੋਰਸ ਕਰਨ ਚਲਾ ਗਿਆ। ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਵੀ ਉਸ ਦੀ ਸਿਲੈਕਸ਼ਨ ਹੋ ਗਈ ਸੀ ਪਰ ਕਿਸੇ ਤਕਨੀਕੀ ਕਾਰਨ ਕਰਕੇ ਖੁੰਝ ਗਿਆ। ਫਿਰ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੀ ਐਮਏ ਪੰਜਾਬੀ ਅਤੇ ਐਮ ਫਿਲ ਕੀਤੀ। ਫਿਰ ਇੱਥੇ ਹੀ ਐਡਹਾਕ ਲੈਕਚਰਾਰ ਲੱਗ ਗਿਆ। ਨੌਕਰੀ ਦੀ ਸ਼ੁਰੂਆਤ ਸੈਕਟਰ 46 ਵਿੱਚ ਨਵੇਂ ਬਣੇ ਸਰਕਾਰੀ ਕਾਲਜ ਤੋਂ ਕੀਤੀ। ਮੈਂ ਜਦ ਪੱਤਰਕਾਰੀ ਵਿੱਚ ਆਪਣੀ ਮਾਸਟਰ ਡਿਗਰੀ ਕਰਨ ਵੇਲੇ ਅਪਰੈਂਟਸ਼ਿਪ ਲਈ ਟ੍ਰਿਬਿਊਨ ਵਿੱਚ ਆਇਆ, ਉਸ ਵੇਲੇ ਦਿਲਬਾਗ ਨਾਲ ਕਾਫੀ ਨੇੜਤਾ ਹੋ ਗਈ। ਉਸਨੂੰ ਜਦ ਮੇਰਾ ਪਤਾ ਲੱਗਾ, ਖੁਦ ਟ੍ਰਿਬਿਊਨ ਦਫਤਰ ਮੈਨੂੰ ਮਿਲਣ ਲਈ ਆਇਆ। ਉਨ੍ਹੀਂ-ਦਿਨੀਂ ਦਿਲਬਾਗ ਨੇ ਗੁਰਸ਼ਰਨ ਸਿੰਘ ਦਾ ਇੱਕ ਇਕਾਂਗੀ ‘ਬਾਬਾ ਬੋਲਦਾ ਹੈ’ ਤਿਆਰ ਕਰਵਾਇਆ, ਜਿਸ ਵਿੱਚ ਮੈਨੂੰ ਵੀ ਰੋਲ ਦਿੱਤਾ ਅਤੇ ਇੱਥੇ ਹੀ ਭੁਪਿੰਦਰ ਮਲਿਕ ਨਾਲ ਦੋਸਤੀ ਦਾ ਮੁੱਢ ਬੱਝਾ। ਇਸ ਨਾਟਕ ਦੀ ਪੇਸ਼ਕਾਰੀ ਟੈਗੋਰ ਥੀਏਟਰ ਵਿੱਚ ਹੋਈ। ਉਦੋਂ ਹੀ ਉਸਨੇ ਇੰਦਰਾ ਹੌਲੀਡੇ ਹੋਮ ਵਿੱਚ ਭੰਗੜੇ ਦੀ ਵਰਕਸ਼ਾਪ ਲਾਈ, ਜਿਸ ਦਾ ਉਦਘਾਟਨ ਭੰਗੜਾ ਗੁਰੂ ਮਰਹੂਮ ਮਾਸਟਰ ਬਲਦੇਵ ਸਿੰਘ ਰੱਲਾ ਨੇ ਕੀਤਾ। ਇੱਥੇ ਮੇਰੀ ਜਾਣ ਪਹਿਛਾਣ ਵਿਸ਼ਵ ਪ੍ਰਸਿੱਧ ਢੋਲੀ ਗਰੀਬ ਦਾਸ ਤੇ ਮਾਲੀ ਰਾਮ ਨਾਲ ਹੋਈ।
ਆਪਣੀ ਸਰਵਿਸ ਵਿੱਚ ਬੇਸ਼ੱਕ ਉਹ ਪਹਿਲਾਂ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਤੇ ਫਿਰ ਐਸੋਸੀਏਟ ਪ੍ਰੋਫੈਸਰ ਬਣ ਗਿਆ ਤੇ ਇੱਕ ਚੰਗਾ ਅਧਿਆਪਕ ਸਾਬਤ ਹੋਇਆ ਪਰ ਉਸ ਅੰਦਰ ਕੁਝ ਵੱਡਾ ਕਰਨ ਦੀ ਚਾਹਤ ਸੀ, ਜਿਸ ਕਰਕੇ ਉਹ ਕਸਤੂਰੇ ਮਿਰਗ ਵਾਂਗ ਕਦੇ ਬਿੜਕਾਂ ਲੈਂਦਾ, ਕਦੇ ਚੁੰਗੀਆਂ ਭਰਦਾ। ਜੇ ਐਸ ਲਿਖਾਰੀ ਨਾਲ ਮਿਲ ਕੇ ਸੰਗੀਤ ਐਲਬਮ ਤੇ ਫਿਰ ਫਿਲਮ, ਥਿਏਟਰ ਅਤੇ ਲੜੀਵਾਰ ਟੈਲੀਕਾਸਟ ਕਰਨ ਦੇ ਕਈ ਪ੍ਰੋਜੈਕਟ ਨਾਲੋ-ਨਾਲ ਦਿਲਬਾਗ ਦੇ ਮਨ ਵਿੱਚ ਅੰਗੜਾਈਆਂ ਭਰਦੇ ਰਹੇ।  1990 ਵਿੱਚ ਮੇਰੇ ਚੰਡੀਗੜ੍ਹ ਆਉਣ ਮਗਰੋਂ ਅਸੀਂ ਕੁਝ ਮਹੀਨੇ ਇਕੱਠੇ ਇੱਕ ਘਰ ਵਿੱਚ ਰਹੇ ਜੋ ਉਨੀਂ-ਦਿਨੀਂ ਕਲਾਕਾਰਾਂ ਦਾ ਮੱਕਾ ਸੀ। ਜਦੋਂ ਦਿਲਬਾਗ ਦੇ ਰਿਸ਼ਤੇ ਦੀ ਗੱਲ ਪੱਕੀ ਹੋਈ ਉਦੋਂ ਮੈਂ ਅਲੱਗ ਰਹਿਣ ਲੱਗ ਪਿਆ ਸੀ ਅਤੇ ਹੁਸ਼ਿਆਰਪੁਰ ਵੱਲ ਟੂਰ ‘ਤੇ ਗਿਆ ਹੋਇਆ ਸੀ। ਇਹ ਖੁਸ਼ਖਬਰੀ ਮੈਨੂੰ ਦਿਲਬਾਗ ਦੇ ਬਣਨ ਵਾਲੇ ਸਾਢੂ ਪ੍ਰੋਫੈਸਰ ਹਰਬੰਸ ਚਾਹਲ ਅਤੇ ਸਾਡੇ ਦੋਸਤ ਰਾਮਪਾਲ ਢੈਪਈ ਨੇ ਦਿੱਤੀ। ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦ ਪਤਾ ਲੱਗਾ ਕਿ ਸਾਡੇ ਇਲਾਕੇ ਦੇ ਸਿਰ ਕੱਢ ਸਿਆਸੀ ਆਗੂ ਤੇ ਬਹੁਤ ਹੀ ਇਮਾਨਦਾਰ ਨੇਤਾ ਸਰਦਾਰ ਬੋਘ ਸਿੰਘ ਦਾਤੇਵਾਸ ਦੀ ਬੇਟੀ ਧਨਵੰਤ ਨਾਲ ਦਿਲਬਾਗ ਦਾ ਰਿਸ਼ਤਾ ਪੱਕਾ ਹੋ ਗਿਆ। ਦਿਲਬਾਗ ਦੇਖ ਦਿਖਾਈ ਅਤੇ ਪੱਕ ਠੱਕ ਦੀ ਰਸਮ ਤੋਂ ਇੱਕ ਦਿਨ ਪਹਿਲਾਂ ਮੇਰੇ ਕੋਲ ਇੰਡਸਟਰੀਅਲ ਏਰੀਆ ਮੇਰੇ ਦਫਤਰ ਵਿੱਚ ਆਇਆ ਤੇ ਕਹਿਣ ਲੱਗਾ, “ਚਲ ਆਪਾਂ ਪੰਜਾਬ ਬੁੱਕ ਸੈਂਟਰ ਚਲੀਏ” ਅਸੀਂ ਆਪੋ ਆਪਣੇ ਸਾਈਕਲਾਂ ਤੇ ਸੈਕਟਰ 22 ਵਿੱਚ ਪੰਜਾਬ ਬੁੱਕ ਸੈਂਟਰ ਚਲੇ ਗਏ। ਉਹ ਸਿੱਧਾ ਉਸ ਖੂੰਜੇ ਵਿੱਚ ਗਿਆ ਜਿੱਥੇ ਰੂਸੀ ਸਾਹਿਤ ਦੀਆਂ ਕਿਤਾਬਾਂ ਦੇ ਰੈਕ ਪਏ ਸਨ। ਬੋਰਿਸ ਪੋਲੇਵੋਈ ਦੇ ਨਾਵਲ ਦਾ ਪੰਜਾਬੀ ਤਰਜਮਾ ‘ਅਸਲੀ ਇਨਸਾਨ ਦੀ ਕਹਾਣੀ’ ਚੁੱਕਿਆ ਅਤੇ ਕਾਊਂਟਰ ‘ਤੇ ਪੈਸੇ ਦੇ ਕੇ ਕਹਿਣ ਲੱਗਾ, “ਚੱਲ।” ਅਸੀਂ ਸਾਈਕਲਾਂ ‘ਤੇ ਹੀ 45 ਸੈਕਟਰ ਆ ਗਏ, ਜਿੱਥੇ ਅਸੀਂ ਪਹਿਲਾਂ ਇਕੱਠੇ ਰਹਿੰਦੇ ਸਾਂ। ਜਸਪਾਲ ਘਰ ਨਹੀਂ ਸੀ। ਦਿਲਬਾਗ ਨੇ ਚਾਹ ਧਰੀ ਅਤੇ ਮੇਰੇ ਸਾਹਮਣੇ ਦੀਵਾਨ ‘ਤੇ ਬੈਠ ਕੇ ਬੜੀ ਨਜ਼ਾਕਤ ਨਾਲ ਕਿਤਾਬ ਖੋਲੀ। ਅੰਗੂਠੇ ਨਾਲ ਪੰਨੇ ਤਰਾਸ਼ ਕੇ ਕਿਤਾਬ ਫਿਰ ਬੰਦ ਕਰ ਦਿੱਤੀ। ਸਲੀਕੇ ਨਾਲ ਇਸਦੀ ਕੂਲ਼ੀ ਜਿਲਦ ‘ਤੇ ਹੱਥ ਫੇਰਿਆ ਤੇ ਕਹਿਣ ਲੱਗਾ, “ਕੱਲ ਨੂੰ ਰੋਕਾ ਹੋਣਾ, ਮੈਂ ਇਹ ਕਿਤਾਬ ਆਪਣੀ ਮੰਗੇਤਰ ਨੂੰ ਭੇਟ ਕਰਾਂਗਾ, ਬੜੀ ਪ੍ਰੇਰਨਾਦਾਇਕ ਕਿਤਾਬ ਹੈ।” ਮੈਂ ਸੱਚ ਮੁੱਚ ਬੜਾ ਮੁਤਾਸਰ ਹੋਇਆ ਕਿਉਂਕਿ ਇਹ ਨਾਵਲ ਮੈਂ ਦੋ ਵਾਰ ਪੜ੍ਹ ਚੁੱਕਾ ਸੀ।
ਵਿਆਹ ਤੋਂ ਮਗਰੋਂ ਉਹ ਪੱਕਾ ਕਬੀਲਦਾਰ ਬਣ ਗਿਆ। ਪਹਿਲਾਂ ਆਪਣਾ ਘਰ ਬਣਾਇਆ ਇਸ ਤੋਂ ਬਾਅਦ ਆਪਣੇ ਦੋਵੇਂ ਬੱਚਿਆਂ ਬੇਟੇ ਆਦਿਲਵੰਤ ਅਤੇ ਬੇਟੀ ਅਬਾਬੀਲ ਨੂੰ ਚੰਗੀ ਪਰਵਰਿਸ਼ ਦੇ ਕੇ, ਚੰਗੀਆਂ ਸੰਸਥਾਵਾਂ ਦੇ ਵਿੱਚ ਪੜ੍ਹਾਈ ਕਰਵਾ ਕੇ ਉੱਚ ਅਹੁਦਿਆਂ ‘ਤੇ ਪਹੁੰਚਾਇਆ। ਦਿਲਬਾਗ ਜਿੰਨਾ ਆਪ ਖੂਬਸੂਰਤ ਸੀ, ਉਸ ਦੀ ਲਿਖਾਈ ਵੀ ਉਨੀ ਹੀ ਖੁਸ਼ਖਤ ਸੀ। ਗੁਰਮੁਖੀ, ਦੇਵਨਾਗਰੀ ਤੇ ਰੋਮਨ ਤਿੰਨੇ ਲਿਪੀਆਂ ਦੇ ਅੱਖਰ ਇਸ ਤਰ੍ਹਾਂ ਲਿਖਦਾ, ਜਿਵੇਂ ਮੋਤੀ ਪਰੋਏ ਹੋਣ। ਉਸ ਨੂੰ ਕੱਪੜਾ-ਲੀੜਾ ਪਾਉਣ ਦਾ ਸ਼ੌਕ ਵੀ ਸੀ ਤੇ ਸਲੀਕਾ ਵੀ। ਨਵਾਂ ਕੱਪੜਾ ਪਹਿਨ ਕੇ ਪੁੱਛਣਾ, “ਇਸ ਹੈਂਗਰ ਤੇ ਕਿਵੇਂ ਲਗਦੈ?” ਮਿਰਜ਼ੇ ਜੱਟ ਵਾਲਾ ਉਹੀ ਛਾਂਟਵਾਂ ਸਰੀਰ ਅੱਖਾਂ ਦੀ ਮਿਕਨਾਤੀਸੀ ਚਮਕ ਅਤੇ ਬਣ-ਠਣ ਕੇ ਰਹਿਣ ਦਾ ਸਲੀਕਾ ਜੋ 1976-77 ਵਿੱਚ ਪਹਿਲੀ ਵਾਰ ਵੇਖਿਆ, ਉਹ ਤਿੰਨ ਚਾਰ ਮਹੀਨੇ ਪਹਿਲਾਂ ਉਸਦੇ ਬਿਮਾਰ ਹੋਣ ਤੱਕ ਕਾਇਮ ਰਿਹਾ। ਉਹ ਹਰ ਸਾਹਿਤਿਕ, ਸੱਭਿਆਚਾਰਕ ਸਮਾਗਮ ਦੀ ਸ਼ਾਨ ਹੁੰਦਾ ਸੀ, ਉਸ ਦੀ ਮੌਜੂਦਗੀ ਹੀ ਪ੍ਰਬੰਧਕਾਂ ਨੂੰ ਚਾਅ ਚੜ੍ਹਾ ਦਿੰਦੀ ਸੀ। ਇਸੇ ਸਾਲ ਵਿਸਾਖੀ ਮੇਲੇ ਤੇ ਪੰਜਾਬ ਕਲਾ ਭਵਨ ਵਿੱਚ ਝੂਮਰ ਦੀ ਪੌਸ਼ਾਕ ਵਿੱਚ ਮਿਲਿਆ ਤਾਂ ਇਸ ਤਰ੍ਹਾਂ ਲੱਗਾ ਕਿ 1976 ਵਾਲਾ ਮਿਰਜ਼ਾ ਜੱਟ ਸਾਹਮਣੇ ਖੜਾ ਹੋਵੇ। ਇਹ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਦਿਲਬਾਗ ਨੂੰ ਕੋਈ ਅਜਿਹੀ ਬਿਮਾਰੀ ਲੱਗ ਸਕਦੀ ਹੈ, ਕਿਉਂਕਿ ਕਦੇ ਕੋਈ ਅਲਾਮਤ ਸਾਹਮਣੇ ਨਹੀਂ ਸੀ ਆਈ। ਉਹ ਕਦੇ ਬਿਮਾਰ ਨਹੀਂ ਸੀ ਹੋਇਆ ਕਦੇ ਮਰਨਊ ਜਿਹਾ ਚਿਹਰਾ ਲੈ ਕੇ ਨਹੀਂ ਸੀ ਮਿਲਿਆ। ਹਮੇਸ਼ਾ ਵੱਡਿਆਂ ਵਾਂਗ ਹੱਥ ਮਿਲਾਉਣ ਤੋਂ ਪਹਿਲਾਂ ਮੋਢੇ ‘ਤੇ ਪੋਲੀ ਜਿਹੀ ਥਪਕੀ ਮਾਰ ਕੇ ਕਹਿੰਦਾ, “ਹੋਰ ਕਿਵੇਂ ਐਂ?” ਯਕੀਨ ਨਹੀਂ ਆਉਂਦਾ ਕਿ ਉਹ ਹਮੇਸ਼ਾ ਲਈ ਚਲਾ ਗਿਆ। ਲੱਗਦਾ ਹੈ, ਕਸਤੂਰਾ ਮਿਰਗ ਅੰਗੂਰੀ ਚਰਨ ਮਗਰੋਂ ਫਿਰ ਚੁੰਗੀਆਂ ਭਰਦਾ ਆਏਗਾ ਤੇ ਕੰਨ ਖੜ੍ਹੇ ਕਰਕੇ ਬਿੜਕ ਲਏਗਾ ਤੇ ਫਿਰ ਅੱਖਾਂ ਮਟਕਾਏਗਾ। ਮੋਢੇ ਤੇ ਹੱਥ ਧਰ ਕੇ ਪੁੱਛੇਗਾ, “ਹੋਰ ਕਿਵੇਂ ਐਂ?”
ਪ੍ਰੀਤਮ ਰੁਪਾਲ – 94171 92623
ਨੋਟ: ਪ੍ਰੀਤਮ ਰੁਪਾਲ ਦੀ ਫੇਸਬੁੱਕ ਕੰਧ ਤੋਂ ਧੰਨਵਾਦ ਸਹਿਤ।

Leave a Reply

Your email address will not be published. Required fields are marked *