ਚੰਡੀਗੜ (ਸੁਰ ਸਾਂਝ ਬਿਊਰੋ), 31 ਮਾਰਚ:
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਤਾਲਵੀ ਅਤੇ ਪੰਜਾਬੀ ਭਾਸ਼ਾ ਦਾ ਪਹਿਲਾ ਸਾਂਝਾ ਸਾਹਿਤਕ ਸਮਾਗਮ 3 ਅਪ੍ਰੈਲ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਪ੍ਰਸਤੀ ਵਿੱਚ ਹੋ ਰਹੇ ਇਸ ਆਨਲਾਈਨ ਸਾਹਿਤਿਕ ਸਮਾਗਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਸਿੰਘ ਗਿੱਲ ਕਰਨਗੇ। ਇਟਲੀ ਦੇ ਉੱਘੇ ਲੇਖਕ ਸਾਨਦਰੀਨੋ ਲੂਈਜੀ ਮਾਰਾ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਪੰਜਾਬੀ ਕਵਿਤਾ ਪਾਠ ਲਈ ਸਭਾ ਵਲੋਂ ਡਾ ਦੇਵਿੰਦਰ ਸੈਫੀ ਅਤੇ ਸਵਰਨਜੀਤ ਸਵੀ ਨੂੰ ਸੱਦਾ ਦਿੱਤਾ ਗਿਆ ਹੈ। ਇਟਲੀ ਦੇ ਲੇਖਕ ਫਰੈਂਕੋ ਮਤੇਈ ਅਤੇ ਅਨਤੋਨੀਓ ਮਾਰੀਓ ਨਾਪੋਲੀਤਾਨੋ ਇਤਾਲਵੀ ਕਵੀਆਂ ਵਜੋਂ ਸ਼ਾਮਿਲ ਹੋਣਗੇ। ਸਮਾਗਮ ਦੀ ਖੂਬਸੂਰਤੀ ਹੈ ਕੇ ਦੋਵੇਂ ਭਾਸ਼ਾਵਾਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿੱਚ ਅਨੁਵਾਦ ਕਰਕੇ ਸਾਂਝੇ ਮੰਚ ਤੋਂ ਪੇਸ਼ ਕੀਤਾ ਜਾਵੇਗਾ। ਡਾ ਯੋਗਰਾਜ ਅਤੇ ਇਤਾਲਵੀ ਆਲੋਚਕ ਦਾਨੀਐਲੇ ਕਾਸਤੇਲਾਰੀ ਆਲੋਚਨਾਤਮਕ ਪੱਖ ਤੋਂ ਦੋਵੇਂ ਭਾਸ਼ਾਵਾਂ ਵਿਚ ਰਚਨਾਵਾਂ ਤੇ ਵਿਚਾਰ ਚਰਚਾ ਕਰਨਗੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਪ੍ਰੋ ਜਸਪਾਲ ਸਿੰਘ ਅਤੇ ਦਲਜਿੰਦਰ ਰਹਿਲ ਦੀ ਸੰਚਾਲਨਾ ਵਿੱਚ ਹੋ ਰਹੇ ਇਸ ਦੋ ਭਾਸ਼ੀ ਸਾਹਿਤਿਕ ਸਮਾਗਮ ਵਿੱਚ ਇਟਲੀ ਵਸਦੇ ਉਹ ਪੰਜਾਬੀ ਵਿਦਿਆਰਥੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ ਜੋ ਪੜ੍ਹਦੇ ਤਾਂ ਇਟਾਲੀਅਨ ਵਿੱਚ ਹਨ ਪਰ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਵੀ ਅੰਤਾਂ ਦਾ ਮੋਹ ਰੱਖਦੇ ਹਨ।