ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਈ:
ਸ਼ਿਰੋਮਣੀ ਸਾਹਿਤਕਾਰ ਸੁਰੇਸ਼ ਸੇਠ ਦੀ ਪੰਜਾਬੀ ਪੁਸਤਕ ‘ਯਾਦਾਂ ਦਾ ਸਫ਼ਰ’ ਦਾ ਲੋਕ ਅਰਪਣ ਐਤਵਾਰ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਨਿਵਾਸ ‘ਤੇ ਸੰਪੰਨ ਹੋਇਆ। ਇਸ ਮੌਕੇ ਸ਼੍ਰੀ ਸੇਠ ਅਤੇ ਪੁਸਤਕ ਦੇ ਅਨੁਵਾਦਕ ਸੁਭਾਸ਼ ਭਾਸਕਰ ਖ਼ੁਦ ਹਾਜ਼ਰ ਰਹੇ। ਇਸ ਪੁਸਤਕ ਦਾ ਅਨੁਵਾਦ ਪ੍ਰਸਿੱਧ ਲੇਖਕ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕੀਤਾ ਹੈ। ਭਾਸਕਰ ਇਸ ਤੋਂ ਪਹਿਲਾਂ ਵੀ ਕਈ ਮਹੱਤਵਪੂਰਨ ਰਚਨਾਵਾਂ ਦਾ ਅਨੁਵਾਦ ਕਰ ਚੁੱਕੇ ਹਨ।


ਜ਼ਿਕਰਯੋਗ ਹੈ ਕਿ ਸ਼੍ਰੀ ਸੁਰੇਸ਼ ਸੇਠ ਹੁਣ ਤੱਕ 51 ਪੁਸਤਕਾਂ ਰਾਹੀਂ ਹਿੰਦੀ ਸਾਹਿਤ ਨੂੰ ਅਮੀਰ ਬਣਾ ਚੁੱਕੇ ਹਨ। ਲੋਕ ਅਰਪਣ ਸਮਾਰੋਹ ਵਿੱਚ ਸਾਹਿਤਕਾਰ ਪ੍ਰੇਮ ਵਿਜ ਨੇ ਅਨੁਵਾਦਕ ਸੁਭਾਸ਼ ਭਾਸਕਰ ਨੂੰ ਵਧਾਈ ਦਿੰਦਿਆਂ ਕਿਹਾ, “ਅਨੁਵਾਦ ਦਾ ਕੰਮ ਬਹੁਤ ਔਖਾ ਹੁੰਦਾ ਹੈ। ਅਨੁਵਾਦਕ ਨੂੰ ਦੋਹਾਂ ਭਾਸ਼ਾਵਾਂ ‘ਤੇ ਪੂਰਾ ਅਧਿਕਾਰ ਹੋਣਾ ਜ਼ਰੂਰੀ ਹੈ।” ਪਠਾਨਕੋਟ ਤੋਂ ਪਹੁੰਚੇ ਪ੍ਰਸਿੱਧ ਕਹਾਣੀਕਾਰ ਸੈਲੀ ਬਲਜੀਤ ਨੇ ਕਿਹਾ ਕਿ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਹੋਣ ਨਾਲ ਹੁਣ ਪੰਜਾਬੀ ਪਾਠਕ ਵੀ ਇਨ੍ਹਾਂ ਸੰਸਮਰਣਾਂ ਦਾ ਲਾਭ ਉਠਾ ਸਕਣਗੇ। ਪੁਸਤਕ ਬਾਰੇ ਗੱਲ ਕਰਦਿਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ‘ਯਾਦਾਂ ਦਾ ਸਫ਼ਰ’ ਦਾ ਪ੍ਰਕਾਸ਼ਨ ਸਾਹਿਤ ਕਲਸ਼ ਪਬਲੀਕੇਸ਼ਨ, ਪਟਿਆਲਾ ਵੱਲੋਂ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿੱਚ 17 ਮਹੱਤਵਪੂਰਨ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਸੰਸਮਰਣ ਸ਼ਾਮਲ ਹਨ, ਜਿਨ੍ਹਾਂ ਵਿੱਚ ਜਗਜੀਤ ਸਿੰਘ, ਸੁਦਰਸ਼ਨ ਫ਼ਾਕਿਰ, ਸ਼ਿਵ ਬਟਾਲਵੀ, ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ, ਡਾ. ਵੀਰੇਂਦਰ ਮਹਿੰਦੀਰੱਤਾ, ਡਾ. ਇੰਦੂ ਬਾਲੀ ਅਤੇ ਕੁਮਾਰ ਵਿਕਲ ਆਦਿ ਪ੍ਰਮੁੱਖ ਹਨ।

