ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ:


ਮਨੁੱਖ ਜਿੰਦਗੀ ਵਿੱਚ ਰੋਸੇ ਤੇ ਨਿਹੋਰੇ ਕਰਕੇ ਅਕਸਰ ਹੀ ਆਪਣਾ ਸਮਾਂ ਖ਼ਰਾਬ ਕਰਨ ਵਿੱਚ ਲੱਗਾ ਰਹਿੰਦਾ ਹੈ। ਸੱਚ ਜਾਣਿਓ ਸੰਸਾਰ ਕਦੇ ਵੀ ਕਿਸੇ ਦੇ ਨਾਲ ਨਹੀਂ ਖੜ੍ਹਦਾ, ਸਗੋਂ ਡਿੱਗੇ ਹੋਏ ਦਾ ਤਮਾਸ਼ਾ ਵੇਖ ਕੇ ਖੁਸ਼ ਹੁੰਦਾ ਹੈ। ਮਨੁੱਖ ਸੰਸਾਰ ਤੇ ਇਕੱਲਾ ਹੀ ਆਇਆ ਤੇ ਇਕੱਲੇ ਨੇ ਹੀ ਜਾਣਾ ਹੈ, ਫਿਰ ਵਿੱਚ ਵਿਚਾਲੇ ਕਿਸੇ ਦੇ ਸਹਾਰੇ ਨੂੰ ਭਾਲਣਾ ਮਨੁੱਖ ਦੇ ਉਤਸ਼ਾਹ ਨੂੰ ਘਟਾ ਕੇ, ਦੂਸਰੇ ਤੇ ਨਿਰਭਰ ਰਹਿਣ ਲਈ ਮਜਬੂਰ ਕਰ ਦਿੰਦਾ ਹੈ ਜੋ ਜੀਵਨ ਲਈ ਉਸਾਰੂ ਗੱਲ ਨਹੀਂ ਹੈ। ਜ਼ਿੰਦਗੀ ਵਿੱਚ” ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜ੍ਹਕ ਦੇ ਨਾਲ” ਵਾਲੇ ਸ਼ਿਧਾਂਤ ਨੂੰ ਆਪਣਾਅ ਲੈਣ ਵਿੱਚ ਕੋਈ ਖ਼ਰਾਬੀ ਨਜ਼ਰ ਨਹੀਂ ਆਉਂਦੀ। ਅੱਜ ਸੰਸਾਰ ਤੇ ਰੋਗੀਆਂ ਤੇ ਸੋਗੀਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਸਾਇਦ ਇਸ ਕਰਕੇ ਹੀ ਸੰਸਾਰ ਤੇ ਹਸਪਤਾਲਾਂ ਤੇ ਭਜਨ ਬੰਦਗੀ ਕਰਵਾਉਣ ਵਾਲਿਆਂ ਦੀਆਂ ਭੀੜਾਂ ਵੇਖਣ ਨੂੰ ਮਿਲ ਰਹੀਆਂ ਹਨ। ਏਨਾ ਤਾਮ ਝਾਮ ਹੋਣ ਦੇ ਬਾਵਜੂਦ ਵੀ ਰੋਗ ਤੇ ਸੋਗ ਨਿੱਤ ਦਿਹਾੜੇ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਨਤੀਜਾ ਧਨ ਤੇ ਸਮੇਂ ਦੀ ਬਰਬਾਦੀ ਪਹਿਲਾਂ ਨਾਲੋਂ ਕਈ ਗੁਣਾ ਵਧ ਗਈ ਹੈ। ਬਹੁਤੇ ਐਸੇ ਵੀ ਹਨ ਜਿਹੜੇ ਨਿਰਧਨ ਹੋਣ ਕਾਰਨ ਇਲਾਜ ਵਿਹੂਣੇ ਹੀ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ ਜਿਵੇਂ ਦਇਆ ਭਾਵਨਾ ਕਿਤੇ ਪਰ ਲਾ ਕੇ ਉੱਡ ਗਈ ਹੋਵੇ। ਮਨੁੱਖ ਲਈ ਨਮਨ ਤੇ ਮਨਨ ਦੋ ਅਜਿਹੇ ਕਾਰਗਰ ਹਥਿਆਰ ਹਨ, ਜਿਹੜੇ ਸਕੂਨ ਦੇਣ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਚੰਗੇ ਕੰਮ ਨੂੰ ਨਮਨ ਕਰਨਾ ਤੇ ਉਸ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰਨਾ ਤੇ ਹੋਰ ਕੂੜ ਕਵਾੜ ਨੂੰ ਤਿਆਗ ਦੇਣ ਵਿੱਚ ਹੀ ਭਲਾਈ ਹੁੰਦੀ ਹੈ। ਲੋਭ ਤੇ ਮੋਹ ਵੀ ਮਨੁੱਖ ਨੂੰ ਖਾਸ ਕਰਕੇ ਬੁਢਾਪੇ ਵਿੱਚ ਕੁਝ ਜ਼ਿਆਦਾ ਹੀ ਤੰਗ ਕਰਦੇ ਹਨ। ਜਿਸ ਪਰਿਵਾਰ ਲਈ ਮਨੁੱਖ ਨੇ ਠੱਗੀ ਠੋਰੀ ਕਰਕੇ ਧਨ ਅਰਜਿਤ ਕੀਤਾ ਹੁੰਦਾ ਹੈ ਉਸ ਨਾਲ ਮੋਹ ਆਉਂਦਾ ਹੈ ਤੇ ਕਮਜ਼ੋਰ ਸਰੀਰ ਵੀ ਲੋਭ ਦੀ ਘੁੰਮਣ ਘੇਰੀ ਵਿੱਚ ਕੁਝ ਜਿਆਦਾ ਹੀ ਗੋਤੇ ਖਾਣ ਲੱਗਦਾ ਹੈ।
ਮਨੁੱਖ ਨੂੰ ਲੋਭ ਨੂੰ ਪੁਰਸ਼ਾਰਥ ਵਿੱਚ ਤੇ ਮੋਹ ਨੂੰ ਕੁਲ ਦੁਨੀਆਂ ਨਾਲ ਪਿਆਰ ਤੇ ਸਨੇਹ ਵਿੱਚ ਤਬਦੀਲ ਕਰਕੇ ਜੀਵਨ ਨੂੰ ਲੀਹੇ ਪਾਉਣ ਦਾ ਉਪਰਾਲਾ ਜਰੂਰ ਕਰਨਾ ਚਾਹੀਦਾ ਹੈ ਜੋ ਲੋਭ ਤੇ ਮੋਹ ਦੀ ਪਕੜ ਘੱਟ ਕਰਨ ਵਿੱਚ ਸਹਾਈ ਹੋ ਸਕਦੀ ਹੈ। ਮਨੁੱਖ ਨੂੰ ਬੀਤ ਚੁੱਕੇ ਦਾ ਪਛਤਾਵਾ ਤੇ ਆਉਣ ਵਾਲੇ ਦੀ ਚਿੰਤਾ ਤਿਆਗ ਕੇ ਵਰਤਮਾਨ ਵਿੱਚ ਜਿਉਣਾ ਸਿੱਖਣਾ ਚਾਹੀਦਾ ਹੈ। ਉਸਾਰੂ ਜੀਵਨ ਜਿਉਣ ਲਈ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ। ਜ਼ਿੰਦਗੀ ਵਿੱਚ ਕਾਨਾਫ਼ੂਸੀ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਜਗਾਹ ਨਹੀਂ ਦੇਣੀ ਚਾਹੀਦੀ। ਇਹ ਉਸਾਰੂ, ਟਿਕਾਊ ਤੇ ਸਕੂਨ ਭਰੀ ਜਿੰਦਗੀ ਲਈ ਰਾਮ ਬਾਣ ਹੈ। ਸਬਰ ਕਰਨਾ ਸਿੱਖ ਲੈਣ ਵਾਲਾ ਬੰਦਾ ਕਦੇ ਦੁਖੀ ਨਹੀਂ ਹੁੰਦਾ ਸਗੋਂ ਅਨੰਦਿਤ ਅਵਸਥਾ ਵਿੱਚ ਰਹਿੰਦਾ ਹੈ। ਮਨੁੱਖ ਦ੍ਰਿੜ ਇਰਾਦੇ ਤੇ ਮਿਹਨਤ ਦੇ ਬਲਬੂਤੇ ਹੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਸਕਦਾ ਹੈ। ਆਲਸ ਮਨੁੱਖ ਦਾ ਵੱਡਾ ਦੁਸ਼ਮਣ ਹੈ, ਜਿਸ ਨੂੰ ਤਿਆਗ ਕੇ ਹੀ ਤਰੱਕੀ ਦੀ ਰਾਹ ਤੇ ਤੁਰਿਆ ਜਾ ਸਕਦਾ ਹੈ। ਮਨੁੱਖ ਨੂੰ ਸਚਾਈ ਤੇ ਅੜਨਾ ਤੇ ਆਪਣੀ ਗ਼ਲਤੀ ਤੇ ਝੁਕਣਾ ਹਮੇਸ਼ਾਂ ਮਹਾਨ ਬਣਾਉਂਦਾ ਹੈ। ਇਸ ਤੋਂ ਇਲਾਵਾ ਭਾਈਚਾਰਕ ਡੋਰ ਨੂੰ ਘੁਟ ਕੇ ਫੜੀ ਰੱਖਣ ਵਾਲਾ ਵਿਅਕਤੀ ਹੀ ਸਫਲ ਬਣ ਕੇ ਆਪਣੀ ਜੀਵਨ ਨਈਆ ਪਾਰ ਲਗਾ ਹੋਰਾਂ ਲਈ ਰਾਹ ਦਸੇਰਾ ਬਣਦਾ ਹੈ। ਜਦੋਂ ਕੋਈ ਆਪਣਾ ਦੁਸ਼ਮਣ ਬਣ ਜਾਵੇ ਤਾਂ ਉਹ ਵੱਧ ਨੁਕਸਾਨ ਕਰਦਾ ਹੈ, ਕਿਉਂਕਿ ਉਸਦੇ ਭੱਥੇ ਵਿੱਚ ਭੇਤ ਰੂਪੀ ਨੁਕੀਲੇ ਤੀਰ ਜ਼ਿਆਦਾ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਉਹ ਡੂੰਘੇ ਤੇ ਨਾ ਭਰੇ ਜਾਣ ਵਾਲੇ ਜ਼ਖਮ ਦੇ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਇਸ ਲੇਖ ਰਾਹੀਂ ਕੀਤੀਆਂ ਕੁਝ ਅੱਟਪੱਟੀਆਂ ਗੱਲਾਂ ਕਈਆਂ ਦੇ ਦਿਲ ਨੂੰ ਸਕੂਨ ਦੇਣਗੀਆਂ ਤੇ ਕਿਤੇ ਕਿਤੇ ਮਿੱਠੀਆਂ ਮਿੱਠੀਆਂ ਚੋਭਾਂ ਵੀ ਲਾਉਣਗੀਆਂ ਫਿਰ ਵੀ ਸੱਚ ਕਹਿਣੋਂ ਤੇ ਨਹੀਂ ਨਾ ਰੁਕਿਆ ਜਾ ਸਕਦਾ।
ਰਾਜ ਕੁਮਾਰ ਸਾਹੋਵਾਲੀਆ

