Breaking
www.sursaanjh.com > ਅੰਤਰਰਾਸ਼ਟਰੀ > ਕੁਝ ਅਟਪਟੀਆਂ-8/ ਰਾਜ ਕੁਮਾਰ ਸਾਹੋਵਾਲੀਆ

ਕੁਝ ਅਟਪਟੀਆਂ-8/ ਰਾਜ ਕੁਮਾਰ ਸਾਹੋਵਾਲੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਮਈ:
ਸ਼ਬਦ ਕਿਸੇ ਦੇ ਦਿਲ ਤੇ ਮੱਲਮ ਲਾਉਣ ਦਾ ਕੰਮ ਵੀ ਕਰਦੇ ਹਨ ਤੇ ਕਿਸੇ ਨੂੰ ਬੋਲੇ ਕੌੜੇ ਸ਼ਬਦ ਉਸਦਾ ਹਿਰਦਾ ਛੱਲਣੀ ਵੀ ਕਰ ਦਿੰਦੇ ਹਨ। ਜਦੋਂ ਬੱਚੇ ਕੋਲ ਸ਼ਬਦ ਨਹੀਂ ਹੁੰਦੇ ਤਾਂ ਉਹ ਬਿਨਾਂ ਕਿਸੇ ਭੇਦ ਭਾਵ ਦੇ ਆਪਣੇ ਪਰਾਏ ਨੂੰ ਜਿਹੜਾ ਉਸਦੇ ਸੰਪਰਕ ਵਿੱਚ ਆਉਂਦਾ ਹੈ, ਉਸਨੂੰ ਆਪਣੀ ਮੁਸਕਰਾਹਟ ਨਾਲ ਹੀ ਜਿੱਤ ਲੈਂਦਾ ਤੇ ਹਰ ਕੋਈ ਉਸਨੂੰ ਪਿਆਰ ਕਰਦਾ ਹੈ। ਸ਼ਾਇਦ ਇਸ ਕਰਕੇ ਹੀ ਬੱਚੇ ਨੂੰ ਰੱਬ ਦਾ ਰੂਪ ਹੀ ਮੰਨਿਆ ਗਿਆ ਹੈ। ਮਨੁੱਖ ਨੂੰ ਆਪਣੇ ਮੁੱਖ ‘ਚੋਂ ਹਮੇਸ਼ਾ ਨਿਮਰ ਤੇ ਮਿੱਠੇ ਬੋਲ ਕੱਢ ਕੇ, ਦੂਜਿਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ ਕਿਉਂਕਿ ਜੀਵਨ ਬੜਾ ਛੋਟਾ ਹੈ, ਜਿਸ ਨੂੰ ਕਾਟੋ-ਕਲੇਸ਼ ਵਿੱਚ ਗੁਜ਼ਾਰਨਾ ਬੁੱਧੀਮਾਨੀ ਨਹੀਂ ਹੈ। ਸ਼ਬਦ ਜਿੰਨੇ ਵਧੀਆ ਹੋਣਗੇ, ਉਨੀ ਹੀ ਮਨੁੱਖ ਦੀ ਸੰਸਾਰ ਨਾਲ ਪਿਆਰ ਦੀ ਗੰਢ ਪੀਡ੍ਹੀ ਹੋਵੇਗੀ। ਵੈਸੇ ਤਾਂ ਅੱਜ ਕੱਲ੍ਹ ਮਨੁੱਖ ਬਾਹਰੀ ਸੁੰਦਰਤਾ ਵੱਲ ਵਧੇਰੇ ਰੁਚਿਤ ਹੋ ਰਿਹਾ ਹੈ ਤੇ ਗਿਆਨ ਅਰਜਿਤ ਕਰਨ ਵੱਲੋਂ ਧਿਆਨ ਘੱਟ ਰਿਹਾ ਹੈ। ਲੱਗਦਾ ਇਸ ਕਰਕੇ ਹੀ ਲਾਇਬ੍ਰੇਰੀਆਂ ਦੀ ਅਹਿਮੀਅਤ ਹੁਣ ਘੱਟ ਗਈ ਹੈ ਤੇ ਚੰਮ ਨੂੰ ਮਾਂਜਣ ਵਾਸਤੇ ਬਿਓਟੀ ਪਾਰਲਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਭਾਵ ਅਕਲ ‘ਤੇ ਸ਼ਕਲ ਭਾਰੂ ਹੁੰਦੀ ਜਾ ਰਹੀ ਹੈ। ਇੱਕ ਗੱਲ ਚੇਤੇ ਵਿੱਚ ਹੋਰ ਰੱਖਣ ਵਾਲੀ ਇਹ ਹੈ ਕਿ ਕਾਂ ਦੀ ਚੁੰਝ ਭਾਵੇਂ ਸੋਨੇ ਵਿੱਚ ਹੀ ਕਿਉਂ ਨਾ ਮੜ੍ਹ ਦਿੱਤੀ ਜਾਵੇ ਪਰ ਉਸਦੀ ਗੰਦ ਖਾਣ ਵਾਲੀ ਬਿਰਤੀ ਨਹੀਂ ਬਦਲ ਸਕਦੀ। ਉਹ ਬਾਜ਼ ਵਾਂਗ ਪ੍ਰਵਾਜ਼ ਨਹੀਂ ਭਰ ਸਕਦਾ ਹੈ, ਭਾਵ ਸਮਾਜ ਵਿੱਚ ਵੱਖੋ ਵੱਖਰੇ ਸੁਭਾਅ ਤੇ ਬਿਰਤੀ ਵਾਲੇ ਮਨੁੱਖ ਵਿਦਮਾਨ ਹਨ। ਅੱਜ ਗਿਆਨ ਵਧਾਉਣ ਨੂੰ ਤਰਜੀਹ ਦੇਣ ਦੀ ਰੁਚੀ ਨੂੰ ਪ੍ਰਬਲ ਕਰਨ ਦੀ ਮੁੱਖ ਲੋੜ ਹੈ। ਸ਼ਕਲ ਦਾ ਕੀ ਹੈ? ਇਹ ਤਾਂ ਬਿਮਾਰੀ ਦੇ ਇੱਕ ਝਟਕੇ ਨਾਲ ਜਾਂ ਦੁਰਘਟਨਾ ਨਾਲ ਕਿਸੇ ਵੇਲੇ ਵੀ ਬਦਲ ਸਕਦੀ ਹੈ।
ਸਿੱਧੀ ਤੇ ਸਪੱਸ਼ਟ ਗੱਲ ਇਹੋ ਹੈ ਕਿ ਬੰਦੇ ਦਾ ਚੰਮ ਨਹੀਂ, ਕੰਮ ਬੋਲਣਾ ਚਾਹੀਦਾ ਹੈ। ਅਜੋਕੇ ਯੁੱਗ ਵਿੱਚ ਸਮਾਜ ਨੂੰ ਇੱਕ ਹੋਰ ਸਮੱਸਿਆ ਨੇ ਘੇਰ ਲਿਆ ਹੈ, ਉਹ ਹੈ ਬੇਰੁਜ਼ਗਾਰੀ। ਰੁਜ਼ਗਾਰ ਦੀ ਭਾਲ ਕਰਦੇ ਕਰਦੇ ਬਹੁਤੀ ਵਾਰ ਵਰ-ਵਧੂ ਦੀ ਸ਼ਾਦੀ ਦੀ ਉਮਰ ਲੰਘ ਜਾਂਦੀ ਹੈ ਤੇ ਵਾਲ਼ ਵੀ ਕਾਲ਼ਿਆਂ ਤੋਂ ਬੱਗੇ ਹੋਣ ਵਿੱਚ ਦੇਰ ਨਹੀਂ ਲੱਗਦੀ। ਗੱਲ ਭਾਵੇਂ ਮਜ਼ਾਕ ਦੀ ਹੈ ਪਰ ਕਰਨੀ ਤਾਂ ਪਵੇਗੀ ਹੀ। ਜੇ ਬੇਰੁਜ਼ਗਾਰੀ ਦਾ ਆਲਮ ਇਹੋ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਿਆਹ ਦੀਆਂ ਰਸਮਾਂ ਵਿੱਚ ਵਾਲ਼ ਰੰਗਾਈ ਦੀ ਰਸਮ ਵੀ ਸ਼ਾਮਿਲ ਕਰਨੀ ਪਵੇਗੀ, ਕਿਉਂਕਿ ਰੋਜ਼ਗਾਰ ਤੋਂ ਬਿਨਾਂ ਤਾਂ ਵਿਆਹ ਦੀ ਕਲਪਨਾ ਕਰਨੀ ਵੀ ਸੰਭਵ ਨਹੀਂ ਹੈ। ਸਮਾਜ ਵਿੱਚ ਇੱਕ ਹੋਰ ਬਦਲਾਅ ਇਹ ਆਇਆ ਹੈ ਕਿ ਨਾਤਿਆਂ ‘ਤੇ ਰਿਸ਼ਤੇ ਭਾਰੂ ਪੈ ਰਹੇ ਹਨ। ਨਾਤੇ ਮਨੁੱਖ ਨੂੰ ਜਨਮ ਲੈਣ ਦੇ ਨਾਲ ਹੀ ਬਿਨਾਂ ਕਿਸੇ ਮਸ਼ੱਕਤ ਤੋਂ ਸਹਿਜ ਸੁਭਾਅ ਮਿਲ ਜਾਂਦੇ ਹਨ ਜਿਵੇਂ ਮਾਂ, ਪਿਤਾ, ਭੈਣ, ਭਰਾ, ਚਾਚਾ, ਤਾਇਆ, ਭੂਆ, ਦਾਦਾ, ਦਾਦੀ ਆਦਿ ਪਰ ਰਿਸ਼ਤੇ ਮਨੁੱਖ ਵਿਆਹ ਬੰਧਨ ਰਾਹੀਂ ਖੁਦ ਬਣਾਉਂਦਾ ਹੈ। ਅੱਜ ਨਾਤਿਆਂ ਦਾ ਰੰਗ ਰਿਸ਼ਤਿਆਂ ਨੇ ਫ਼ਿੱਕਾ ਪਾ ਦਿੱਤਾ ਹੈ। ਜੇਕਰ ਮਾਇਆ ਦੀ ਅਣਹੋਂਦ ਹੋਵੇ ਤਾਂ ਨਾਤੇ ਤਾਂ ਜੀਵਨ ਵਿੱਚੋਂ ਮਨਫ਼ੀ ਹੀ ਹੋ ਜਾਂਦੇ ਨੇ ਤੇ ਲਾਣੇਦਾਰਨੀ ਦਾ ਹੁਕਮ ਹੀ ਅਲਾਹੀ ਹੁਕਮ ਹੋ ਜਾਂਦਾ ਹੈ, ਭਾਵ ਕਿੱਥੇ ਜਾਣਾ ਹੈ, ਕਿਸ ਨੂੰ ਕੀ ਦੇਣਾ ਹੈ, ਕੀ ਖਾਣਾ ਹੈ ਵਗੈਰਾ ਵਗੈਰਾ। ਇਸ ਤਰ੍ਹਾਂ ਮਨੁੱਖ ਦੋਹਰਾ ਚਿਹਰਾ ਲੈ ਕੇ ਸਮਾਜ ਵਿੱਚ ਵਿਚਰਦਾ ਹੈ ਤੇ ਪੋਲ ਖੁਲ੍ਹ ਜਾਣ ‘ਤੇ ਉਸ ਨੂੰ ਨਾਮੋਸ਼ੀ  ਵੀ ਝੱਲਣੀ ਪੈਂਦੀ ਹੈ। ਸੱਚ ਜਾਣਿਓ ਅੰਦਰੋਂ ਬਾਹਰੋਂ ਜਿਹੜਾ ਬੰਦਾ ਇੱਕ ਬਿਰਤੀ ਵਾਲਾ ਹੈ, ਸਹੀ ਅਰਥਾਂ ਵਿੱਚ ਉਹੀ ਮਰਦ ਅਖਵਾਉਣ ਦਾ ਹੱਕਦਾਰ ਹੁੰਦਾ ਹੈ। ਦੋਹਰੇ ਕਿਰਦਾਰ ਵਾਲੇ ਦਾ ਕੋਈ ਸਟੈਂਡ ਨਹੀਂ ਹੁੰਦਾ ਤੇ ਨਾ ਹੀ ਉਸ ‘ਤੇ ਕੋਈ ਬਹੁਤਾ ਇਤਬਾਰ ਹੀ ਕਰਦਾ ਹੈ। ਇਹ ਵੀ ਪੱਕੀ ਗੱਲ ਹੈ ਕਿ ਜੇ ਦਿਲ ਨਾਲ ਰਿਸ਼ਤੇ ਨਿਭਾਏ ਜਾਣ ਤਾਂ ਰਿਸ਼ਤਿਆਂ ਦੀ ਉਮਰ ਲੰਮੇਰੀ ਹੋਵੇਗੀ, ਪਰ ਜੇ ਦਿਮਾਗ ਦੀ ਰਿਸ਼ਤਿਆਂ ਵਿੱਚ ਦਖਲ-ਅੰਦਾਜ਼ੀ ਹੋਵੇਗੀ ਤਾਂ ਹਰ ਵੇਲੇ ਹੀ ਰਿਸ਼ਤੇ ਟੁੱਟਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਜੀਵਨ ਨੂੰ ਸੋਹਣਾ ਬਣਾਉਣਾ ਹੈ ਜਾਂ ਕੋਹਜਾ ਇਹ ਬੰਦੇ ਦੇ ਹੱਥ ਵੱਸ ਹੀ ਹੈ।
ਰਾਜ ਕੁਮਾਰ ਸਾਹੋਵਾਲੀਆ

Leave a Reply

Your email address will not be published. Required fields are marked *