ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:


ਜਿਹੜੇ ਰਾਹੀਂ ਮੈਂ ਗਿਆ ਸਫ਼ਰਨਾਮੇ ਰਾਹੀਂ ਲੇਖਕ ਜਗੀਰ ਜੋਸਣ ਨੇ ਲੋਹੀਆਂ, ਜ਼ਿਲ੍ਹਾ ਜਲੰਧਰ (ਪੰਜਾਬ) ਤੋਂ ਚੱਲ ਕੇ ਆਪਣੇ ਚਾਰ ਸਾਲਾਂ ’ਚ ਲੱਗਭਗ 30 ਦੇਸ਼ਾਂ ਦੇ ਕੀਤੇ ਸਫ਼ਰ ਦੌਰਾਨ ਆਪਣੇ ਤਜ਼ਰਬਿਆਂ ’ਤੇ ਅਧਾਰਿਤ ਉਂਥੋਂ ਦੇ ਸੱਭਿਆਚਾਰ ਦੀ ਪ੍ਰਚੱਲਿਤ ਪ੍ਰਣਾਲੀ ਨੂੰ 59 ਅਧਿਆਇਆਂ ਰਾਹੀਂ ਸਰਲ ਅਤੇ ਸੌਖੀ ਭਾਸ਼ਾ ’ਚ ਕਲਮਬੱਧ ਕਰਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਇਸ ਸਫ਼ਰਨਾਮੇ ਦੇ ਪਹਿਲੇ ਅਧਿਆਏ ‘ਸਿੱਕਿਆਂ ਦੀ ਭਾਲ’ ’ਚ ਲਿਖਿਆ ਹੈ ਕਿ ਉਸ ਨੇ ਰੋਜ਼ੀ-ਰੋਟੀ ਦੀ ਤਲਾਸ਼ ’ਚ ਪੰਜਾਬ ਤੋਂ ਸੀਰੀਆ ਦਾ ਸਫਰ ਉਲੀਕਿਆ ਸੀ। ਇਸੇ ਤਹਿਤ ਅੰਮ੍ਰਿਤਸਰੋਂ ਜਹਾਜ਼ ਲੈ ਕੇ ਬਿਨਾਂ ਵੀਜ਼ਾ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਪਹੁੰਚਿਆ ਜਾਂਦਾ ਹੈ, ਜਿੱਥੇ ਉਸ ਦਾ ਮੁਸੀਬਤ ਭਰਿਆ ਜੀਵਨ ਸ਼ੁਰੂ ਹੁੰਦਾ ਹੈ ਕਿਉਂਕਿ ਦੂਜੇ ਮੁਲਕ ’ਚ ਜਾਕੇ ਸਭ ਤੋਂ ਪਹਿਲਾਂ ਉਂਥੋਂ ਦੀ ਭਾਸ਼ਾ ਦਾ ਸਾਹਮਣਾ ਕਰਨਾ ਔਖਾ ਹੋ ਜਾਂਦਾ ਹੈ। ਦੂਜਾ ਉਥੇ ਆਪਣੇ-ਆਪ ਨੂੰ ਤਜਰਬੇਕਾਰ ਅਖਵਾਉਣ ਵਾਲੇ ਬੰਦੇ ਸਿੱਖੀ ਸਰੂਪ ਵਾਲੇ ਮੁੰਡਿਆਂ ਨੂੰ ਪੱਗ ਬੰਨ੍ਹਣ ਦੇ ਕੰਮ ਨੂੰ ‘ਯੱਬ’ ਦੱਸਦੇ ਹੋਏ ਵਾਲ ਕਟਵਾਉਣ ਦੀ ਸਲਾਹ ਬੜੇ ਫ਼ਖਰ ਨਾਲ ਦਿੰਦੇ ਹਨ। ਉਹਨਾਂ ਦੀਆਂ ਗੱਲਾਂ ’ਚ ਆਇਆ ਲੇਖਕ ਵੀ ਵਾਲ ਕਟਵਾ ਦਿੰਦਾ ਹੈ। ਦੂਜੇ ਅਧਿਆਇ ’ਚ ਇਹ ਲਿਖਿਆ ਗਿਆ ਹੈ ਕਿ ਅਫਗਾਨਿਸਤਾਨ ਤੋਂ ਬੁਲਗਾਰੀਆ ਪਹੁੰਚਣ ’ਤੇ ਪਤਾ ਲੱਗਦਾ ਹੈ ਕਿ ਬੁਲਗਾਰੀਆ ਕਮਿਊਨਿਸਟ ਦੇਸ਼ ਹੋਣ ਕਾਰਨ ਉੱਥੇ ਕੋਈ ਵੀ ਵਿਦੇਸ਼ੀ ਕੰਮ-ਕਾਰ ਨਹੀਂ ਕਰ ਸਕਦਾ। ਤੀਜੇ ਅਧਿਆਇ ਵਿੱਚ ਬੁਲਗਾਰੀਆ ਦੇ ਪਲਵਦੀਪ ਤੋਂ ਸੋਫੀਆ ਦੇ ਸਫ਼ਰ ਦੌਰਾਨ ਨਵਾਂ ਤਜਰਬਾ ਹਾਸਲ ਹੁੰਦਾ ਹੈ ਕਿ ਯੂਰਪੀਅਨ ਕੁੜੀਆਂ ਵੱਲੋਂ ਪੇਸ਼ ਕੀਤੀ ਕੋਈ ਚੀਜ਼ ਅਗਰ ਸਵੀਕਾਰ ਨਹੀਂ ਕਰਦੇ ਤਾਂ ਉਹ ਆਪਣੀ ਬੇਇਜ਼ਤੀ ਸਮਝਦੀਆਂ ਹਨ। ਇਕ ਮਹੀਨੇ ਦੀ ਖੱਜਲ ਖੁਆਰੀ ਤੋਂ ਬਾਅਦ ਸੋਫੀਆ ਤੋਂ ਤਹਿਰਾਨ ਪਹੁੰਚ ਕੇ ਲੇਖਕ ਨੂੰ ਪਹਿਲੀ ਮਜ਼ਦੂਰੀ ਮਿਲਣੀ ਸ਼ੁਰੂ ਹੋਈ, ਜਿਸ ਦੀ ਕੀਮਤ ਭਾਰਤ ਦੀ ਕਰੰਸੀ ਨਾਲੋਂ ਪੰਜ ਗੁਣਾ ਜ਼ਿਆਦਾ ਸੀ। ਲੇਖਕ ਨੇ ਆਪਣੇ ਇਸ ਤੋਂ ਅਗਲੇ ਸਫਰ ਤਹਿਰਾਨ, ਈਰਾਨ, ਸਾਈਪਰਸ, ਇਟਲੀ, ਜਰਮਨ ਆਦਿ ਦੇਸ਼ਾਂ ਵਿਖੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਨਾਲ ਮਿਲੇ ਅਨੁਭਵ ਨੂੰ ਬਿਆਨਦਿਆਂ ਲਿਖਿਆ ਹੈ ਕਿ ਸਾਡੇ ਭਾਰਤੀਆਂ ਨੂੰ ਰੰਗ, ਨਸਲ, ਧਰਮ ਅਤੇ ਦੇਸ਼ ਆਦਿ ਪ੍ਰਤੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਆਖਿਰ ਉੱਥੇ ਲੇਖਕ ਨੂੰ ਸਮੁੰਦਰੀ ਜਹਾਜ਼ ’ਚ ਕੰਮ ਮਿਲਦਾ ਹੈ, ਜਿਸ ਰਾਹੀਂ ਵੱਖੋ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਬੰਦਰਗਾਹਾਂ ਦਾ ਭ੍ਰਮਣ ਕਰਕੇ ਸਮੁੰਦਰੀ ਏਰੀਏ ਦੀ ਨੌਕਰੀ ਦੇ ਵੱਖਰੀ ਕਿਸਮ ਦੇ ਅਨੁਭਵ ਨੂੰ ਵੀ ਸਫ਼ਰਨਾਮੇ ਦਾ ਹਿੱਸਾ ਬਣਾਕੇ ਪਾਠਕਾਂ ਨੂੰ ਇਸ ਨਿਵੇਕਲੇ ਖੇਤਰ ਬਾਰੇ ਜਾਣਕਾਰੀ ਦਿੱਤੀ ਹੈ। ਸਫ਼ਰਨਾਮੇ ’ਚ ਲਿਖਿਆ ਗਿਆ ਹੈ ਕਿ ਬੰਦਰਗਾਹ ਦੋ ਕਿਸਮ ਦੀਆਂ ਹੁੰਦੀਆਂ ਹਨ, ਇੱਕ ਕੁਦਰਤੀ ਬੰਦਰਗਾਹ ਅਤੇ ਦੂਜੀ ਮਨੁੱਖ ਦੁਆਰਾ ਬਣਾਈ ਗਈ ਬੰਦਰਗਾਹ। ਇਸ ਸਫ਼ਰਨਾਮੇ ਦਾ ਪਾਠ ਕਰਦਿਆਂ ਪਤਾ ਲੱਗਦਾ ਹੈ ਕਿ ਸਮੁੰਦਰੀ ਜ਼ਿੰਦਗੀ ’ਚ ਭਾਵੇਂ ਮਿਹਨਤ ਨਾਲ ਪੈਸਾ ਤਾਂ ਕਾਫੀ ਕਮਾਇਆ ਜਾਂਦਾ ਹੈ ਪਰ ਜ਼ਿੰਦਗੀ ਆਮ ਜਨ-ਜੀਵਨ ਤੋਂ ਬਹੁਤ ਔਖੀ ਅਤੇ ਵੱਖਰੀ ਹੈ ਕਿਉਂਕਿ ਕਈ-ਕਈ ਦਿਨ ਜਾਂ ਮਹੀਨੇ ਭਰ ਧਰਤੀ ਦੇ ਪੂਰੇ ਚੱਕਰਵਿਊ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ। ਬਿਮਾਰ ਹੋਣ ਦੀ ਸੂਰਤ ’ਚ ਤਾਂ ਜ਼ਿੰਦਗੀ ਬਹੁਤ ਹੀ ਦੁਸ਼ਵਾਰ ਲੱਗਦੀ ਹੈ। ਬੰਦਰਗਾਹਾਂ ਦੇ ਨੇੜੇ ਚਲਦੇ ਡਿਸਕੋ, ਬੀਅਰ ਬਾਰ, ਰੈਸਟੋਰੈਂਟਾਂ ਚ ਔਰਤ ਦੇਹ-ਵਪਾਰ ਤੋਂ ਕੋਈ-ਕੋਈ ਹੀ ਬਚਦਾ ਹੈ। ਜਹਾਜ਼ ਦੇ ਕਈ ਸਟਾਫ ਮੈਂਬਰ ਤਾਂ ਔਰਤਾਂ ਨੂੰ ਜਹਾਜ਼ ਵਿੱਚ ਬਣੇ ਆਪਣੇ ਕੈਬਨਾਂ ਵਿੱਚ ਹੀ ਲੈ ਆਉਂਦੇ ਹਨ। ਲੇਖਕ ਲਿਖਦਾ ਹੈ ਕਿ ਉਥੋਂ ਦੀ ਸਵੈ-ਕੇਂਦਰਿਤ ਜ਼ਿੰਦਗੀ ’ਚ ਹਰ ਕੋਈ ਇੰਨਾ ਰੁਝ ਜਾਂਦਾ ਹੈ ਕਿ ਉਸਨੂੰ ਆਪਣੇ ਪਿੱਛੇ ਛੱਡੇ ਪਰਿਵਾਰਾਂ ਦੀ ਦੁੱਖ ਤਕਲੀਫ ਬਾਰੇ ਝਾਕਣ ਦੀ ਵਿਹਲ ਹੀ ਨਹੀਂ ਮਿਲਦੀ। ਏਜੰਟਾਂ ਦੀ ਧੋਖੇਬਾਜ਼ੀ ਹਰ ਦੇਸ਼ਾਂ ਵਿੱਚ ਦੇਖਣ ਨੂੰ ਮਿਲਦੀ ਹੈ। ਵੈਨਜੂਏਲਾ, ਫਰਾਂਸ, ਅਮਰੀਕਾ, ਇਟਲੀ, ਮਰਾਕੋ, ਹੌਲੈਂਡ, ਰੂਸ, ਤੁਰਕੀ, ਯੂਕਰੇਨ, ਬਰਾਜ਼ੀਲ, ਨਾਈਜੇਰੀਆ, ਪੋਲੈਂਡ, ਆਇਰਲੈਂਡ, ਕਿਊਬਾ, ਕਨੇਡਾ, ਸਪੇਨ, ਮਿਸਰ, ਗਰੀਸ ਅਤੇ ਬਰਾਜ਼ੀਲ ਆਦਿ ਦੇਸ਼ਾਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ ਇਟਲੀ ਦੀ ਬੰਦਰਗਾਹ ‘ਲਸਪੀਜੀਆ’ ਨੂੰ ਜਾਂਦੇ ਵਕਤ ਇਕਦਮ ਉਸ ਨੌਕਰੀ ਨੂੰ ਅਲਵਿਦਾ ਕਹਿਣਾ ਪਿਆ। ਜ਼ਿੰਦਗੀ ’ਚ ਬਤਾਏ ਔਖੇ-ਸੌਖੇ ਸਮਿਆਂ ਦੀ ਦਾਸਤਾਨ ਜ਼ਿਹਨ ’ਚ ਵਸਾ ਕੇ ਫਿਰ ਰੋਮ ਤੋਂ ਦਿੱਲੀ (ਵਾਇਆ ਮਿਸਰ ਸ਼ਹਿਰਜਾਹ ਅਤੇ ਕਰਾਚੀ) ਹੁੰਦਿਆਂ ਘਰਦਿਆਂ ਨੂੰ ਬਿਨਾਂ ਦੱਸੇ ਆਪਣੇ ਦੇਸ਼ ਭਾਰਤ ਵਾਪਸ ਆਇਆ। ਲੇਖਕ ਅੰਤ ’ਚ ਲਿਖਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਪੰਜਾਬ ਦਾ ਹੁਲੀਆ ਵੀ ਕਾਫੀ ਕੁਝ ਬਦਲ ਗਿਆ ਹੈ। ਰਾਤ ਦੇ 11 ਵਜੇ ਆਪਣੇ ਘਰ ਪਹੁੰਚਣ ’ਤੇ ਘਰਦਿਆਂ ਵੱਲੋਂ ਗੇਟ ਨਾ ਖੋਲ੍ਹਣ ’ਤੇ ਕੰਧ ਤੋਂ ਛਾਲ ਮਾਰ ਕੇ ਅੰਦਰ ਵੜਦਾ ਹੈ ਤਾਂ ਟੀ.ਵੀ. ਦੇਖਦੇ ਪਰਿਵਾਰ ਨੂੰ ਅਚਨਚੇਤ ਮਿਲਣ ’ਤੇ ਖੁਸ਼ੀ ਦਾ ਮਾਹੌਲ ਹੋ ਉੱਠਦਾ ਹੈ। ਲੇਖਕ ਦੀ ਮਾਤਾ ਵਾਰ-ਵਾਰ ਉਸ ਦਾ ਮੂੰਹ ਫੜਦੀ ਆਖਦੀ, ਕਿੰਨਾ ਮਾੜਾ ਹੋ ਗਿਆ ਹੈ ਅਤੇ ਪਿਤਾ ਜੀ ਪੰਜਾਬੀ ਸੱਭਿਆਚਾਰ ਦੀ ਅਪਣੱਤ ਦਿਖਾਉਂਦੇ ਬੋਲੇ, ਬਥੇਰਾ ਦੁੱਧ ਘਿਓ ਐ ਘਰ, ਹੋ ਜਾਊ ਤਕੜਾ ਆਪੇ, ਐਵੇਂ ਫਿਕਰ ਨਾ ਕਰ। ਇਥੋਂ ਫਿਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ। ਇਸ ਸਫ਼ਰਨਾਮੇ ਦੀ ਭਾਸ਼ਾ ਤੇ ਸ਼ੈਲੀ ਬੜੀ ਰੌਚਕ ਹੈ ਅਤੇ ਪਾਠਕ ਇਸ ਨੂੰ ਪੜ੍ਹਦਿਆਂ ਸਹਿਜੇ ਹੀ ਨਾਲ-ਨਾਲ ਚੱਲਦਾ ਜਾਂਦਾ ਹੈ। ਵੱਖੋ-ਵੱਖ ਦੇਸ਼ਾਂ ਦੀ ਜਾਣਕਾਰੀ ਦਿੰਦਾ ਇਹ ਸਫਰਨਾਮਾ ਪ ੜ੍ਹਨਯੋਗ ਹੈ। ਇਸ ਪੁਸਤਕ ਦਾ ਹਵਾਲਾ ਦੇਣ ਲਈ ਖੋਜਾਰਥੀ ਅਤੇ ਆਪਣੇ ਗਿਆਨ ’ਚ ਵਾਧਾ ਕਰਨ ਦੇ ਚਾਹਵਾਨ ਪਾਠਕ ਇਸ ਪੁਸਤਕ ਨੂੰ ਲੇਖਕ ਜਗੀਰ ਜੋਸਣ, ਲੋਹੀਆਂ (98144-83001) ਤੋਂ ਮੰਗਵਾ ਕੇ ਪੜ੍ਹ ਸਕਦੇ ਹਨ।
ਪੁਸਤਕ: ਜਿਹੜੇ ਰਾਹੀਂ ਮੈਂ ਗਿਆ (ਸਫ਼ਰਨਾਮਾ)/ ਲੇਖਕ : ਜਗੀਰ ਜੋਸਣ/ ਪੰਨੇ: 254, ਮੁੱਲ: 250/- ਰੁਪਏ/ ਪ੍ਰਕਾਸ਼ਕ: ਬਾਗਪੁਰ ਪ੍ਰਕਾਸ਼ਨ, ਜਲੰਧਰ।
ਜਸਵਿੰਦਰ ਸਿੰਘ ਕਾਈਨੌਰ

