ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਮਈ:


ਵਿਦਵਾਨਾਂ ਵੱਲੋਂ ਪੰਜਾਬੀ ਲੋਕ ਬੋਲੀਆਂ ਵਿਚ ਪੰਜਾਬੀ ਸੱਭਿਆਚਾਰ ਨੂੰ ਵੱਖ ਵੱਖ ਦ੍ਰਿਸਟੀਕੋਣਾਂ ਤੋਂ ਪ੍ਰਗਟ ਕੀਤਾ ਗਿਆ ਹੈ। ਜਿੱਥੇ ਇਹ ਲੋਕ ਬੋਲੀਆਂ ਮਨੁੱਖ ਦੇ ਅੰਦਰੂਨੀ ਭਾਵਾਂ ਨੂੰ ਦਰਸਾਉਂਦੀਆਂ ਹਨ, ਉਥੇ ਸਮਾਜਿਕ ਤੇ ਆਰਥਿਕ ਪਹਿਲੂਆਂ ਤੇ ਵੀ ਰੌਸ਼ਨੀ ਪਾਉਂਦੀਆਂ ਹਨ। ਭਾਵੇਂ ਕਿ ਵੱਖ ਵੱਖ ਲੋਕ ਬੋਲੀਆਂ ਵਿਚ ਸਾਡੇ ਸਮਾਜਿਕ ਤਾਣੇ ਬਾਣੇ ਦੇ ਵੱਖ ਵੱਖ ਪਹਿਲੂਆਂ ਨੂੰ ਬਾਖੂਬੀ ਦਰਸਾਇਆ ਗਿਆ ਹੈ ਅਤੇ ਬਣਦਾ ਮਾਣ ਸਤਿਕਾਰ ਵੀ ਦਿੱਤਾ ਗਿਆ ਹੈ, ਉਥੇ ਸਮਾਜਿਕ ਪਾਤਰ ਛੜੇ ਨੂੰ ਕੋਈ ਬਹੁਤਾ ਮਾਣ ਸਤਿਕਾਰ ਨਹੀਂ ਮਿਲਿਆ। ਛੜਾ ਹਮੇਸਾ ਸਾਡੇ ਸਮਾਜ ਦਾ ਅਹਿਮ ਪਾਤਰ ਰਿਹਾ ਹੈ ਅਤੇ ਪੰਜਾਬੀ ਬੋਲੀ-ਸ਼ੈਲੀ ਵਿਚ ਛੜਾ ੳਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਜਿਸ ਦਾ ਵਿਆਹ ਨਾ ਹੋਇਆ ਹੋਵੇ। ਪਹਿਲੇ ਸਮਿਆਂ ਵਿਚ ਆਮ ਤੌਰ ‘ਤੇ ਜ਼ਿੰਮੀਦਾਰ ਪਰਿਵਾਰਾਂ ਵਿਚ ਜ਼ਮੀਨੀ ਵੰਡ ਨੂੰ ਰੋਕਣ ਲਈ ਵੀ ਘਰ ਵਿਚ ਇਕ ਮੁੰਡੇ ਨੂੰ ਅਣ-ਵਿਆਹਿਆ ਰੱਖ ਲਿਆ ਜਾਂਦਾ ਸੀ। ਘਰਾਂ ਵਿਚ ਇੱਕ ਮੁੰਡੇ ਨੂੰ ਅਣ-ਵਿਆਹਿਆ ਰੱਖ ਲੈਣ ਦੇ ਦੁਖਾਂਤ ਸਮੇਂ ਸਮੇਂ ਤੇ ਮੱਧ ਵਰਗੀ ਪਰਿਵਾਰਾਂ ਵਿਚ ਉਭਰ ਕੇ ਸਾਹਮਣੇ ਆਉਂਦੇ ਰਹੇ ਹਨ ਅਤੇ ਇਸੇ ਕਰਕੇ ਛੜਾ ਵਿਅਕਤੀ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਦਾ ਰਿਹਾ ਹੈ। ਇੱਥੇ ਸਮਾਜਿਕ ਪਾਤਰ ਛੜੇ ਨੂੰ ਉਸ ਦੇ ਜੀਵਨ ਵਿਚ ਆਉਂਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੇ ਸੁਭਾਅ ਬਾਰੇ ਝਾਤ ਪਾਉਂਣੀ ਲਾਜ਼ਮੀ ਹੋ ਜਾਂਦੀ ਹੈ ਤਾਂ ਜੋ ਅੱਜ ਦੇ ਸਮੇਂ ਨੋਜਵਾਨ ਵੀ ਇਸ ਸਮਾਜ ਦੇ ਅਣਗੌਲੇ ਪਾਤਰ ਛੜੇ ਦੇ ਜੀਵਨ ਵਿਚ ਆਉਂਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਸਕਣ। ਛੜਿਆਂ ਦੀ ਗੱਲ ਕਰੀਏ ਤਾਂ ਆਮ ਵੇਖਣ ਵਿਚ ਆਉਂਦਾ ਹੈ ਕਿ ਛੜੇ ਬੰਦੇ ਅਕਸਰ ਗੁਸੈਲੇ ਸੁਭਾਅ ਦੇ ਹੁੰਦੇ ਹਨ, ਕਿਉਕਿ ਸਮਾਜ ਵਿਚ ਛੜਾ ਵਿਅਕਤੀ ਆਪਣੇ ਭੈਣ, ਭਰਾ, ਭਾਬੀਆਂ, ਭਤੀਜੇ, ਭਤੀਜੀਆਂ, ਭਾਣਜੇ ਅਤੇ ਭਾਣਜੀਆਂ ਹੋਣ ਦੇ ਬਾਵਜੂਦ ਵੀ ਇਕੱਲਤਾ ਦਾ ਜੀਵਨ ਬਸ਼ਰ ਕਰਦਾ ਹੈ ਅਤੇ ਇਕੱਲੇਪਣ ਕਾਰਨ ਗੁੱਸਾ ਆਉਂਣਾ ਸੁਭਾਵਿਕ ਹੈ। ਪੰਜਾਬੀ ਲੋਕ ਬੋਲੀਆਂ ਅੰਦਰ ਸਾਡੇ ਸਮਾਜਿਕ ਪਾਤਰ ਛੜੇ ਨੂੰ ਕਿਧਰੇ ਅੜਬ ਸੁਭਾਅ ਦਾ ਵਿਖਾਇਆ ਗਿਆ ਹੈ, ਜਿਵੇਂ ਲੋਕ ਬੋਲੀਆਂ ਵਿਚ ਜ਼ਿਕਰ ਆਉਂਦਾ ਹੈ, “ਛੜਿਆਂ ਦੇ ਗਈ ਅੱਗ ਨੂੰ/ ਮੇਰੀ ਚੱਪਣੀ ਵਗਾਹ ਕੇ ਮਾਰੀ।”
ਇਸ ਦੇ ਨਾਲ ਹੀ ਲੋਕ ਬੋਲੀਆਂ ਅੰਦਰ ਛੜਿਆਂ ਨੂੰ ਆਪਣੀ ਰੋਟੀ ਪਾਣੀ ਦਾ ਆਹਾਰ ਵੀ ਆਪ ਹੀ ਕਰਦੇ ਦਿਖਾਇਆ ਗਿਆ ਹੈ, ਭਾਵ ਛੜੇ ਵਿਅਕਤੀ ਨੂੰ ਚੁੱਲ੍ਹਾ- ਚੌਂਕਾ ਆਪ ਹੀ ਕਰਨਾ ਪੈਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਲੋਕ ਬੋਲੀਆਂ ਅੰਦਰ ਛੜੇ ਨੂੰ ਤਾਹਨਾ ਦਿੱਤਾ ਜਾਂਦਾ ਹੈ, “ਰੰਨਾ ਵਾਲਿਆਂ ਦੇ ਪੱਕਣ ਪਰੌੱਠੇ/ ਛੜਿਆਂ ਦੀ ਅੱਗ ਨਾ ਬਲੇ।” ਖਾਣ ਪੀਣ ਦੇ ਮਾਮਲੇ ਵਿਚ ਵੀ ਛੜੇ ਖੁੱਲ੍ਹੇ ਸੁਭਾਅ ਦੇ ਹੁੰਦੇ ਹਨ ਅਤੇ ਇਹ ਆਪਣੀ ਮਰਜ਼ੀ ਦਾ ਖਾਣ ਪੀਣ ਦੇ ਸ਼ੌਕੀਨ ਹੁੰਦੇ ਹਨ। ਇਸੇ ਕਰਕੇ ਸਰੀਰਕ ਪੱਖ ਤੋਂ ਤੰਦਰੁਸਤ ਹੁੰਦੇ ਹਨ ਅਤੇ ਜਲਦੀ ਬੀਮਾਰ ਨਹੀਂ ਹੁੰਦੇ। ਪੰਜਾਬੀ ਲੋਕ ਬੋਲੀਆਂ ਵਿਚ ਛੜਿਆਂ ‘ਤੇ ਇਸ ਤਰ੍ਹਾਂ ਵਿਅੰਗ ਕੀਤਾ ਜਾਂਦਾ ਹੈ, “ਛੜੇ ਛੜੇ ਤਾਂ ਹਰ ਕੋਈ ਕਹਿੰਦਾ/ ਛੜੇ ਬੜੇ ਗੁਣਕਾਰੀ/ ਨਾ ਛੜਿਆਂ ਨੂੰ ਫੋੜਾ ਫਿਨਸੀ ਨਾ ਕੋਈ ਲੱਗੇ ਬੀਮਾਰੀ/ ਇਨ੍ਹਾਂ ਛੜਿਆਂ ਦੀ ਦੁਨੀਆਂ ਤੇ ਸਰਦਾਰੀ।” ਆਪਣੀ ਆਦਤ ਅਨੁਸਾਰ ਸਮਾਜ ਵਿਚ ਆਪਣੀ ਇਕੱਲਤਾ ਨੂੰ ਦੂਰ ਕਰਨ ਲਈ ਇਹ ਜਾਨਵਰਾਂ ਨੂੰ ਵੀ ਬਹੁਤ ਪਿਆਰ ਕਰਦੇ ਹਨ ਅਤੇ ਛੜੇ ਵਿਅਕਤੀ “ਬਲਦ” “ਮੱਝਾਂ” “ਬਿੱਲੀਆਂ” ਅਤੇ ਕੁੱਤੇ ਪਾਲਣ ਦੇ ਵੀ ਸ਼ੋਕੀਨ ਮੰਨੇ ਜਾਂਦੇ ਹਨ। ਛੜਿਆਂ ਦੇ ਸ਼ੌਕ ਮੁਤਾਬਿਕ ਬੋਲੀ ਪਾਈ ਜਾਂਦੀ ਹੈ, “ਛੜਿਆਂ ਨੂੰ ਰੋਣ ਬਿੱਲੀਆਂ/ ਰੰਨਾਂ ਵਾਲਿਆਂ ਨੂੰ ਰੋਣ ਨਿਆਣੇ।”
ਸਾਡੇ ਸਮਾਜਿਕ ਪਾਤਰ ਛੜੇ ਨੂੰ ਮੱਧ ਵਰਗੀ ਪਰਿਵਾਰਾਂ ਵਿਚ ਅਕਸਰ ਬਾਹਰ ਦੇ ਕੰਮ ਜ਼ਿਆਦਾ ਸੌਂਪੇ ਜਾਂਦੇ ਹਨ, ਭਾਵ ਘਰਾਂ ਅੰਦਰ ਛੜੇ ਨੂੰ ਖੇਤੀਬਾੜੀ ਆਦਿ ਦੇ ਕੰਮਾਂ ਲਈ ਵੀ ਪਹਿਲ ਦਿੱਤੀ ਜਾਂਦੀ ਹੈ। ਚਾਹੇ ਮੰਡੀ ਜਾਣਾ ਹੋਵੇ ਜਾਂ ਫਿਰ ਖੇਤ ਬੰਨੇ ਜਾਣਾ ਹੋਵੇ, ਛੜੇ ਨੂੰ ਹੀ ਭੇਜਿਆ ਜਾਂਦਾ ਹੈ। ਜਿਵੇਂ ਪੰਜਾਬੀ ਲੋਕ ਬੋਲੀਆਂ ਵਿਚ ਵੀ ਜ਼ਿਕਰ ਆਉਂਦਾ ਹੈ, “ਰੰਨਾ ਵਾਲੇ ਘਰ ਸੌਣਗੇ/ ਛੜੇ ਸੌਣਗੇ ਕਣਕ ਦੀ ਰਾਖੀ।” ਪੰਜਾਬੀ ਸੱਭਿਆਚਾਰ ਅੰਦਰ ਹੋਰ ਵੀ ਬਹੁਤ ਸਾਰੀਆਂ ਲੋਕ ਬੋਲੀਆਂ ਹਨ ਜੋ ਛੜੇ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ। ਭਾਬੀਆ ਛੜੇ ਜੇਠ ਨੂੰ ਖਿਝਾਉਣ ਦੇ ਮੰਤਵ ਨਾਲ ਬੋਲੀ ਪਾਉਂਦੀਆਂ ਹੋਈਆਂ ਕਹਿੰਦੀਆਂ ਹਨ, “ਛੜ੍ਹੇ ਜੇਠ ਨੂੰ ਲੱਸੀ ਨਹੀਂ ਦੇਣੀ/ ਦਿਓਰ ਭਾਵੇਂ ਮੱਝ ਚੁੰਘ ਜਾਏ।” ਇਸੇ ਤਰ੍ਹਾਂ ਛੜਾ ਵਿਅਕਤੀ ਵੀ ਆਪਣੀਆਂ ਭਾਬੀਆਂ ‘ਤੇ ਵਿਅੰਗ ਕੱਸਦਾ ਹੋਇਆ ਇੰਝ ਕਹਿੰਦਾ ਹੈ, “ਲੀੜੇ ਧੋਣ ਦੇ ਬਹਾਨੇ ਆਜਾ/ ਛੜਿਆਂ ਦੀ ਮੋਟਰ ‘ਤੇ।” ਮੁੱਕਦੀ ਗੱਲ ਪੰਜਾਬੀ ਲੋਕ ਬੋਲੀਆਂ ਅੰਦਰ ਕਿਸੇ ਨਾ ਕਿਸੇ ਰੂਪ ਵਿਚ ਛੜੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਸੱਭਿਆਚਾਰ ਵਿਚ ਕਿਧਰੇ ਛੜੇ ਨੂੰ ਮਜ਼ਾਕ ਦਾ ਪਾਤਰ ਅਤੇ ਕਿਧਰੇ ਆਪਣੇ ਆਜ਼ਾਦ ਸੁਭਾਅ ਦਾ ਮਾਲਕ ਵਿਖਾਇਆ ਗਿਆ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਗੀਤਾਂ ਵਿਚ ਵੀ ਛੜੇ ਨੂੰ ਕਿਧਰੇ ਨਿਮਾਣੇ ਅਤੇ ਵਿਚਾਰੇ ਜਿਹੇ ਪਾਤਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸਾਡੇ ਸੱਭਿਆਚਾਰ ਦਾ ਇਹ ਪਾਤਰ ਅੱਜ ਪੱਛਮੀ ਸੱਭਿਅਤਾ ਦੀ ਹਨੇਰੀ ਵਿਚ ਦਮ ਤੋੜਦਾ ਨਜ਼ਰ ਆ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦ ਛੜਾ ਕਲਪਿਤ ਪਾਤਰ ਦੇ ਰੂਪ ਵਿਚ ਸਿਰਫ ਸਟੇਜਾਂ ਜਾਂ ਫਿਰ ਪੁਸਤਕਾਂ ਤੱਕ ਹੀ ਸੀਮਤ ਰਹਿ ਜਾਵੇਗਾ।
ਸਰਬਜੀਤ ਭਗਵੰਤਪੁਰੀ – 96460 33480

