www.sursaanjh.com > ਸਾਹਿਤ > ਪਰਲੋ ਨੇ ਤਾਂ ਆਉਣਾ ਹੀ ਸੀ/ ਸੁਰਜੀਤ ਜੱਜ

ਪਰਲੋ ਨੇ ਤਾਂ ਆਉਣਾ ਹੀ ਸੀ/ ਸੁਰਜੀਤ ਜੱਜ

ਗ਼ਜ਼ਲ
ਪਰਲੋ ਨੇ ਤਾਂ ਆਉਣਾ ਹੀ ਸੀ/ ਸੁਰਜੀਤ ਜੱਜ
ਫੁੱਲਾਂ ਦੀ ਥਾਂ ਪੱਥਰ ਪੂਜੋਂ , ਕੁਦਰਤ ਨੇ ਕੁਰਲਾਉਣਾ ਹੀ ਸੀ।
ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ।
ਆਪਣੀ ਮਾਇਆ ਦੀ ਵਲਗਣ ਵਿਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ,
ਇਕ ਨਾ ਇਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ।
ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ,
ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ।
ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੋਲ ਖੁਦਕਸ਼ੀ ਕਰ ਚੁੱਕਾ ਸੀ,
ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ।
ਜੀਹਦੇ ਚੀਰਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ,
ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ।
ਸਿੱਪੀਆਂ ਵਿਚ ਸਮੁੰਦਰ ਭਰ ਕੇ ਜੋ ਜੇਬਾਂ ਵਿਚ ਪਾਈ ਫਿਰਦੇ,
ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ।
ਤੂੰ ਸ਼ੀਸ਼ੇ ਦੇ ਮੋਹਰੇ  ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ,
ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣਾ ਹੀ ਸੀ।
ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ ‘ਸੁਰਜੀਤ’ ਨਾ ਹੁੰਦੀ,
ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ।
◾️

Leave a Reply

Your email address will not be published. Required fields are marked *