|
ਚਾਂਦੀ ਦੇ ਗੜਵੇ ਵਾਲਾ ਗੀਤਕਾਰਃਇੰਦਰਜੀਤ ਹਸਨਪੁਰੀ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ:
ਪੰਜਾਬੀ ਗੀਤਕਾਰੀ ਵਿੱਚ ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ ਤੇ ਗਿਆਨ ਚੰਦ ਧਵਨ ਤੋਂ ਬਾਅਦ ਦੇ ਗੀਤਕਾਰਾਂ ਵਿੱਚ ਗੁਰਦੇਵ ਸਿੰਘ ਮਾਨ ਤੇ ਇੰਦਰਜੀਤ ਹਸਨਪੁਰੀ ਨੇ ਪਿੜ ਮੱਲ ਲਿਆ। 20ਅਗਸਤ ਨੂੰ ਹਸਨਪੁਰੀ ਜੀ ਦਾ ਜਨਮ ਦਿਨ ਹੈ। ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹਸਨਪੁਰ, ਜੋ ਉਸਦਾ ਜੱਦੀ ਪਿੰਡ ਸੀ ਪਰ ਜਨਮ ਨਾਨਕੀਂ ਹੋਇਆ ਪਿੰਡ ਅਕਾਲਗੜ੍ਹ (ਨੇੜੇ ਹਲਵਾਰਾ)।
ਉਸ ਦੇ ਵਿਛੋੜੇ ਵਾਲਾ ਦਿਨ ਯਾਦ ਆ ਰਿਹੈ। ਦਸੰਬਰ ਮਹੀਨਾ ਸੀ 2009 ਦਾ। ਉਸ ਰਾਤੀਂ ਸਃ ਜਗਦੇਵ ਸਿੰਘ ਜੱਸੋਵਾਲ ਦੇ ਟੈਲੀਫੋਨ ਦੀ ਘੰਟੀ ਖੜਕੀ ਤਾਂ ਮਨ ਕੰਬ ਗਿਆ। ਘਬਰਾਈ ਆਵਾਜ਼ ਵਾਲੇ ਬੋਲ ਸਨ, ਹਸਨਪੁਰੀ ਸਖਤ ਬੀਮਾਰ ਹੈ, ਬੇਹੋਸ਼ੀ ਨਹੀ ਟੁੱਟੀ, ਦਯਾ ਨੰਦ ਹਸਪਤਾਲ ਚੱਲਿਆਂ। ਮਿੱਤਰਾਂ ਸਨੇਹੀਆਂ ਤੇ ਸੰਚਾਰ ਮਾਧਿਅਮਾਂ ਨੂੰ ਦੱਸ ਕੇ ਆਖ ਦੇ, ਵਾਹ ਲਾ ਲਵੋ, ਜੇ ਬਚਾਅ ਸਕਦੇ ਹੋ ਤਾਂ ਹਸਨਪੁਰੀ ਬਚਾ ਲਵੋ। ਇਹ ਕਹਿ ਕਿ ਉਹਨਾਂ ਨੇ ਫੋਨ ਰੱਖ ਦਿੱਤਾ, ਮੈਨੂੰ ਘੇਰਨੀ ਜਿਹੀ ਆਈ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਮਰ ਦੇ 76ਵੇਂ ਡੰਡੇ ਤੇ ਪਹੁੰਚਿਆ ਇੰਦਰਜੀਤ ਹਸਨਪੁਰੀ, ਜਿਸ ਕੋਲ ਸਾਡੇ ਨਾਲੋਂ ਵੀ ਵੱਧ ਉਤਸ਼ਾਹ ਸੀ ਇਸ ਤਰ੍ਹਾਂ ਅਚਾਨਕ ਮੰਜੇ ਤੇ ਪੈ ਜਾਵੇਗਾ। ਗੁਰਦਾ ਰੋਗ ਨੇ ਸਾਡਾ ਹਿੰਮਤੀ ਲਿਖਾਰੀ ਢਾਹ ਲਿਆ। ਨਾਲ ਹੀ ਉਸਦਾ ਦਿਲ ਵੀ ਸਾਥ ਛੱਡਣ ਲੱਗਾ। ਮੇਰੀ ਚੇਤਨਾ ਸ਼ਕਤੀ ਵਿਚੋਂ ਵੀ ਉਹ ਸਾਰਾ ਸਫਰ ਲੰਘ ਗਿਆ ਜਿਸ ਵਿਚੋਂ ਦੀ ਮੈਂ ਪਿਛਲੇ ਕਈ ਵਰ੍ਹੇ ਹਸਨਪੁਰੀ ਦੇ ਨਾਲ ਨਾਲ ਤੁਰਿਆ ਸਾਂ।
ਮੇਰੇ ਵਰਗੇ ਅਨੇਕਾਂ ਲੋਕ ਇੰਦਰਜੀਤ ਹਸਨਪੁਰੀ ਦੇ ਗੀਤ ਸੁਣਦੇ ਹੀ ਤਾਂ ਜਵਾਨ ਹੋਏ ਹਨ, ਉਸਦਾ ਸਫ਼ਰ “ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ” ਤੋਂ ਸ਼ੁਰੂ ਹੋਇਆ ਸਫਰ ਹੰਸਰਾਜ ਹੰਸ ਦੇ ਗਾਏ ਅਨੇਕਾਂ ਗੀਤ ਨਿੱਕੇ ਨਿੱਕੇ ਦੋ ਖਾਲਸੇ ਤੀਕ ਪਹੁੰਚਿਆ ਹੋਰ ਵੀ ਅੱਗੇ ਤੁਰਿਆ ਯਾਦਾਂ ਦਾ ਝੁਰਮਟ ਮੈਨੂੰ ਘੇਰ ਕੇ ਖਲੋ ਗਿਆ। ਉਸਦੇ ਗੀਤ “ਜੇ ਮੁੰਡਿਆ ਮੋਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਕ ਹਿਲੇ ਮਜਾਜਣ ਜਾਂਦੀ ਦਾ” ਕਿਸੇ ਵੇਲੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ। ਅਜੇ ਇਸੇ ਸਾਲ ਦੇ ਜਨਵਰੀ ਮਹੀਨੇ ਮੇਰੇ ਬੇਟੇ ਪੁਨੀਤਪਾਲ ਦੇ ਵਿਆਹ ਤੇ ਇਹ ਗੀਤ ਹਰਭਜਨ ਮਾਨ, ਪੰਮੀ ਬਾਈ, ਅਮਰਿੰਦਰ ਗਿੱਲ, ਮੰਨਾ ਢਿਲੋਂ ਅਤੇ ਦਲਵਿੰਦਰ ਦਿਆਲਪੁਰੀ ਨੇ ਹਸਨਪੁਰੀ ਦੀ ਹਾਜ਼ਰੀ ਵਿੱਚ ਰਲ ਕੇ ਗਾਇਆ ਤਾਂ ਸਾਰਾ ਮਾਹੌਲ ਝੂਮ ਉਠਿਆ। ਸਟੇਜ ਤੇ ਇੰਦਰਜੀਤ ਹਸਨਪੁਰੀ ਤਾਂ ਨੱਚ ਹੀ ਰਿਹਾ ਸੀ ਉਸਦੇ ਅੰਗ ਸੰਗ ਹਰਦੇਵ ਦਿਲਗੀਰ ਅਤੇ ਸ਼ਮਸ਼ੇਰ ਸਿੰਘ ਸੰਧੂ ਵੀ ਤਾਲ ਨਾਲ ਤਾਲ ਮਿਲਾ ਰਹੇ ਸਨ । ਹਸਨਪੁਰੀ ਪੂਰੇ ਜਲਵੇ ਵਿੱਚ ਸੀ ਤੇ ਹੁਣ ਆਹ ਕੀ ਹੋਇਆ?
ਇੰਦਰਜੀਤ ਹਸਨਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ 46 ਵਰ੍ਹੇ ਪਹਿਲਾਂ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੋਈ। ਮੈਂ ਉਦੋਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿੱਚ ਲੈਕਚਰਾਰ ਸੀ ਕਦੇ ਕਦਾਈ ਆਪਣੇ ਭੂਆ ਦੇ ਪੁੱਤਰ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਨੂੰ ਮਿਲਣ ਗੁਰੂਸਰ ਸੁਧਾਰ ਚਲੇ ਜਾਂਦਾ, ਜਿਥੇ ਉਹ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਸਨ। ਇਸ ਵਾਰ ਵੀ ਮੈਂ ਉਹਨਾਂ ਨੂੰ ਹੀ ਮਿਲਣ ਗੁਰੂ ਸਰ ਸੁਧਾਰ ਗਿਆ ਹੋਇਆ ਸਾਂ, ਇਥੇ ਬੱਸ ਵਿੱਚ ਜਾਂਦਿਆਂ ਅਚਾਨਕ ਹੋਈ ਮੁਲਾਕਾਤ ਅੱਜ ਵੀ ਮੇਰੇ ਸਾਹੀ ਮਹਿਕਦੀ ਹੈ । ਉਦੋਂ ਹਸਨਪੁਰੀ ਬੰਬਈ ਵਸਦਾ ਸੀ। ਫਿਲਮਾਂ ਬਣਾਉਂਦਾ। ਫਿਲਮਾਂ ਵਿੱਚ ਗੀਤ ਲਿਖਦਾ। ਉਥੇ ਹੀ ਰਹਿੰਦਾ ।
ਇਸੇ ਮੁਲਾਕਾਤ ਵਿੱਚ ਹੀ ਉਸਨੇ ਦੱਸਿਆ ਕਿ ਗੁਰੂਸਰ ਸੁਧਾਰ ਦੇ ਨਾਲ ਲੱਗਵੀਂ ਅਬਾਦੀ ਵਾਲਾ ਪਿੰਡ ਅਕਾਲਗੜ੍ਹ ਉਸਦਾ ਨਾਨਕਾ ਪਿੰਡ ਹੈ, ਜਿਥੇ ਉਸ ਦਾ ਜਨਮ 19 ਅਗਸਤ 1932 ਨੂੰ ਹੋਇਆ। ਉਸ ਦੇ ਬਾਪ ਸ. ਜਸਵੰਤ ਸਿੰਘ ਨਵੀਂ ਦਿੱਲੀ ਵਿੱਚ ਉਸਾਰੀ ਦੇ ਠੇਕੇਦਾਰ ਸਨ। ਵੱਡੇ ਠੇਕੇਦਾਰ ਸਰ ਸੋਭਾ ਸਿੰਘ ਕੋਲ ਅੱਗੇ ਨਿੱਕੇ ਠੇਕੇਦਾਰ। ਇਥੇ ਹੀ ਉਸਨੇ ਦੱਸਿਆ ਕਿ ਇਹੀ ਸਰ ਸੋਭਾ ਸਿੰਘ ਪ੍ਰਸਿੱਧ ਲੇਖਕ ਸ. ਖ਼ੁਸ਼ਵੰਤ ਸਿੰਘ ਦਾ ਬਾਪ ਸੀ।
ਇੰਦਰਜੀਤ ਹਸਨਪੁਰੀ 15 ਵਰ੍ਹਿਆਂ ਦਾ ਹੋਇਆ ਤਾਂ ਸਿਰ ਤੋਂ ਬਾਬਲ ਦੀ ਛਾਂ ਖੁੱਸ ਗਈ । ਵਿਧਵਾ ਮਾਂ ਭਗਵਾਨ ਕੌਰ ਪਿੰਡ ਹਸਨਪੁਰ (ਲੁਧਿਆਣਾ) ਆ ਗਈ । ਪੂਰੇ ਪਰਿਵਾਰ ਦੀ ਜਿੰਮੇਵਾਰੀ ਹਸਨਪੁਰੀ ਦੇ ਨਿਮਾਣੇ ਮੋਢਿਆਂ ਦੇ ਆਣ ਪਈ। ਪੜ੍ਹਾਈ ਵਿੱਚ ਵਿਚਾਲੇ ਰੁਕ ਗਈ। ਡਰਾਇੰਗ ਦੇ ਸ਼ੌਕ ਕਾਰਨ ਉਸਨੇ ਇੱਕ ਪੇਂਟਰ ਵਜੋਂ ਜਿੰਦਗੀ ਆਰੰਭੀ। ਨੌਲੱਖਾ ਸਿਨੇਮਾ ਲੁਧਿਆਣਾ ਨੇੜੇ ਉਸਦੀ ਦੁਕਾਨ ਹੋਣ ਕਾਰਣ ਫਿਲਮੀ ਤਰਜਾਂ ਉਸਦੇ ਮਨ ਤੇ ਤਾਰੀ ਹੋਣ ਲੱਗੀਆਂ। ਫਿਲਮੀ ਗੀਤਾਂ ਦੀ ਰੀਸੇ ਉਸਨੇ ਕੁਝ ਗੀਤ ਝਰੀਟੇ। ਉਹ ਖੁਦ ਗੁਣਗੁਣਾਉਂਦਾ। ਉਸਦੀ ਰੀਝ ਸੀ ਕਿ ਗ੍ਰਾਮੋਫੋਨ ਰਿਕਾਰਡਾਂ ਉਪਰ ਉਸਦਾ ਨਾਮ ਵੀ ਉਵੇਂ ਹੀ ਛਪਿਆ ਹੋਵੇ ਜਿਵੇਂ ਨੰਦ ਲਾਲ ਨੂਰਪੁਰੀ ਜਾਂ ਕਿਸੇ ਹੋਰ ਗੀਤਕਾਰ ਦਾ ਹੁੰਦਾ ਹੈ। ਉਸਨੇ ਲੁਧਿਆਣਾ ਵਸਦੇ ਲੇਖਕਾਂ ਅਜਾਇਬ ਚਿਤਰਕਾਰ, ਸੰਤੋਖ ਸਿੰਘ ਧੀਰ, ਜਰਨੈਲ ਸਿੰਘ ਅਰਸ਼ੀ, ਵਰਿਆਮ ਸਿੰਘ ਮਸਤ ਨਾਲ ਦੋਸਤੀ ਪਾ ਲਈ। ਡਾ. ਜੋਹਨ ਅਕਬਰ ਰਾਹੀਂ ਉਸਦੇ ਸੰਗੀ ਸਾਥੀ ਬਣੇ। ਈਸ਼ਰ ਪਾਲ ਸਿੰਘ ਨੱਤ ਨਾਲ ਰਲ ਕੇ ਉਸਨੇ ਇੱਕ ਮਾਸਿਕ ਪੱਤਰ ਜਗਦੀ ਜੋਤ ਛਾਪਣਾ ਸ਼ੁਰੂ ਕੀਤਾ। ਸਟੇਜੀ ਕਵਿਤਾ ਵਾਲੇ ਸ਼ਾਇਰ ਉਸਦੇ ਨੌਲੱਖਾ ਸਿਨੇਮਾ ਲਾਗਲੇ ਖੋਖੇ ਵਿੱਚ ਕਿਆਮ ਕਰਦੇ। ਕਦੇ ਗੁਰਦੇਵ ਸਿੰਘ ਮਾਨ ਆਉਂਦਾ ਕਦੇ ਨੰਦ ਲਾਲ ਨੂਰਪੁਰੀ। ਸ਼ਿਵ ਕੁਮਾਰ ਬਟਾਲਵੀ ਦੀ ਦਾਰੂ ਪੀ ਕੇ ਮੋਹਨ ਭੰਡਾਰੀ ਨਾਲ ਲੜਾਈ ਵੀ ਹਸਨਪੁਰੀ ਦੇ ਇਸੇ ਖੋਖੇ ਵਿੱਚ ਹੀ ਹੋਈ ਸੀ। ਇਹ ਸਟੇਜੀ ਕਵੀ ਉਸਨੂੰ ਆਪਣੇ ਨਾਲ ਕਵੀ ਦਰਬਾਰਾਂ ਵਿੱਚ ਲਿਜਾਣ ਲੱਗ ਪਏ।
1959 ਵਿੱਚ ਉਸਦਾ ਪਹਿਲਾ ਗੀਤ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਕਟਾਣੀ ਕਲਾਂ ਵਾਲੇ ਸ਼ਾਦੀ ਬਖਸ਼ੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ। “ਸਾਧੂ ਹੁੰਦੇ ਰੱਬ ਵਰਗੇ“ ਗੀਤ ਰਿਕਾਰਡ ਹੋਣ ਤੋਂ ਪਹਿਲਾ ਉਹਨਾਂ ਨੇ ਇਸ ਗੀਤ ਨੂੰ ਲੋਕ ਗੀਤਾਂ ਦੀ ਸ਼੍ਰੇਣੀ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਗਾਇਆ। ਇਸੇ ਵਰ੍ਹੇ ਹੀ ਉਸਦਾ ਪਹਿਲਾਂ ਗੀਤ ਸੰਗ੍ਰਹਿ “ਔਸੀਆਂ“ ਛਪਿਆ। ਇਸ ਤੋਂ ਬਾਅਦ ਉਸਦੇ ਅਨੇਕਾਂ ਗੀਤ ਰਿਕਾਰਡ ਹੋਏ। ਨਾਲ ਨਾਲ ਕਾਵਿ ਸੰਗਿ੍ਹ ਵੀ ਛਪਦੇ ਰਹੇ। ਸਮੇਂ ਦੀ ਆਵਾਜ਼, ਜਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੀ ਜਿਹੀ ਕੋਈ ਜੱਟੀ ਨਾ, ਗੀਤ ਮੇਰੇ ਮੀਤ, ਕਿਥੇ ਗਏ ਉਹ ਦਿਨ ਓ ਅਸਲਮ, ਤੋਂ ਬਾਅਦ 1998 ਵਿੱਚ ਉਸਦਾ ਗ਼ਜ਼ਲ ਸੰਗ੍ਰਹਿ “ਰੰਗ ਖੁਸ਼ਬੂ ਰੌਸ਼ਨੀ“ ਛਪਿਆ । ਇਸ ਦੀਆਂ ਲੋਕ ਗੀਤ ਰੰਗਣ ਵਾਲੀਆਂ ਗਜ਼ਲਾਂ ਦੀ ਗੱਜ ਵੱਜ ਕੇ ਸ਼ਲਾਘਾ ਹੋਈ। ਇੱਕ ਸ਼ੇਅਰ ਦੀ ਵੰਨਗੀ ਵੇਖੋਾ: ![]() ![]() ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ, ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ।
ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ, ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ।
ਉਸਦੀਆਂ ਵਿਅੰਗ ਭਰਪੂਰ ਰਚਨਾਵਾਂ ਦਾ ਸੰਗ੍ਰਹਿ “ਕਿਰਤੀ ਕਿਰਤ ਕਰੇਂਦਿਆ” ਨੂੰ ਪਾਠਕਾਂ ਨੇ ਰੱਜਵਾਂ ਪਿਆਰ ਦਿੱਤਾ। ਉਸ ਦੀਆਂ ਕਵਿਤਾਵਾਂ “ਮੈਂ ਤਾਂ ਬੇਬੇ ਸਾਧ ਬਣੂੰਗਾ, ਪੜਨ ਲਿਖਣ ਦੇ ਮਾਰ ਤੂੰ ਗੋਲੀ“ ਅਤੇ “ਕਹਿੰਦੇ ਦੇਸ਼ ਆਜਾਦ ਹੋ ਗਿਆ, ਮੈਂ ਕਹਿੰਦਾ ਬਰਬਾਦ ਹੋ ਗਿਆ।“ ਹਸਨਪੁਰੀ ਦੇ ਮੁਢਲੇ ਗੀਤਾਂ ਨੂੰ ਉਸਤਾਦ ਜਸਵੰਤ ਭੰਵਰਾ ਨੇ ਸੁਰਾਂ ਨਾਲ ਸ਼ਿੰਗਾਰਿਆ। ਮੁਢਲੇ ਤੌਰ ਤੇ ਉਸਦੇ ਗੀਤਾਂ ਨੂੰ ਚਾਂਦੀ ਰਾਮ ਚਾਂਦੀ ਵਲੀਪੁਰੀਆ, ਨਰਿੰਦਰ ਬੀਬਾ, ਮੁਹੰਮਦ ਸਦੀਕ, ਕੁਲਦੀਪ ਸਿੰਘ ਪਰਦੇਸੀ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਸਵਰਨਲਤਾ ਅਤੇ ਜਗਮੋਹਨ ਕੌਰ ਨੇ ਗਾਇਆ । ਜਗਜੀਤ ਸਿੰਘ ਜੀਰਵੀ ਅਤੇ ਹਰਚਰਨ ਗਰੇਵਾਲ ਤੋਂ ਇਲਾਵਾ ਕਰਨੈਲ ਗਿੱਲ ਵੀ ਉਸਦੇ ਗੀਤਾਂ ਨੂੰ ਦੀਵਾਨੇ ਬਣੇ। ਨਵੇਂ ਗਵੱਈਆ ਵਿਚੋਂ ਮਲਕੀਤ ਸਿੰਘ ਗੋਲਡਨ ਸਟਾਰ, ਹੰਸਰਾਜ ਹੰਸ, ਡਾ. ਸੁਖਨੈਨ, ਸਰਦੂਲ ਸਿਕੰਦਰ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਅਤੇ ਰਵਿੰਦਰ ਗਰੇਵਾਲ ਵਰਗਿਆਂ ਨੇ ਉਸਦਾ ਕਲਾਮ ਘਰ ਘਰ ਪਹੁੰਚਾਇਆ। ਕੁਲਦੀਪ ਮਾਣਕ ਦੇ ਪੁੱਤਰ ਯੁਧਵੀਰ ਮਾਣਕ ਨੂੰ ਬਾਲ ਗਾਇਕ ਵਜੋਂ ਦੂਰਦਰਸ਼ਨ ਤੇ ਹਸਨਪੁਰੀ ਦੇ ਗੀਤ ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ ਨਾਲ ਪਛਾਣ ਮਿਲੀ। ਉਸਦੇ ਗੀਤਾਂ ਤੇ ਫਿਲਮਾਂ ਬਣੀਆਂ।
|



