www.sursaanjh.com > ਸਾਹਿਤ > ਧੂੰਆਂ/ ਪਿਆਰਾ ਸਿੰਘ ਰਾਹੀ

ਧੂੰਆਂ/ ਪਿਆਰਾ ਸਿੰਘ ਰਾਹੀ

ਮਿੰਨੀ ਕਹਾਣੀ

ਧੂੰਆਂ/ ਪਿਆਰਾ ਸਿੰਘ ਰਾਹੀ

ਸ਼ਾਮ ਦਾ ਵੇਲਾ ਸੀ। ਮੈਂ ਘਰੋਂ ਸੈਰ ਕਰਨ ਲਈ ਨਿਕਲਿਆ। ਪਾਰਕ ਦੀ ਬਾਹਰ ਵਾਲੀ ਸਾਈਡ ਝਾੜੀਆਂ ਦੇ ਝੁੰਡ ਵਿੱਚੋਂ ਨਿਕਲਦਾ ਥੋੜ੍ਹਾ-ਥੋੜ੍ਹਾ ਜਿਹਾ ਧੂੰਆਂ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ। ਕੋਲ ਜਾ ਕੇ ਵੇਖਿਆ ਤਾਂ ਸਿਗਰਟਾਂ ਦੀ ਅਜੀਬ ਜੇਹੀ ਬਦਬੂ ਬਦੋਬਦੀ ਨੱਕ ਵਿੱਚ ਵੜ ਰਹੀ ਸੀ। ਤਿੰਨ ਮੁੰਡੇ 20-22 ਸਾਲ ਦੇ ਹੋਣੇ, ਬੈਠੇ ਘੁਸਰ-ਮੁਸਰ ਜਿਹੀ ਕਰ ਰਹੇ ਸਨ। ਲਫੰਡਰ ਕਿਸੇ ਥਾਂ ਦੇ….ਕਹਿ ਕੇ ਮੈਂ ਅੱਗੇ ਲੰਘ ਗਿਆ ਸੀ।
ਦੂਜੇ … ਤੀਜੇ ਦਿਨ ਵੀ ਉੱਥੋਂ ਉੱਠਦੇ ਧੂੰਏ ਦੀ ਬਦਬੂ ਉਸੇ ਤਰ੍ਹਾਂ ਹੀ ਆਉਂਦੀ ਰਹੀ। ਫਿਰ ਮੈਂ ਸੋਚਿਆ ਇੱਧਰ ਆਇਆ ਹੀ ਨਹੀਂ ਕਰਨਾ। ਕੁੱਝ ਦਿਨ ਲੰਘੇ ਸਨ। ਅੱਜ ਉੱਥੇ ਕਾਫ਼ੀ ਭੀੜ ਜੁੜੀ ਹੋਈ ਸੀ। ਮੈਂ ਵੀ ਉਤਸੁਕਤਾ ਨਾਲ ਭੀੜ ਵੱਲ ਨੂੰ ਹੋ ਤੁਰਿਆ। ਪੁੱਛਣ ‘ਤੇ ਪਤਾ ਲੱਗਾ ਕਿ ਇੱਕ ਨਸ਼ੇੜੀ ਦੀ ਨਸ਼ੇ ਨਾਲ ਮੌਤ ਹੋ ਗਈ ਹੈ। ਭੀੜ ਵਿੱਚ ਜਿੰਨੇ ਮੂੰਹ ਓਨੀਆਂ ਗੱਲਾਂ। ਕੋਈ ਸਰਕਾਰਾਂ ਨੂੰ ਕੋਸ ਰਿਹਾ ਸੀ, ਕੋਈ ਨਸ਼ੇ ਦੇ ਵਪਾਰੀਆਂ ਨੂੰ ਗਾਲ੍ਹਾਂ ਕੱਢ ਰਿਹਾ ਸੀ। ਕੋਈ ਮਾਂ-ਪਿਉ ਦੀ ਅਣਗਹਿਲੀ ਦੱਸ ਰਿਹਾ ਸੀ।
ਮੈਂ ਭੀੜ ਵਿੱਚ ਖੜ੍ਹਾ ਸੱਭ ਤੋਂ ਅਲੱਗ ਆਪਣੇ ਬਾਰੇ ਸੋਚ ਰਿਹਾ ਸਾਂ। ਮੈਂ ਆਪਣੇ ਆਪ ਨੂੰ ਕੋਸ ਰਿਹਾ ਸਾਂ। ਕਿੰਨੇ ਹੀ ਸਵਾਲ ਮੇਰੇ ਸਾਹਮਣੇ ਖੜ੍ਹੇ ਮੈਨੂੰ ਮੂੰਹ ਚਿੜਾ ਰਹੇ ਸਨ। ਸੋਚਦਾ ਹਾਂ ਕਿ ਜਿਸ ਦਿਨ ਮੈਂ ਉਨ੍ਹਾਂ ਨੂੰ ਪਹਿਲੇ ਦਿਨ ਵੇਖਿਆ ਸੀ, ਜੇਕਰ ਅੱਗੇ ਹੋ ਕੇ ਵੇਖਦਾ, ਸਮਝਾਉਂਦਾ, ਉਨ੍ਹਾਂ ਦੇ ਮਾਂ-ਪਿਉ ਨੂੰ ਦੱਸਣ ਦੀ ਕੋਸ਼ਿਸ਼ ਕਰਦਾ, ਪੁਲਿਸ ਨੂੰ ਸੂਚਿਤ ਕਰਦਾ ਤਾਂ ਉਨ੍ਹਾਂ ਦਾ ਉੱਥੇ ਬੈਠਣਾ ਬੰਦ ਹੋ ਜਾਂਦਾ।
ਸ਼ਾਇਦ … ਉਹ ਬੇ-ਵਕਤੀ ਤੇ ਭਿਆਨਕ ਮੌਤ ਦੇ ਮੂੰਹ ਜਾਣੋਂ ਬਚ ਜਾਂਦਾ। ਮੇਰੀ ਅੰਤਰ-ਆਤਮਾ ਮੈਨੂੰ ਝੰਜੋੜ ਰਹੀ ਸੀ। ਮੇਰੇ ਹੀ ਮੂੰਹ ਚੋਂ ਨਿਕਲਿਆ ਸ਼ਬਦ ‘ਲਫੰਡਰ’ ਹਥੌੜੇ ਵਾਂਗ ਮੇਰੇ ਸਿਰ ਵਿਚ ਵੱਜ ਰਿਹਾ ਸੀ। ਮੈਨੂੰ ਲੱਗਾ ਜਿਵੇਂ ਮੇਰੇ ਸਾਹਮਣੇ ਖੜ੍ਹਾ ਕੋਈ ਚਿਹਰਾ ਹਵਾ ਵਿਚ ਉੱਚੀ-ਉੱਚੀ ਬੋਲ ਕੇ ਕਹਿ  ਰਿਹਾ ਹੋਵੇ … ‘ਲਫੰਡਰ’ ਉਹ ਨਹੀਂ ਸੀ। ਉਹ ਵੀ ਕਿਸੇ ਮਾਂ ਦਾ ਲਾਡਲਾ ਪੁੱਤ ਸੀ … ਕਿਸੇ ਭੈਣ ਦਾ ਵੀਰ ਸੀ। ਪਰ … ਹੁਣ ਬਹੁਤ ਦੇਰ ਹੋ ਚੁੱਕੀ ਸੀ। ਅੱਜ ਉਥੋਂ ਉੱਠਦਾ ਧੂੰਆਂ ਵੀ ਗਾਇਬ ਹੋ ਚੁੱਕਾ ਸੀ।
ਪਿਆਰਾ ਸਿੰਘ ਰਾਹੀ – 9463837388

Leave a Reply

Your email address will not be published. Required fields are marked *