www.sursaanjh.com > ਸਾਹਿਤ > ਸਾਡਾ ਖਾਣ ਪੀਣ, ਸਾਡੀ ਸੋਚ ਨੂੰ ਤੇ ਸਾਡੀ ਸੋਚ, ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ – ਜੇ.ਐੱਸ.ਮਹਿਰਾ

ਸਾਡਾ ਖਾਣ ਪੀਣ, ਸਾਡੀ ਸੋਚ ਨੂੰ ਤੇ ਸਾਡੀ ਸੋਚ, ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ – ਜੇ.ਐੱਸ.ਮਹਿਰਾ

ਸਾਡਾ ਖਾਣ ਪੀਣ, ਸਾਡੀ ਸੋਚ ਨੂੰ ਤੇ ਸਾਡੀ ਸੋਚ, ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ – ਜੇ.ਐੱਸ.ਮਹਿਰਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਸਿਤੰਬਰ:
ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ what we eat and what we think combined together, ਜਿਸ ਦਾ ਅਰਥ ਪੰਜਾਬੀ ਦੀ ਮਸ਼ਹੂਰ ਕਹਾਵਤ “ਜੈਸਾ ਖਾਇ ਅੰਨ, ਤੈਸਾ ਹੋਇ ਮਨ” ਹੈ। ਇਸ ਦਾ ਇੱਕ ਸਿੱਧਾ ਜਿਹਾ ਅਰਥ ਇਹ ਵੀ ਹੈ ਕਿ ਅਸੀਂ ਜੋ ਵੀ ਖਾਂਦੇ ਹਾਂ ਤੇ ਜੋ ਵੀ ਸੋਚਦੇ ਹਾਂ ਉਸਦਾ ਸਾਡੇ ਤਨ ਤੇ ਮਨ ਦੋਹਾਂ ਤੇ ਪ੍ਰਭਾਵ ਪੈਂਦਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਬਚਪਨ ਵਿੱਚ ਸਕੂਲ ਜਾਂਦੇ ਤਾਂ ਮਾਂ ਕਣਕ ਦੀ ਰੋਟੀ ਤੇ ਅੰਬ ਦੀ ਮਿੱਠੀ ਚਟਣੀ ਤੇ ਮੱਖਣ ਦੀ ਟਿੱਕੀ ਰੱਖ ਟਿਫਨ ਵਿੱਚ ਪਾ ਸਕੂਲ ਭੇਜਦੀ। ਜਦੋਂ ਅਸੀਂ ਕਣਕ ਦੀ ਕਟਾਈ ਸਮੇਂ ਤੇ ਮੱਕੀ ਦੀ ਗੁਡਾਈ ਸਮੇ ਖੇਤਾਂ ਵਿੱਚ ਕੰਮ ਕਰਦੇ ਤਾਂ ਅਦਰਕ ਤੇ ਹਰੀ ਮਿਰਚ ਦੀ ਚਟਣੀ, ਮੱਕੀ ਦੀ ਰੋਟੀ ਨਾਲ ਲੱਸੀ, ਕਦੇ ਗਠੇ ਤੇ ਪੁਦੀਨੇ ਦੀ ਚਟਣੀ, ਉਬਲੇ ਹੋਏ ਆਲੂਆ ਤੇ ਧਨੀਏ ਦੀ ਚਟਣੀ ਭੇਜਦੀ ਖਾ ਕੇ ਨਜ਼ਾਰਾ ਆ ਜਾਂਦਾ ਸੀ ਪਤਾ ਨਹੀਂ ਕਿੰਨੀਆਂ ਹੀ ਅਚਾਰ ਚਟਨੀਆਂ ਘਰਾਂ ਹੀ ਬਣਾਈਆਂ ਜਾਂਦੀਆਂ ਸੀ। ਅੱਜ ਵੀ ਚੇਤੇ ਕਰਕੇ ਮੂੰਹ ਵਿਚ ਪਾਣੀ ਆ ਜਾਂਦਾ ਹੈ।
ਪਰ ਅੱਜ ਦੀ ਨੌਜਵਾਨ ਪੀੜੀ ਇਸ ਸਵਾਦ ਤੋਂ ਵਾਂਝੇ ਹੋ ਚੁੱਕੀ ਹੈ ਪੈਕਟਾਂ ਵਿੱਚ ਬੰਦ ਮਿਲਾਵਟੀ ਲੱਸੀ, ਦਹੀਂ, ਮੱਖਣ,ਪਨੀਰ ਤੇ ਮਸਾਲੇਦਾਰ ਫਾਸਟ ਫੂਡ ਉਹਨਾਂ ਦੀ ਪਸੰਦ ਬਣ ਚੁੱਕੇ ਹਨ। ਅੱਜ ਕੱਲ੍ਹ ਢਾਬਿਆਂ ਤੇ ਰੇਹੜੀਆਂ ਤੇ ਜੂਠਾ-ਮੁੱਠਾ ਤੇ ਗੰਦਾ-ਮੰਦਾ ਖਾਣਾ ਉਹਨਾਂ ਦਾ ਸ਼ੋਂਕ ਤੇ ਕੁਝ ਲੋਕਾਂ ਦੀ ਮਜਬੂਰੀ ਵੀ ਬਣ ਗਿਆ ਹੈ ਇਹ ਵਿਸ਼ਾਲਾ ਭੋਜਨ ਸਾਡੇ ਤਨ ਤੇ ਮਨ ਤੇ ਬਹੁਤ ਮਾੜਾ ਅਸਰ ਪਾ ਰਿਹਾ ਹੈ ਤੇ ਅਸੀਂ ਦਿਨ ਪ੍ਰਤੀ ਦਿਨ ਅੰਦਰੋਂ ਹੀ ਅੰਦਰੋਂ ਸ਼ਰੀਰਕ ਤੇ ਮਾਨਸਿਕ ਪੱਖੋਂ ਖੋਖਲੇ ਹੁੰਦੇ ਜਾ ਰਹੇ ਹਾਂ ਨਤੀਜੇ ਵਜੋਂ ਛੋਟੇ ਛੋਟੇ ਬੱਚੇ, ਨੌਜਵਾਨ ਤੇ ਬਜ਼ੁਰਗ ਵੀ ਫੈਟੀ ਲੀਵਰ, ਸ਼ੂਗਰ, ਹਾਈ ਬੀਪੀ, ਹਾਈ ਕੈਲਸਟ੍ਰੋਲ, ਦਿਲ ਤੇ ਕਿਡਨੀ ਸਬੰਧੀ ਰੋਗਾਂ ਤੋਂ ਪੀੜਤ  ਹੋ ਰਹੇ ਹਨ ਸਾਡੇ ਸਮਾਜ ਦੀ ਮਾਨਸਿਕ ਕਮਜੋਰੀ ਦਾ ਕਾਰਣ ਇਹ ਗੰਦਲਾ ਭੋਜਨ ਹੀ ਹੈ।
ਅੱਜ ਸਾਡੇ ਸਮਾਜ ਵਿੱਚ ਜਿੰਨੀਆਂ ਵੀ ਘਿਨਾਉਣੀਆਂ ਘਟਨਾਵਾਂ ਜਿਵੇ ਬਲਾਤਕਾਰ, ਕਤਲ, ਆਤਮ ਹੱਤਿਆਵਾਂ, ਚੋਰੀ ਤੇ ਡਕੈਤੀਆਂ ਵਾਪਰ ਰਹੀਆਂ ਹਨ। ਇਹ ਸਭ ਸਾਡੇ ਮਾੜੇ ਖਾਣ ਪੀਣ ਦਾ ਹੀ ਨਤੀਜਾ ਹੈ। ਕੋਈ ਸਮਾਂ ਹੁੰਦਾ ਸੀ, ਜਦੋਂ ਅਸੀਂ ਸਫਰ ਤੇ ਜਾਣ ਸਮੇਂ ਘਰ ਤੋਂ ਪੱਲੇ ਵਿੱਚ ਜਾਂ ਪੋਣੇ ਵਿੱਚ ਰੋਟੀ ਬੰਨ ਕੇ ਲੈ ਜਾਂਦੇ ਸੀ ਪਰ ਅੱਜ ਅਸੀਂ ਫੈਸ਼ਨਪ੍ਰਸਤ ਤੇ ਐਸ਼ ਪ੍ਰ੍ਸਤ ਹੋ ਚੁੱਕੇ ਹਾਂ ਤੇ ਘਰੋਂ ਟਿਫਨ ਚੁੱਕਣ ਤੋਂ ਝਿਝਕਦੇ ਹਾਂ ਤੇ ਢਾਬਿਆਂ ਤੇ ਹੋਟਲਾਂ ਤੇ ਬੈਠ ਕੇ ਖਾਣਾ ਖਾਣ ਵਿੱਚ ਹੀ ਵੱਡਾਪਣ ਮਹਿਸੂਸ ਕਰਦੇ ਹਾਂ
ਇੱਕ ਅੰਗਰੇਜ਼ੀ ਵਿਦਵਾਨ ਦਾ ਕਥਨ ਹੈ ਕਿ ਮਨੁੱਖ ਜਿੱਦਾਂ ਸੋਚਦਾ ਹੈ, ਉਹ ਓਦਾਂ ਦਾ ਹੀ ਬਣ ਜਾਂਦਾ ਹੈ। ਸਾਡਾ ਖਾਣ ਪੀਣ ਸਾਡੀ ਸੋਚ ਨੂੰ ਤੇ ਸਾਡੀ ਸੋਚ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਦੀ ਹੈ। ਇਤਿਹਾਸ ਵਿੱਚ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਣਗੀਆਂ, ਜਿੱਥੇ ਇਨਸਾਨਾਂ ਦੀ ਉਸਾਰੂ ਸੋਚ ਨੇ ਉਹਨਾਂ ਨੂੰ ਸਫਲਤਾ ਦੀਆਂ ਉਚਾਈਆਂ ਤੇ ਪਹੁੰਚਾਇਆ ਤੁਹਾਨੂੰ ਅਜਿਹੀਆਂ ਵੀ ਉਦਾਹਰਨਾਂ ਮਿਲ ਜਾਣਗੀਆਂ , ਜਿੱਥੇ ਕੁਝ ਲੋਕਾਂ ਦੀ ਮਾਰੂ ਸੋਚ ਨੇ ਉਹਨਾਂ ਦਾ ਜੀਵਨ ਖੋ ਲਿਆ। ਪੰਜਾਬੀ ਦਾ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜਿਸਨੂੰ ਕਿ “ਬਿਰਹਾ ਦਾ ਕਵੀ” ਕਿਹਾ ਜਾਂਦਾ ਹੈ ਬਟਾਲਵੀ ਜੀ ਨੇ ਸੋਚ ਬਣਾ ਲਈ ਸੀ ਕੇ “ਅਸਾਂ ਤਾਂ ਜੋਬਨ ਰੁਤੇ ਮਰਨਾਂ” ਉਹਨਾਂ ਦੀ ਮੌਤ ਉਨ੍ਹਾਂ ਦੀ ਸੋਚ ਤੇ ਖਾਣ ਪੀਣ ਮੁਤਾਬਕ ਹੋਈ।
ਪੰਜਾਬੀ ਦੇ ਪ੍ਰਸਿੱਧ ਗਾਇਕ ਸੁਰਜੀਤ ਬਿੰਦਰਖੀਆ, ਜਿਨ੍ਹਾਂ ਨੇ ਗਾਇਆ “ਮੈਂ ਕੱਲ੍ਹ ਤਕ ਨਹੀਂ ਰਹਿਣਾ”, ਕੁੱਝ ਦਿਨਾਂ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਤੁਹਾਨੂੰ ਇੱਕ ਦੋ ਅਜੋਕੇ ਗੀਤਕਾਰਾਂ ਦੀਆਂ ਉਦਾਹਰਨਾਂ ਵੀ ਮਿਲ ਜਾਣਗੀਆਂ, ਜਿਹਨਾਂ ਦੀ ਮੌਤ ਵੀ ਉਹਨਾਂ ਦੀ ਸੋਚ ਮੁਤਾਬਕ ਹੀ ਹੋਈ। ਇਹ ਸਭ ਮੌਤਾਂ ਮਾਰੂ ਸੋਚ ਦਾ ਹੀ ਨਤੀਜਾ ਸੀ। ਪਰ ਸਾਡਾ ਸਮਾਜ ਤੇ ਸਮਾਜ ਦੀ ਮੂਰਖ ਜਨਤਾ ਇਹ ਮੰਨਦੀ ਹੈ ਕਿ ਉਨ੍ਹਾਂ ਦੀ ਕਲਮ ਨੂੰ ਕੋਈ ਇਲਾਹੀ ਸ਼ਕਤੀ ਦੀ ਦੇਣ ਸੀ। ਇਸ ਲਈ ਉਨ੍ਹਾਂ ਨੂੰ ਆਪਣਾ ਭਵਿੱਖ ਪਤਾ ਚੱਲ ਗਿਆ ਸੀ। ਪਰ ਅਸਲ ਵਿੱਚ ਇਸ ਦਾ ਮਾਸਟਰ ਮਾਈਂਡ ਅਵਚੇਤਨ ਮਨ ਸੀ। ਇਸ ਸਬੰਧੀ ਮੈਂ ਤੁਹਾਨੂੰ ਇੱਕ ਜਿਉਂਦੀ ਜਾਗਦੀ ਉਦਾਹਰਣ ਦਿੰਦਾ ਹਾਂ।
ਮੈਂ ਆਪਣੀ ਜ਼ਿੰਦਗੀ ਵਿੱਚ ਵਾਪਰੇ ਵੱਡੇ ਦੁਖਾਂਤ ਕਾਰਨ ਬਹੁਤ ਜਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਤੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਆਪਣੇ ਆਪ ਨੂੰ ਖ਼ਤਮ ਕਰਨ ਉਤੇ ਲੱਗਾ ਹੋਇਆ ਸੀ। ਮੇਰਾ ਲੀਵਰ ਖਤਮ ਹੋਣ ਦੇ ਮੁਕਾਮ ਤੇ ਪਹੁੰਚਣ ਵਾਲਾ ਸੀ। ਅਚਾਨਕ ਮੈਨੂੰ ਜ਼ਿੰਦਗੀ ਦੇ ਸਫਰ ਵਿੱਚ ਇੱਕ ਆਸ਼ਾ ਦੀ ਕਿਰਨ ਮਿਲ ਗਈ ਤੇ ਮੈਂ ਜ਼ਿੰਦਗੀ ਨੂੰ ਆਪਣੀ ਉਸਾਰੂ ਸੋਚ ਰਾਹੀਂ ਜਿਉਣ ਦੇ ਰਸਤੇ ਤੇ ਲੈ ਆਇਆ। ਦੋ ਤਿੰਨ ਸਾਲ ਪੀਜੀਆਈ ਤੋਂ ਲਗਾਤਾਰ ਟ੍ਰੀਟਮੈਂਟ ਲੈਣ ਤੋਂ ਬਾਅਦ ਅੱਜ ਮੈਂ ਬਿਲਕੁਲ ਠੀਕ ਹਾਂ। ਤੰਦਰੁਸਤ ਹਾਂ। ਸਾਦਾ ਤੇ ਸੰਤੁਲਿਤ ਭੋਜਨ ਤੇ ਉਸਾਰੂ ਸੋਚ ਸਾਡੇ ਜੀਵਨ ਨੂੰ ਪ੍ਰਭਾਵਤ ਕਰਦੀ ਹੈ।
ਜੇ. ਐੱਸ. ਮਹਿਰਾ – ਮੋਬਾਈਲ ਨੰਬਰ 9592430420

Leave a Reply

Your email address will not be published. Required fields are marked *