www.sursaanjh.com > Uncategorized > ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਲੋਕ ਅਰਪਣ ਅਤੇ ਵਿਚਾਰ ਚਰਚਾ 18 ਜਨਵਰੀ ਨੂੰ

ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਲੋਕ ਅਰਪਣ ਅਤੇ ਵਿਚਾਰ ਚਰਚਾ 18 ਜਨਵਰੀ ਨੂੰ

ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਲੋਕ ਅਰਪਣ ਅਤੇ ਵਿਚਾਰ ਚਰਚਾ 18 ਜਨਵਰੀ ਨੂੰ 11.00 ਵਜੇ ਸਵੇਰੇ 

ਟੀਮ ਰੂਹ ਪੰਜਾਬ ਇੰਟਰਨੈਸ਼ਨਲ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਇਹ ਸਮਾਗਮ

ਸਮਾਗਮ ਦੀ ਪ੍ਰਧਾਨਗੀ ਕਰਨਗੇ ਸ੍ਰੀ ਜੇ.ਬੀ. ਗੋਇਲ, ਮੁੱਖ ਮਹਿਮਾਨ ਹੋਣਗੇ ਸ੍ਰੀ ਜੇ.ਆਰ. ਕੁੰਡਲ, ਵਿਸ਼ੇਸ਼ ਮਹਿਮਾਨ ਦਵਿੰਦਰ ਦਮਨ ਅਤੇ ਪਰਚਾ ਉੱਘੇ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਪੜ੍ਹਨਗੇ

ਐੱਸ.ਏ.ਐੱਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜਨਵਰੀ:

ਉੱਘੇ ਲੇਖਕ, ਰੰਗਕਰਮੀ, ਗੀਤਕਾਰ  ਜਰਨੈਲ ਹੁਸ਼ਿਆਰਪੁਰੀ ਦੀ ਪੁਸਤਕ ‘ਮੇਰਾ ਵੇਲ਼ਾ ਮੇਰੇ ਗੀਤ‘ ਮਿਤੀ 18 ਜਨਵਰੀ 2024 ਨੂੰ 11.00 ਵਜੇ ਸਵੇਰੇ ਦਫਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 520, ਚੌਥੀ ਮੰਜ਼ਿਲ, ਸੈਕਟਰ 76, ਮੋਹਾਲ਼ੀ ਵਿਖੇ  ਲੋਕ ਅਰਪਣ ਅਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।

ਇਹ ਸਮਾਗਮ ਟੀਮ ਰੂਹ ਪੰਜਾਬ ਇੰਟਰਨੈਸ਼ਨਲ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਐੱਸ.ਏ.ਐੱਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ  ਸਮਾਗਮ ਦੀ ਪ੍ਰਧਾਨਗੀ ਸ੍ਰੀ ਜੇ.ਬੀ. ਗੋਇਲ ਕਰ ਰਹੇ ਹਨ ਜਦਕਿ ਮੁੱਖ ਮਹਿਮਾਨ ਸ੍ਰੀ ਜੇ.ਆਰ. ਕੁੰਡਲ, ਵਿਸ਼ੇਸ਼ ਮਹਿਮਾਨ ਦਵਿੰਦਰ ਦਮਨ ਹੋਣਗੇ। ਪਰਚਾ ਉੱਘੇ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਪੜ੍ਹਨਗੇ। 

ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ. ਨਗਰ (ਮੋਹਾਲ਼ੀ) ਨੇ ਸਾਹਿਤਕਾਰ ਸਮੂਹ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

ਵਿਸ਼ੇਸ਼ ਨੋਟ:

ਅਦਾਰਾ ਸੁਰ ਸਾਂਝ ਡਾਟ ਕਾਮ ਸ੍ਰ. ਜਰਨੈਲ ਹੁਸ਼ਿਆਰਪੁਰੀ ਦੇ ਕਾਵਿ ਸੰਗ੍ਰਹਿ ‘ਮੇਰਾ ਵੇਲ਼ਾ ਮੇਰੇ ਗੀਤ‘ ਸਬੰਧੀ ਉਲਫਤ ਬਾਜਵਾ (ਮਰਹੂਮ) ਵੱਲੋਂ ਲਿਖਿਆ ਭਾਵਪੂਰਤ ਲੇਖ ਛਾਪਣ ਦੀ ਖੁਸ਼ੀ ਲੈ ਰਿਹਾ ਹੈ – ਸੁਰਜੀਤ ਸੁਮਨ, ਸੰਪਾਦਕ, ਸੁਰ ਸਾਂਝ ਡਾਟ ਕਾਮ;

ਜਰਨੈਲ ਹੁਸ਼ਿਆਰਪੁਰੀ ਦਾ ਕਾਵਿ ਸਫ਼ਰ – ਉਲਫਤ ਬਾਜਵਾ

ਜਰਨੈਲ ਹੁਸ਼ਿਆਰਪੁਰੀ ਦਾ ‘ਮੇਰਾ ਵੇਲ਼ਾ ਮੇਰੇ ਗੀਤ‘ ਸੰਗ੍ਰਹਿ ਉਸ ਗੁਲਦਸਤੇ ਵਾਂਗ ਹੈ, ਜਿਸ ਵਿਚਲੇ ਵੰਨ-ਸੁਵੰਨੇ ਫੁੱਲ ਖੁਸ਼ਬੂਦਾਰ ਮਾਹੌਲ ਸਿਰਜਦੇ ਹਨ। ਜਰਨੈਲ ਇੱਕ ਬਹੁਪੱਖੀ ਸਾਹਿਤਕਾਰ ਹੈ, ਜਿਸ ਨੇ ਲਗਭਗ ਸਾਹਿਤ ਦੀ ਹਰ ਸਿਨਫ ‘ਤੇ ਹੱਥ ਅਜ਼ਮਾਇਆ ਹੈ ਅਤੇ ਕਾਮਯਾਬੀ ਹਾਸਲ  ਕੀਤੀ ਹੈ। ਉਸ ਦੁਆਰਾ ਰਚੇ ਗਏ ਗੀਤ, ਗ਼ਜ਼ਲਾਂ, ਰੁਬਾਈਆਂ ਆਦਿ ਪੰਜਾਬੀ ਸ਼ਾਇਰੀ ਦਾ ਵਧੀਆ ਨਮੂਨਾ ਪੇਸ਼ ਕਰਦੇ ਹਨ। ਸ਼ਾਇਰ ਹੋਣ ਤੋਂ ਇਲਾਵਾ ਉਹ ਸਫ਼ਲ ਰੰਗਕਰਮੀ ਅਤੇ ਯੋਗ ਪ੍ਰਬੰਧਕ    ਵੀ ਹੈ। ਸਾਹਿਤਕ ਖੇਤਰ ਉਸ ਉਸਦੇ ਯੋਗਦਾਨ ਨੂੰ ਦਰਸਾਣ ਲਈ ਲੰਮੇ ਚੌੜੇ ਵਿਸਥਾਰ ਦੀ ਲੋੜ ਹੈ, ਜਿਸਦੀ ਏਥੇ ਗੁੰਜਾਇਜ਼ ਨਹੀਂ।

ਜਰਨੈਲ ਹੁਸ਼ਿਆਰਪੁਰੀ ਨੇ ਆਪਣੀ ਇਸ ਕਿਤਾਬ ਵਿੱਚ ‘ਮੈਂ ਉਹ ਵੇਲ਼ਾ ਵੇਖਿਆ ਹੈ‘ ਦੇ ਸਿਰਲੇਖ ਹੇਠ ਪੁਰਾਤਨ ਸਭਿਆਚਾਰ ਦੀ ਅਜਿਹੀ ਤਸਵੀਰ ਖਿੱਚੀ ਹੈ, ਜਿਸ ‘ਤੇ ਅੱਜ ਦੀ ਪੀੜ੍ਹੀ ਵਿਸ਼ਵਾਸ ਕਰਨ ਲਈ ਤਿਆਰ ਨਹੀਂ।

ਲੇਖਕ ਦਾ ਪਿਛੋਕੜ ਪੇਂਡੂ ਹੈ। ਉਸਨੇ ਪਿੰਡਾਂ ਵਿੱਚ ਰਾਸਾਂ, ਗਿੱਧੇ ਤੇ ਭੰਗੜੇ ਪੈਂਦੇ ਵੇਖੇ ਹਨ ਅਤੇ ਲੋਕ ਬੋਲੀਆਂ ਸੁਣੀਆਂ ਹਨ। ਇਸ ਮਾਹੌਲ ਨੇ ਉਸਨੂੰ ਸਭਿਆਚਾਰਕ ਗੀਤਕਾਰ ਬਣਾ ਦਿੱਤਾ ਹੈ। ਉਸਨੇ ਆਪਣੇ ਗੀਤਾਂ ਵਿੱਚ, ਜਿੱਥੇ ਪਿਆਰ ਦੇ ਵਿਸ਼ੇ ਨੂੰ ਮਹਾਨਤਾ ਦਿੱਤੀ ਹੈ, ਉੱਥੇ ਪੇਂਡੂ ਸਭਿਆਚਾਰ ਨੂੰ ਵੀ ਮੂਰਤੀਮਾਨ ਕੀਤਾ ਹੈ। ਪੰਜਾਬ ਦੀ ਧਰਤ ਪਿਆਰ ਦੀ ਧਰਤ ਹੈ, ਜਿੱਥੇ ਮੁਟਿਆਰਾਂ ਅਤੇ ਗੱਭਰੂਆਂ ਦੇ ਪਿਆਰ ਆਮ ਗੀਤਾਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜਰਨੈਲ ਹੁਸ਼ਿਆਰਪੁਰੀ ਨੇ ਮੇਲਿਆਂ ਦੀ ਧਰਤ ਪੰਜਾਬ ਦਾ ਬਹੁਤ ਢੁੱਕਵੇਂ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ। ਇਹ ‘ਮੇਲੇ ਗੇਲੇ‘ ਵਿੱਚਲੀਆਂ ਸਤਰਾਂ ਜ਼ਿਕਰਯੋਗ ਹਨ; ‘‘ਭਾਈਚਾਰੇ ਦੀ ਗੱਲ ਹਮੇਸ਼ਾ ਏਥੇ ਲੋਕ ਨੇ ਕਰਦੇ/ ਹੁਸ਼ਿਆਰਪੁਰੀ ਦੁੱਖ ਸਾਂਝੇ ਕਰਦੇ ਸੂਰਜ ਤਾਈਂ ਫੜ੍ਹਦੇ/ ਜਿੱਥੇ ਦੀਪ ਅਮਨ ਦੇ ਜਗਦੇ/ ਉਹ ਹੈ ਧਰਤ ਪੰਜਾਬੀ/ ਜਿੱਥੇ ਮੇਲੇ-ਗੇਲੇ ਲਗਦੇ ਉਹ ਹੈ ਧਰਤ ਪੰਜਾਬੀ/ ਜਿੱਥੇ ਪੰਜ ਦਰਿਆ ਨੇ ਵਗਦੇ ਉਹ ਹੈ ਧਰਤ ਪੰਜਾਬੀ।‘‘

ਬੇਸ਼ੱਕ ਪਰਦੇਸੀ ਜੀਵਨ ਵਿੱਚ ਬੜੀਆਂ ਸਹੂਲਤਾਂ ਹਨ, ਪਰ ਪਿੰਡਾਂ ਦੇ ਪਿੱਪਲ਼ਾਂ ਹੇਠ ਲਗਦੀਆਂ ਮਜਲਸਾਂ, ਠੰਢੀਆਂ ਛਾਵਾਂ, ਪਿੰਡਾਂ ਦੀਆਂ ਸੱਥਾਂ, ਲੋਕਾਂ ਦਾ ਭੋਲ਼ਾਪਨ ਤੇ ਖੁੱਲ੍ਹਾ-ਡੁੱਲ੍ਹਾ  ਜੀਵਨ ਕਵੀ ਨੂੰ ਬੜੀ ਸ਼ਿੱਦਤ ਨਾਲ਼ ਯਾਦ ਆਉਂਦਾ ਰਹਿੰਦਾ ਹੈ ਅਤੇ ਉਸਦਾ ਜੀਅ ਕਰਦਾ ਹੈ ਕਿ ਉਹ ਪਰਦੇਸ ਵਿੱਚ ਗੁਆਚਣ ਲਾਲ਼ੋਂ ਆਪਣੇ ਪਿੰਡ ਨੂੰ ਮੁੜ ਜਾਵ; ‘‘ਹੁਸ਼ਿਆਰਪੁਰੀ ਨਿੱਤ ਮਿਣਦਾ ਰਹਿੰਦਾ ਆਪਣੇ ਪਿੰਡ ਦੀ ਦੂਰੀ/ ਬੋਹੜਾਂ ਹੇਠਾਂ ਬੈਠਣ ਦੀ ਪਰ ਰੀਝ ਨਾ ਹੋਈ ਪੂਰੀ/ ਇੱਕੋ ਹਸਰਤ ਮਨ ਵਿੱਚ ਰਹਿੰਦੀ ਵਤਨੀਂ ਫੇਰਾਂ ਪਾਵਾਂ/ ਜੀਅ ਕਰਦਾ ਏ ਮਾਰ ਉਡਾਰੀ ਵਤਨਾਂ ਨੂੰ ਮੁੜ ਜਾਵਾਂ।‘‘ ਹੋਰ ਵੇਖੋ; ‘‘ਔਸੀਆਂ ਪਾਈਆਂ ਕੰਮ ਨਾ ਆਈਆਂ/ ਭੁੱਲ ਕੇ ਐਵੇਂ ਅੱਖੀਆਂ ਲਾਈਆਂ/ ਤੂੰ ਤਾਂ ਮਾਰ ਉਡਾਰੀ ਜਾ ਕੇ/ ਬਹਿ ਗਿਉਂ ਵਿੱਚ ਪਰਦੇਸਾਂ ਦੇ/ ਮੈਂ ਰੋਣੇਂ ਰੋਵਾਂ ਆਪਣੇ ਲੇਖਾਂ ਦੇ।‘‘

ਜਰਨੈਲ ਨੇ ਆਪਣੇ ਗੀਤਾਂ ਵਿੱਚ ਪਿਆਰ ਨੁੰ ਬਾਖੂਬੀ ਪ੍ਰਗਟਾਇਆ ਹੈ; ‘‘ਸੁਣ ਰੂਪ-ਮੱਤਰੀਏ ਮੁਟਿਆਰੇ ਨੀਂ/ ਤੇਰਾ ਜੋਬਨ ਠਾਠਾਂ ਮਾਰੇ ਨੀਂ/ ਤੂੰ ਦੁੱਧ-ਮੱਖਣਾਂ ਨਾਲ਼ ਪਲ਼ੀ-ਪਲ਼ੀ/ ਤੈਨੂੰ ਚੜ੍ਹ ਜਵਾਨੀ ਕਹਿਰਾਂ ਦੀ/ ਤੇਰੇ ਹੁਸਨ ਦੇ ਚਰਚੇ ਗਲ਼ੀ-ਗਲ਼ੀ।‘‘

ਰਹਿਤਲ ਅਤੇ ਪਿਆਰ ਦੇ ਗੀਤਾਂ ਤੋਂ ਇਲਾਵਾ ਕਵੀ ਨੇ ਪਿਓ-ਧੀ ਦਾ ਮੋਹ, ਦੇਸ਼-ਪਿਆਰ, ਖੇਡਾਂ, ਤਿਓਹਾਰ, ਮੌਸਮਾਂ ਤੇ ਹੋਰ ਵੱਖ-ਵੱਖ ਵਿਸ਼ਿਆਂ ਤੇ ਬੜੇ ਸੋਹਣੇ ਗੀਤ ਲਿਖੇ ਹਨ। ਉਸਨੇ ਆਪਣੇ ਪਿੰਡ ਫਤਿਹਗੜ੍ਹ ਨਿਆੜਾ ਵਿਖੇ ਸਥਾਪਤ ਸਾਂਈਂ ਮੰਗੇ ਸ਼ਾਹ ਦੇ ਡੇਰੇ ਦੀ ਮਾਨਤਾ ਸਬੰਧੀ ਵੀ ਕੁਝ ਗੀਤਾਂ ਵਿੱਚ ਜ਼ਿਕਰ ਕੀਤਾ ਹੈ ਤੇ ਐਲਬਮ ਵੀ ਬਣੀ ਹੈ। ਉਸਦੇ ਗੀਤ ‘ਸੋਹਣੇ ਪੰਜਾਬ‘ ਵਿੱਚੋਂ, ਪੰਜਾਬੀਅਤ ਫੁੱਟ-ਫੁੱਟ ਪੈਂਦੀ ਹੈ; ‘‘ਹਰ ਪਾਸੇ ਇਹ ਮਹਿਕਾਂ ਵੰਡੇ ਖਿੜਿਆ ਜਿਵੇਂ ਗੁਲਾਬ/ ਸੋਹਣਾ ਦੇਸ਼ ਪੰਜਾਬ ਬਲੀਓ ਸੋਹਣਾ ਦੇਸ਼ ਪੰਜਾਬ।‘‘

ਗੀਤਾਂ ਤੋਂ ਇਲਾਵਾ ਉਸਨੇ ਗ਼ਜ਼ਲਾਂ ਵੀ ਕਹੀਆਂ ਹਨ। ਕੁਝ ਸ਼ਿਅਰ ਹਾਜ਼ਿਰ ਹਨ; ‘‘ਤੁਰਦੀ ਫਿਰਦੀ ਲਾਸ਼ ਹੈ ਉਹ ਹੋਰ ਤਾਂ ਕੁਝ ਵੀ ਨਹੀਂ/ ਉੱਠ ਗਿਆ ਵਿਸ਼ਵਾਸ ਹੈ ਉਹ ਹੋਰ ਤਾਂ ਕੁਝ ਵੀ ਨਹੀਂ।‘‘ ਇੱਕ ਹੋਰ ਸ਼ੇਅਰ ਵੇਖੋ, ਜਿਵੇਂ; ‘‘ਕੋਈ ਸ਼ਖਸ ਮੈਨੂੰ ਇਹ ਸਮਝਾਏ ਆ ਕੇ/ ਮੈਂ ਖੁਦ ਨੂੰ ਸੁਧਾਰਾਂ ਕਿ ਗ਼ਜ਼ਲਾਂ ਸੁਧਾਰਾਂ।‘‘

ਕਵੀ ਦੇ ਗੀਤ ਬਹੁਤ ਸਰਲ, ਪਿਆਰ ਭਰੇ, ਰਵਾਂ ਅਤੇ ਸੰਗੀਤਮਈ ਹਨ। ਇਸੇ ਕਰਕੇ ਉਸਦੇ ਕੁਝ ਗੀਤ ਰਿਕਾਰਡ ਵੀ ਹੋਏ ਹਨ ਅਤੇ ਆਮ ਸਟੇਜਾਂ ਤੇ ਗਾਏ ਵੀ ਜਾਂਦੇ ਹਨ, ਜਿਸ ਤੋਂ ਜਰਨੈਲ ਦੇ ਸਫ਼ਲ ਗੀਤਕਾਰ ਹੋਣ ਦਾ ਪਰਮਾਣ ਮਿਲ਼ਦਾ ਹੈ। ਮੈਂ ਜਰਨੈਲ ਹੁਸ਼ਿਆਰਪੁਰੀ ਨੂੰ ਦਿਲੀ ਮੁਬਾਰਕਬਾਦ ਦਿੰਦਾ ਹਾਂ ਅਤੇ ਉਸਦੀ ਹਰ ਤਰ੍ਹਾਂ ਦੀ ਕਾਮਯਾਬੀ ਲਈ ਦੁਆਗੋ ਹਾਂ।

Leave a Reply

Your email address will not be published. Required fields are marked *