www.sursaanjh.com > Uncategorized > ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ ਹੋਵੇਗਾ 17 ਅਪਰੈਲ ਨੂੰ – ਮਲਕੀਤ ਸਿੰਘ ਔਜਲਾ

ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਸ੍ਰ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) – ਭੁਪਿੰਦਰ ਸਿੰਘ ਝੱਜ

ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੁਹਾਲ਼ੀ ਕਰਨਗੇ ਪ੍ਰਧਾਨਗੀ – ਪਰਮਦੀਪ ਸਿੰਘ ਭਬਾਤ

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ

ਉੱਘੇ ਸ਼ਾਇਰ ਕੁਲਵੰਤ ਸਿੰਘ ਔਜਲਾ ਕਰਨਗੇ ਪੁਸਤਕ ਪੜਚੋਲ਼

ਇਸ ਸਮਾਰੋਹ ਦੌਰਾਨ ਕਰਨੈਲ ਸਿੰਘ ਸਹੋਤਾ, ਰਾਜ ਕੁਮਾਰ ਸਾਹੋਵਾਲ਼ੀਆ, ਗੁਰਮੀਤ ਸਿੰਗਲ ਅਤੇ ਸੁਰਜੀਤ ਸੁਮਨ ਦਾ ਹੋਵੇਗਾ ਸਨਮਾਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪਰੈਲ:

ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਛਾਪੀ ਗਈ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਦਾ ਲੋਕ ਅਰਪਣ ਸਮਾਰੋਹ 17 ਅਪਰੈਲ ਨੂੰ ਸਵੇਰੇ 11.00 ਵਜੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਅਤੇ ਛਪੀ ਪੁਸਤਕ ਬਾਰੇ ਮੈਂ ਆਪਣੇ ਦਿਲ ਦੇ ਵਲਵਲੇ ਇਸ ਪੁਸਤਕ ਦੀ ਸੰਪਾਦਕੀ ਰਾਹੀਂ ਇਸ ਤਰ੍ਹਾਂ ਪੇਸ਼ ਕੀਤੇ ਹਨ।

ਮੈਨੂੰ ਇਹ ਦੱਸਦਿਆਂ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਵੱਲੋਂ ਬਤੌਰ ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਦੀ ਹੱਥਲੀ ਪੁਸਤਕ ਤਿਆਰ ਕਰਵਾ ਕੇ ਪਾਠਕਾਂ ਦੀ ਝੋਲੀ ਵਿੱਚ ਪਾਈ ਜਾ ਰਹੀ ਹੈ। ਇਸ ਪੁਸਤਕ ਵਿੱਚ ਮੇਰੇ ਵੱਲੋਂ ਪੰਜਾਬ ਸਿਵਲ ਸਕੱਤਰੇਤ ਅਤੇ ਹੋਰਨਾਂ ਦਫਤਰਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਨ੍ਹਾਂ ਨੂੰ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਆਦਿ ਲਿਖਣ ਦਾ ਸ਼ੌਂਕ ਹੈ, ਦੀਆਂ ਰਚਨਾਵਾਂ ਲੈ ਕੇ ਸ਼ਾਮਿਲ ਕੀਤੀਆਂ ਗਈਆਂ ਹਨ, ਤਾਂ ਜੋ ਉਹਨਾਂ ਦੀ ਕਲਮ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ।  ਇਸ ਤੋਂ ਇਲਾਵਾ ਕਈ ਨਾਮਵਰ ਉੱਘੇ ਸ਼ਾਇਰਾਂ ਦੀਆਂ ਰਚਨਾਵਾਂ ਵੀ ਮੈਂ ਇਸ ਪੁਸਤਕ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਖੁਸ਼ੀ ਲਈ ਹੈ, ਤਾਂ ਜੋ ਨਵੇਂ ਲੇਖਕਾਂ ਨੂੰ ਇਹਨਾਂ ਪ੍ਰੋੜ ਸ਼ਾਇਰਾਂ ਦੀ ਸ਼ਾਇਰੀ ਤੋਂ ਸੇਧ ਵੀ ਮਿਲੇ ਅਤੇ ਉਨਾਂ ਦੇ ਉਤਸ਼ਾਹ ਵਿੱਚ ਵਾਧਾ ਵੀ ਹੋਵੇ। ਸਕੱਤਰੇਤ ਸਾਹਿਤ ਸਭਾ ਵੱਲੋਂ ਪਿਛਲੇ ਸਾਲ ਕਰਵਾਏ ਕਵੀ ਦਰਬਾਰ ਮੌਕੇ ਸਾਹਿਤਕਾਰਾਂ ਦੇ ਉਤਸ਼ਾਹ ਤੇ ਹਾਂ-ਪੱਖੀ ਹੁੰਗਾਰੇ ਨੂੰ ਦੇਖ ਕੇ ਮੇਰੇ ਮਨ ਵਿੱਚ ਇਹ ਪੁਸਤਕ ਪ੍ਰਕਾਸ਼ਿਕ ਕਰਵਾਉਣ ਦਾ ਖਿਆਲ ਆਇਆ, ਅੱਜ ਜਿਸ ਨੂੰ ਪੂਰਾ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।

ਮੈਂ ਧੰਨਵਾਦੀ ਹਾਂ ਸਾਹਿਤ ਸਭਾ ਦੇ ਸਲਾਹਕਾਰ ਅਤੇ ਉੱਘੇ ਸ਼ਾਇਰ ਰਾਜ ਕੁਮਾਰ ਸਾਹੋਵਾਲੀਆ ਦਾ, ਜਿਨ੍ਹਾਂ ਨੇ ਸਾਹਿਤ ਸਭਾ ਦੀ ਜ਼ਿੰਮੇਵਾਰੀ ਸੰਭਾਲਣ ਲਈ ਮੈਨੂੰ ਯੋਗ ਸਮਝਿਆ ਅਤੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਾਉਣ ਲਈ ਮੇਰੇ ਮੋਢੇ ਨਾਲ ਮੋਢਾ ਲਾ ਕੇ ਇਸ ਜ਼ਿੰਮੇਵਾਰੀ ਨੂੰ ਸਿਰੇ ਚੜਾਉਣ ਲਈ ਪੂਰਨ ਤੌਰ ‘ਤੇ ਸਹਿਯੋਗ ਦਿੱਤਾ। ਮੈਂ ਕਦੇ ਵੀ ਸਾਹਿਤ ਸਭਾ ਦਾ ਪ੍ਰਧਾਨ ਬਣਨ ਬਾਰੇ ਨਹੀਂ ਸੀ ਸੋਚਿਆ, ਕਿਉਂਕਿ ਮੈਂ ਆਪਣੀ ਡਿਊਟੀ ਦੇ ਨਾਲ ਆਪਣੇ ਆਪ ਨੂੰ ਅਖਬਾਰਾਂ ਅਤੇ ਕਿਤਾਬਾਂ ਵਿੱਚ  ਲਿਖਣ ਤੱਕ ਹੀ ਸੀਮਿਤ ਰੱਖਿਆ ਹੋਇਆ ਸੀ।  ਕੁੱਝ ਸਮਾਂ ਪਹਿਲਾਂ ਸ੍ਰੀ ਸਾਹੋਵਾਲੀਆ ਨੇ ਮੈਨੂੰ ਸਕੱਤਰੇਤ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਸ੍ਰੀ ਕਰਨੈਲ ਸਿੰਘ ਸਹੋਤਾ ਨਾਲ ਮਿਲਾਇਆ ਅਤੇ ਇਨ੍ਹਾਂ ਦੋਵਾਂ ਨੇ ਮੈਨੂੰ ਸਾਹਿਤ ਸਭਾ ਦੀਆਂ ਸਰਗਰਮੀਆਂ ਅੱਗੇ ਤੋਰਨ ਦੀ ਜ਼ਿੰਮੇਵਾਰੀ ਸੌਂਪੀ।  ਕਿਉਕਿ ਸ੍ਰੀ ਸਹੋਤਾ ਸੇਵਾ ਨਿਵਿਰਤ ਹੋ ਗਏ ਸਨ ਅਤੇ ਉਨਾਂ ਦੇ ਰੁਝੇਵੇਂ ਸੋਸ਼ਲ ਕਾਰਜਾਂ ਵਿੱਚ ਬਹੁਤ ਜ਼ਿਆਦਾ ਵੱਧ ਗਏ ਸਨ।  ਉਨਾਂ ਵੱਲੋਂ ਪ੍ਰਕਾਸ਼ਿਤ ਕਰਵਾਏ ਜਾਂਦੇ ਰਹੇ  ਸਕੱਤਰੇਤ ਸਮਾਚਾਰ ਮੈਗਜ਼ੀਨ ਨੂੰ ਅੱਜ ਵੀ ਮੁਲਾਜ਼ਮ ਯਾਦ ਕਰਦੇ ਹਨ। ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਅਤੇ ਸ਼ਾਇਰ ਸੁਰਜੀਤ ਸਿੰਘ ਸੁਮਨ ਜਿਥੇ ਮੇਰੇ ਪਰਮ ਮਿੱਤਰ ਹਨ, ੳਥੇ ਉਨ੍ਹਾਂ ਨੇ ਵੀ ਮੇਰੇ ਤੇ ਭਰੋਸਾ ਜਿਤਾਇਆ, ਜਿਸ ਦਾ ਮੈਂ ਰਿਣੀ ਹਾਂ।

ਪੰਜਾਬ ਸਕੱਤਰੇਤ ਸਾਹਿਤ ਸਭਾ ਦੀ ਸਥਾਪਨਾ 11 ਜਨਵਰੀ 1985 ਨੂੰ ਹੋਈ ਅਤੇ ਸਕੱਤਰੇਤ ਦੇ ਨਿੱਜੀ ਅਮਲੇ ਚੋਂ ਸਾਹਿਤਕਾਰ ਮਰਹੂਮ ਸ੍ਰੀ ਰਾਜਿੰਦਰ ਖੇਤਰਪਾਲ ਨੂੰ ਪਹਿਲੇ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ ਸੀ।  ਉਨ੍ਹਾਂ ਦੇ ਨਾਲ ਅਜਮੇਰ ਸਾਗਰ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਦੀਪ ਨੂੰ ਜਨਰਲ ਸਕੱਤਰ ਅਤੇ ਭਾਰਤ ਭੂਸ਼ਨ ਕਾਂਝਲੀਆ ਨੂੰ ਵਿੱਤ ਸਕੱਤਰ ਬਣਾਇਆ ਗਿਆ ਸੀ। ਇਹਨਾਂ ਤੋਂ ਇਲਾਵਾ ਕਰਨੈਲ ਸਹੋਤਾ, ਮਰਹੂਮ ਕਸ਼ਮੀਰ ਸਿੰਘ ਪੰਨੂ, ਸੁਰਿੰਦਰ ਕੋਹਲੀ, ਜਰਨੈਲ ਹੁਸ਼ਿਆਰਪੁਰੀ, ਵੀ.ਪੀ.ਆਨੰਦ, ਚਰਨ ਸਿੰਘ ਸਿੰਧਰਾ, ਵਾਸਦੇਵ ਸ਼ਰਮਾਂ, ਬਾਬੂ ਰਾਮ ਦੀਵਾਨਾ, ਸਰਵਣ ਸਾਬਰ, ਰਾਜ ਜ਼ਖਮੀ, ਰਜਨੀਸ਼ ਗੋਇਲ ਕਮਰ, ਮਰਹੂਮ ਕੇਵਲ ਮਾਣਕਪੁਰੀ, ਹਰਦਿਆਲ ਸਿੰਘ, ਹਰਬੰਸ ਪ੍ਰੀਤ, ਅਜੀਤ ਮੋਹਨ ਮਹਿਰਮ, ਕਰਤਾਰ ਸਿੰਘ ਪੂਨੀਆ, ਰਣਜੋਧ ਸਿੰਘ ਰਾਣਾ, ਅਮਰ ਵਿਰਦੀ, ਉਜਾਗਰ ਸਿੰਘ ਪੰਨੂਆਂਵਾਲਾ, ਮਰਹੂਮ ਜਸਵੰਤ ਸਿੰਘ ਰੰਧਾਵਾ ਆਦਿ ਨੇ ਸਮੇਂ-ਸਮੇਂ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸਾਹਿਤ ਸਭਾ ਦੀ ਸੇਵਾ ਕੀਤੀ। ਗੀਤ, ਕਵਿਤਾਵਾਂ, ਗਜ਼ਲਾਂ, ਨਾਟਕ ਅਤੇ ਕਹਾਣੀਆਂ ਦੀ ਸਿਰਜਨਾ ਵੀ ਕੀਤੀ ਅਤੇ ਸਾਰੀਆਂ ਪੁਸਤਕਾਂ ਅਤੇ ਸਾਂਝੇ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਏ।

ਜਦੋਂ ਮੈਂ ਸਾਲ 1995 ਵਿੱਚ ਪੰਜਾਬ ਸਿਵਲ ਸਕੱਤਰੇਤ ਵਿਖੇ ਡਿਊਟੀ ਜੁਆਇੰਨ ਕੀਤੀ, ਤਾਂ ਓਦੋਂ ਵੀ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਰਹੂਮ ਰਾਜਿੰਦਰ ਖੇਤਰਪਾਲ ਹੀ ਸਨ। ਮੇਰੇ ਪਿੰਡ ਮੁੱਲਾਂਪੁਰ ਗਰੀਬਦਾਸ ਤੋਂ ਡਾਕਟਰ ਜਵਾਹਰ ਲਾਲ ਸਕੱਤਰੇਤ ਦੀ ਆਯੂਰਵੈਦਿਕ ਡਿਸਪੈਂਸਰੀ ਵਿੱਚ ਤੈਨਾਤ ਸਨ, ਉਨ੍ਹਾਂ ਦੀ ਸ੍ਰੀ ਖੇਤਰਪਾਲ ਨਾਲ ਮਿੱਤਰਤਾ ਸੀ। ਇੱਕ ਦਿਨ ਉਹ ਮੈਨੂੰ ਉਨ੍ਹਾਂ ਕੋਲ ਲੈ ਕੇ ਗਏ ਅਤੇ ਆਪਣੇ ਖੁੱਲ੍ਹੇ ਸੁਭਾਅ ਮੁਤਾਬਿਕ ਕਹਿਣ ਲੱਗੇ ‘ਪ੍ਰਧਾਨ ਸਾਬ ਇਹ ਮੁੰਡਾ ਮੇਰਾ ਗਰਾਈਂ ਹੈ ਤੇ ਮੇਰੇ ਜਮਾਤੀ ਦਾ ਮੁੰਡਾ ਹੈ। ਮੈਂ ਇਸ ਨੂੰ ਤੁਹਾਨੂੰ ਮਿਲਾਉਣ ਲਈ ਲੈ ਕੇ ਆਇਆ। ਇਨ੍ਹਾਂ ਦਾ ਰਿਸ਼ਤੇਦਾਰ ਐ ਜਿਹੜਾ ਅੱਜਕਲ ਲੰਬੀ ਹੇਕ ਨਾਲ ਗਾਉਂਦਾ (ਸੁਰਜੀਤ ਬਿੰਦਰਖੀਆ)।’ ਮੈਂ ਸ੍ਰੀ ਖੇਤਰਪਾਲ ਨੂੰ ਦੱਸਿਆ ਕਿ ਮੈਨੂੰ ਵੀ ਗੀਤ, ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ਅਤੇ ਸਕੂਲ ਕਾਲਜ ਵਿੱਚ ਗਾਉਂਦਾ ਵੀ ਰਿਹਾ।  ਇਹ ਸੁਣ ਕੇ ਸ੍ਰੀ ਖੇਤਰਪਾਲ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ। ਅਸੀਂ ਵੀ ਤੁਹਾਡੇ ਵਾਂਗੂੰ ਕਿਸੇ ਵੇਲੇ ਨਵੇਂ ਆਏ ਸੀ ਅਤੇ ਲਿਖ-ਲਿਖ ਕੇ ਇੱਥੇ ਪਹੁੰਚੇ ਹਾਂ। ਲਿਖਦੇ ਰਹੋ, ਵਧੀਆ ਲਿਖੋ, ਅੱਗੇ ਜਾ ਕੇ ਇਹ ਕੰਮ ਤੁਸੀਂ ਹੀ ਸੰਭਾਲਣਾ ਹੈ। ਸੋ, ਉਨਾਂ ਦੀ ਗੱਲ ਪੱਲੇ ਬੰਨ੍ਹ ਕੇ ਮੈਂ ਲਿਖਦਾ ਗਿਆ ਅਤੇ ਇਸ ਖੇਤਰ ਵਿੱਚ ਮੈਂ ਕਦੇ ਵੀ ਨਫਾ-ਨੁਕਸਾਨ ਨਹੀਂ ਦੇਖਿਆ ਤੇ ਨਾ ਹੀ ਕਦੇ ਮਾੜਾ ਲਿਖਿਆ।

ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਮੇਰੀ ਲਿਖੀ ਪਹਿਲੀ ਪੁਸਤਕ ’ਸੁਰਜੀਤ ਬਿੰਦਰਖੀਆ ਜੀਵਨ ਤੇ ਗਾਇਕੀ’ ਪੰਜਾਬ ਦੇ ਉਸ ਸਮੇਂ ਦੇ ਗਵਰਨਰ  ਸ੍ਰੀ ਸ਼ਿਵਰਾਜ ਪਾਟਿਲ ਜੀ ਵੱਲੋਂ ਸਾਲ 2011 ਵਿੱਚ ਆਪਣੇ ਕਰ ਕਮਲਾਂ ਨਾਲ ਰਲੀਜ਼ ਕੀਤੀ ਸੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਸਤਕਾਂ ਵਿੱਚ ਮੇਰੇ ਲਿਖੇ ਗੀਤ ਅਤੇ ਇਤਹਾਸਕ ਜਾਣਕਾਰੀ ਭਰਪੂਰ ਲੇਖ ਅਕਸਰ ਹੀ ਛਪਦੇ ਰਹੇ ਹਨ। ਪੰਜਾਬੀ ਦੀਆਂ ਅਖਬਾਰਾਂ ਵਿੱਚ ਵੀ ਮੇਰੇ ਦੁਆਰਾ ਸਭਿਆਚਾਰ ਅਤੇ ਕਲਾਕਾਰਾਂ ਬਾਰੇ ਲਿਖੇ ਲੇਖ ਪ੍ਰਕਾਸ਼ਿਤ ਹੁੰਦੇ ਰਹੇ ਹਨ। ਚੰਡੀਗੜ ਵਸਾਉਣ ਵੇਲੇ ਉਜਾੜੇ ਗਏ 28 ਪਿੰਡਾਂ ਦੀ ਦਾਸਤਾਨ ਲਿਖ ਕੇ ਵੀ ਇਤਹਾਸ ਨੂੰ ਸਾਂਭਣ ਦਾ ਯਤਨ ਕੀਤਾ ਹੈ ਅਤੇ ਇਹਨਾਂ ਸਾਰੀਆਂ ਲਿਖਤਾਂ ਨੂੰ ਪਾਠਕਾਂ ਵੱਲੋਂ ਸਮੇਂ ਸਮੇਂ ਤੇ ਭਰਪੂਰ ਹੁੰਗਾਰਾ ਮਿਲਿਆ। ਬਹੁਤ ਸਾਰੇ ਕਲਾਕਾਰਾਂ ਨੇ ਮੇਰੇ ਲਿਖੇ ਗੀਤ ਰਿਕਾਰਡ ਵੀ ਕਰਵਾਏ ਹਨ। ਸ਼ੇਅਰੋ-ਸ਼ਾਇਰੀ ਵਿੱਚ ਮੈਂ ਬਹੁਤ ਸਾਰੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਕੇ ਕਈ ਮੁਕਾਬਲੇ ਜਿੱਤੇ। ਇਹ ਸਾਰਾ ਕੁੱਝ ਮੈਂ ਬਿਨਾਂ ਕਿਸੇ ਸੁਆਰਥ ਦੇ ਕੇਵਲ ਆਪਣੇ ਸ਼ੌਂਕ ਦੀ ਪੂਰਤੀ ਲਈ ਕੀਤਾ ਹੈ। ਮੇਰੀ ਸਾਹਿਤਕਾਰੀ ਦਾ ਸਫ਼ਰ ਅੱਗੇ ਵੀ ਇਸੇ ਤਰਾਂ ਜਾਰੀ ਰਹੇਗਾ, ਮੈਂ ਇਹ ਵੀ ਯਕੀਨ ਦਿਵਾਉਂਦਾ ਹਾਂ ।

ਸਾਲ 1996 ਵਿੱਚ ਜਦੋਂ ਸ਼ਾਇਰ ਅਜਮੇਰ ਸਾਗਰ ਹੁਰਾਂ ਨੇ ਸਾਹਿਤ ਸਭਾ ਵੱਲੋਂ ਸਾਂਝੀ ਕਾਵਿ ਪੁਸਤਕ “ਕਲਮਾਂ ਦੀ ਖੁਸ਼ਬੋ” ਪ੍ਰਕਾਸ਼ਿਤ ਕਰਵਾਈ ਸੀ, ਉਸ ਵਿੱਚ ਮੇਰੀ ਵੀ ਇੱਕ ਰਚਨਾ ਛਪੀ ਜਿਸ ਦੇ ਬੋਲ ਸਨ; ਸਿਗਰਟ ਬੀੜੀ ਜਰਦੇ ਨੂੰ ਮੈਂ ਹੱਥ ਲਗਾਉਂਦਾ ਨੀ/ ਦਾਰੂ ਪੀਣੇ ਵਾਲੇ ਨਾਲ ਮੈਂ ਅੱਖ ਮਿਲਾਉਂਦਾ ਨੀ/ ਗੋਤੇ ਲਾਉਂਦਾ ਰਾਵੀ ਅਤੇ ਵਿੱਚ ਝਨਾਬ ਦੇ/ ਮਾਣ ਹੈ ਮੈਨੂੰ ਜੰਮਿਆ ਹਾਂ ਮੈਂ ਵਿੱਚ ਪੰਜਾਬ ਦੇ।

ਜਦੋਂ ਮੇਰੀ ਇਹ ਰਚਨਾ, ਕਿਤਾਬ ਵਿੱਚ ਛਪੀ ਤਾਂ ਮੈਨੂੰ ਬਹੁਤ ਉਤਸ਼ਾਹ ਮਿਲਿਆ ਅਤੇ ਮੈਂ  ਆਪਣੀਆਂ ਲਿਖਤਾਂ ਜ਼ਰੀਏ ਅੱਗੇ ਵਧਦਾ ਗਿਆ।  ਉਸੇ ਤਜਰਬੇ ਦੇ ਆਧਾਰ ਤੇ ਮੈਂ ਦਫਤਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਲੇਖਕਾਂ ਦਾ ਉਤਸ਼ਾਹ ਵਧਾਉਣ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਸਕੱਤਰੇਤ ਵਿੱਚੋਂ ਕਈ ਨਵੇਂ ਚਿਹਰੇ ਸਾਹਮਣੇ ਆਏ ਹਨ, ਜਿਨਾਂ ਨੇ ਭਵਿੱਖ ਵਿੱਚ ਸਕੱਤਰੇਤ ਸਾਹਿਤ ਸਭਾ ਦਾ ਕਾਰਜ-ਭਾਰ ਸੰਭਾਲਣਾ ਹੈ।

ਇਸ ਸਮੇਂ ਪੰਜਾਬ ਸਕੱਤਰੇਤ ਸਾਹਿਤ ਸਭਾ ਵਿੱਚ ਮੇਰੇ ਤੋਂ ਇਲਾਵਾ ਰਾਜ ਕੁਮਾਰ ਸਾਹੋਵਾਲੀਆ, ਪਰਮਦੀਪ ਸਿੰਘ ਭਬਾਤ, ਦਵਿੰਦਰ ਸਿੰਘ ਜੁਗਨੀ, ਭੁਪਿੰਦਰ ਸਿੰਘ ਝੱਜ, ਜਸਪ੍ਰੀਤ ਸਿੰਘ ਰੰਧਾਵਾ, ਬਲਜਿੰਦਰਪਾਲ ਸਿੰਘ ਬੱਲੀ, ਗੁਰਿੰਦਰ ਸਿੰਘ ਬੈਦਵਾਣ, ਕਮਲ ਕੁਮਾਰ ਸ਼ਰਮਾਂ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਕੇ.ਰਾਏ, ਕਰਤਾਰ ਸਿੰਘ ਛੀਨਾ, ਹਰਪ੍ਰੀਤ ਸਿੰਘ ਬਲੱਗਣ, ਇੰਦਰਜੀਤ ਸਿੰਘ, ਰੁਪਿੰਦਰਪਾਲ ਰੂਪੀ ਅਤੇ ਸੰਦੀਪ ਕੰਬੋਜ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਅਤੇ ਫੀਮੇਲ ਸਟਾਫ ਵਿੱਚੋਂ ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਲਕਾ ਚੋਪੜਾ, ਨਿਰਮਲਾ, ਉਮਾ ਰਾਣੀ, ਬਲਜੀਤ ਕੌਰ, ਸੁਖਜੀਤ ਕੌਰ, ਮਨਦੀਪ ਕੌਰ ਅਤੇ ਮੈਰੀ ਗਿੱਲ ਵੀ ਬਣਦਾ ਯੋਗਦਾਨ ਪਾ ਰਹੀਆਂ ਹਨ।

ਇਸ ਪੁਸਤਕ ਵਿੱਚ ਮੇਰੇ ਤੋਂ ਇਲਾਵਾ ਕਰਨੈਲ ਸਹੋਤਾ, ਜਰਨੈਲ ਹੁਸ਼ਿਆਰਪੁਰੀ, ਅਲਬੇਲ ਬਰਾੜ, ਸ਼ਮਸ਼ੇਰ ਸੰਧੂ, ਮਰਹੂਮ ਜਿੰਦ ਸਵਾੜਾ, ਰਣਜੋਧ ਰਾਣਾ, ਪਰਮਦੀਪ ਭਬਾਤ, ਕੁਲਦੀਪ ਖਾਰਾ, ਦਲਬੀਰ ਸਰੋਆ, ਸ਼ੁਦੇਸ਼ ਕੁਮਾਰੀ, ਬਲਦੇਵ ਪਰਦੇਸੀ, ਅਜਮੇਰ ਸਾਗਰ, ਉਜਾਗਰ ਪਨੂੰਆਂਵਾਲਾ, ਨਿਰਮਲਾ, ਸਵ. ਵਰਿਆਮ ਸਿੰਘ ਬਟਾਲਵੀ, ਨਵਪ੍ਰੀਤ ਸਿੰਘ, ਸੁਰਜੀਤ ਸੁਮਨ, ਜਸਵੀਰ ਸਿੰਘ, ਬਲਜੀਤ ਕੌਰ, ਹਰਬੰਸ ਪ੍ਰੀਤ, ਅਰਸ਼ਦੀਪ ਸਿੰਘ, ਜਤਿੰਦਰ ਬਿੰਦਰਾ, ਸੁਖਚਰਨ ਸਿੰਘ ਸਾਹੋਕੇ, ਸੁਖਵਿੰਦਦਰ ਨੂਰਪੁਰੀ, ਹਰਜਿੰਦਰ ਸਾਈਂ ਸਕੇਤੜੀ, ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਲਾਭ ਸਿੰਘ ਚਤਾਮਲੀ, ਗੁਰਮੀਤ ਸਿੰਗਲ, ਸਰਬਜੀਤ ਵਿਰਦੀ, ਕਰਤਾਰ ਸਿੰਘ ਛੀਨਾ, ਪ੍ਰੀਤ ਬਲੱਗਣ, ਅਮਨਿੰਦਰ ਸਿੰਘ, ਬਲਜਿੰਦਰ ਬੱਲੀ, ਅਮਰ ਵਿਰਦੀ, ਝੱਜ ਦੁਰਾਲੀ, ਸਵ. ਪ੍ਰੀਤਮ ਲੁਧਿਆਣਵੀ, ਬਲਜੀਤ ਫਿੱਡਿਆਂਵਾਲਾ, ਕੇ.ਰਾਏ, ਸਵ. ਕੇਵਲ ਮਾਣਕਪੁਰੀ, ਭਗਤ ਰਾਮ ਰੰਗਾੜਾ, ਬਚਨ ਬੇਦਿਲ, ਅਲੀ ਰਾਜਪੁਰਾ, ਰੂਪ ਸਤਵੰਤ ਸਿੰਘ, ਭੁਪਿੰਦਰ ਮਟੌਰ ਵਾਲਾ, ਹਰਵਿੰਦਰ ਓਹੜਪੁਰੀ, ਸਰਦੂਲ ਸਿੰਘ ਔਜਲਾ, ਲਖਵੀਰ ਸਿੰਘ ਲੱਖੀ,  ਜੌਹਨ ਪੰਜਾਬੀ ਅਤੇ ਰਾਜ ਕੁਮਾਰ ਸਾਹੋਵਾਲੀਆ ਦੀਆਂ ਲਿਖਤਾਂ ਸ਼ਾਮਿਲ ਹਨ। ਸਾਰੇ ਸਤਿਕਾਰਯੋਗ ਸ਼ਾਇਰਾਂ ਦਾ ਖੂਬਸੂਰਤ ਸ਼ਾਇਰੀ ਸਿਰਜਣਾ ਲਈ ਸਕੱਤਰੇਤ ਸਾਹਿਤ ਸਭਾ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੈਂ ਸਕੱਤਰੇਤ ਸਾਹਿਤ ਸਭਾ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਵੀ ਧੰਨਵਾਦੀ ਹਾਂ, ਜਿਨਾਂ ਨੇ ਹਮੇਸ਼ਾ ਸਾਥ ਦਿੱਤਾ।

ਉਮੀਦ ਹੈ ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ‘ਕਾਵਿਕ-ਲਕੀਰਾਂ’ ਸਿਰਲੇਖ ਹੇਠ ਕੀਤੇ ਇਸ ਯਤਨ ਨੂੰ ਤੁਹਾਡੇ ਸਾਰਿਆਂ ਵੱਲੋਂ ਗਰਮਜੋਸ਼ੀ ਨਾਲ ਹੁੰਗਾਰਾ ਮਿਲੇਗਾ, ਅਜਿਹਾ ਮੈਨੂੰ ਵਿਸ਼ਵਾਸ਼ ਵੀ ਹੈ ਤੇ ਯਕੀਨ ਵੀ। ਮੈਂ ਜੀਵਨ ਦੇ ਕਿਸੇ ਖੂਬਸੂਰਤ ਮੋੜ ਤੇ ਮੁੜ ਮਿਲਣ ਦੀ ਆਸ ਨਾਲ ਆਪ ਸਭ ਤੋਂ ਮੁੜ ਮਿਲਣ ਦੀ ਵਿਦਾ ਲੈਂਦਾ ਹਾਂ।

– ਮਲਕੀਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:), ਚੰਡੀਗੜ – ਮੋਬਾਈਲ: 9914992424, ਈ.ਮੇਲ: malkiataujla@ gmail.com

Leave a Reply

Your email address will not be published. Required fields are marked *