Breaking
www.sursaanjh.com > ਅੰਤਰਰਾਸ਼ਟਰੀ > ਕੁਝ ਅਟਪੱਟੀਆਂ-3/ ਰਾਜ ਕੁਮਾਰ ਸਾਹੋਵਾਲੀਆ 

ਕੁਝ ਅਟਪੱਟੀਆਂ-3/ ਰਾਜ ਕੁਮਾਰ ਸਾਹੋਵਾਲੀਆ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ:
ਚੁੱਪ ਏਨੀ ਕਾਰਗਰ ਚੀਜ਼ ਹੈ ਜੋ ਵੱਡੇ ਵੱਡੇ ਮਸਲਿਆਂ ਦਾ ਹੱਲ ਤੇ ਕਲੇਸ਼ ਦਾ ਨਾਸ਼ ਕਰ ਦਿੰਦੀ ਹੈ। ਚੁੱਪ ਦਾ ਸਮਾਨਆਰਥਿਕ ਸ਼ਬਦ ਹੈ: ਖਮੋਸ਼ੀ। ਇਹ ਫਾਰਸੀ ਮੂਲ ਦਾ ਸ਼ਬਦ ਹੈ, ਜਿਸ ਦੇ ਹੋਰ ਅਰਥ ਹਨ; ਮੌਨ, ਚੁੱਪੀ, ਸ਼ਾਂਤੀ ਜਾਂ ਸੰਨਾਟਾ। ਕਈ ਵਾਰ ਚੁੱਪ ਰਹਿਣ ਵਾਲਾ ਕਿਸੇ ਦੇ ਸਨਮਾਨ ਜਾਂ ਲਿਹਾਜ਼ ਕਰਕੇ ਚੁੱਪ ਹੁੰਦਾ ਹੈ ਪਰ ਉਸਦੀ ਚੁੱਪੀ ਦਾ ਕੁਝ ਹੋਰ ਹੀ ਮਤਲਬ ਕੱਢ ਕੇ ਲੋਕਾਂ ਵਿੱਚ ਭੰਡੀ ਪ੍ਰਚਾਰ ਆਰੰਭ ਕਰ ਦਿੱਤਾ ਜਾਂਦਾ ਹੈ। ਇਹ ਕਦਾਚਿਤ ਨਿਆਂ ਸੰਗਤ ਨਹੀਂ ਹੈ। ਖਾਮੋਸ਼ੀ, ਕਮਜ਼ੋਰੀ ਨਹੀਂ ਸਗੋਂ ਕਿਸੇ ਦੀ ਤਾਕਤ ਹੁੰਦੀ ਹੈ। ਖਾਮੋਸ਼ੀ ਦੀ ਆਵਾਜ਼ ਵਿੱਚ ਆਹਟ ਵੀ ਇੱਕ ਸ਼ੋਰ ਦੀ ਤਰ੍ਹਾਂ ਹੀ ਹੁੰਦੀ ਹੈ। ਸਿਆਣੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਤੁਹਾਡੀ ਆਵਾਜ਼ ਜਾਂ ਬੋਲਣਾ ਚੁੱਭਣ ਲੱਗੇ ਤਾਂ ਉਸ ਵਿਅਕਤੀ ਨੂੰ ਆਪਣੀ ਖਾਮੋਸ਼ੀ ਦੇ ਦਿਓ। ਇਸ ਤੋਂ ਵੱਡਾ ਹੋਰ ਕੋਈ ਜਵਾਬ ਹੀ ਨਹੀਂ ਹੈ। ਖਾਮੋਸ਼ੀ ਦਾ ਮਤਲਬ ਕੇਵਲ ਚੁੱਪ ਰਹਿਣਾ ਹੀ ਨਹੀਂ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਗਹਿਰਾਈ ਨਾਲ ਸੋਚਦਾ, ਸੁਣਦਾ ਤੇ ਬਿਹਤਰ ਜਵਾਬ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ। ਖਾਮੋਸ਼ੀ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਤੇ ਇਸਨੂੰ ਸੁਨਣ ਨਾਲ ਜੀਵਨ ਦੀਆਂ ਮੁਸ਼ਕਿਲਾਂ ਆਸਾਨ ਹੋ ਜਾਂਦੀਆਂ ਹਨ। ਕਦੇ ਕਦੇ ਤਾਂ ਖਾਮੋਸ਼ੀ ਦੇ ਅੰਦਰ ਦਾ ਸ਼ੋਰ ਸ਼ਬਦਾਂ ਨਾਲੋਂ ਵੀ ਤੇਜ਼ ਹੁੰਦਾ ਹੈ। ਉਦਾਸੀ ਦੀ ਖਾਮੋਸ਼ੀ, ਗਹਿਰੀ ਸੋਚ ਦੀ ਖਾਮੋਸ਼ੀ ਤੇ ਗੁੱਸੇ ਦੀ ਖਾਮੋਸ਼ੀ ਇਸ ਦੇ ਤਿੰਨ ਪ੍ਰਕਾਰ ਹਨ। ਸੰਸਾਰ ਵਿੱਚ ਵਿਚਰਦਿਆਂ ਜਿੱਥੇ ਸ਼ਬਦ ਕਾਰਗਰ ਨਹੀਂ ਹੋ ਰਹੇ ਹੁੰਦੇ, ਉੱਥੇ ਖਾਮੋਸ਼ੀ ਆਪਣਾ ਵਧੀਆ ਕੰਮ ਕਰਦੀ ਹੈ। ਇਹ ਗੱਲ ਵੇਖਣ ਸੁਨਣ ਨੂੰ ਤਾਂ ਭਾਵੇਂ ਅਟ-ਪੱਟੀ ਜਿਹੀ ਲੱਗਦੀ ਹੈ ਪਰ ਇਹ ਹੈ ਸੋਲਾਂ ਆਨੇ ਸੱਚ।
ਲਗਦੇ ਹੱਥ ਮੈਂ ਇੱਕ ਹੋਰ ਅਟ-ਪਟੀ ਵੀ ਤੁਹਾਡੇ ਨਾਲ ਸਾਂਝੀ ਕਰ ਹੀ ਲਵਾਂ। ਉਹ ਇਹ ਕਿ ਸੰਸਾਰੀ ਜੀਵਾਂ ਦੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਜਿਹੀ ਲੱਗੀ ਹੋਈ ਹੈ ਜੋ ਮਨੁੱਖੀ ਜੀਵਨ ਨੂੰ ਪਟੜੀਓਂ ਲਾਹ ਕੇ ਜੀਵਨ ਜਿਊਣਾ ਮੁਹਾਲ ਕਰ ਦਿੰਦੀ। ਜਦੋਂ ਸੰਸਾਰ ਦੇ ਕਿਸੇ ਵੀ ਮਨੁੱਖ ਦੀ ਸ਼ਕਲ ਜਾਂ ਅਕਲ ਕਿਸੇ ਦੂਸਰੇ ਮਨੁੱਖ ਨਾਲ ਮੇਲ਼ ਨਹੀਂ ਖਾਂਦੀ, ਫਿਰ ਇੱਕ ਦੂਜੇ ਨਾਲ ਤੁਲਨਾ ਕਰਨੀ ਤਾਂ ਬੇਮਾਇਨਾ ਹੈ ਤੇ ਬਿਨਾਂ ਮੰਜ਼ਿਲ ਤੋਂ ਲੱਗੀ ਦੌੜ ਵੀ ਨਿਰਾਰਥਕ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਛੋਟੀ ਜਿਹੀ ਗੱਲ ਵੀ ਮਨੁੱਖ ਦੇ ਪਿੜ ਪੱਲੇ ਨਹੀਂ ਪੈਂਦੀ। ਮਨੁੱਖ, ਮਨੁੱਖ ਨਾਲ ਈਰਖਾ ਪਾਲਦਾ ਹੈ ਤੇ ਅੰਤ ਨੂੰ ਬਿਨਾਂ ਕੁਝ ਖੱਟੇ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਜਿਸ ਕੋਲ ਸਾਈਕਲ ਹੈ, ਉਹ ਸਕੂਟਰ ਦੀ ਲਾਲਸਾ ਰੱਖਦਾ ਹੈ ਤੇ ਸਕੂਟਰ ਵਾਲਾ ਗੱਡੀ ਦੀ ਤੇ ਛੋਟੀ ਗੱਡੀ ਵਾਲਾ, ਵੱਡੀ ਗੱਡੀ ਦੀ। ਇਸ ਤਰ੍ਹਾਂ ਨਾ ਮੁੱਕਣ ਵਾਲੀ ਦੌੜ ਨਿਰੰਤਰ ਜਾਰੀ ਰਹਿੰਦੀ ਹੈ ਤੇ ਮਨੁੱਖ ਆਪਣਾ ਜੀਵਨ ਮਕਸਦ ਭੁੱਲ ਜਾਂਦਾ ਹੈ। ਲੋੜ ਤੋਂ ਵੱਧ ਪਦਾਰਥ ਕੱਠੇ ਕਰਨੇ ਇੱਕ ਪਾਗਲਪਨ ਹੀ ਤਾਂ ਹੈ। ਇਹੋ ਪਾਗਲਪਨ ਬੁਢਾਪੇ ਵਿੱਚ ਜਾ ਕੇ ਮਨੁੱਖ ਨੂੰ ਹੋਰ ਜ਼ਿਆਦਾ ਤੰਗ ਕਰਦਾ ਹੈ। ਮਨ ਦੀ ਸ਼ਾਂਤੀ ਗੁਆਚ ਜਾਂਦੀ ਹੈ, ਨੀਂਦ ਨਹੀਂ ਆਉਂਦੀ, ਹਰ ਵੇਲੇ ਚਿੰਤਾ ਰਹਿੰਦੀ ਹੈ ਕਿ ਜਿਹੜਾ ਧਨ ਮਾਲ ਕੱਠਾ ਕੀਤਾ ਹੈ ਕਿਤੇ ਖ਼ੁਸ ਹੀ ਨਾ ਜਾਵੇ। ਦਾਦਾ ਕਮਾਏ ਤੇ ਪੋਤਾ ਖਾਏ ਵਾਲੀ ਬਿਰਤੀ ਵਧੇਰੇ ਔਖਾ ਕਰਦੀ ਹੈ। ਅਗਲੀ ਪੀਹੜੀ ਦੀ ਫਿਕਰ ਮਨੁੱਖ ਦੇ ਆਪਣੇ ਸਾਹ ਔਖੇ ਕਰ ਦਿੰਦੀ ਹੈ ਤੇ ਅੰਤ ਨੂੰ ਮਨੁੱਖ ਸਪੁਰਦ-ਏ-ਖ਼ਾਕ ਜਾਂ ਸਪੁਰਦ-ਏ-ਰਾਖ਼ ਹੋ ਜਾਂਦਾ ਹੈ। ਇਸ ਤਰਾਂ ਇਹ ਕਾਲ ਚੱਕਰ ਚੱਲਦਾ ਹੀ ਰਹਿੰਦਾ ਹੈ। ਜੀਵਨ ਰੂਪੀ ਇਸ ਨਾਟਕ ਦੇ ਪਾਤਰ ਬਦਲਦੇ ਰਹਿੰਦੇ ਹਨ ਤੇ ਇਹ ਭਰਮ ਦੇਣ ਵਾਲਾ ਨਾਟਕ ਮੁੱਢ ਕਦੀਮ ਤੋਂ ਹੀ ਨਿਰੰਤਰ ਚੱਲਦਾ ਆ ਰਿਹਾ ਹੈ ਤੇ ਚੱਲਦਾ ਰਹਿਣਾ ਵੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਮਨੁੱਖ ਨੂੰ ਇਹ ਵੀ ਭਰਮ ਹੈ ਕਿ ਉਹੀ ਸਿਆਣਾ ਹੈ ਤੇ ਉਸਦੀਆਂ ਆਉਣ ਵਾਲੀਆਂ ਪੀਹੜੀਆਂ ਤਾਂ ਲਥਾਰਜਿਕ ਤੇ ਬੁੱਧੀਹੀਣ ਹੀ ਹੋਣਗੀਆਂ। ਇਸ ਕਰਕੇ ਉਹ ਖੁਦ ਹੀ ਉਹਨਾਂ ਦੇ ਰੋਟੀ-ਟੁੱਕ ਦਾ ਜੁਗਾੜ ਕਰਨ ਦੇ ਆਹਰ ਵਿੱਚ ਜੁੱਟਿਆ ਰਹਿੰਦਾ ਹੈ। ਪਦਾਰਥਾਂ ਦੇ ਗੁਲਾਮ ਬਣ ਜੀਵਨ ਗੁਜਾਰਨਾ ਕੋਈ ਸਿਆਣੀ ਸੋਚ ਨਹੀਂ ਹੈ, ਸਗੋਂ ਪਦਾਰਥਾਂ ਦਾ ਜੀਵਨ ਵਿੱਚ ਆਨੰਦ ਲੈਣਾ ਹੀ ਜੀਵਨ ਮਨੋਰਥ ਹੋਣਾ ਚਾਹੀਦਾ। ਜੀਵਨ ਜਿੰਨਾ ਸਰਲ ਹੋਵੇਗਾ ਓਨਾ ਹੀ ਸੁਖਾਵਾਂ ਹੋਵੇਗਾ।
ਰਾਜ ਕੁਮਾਰ ਸਾਹੋਵਾਲੀਆ

Leave a Reply

Your email address will not be published. Required fields are marked *