ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੇ ਅਣਸੁਲ਼ਝੇ ਮਸਲੇ ਵਿਚਾਰੇ ਗਏ – ਰਾਜਿੰਦਰ ਸਿੰਘ ਬਡਹੇੜੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਈ:


ਚੰਡੀਗੜ੍ਹ ਲੰਬਰਦਾਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਜਥੇਬੰਦੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਬਡਹੇੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਚੰਡੀਗੜ੍ਹ ਦੇ ਪਿੰਡਾਂ ਦੇ ਪ੍ਰਤਿਨਿਧਾਂ ਨਾਲ ਸੰਬੰਧਿਤ ਮਹੱਤਵਪੂਰਨ ਮਸਲੇ ਉਠਾਏ ਗਏ। ਸ੍ਰ. ਬਡਹੇੜੀ ਨੇ ਦੱਸਿਆ ਕਿ ਯੂਨੀਅਨ ਨੇ ਪੰਚਾਇਤਾਂ ਦੀ ਗੈਰ-ਮੌਜੂਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਪਾਲ ਦੀ ਸਲਾਹਕਾਰ ਕੌਂਸਲ ਵਿੱਚ ਉੱਤਰ, ਪੂਰਬ, ਪੱਛਮ ਅਤੇ ਦੱਖਣ – ਹਰ ਖੇਤਰ ਤੋਂ ਇੱਕ – ਇੱਕ ਲੰਬਰਦਾਰ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਯੂਨੀਅਨ ਨੇ ਪਿੰਡਾਂ ਦੇ ਮਸਲਿਆਂ ਨੂੰ ਉਠਾਉਣ ਲਈ ਪਿੰਡ ਵਿਕਾਸ ਸਲਾਹਕਾਰ ਕਮੇਟੀ ਬਣਾਉਣ ਦੀ ਮੰਗ ਕੀਤੀ, ਜਿਸ ਵਿੱਚ ਹਰ ਪਿੰਡ ਦੇ ਲੰਬਰਦਾਰ ਅਤੇ ਪ੍ਰਮੁੱਖ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਵੇ। ਇਸ ਦੇ ਨਾਲ ਹੀ ਨਾਮਜ਼ਦ ਮੈਂਬਰਾਂ ਵਿੱਚ ਚਾਰ ਲੰਬਰਦਾਰਾਂ ਨੂੰ ਸ਼ਾਮਲ ਕਰਨ ਦੀ ਵੀ ਮੰਗ ਵੀ ਕੀਤੀ ਗਈ, ਤਾਂ ਜੋ ਪਿੰਡਾਂ ਦੇ ਮਸਲਿਆਂ ਲਈ ਇੱਕ ਵੱਖਰੇ ਢੰਗ ਦਾ ਮੰਚ ਮਿਲ ਸਕੇ।
ਮੀਟਿੰਗ ਵਿੱਚ ਯੂਨੀਅਨ ਨੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦੇਣ ਅਤੇ ਇਸ ਨੂੰ 1 ਨਵੰਬਰ 1966 ਵਾਲੇ ਦਰਜੇ ਦੇ ਬਰਾਬਰ ਬਹਾਲ ਕਰਨ ਦੀ ਮੰਗ ਕੀਤੀ। ਮੀਟਿੰਗ ਦੇ ਅਖੀਰ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਹ ਮੰਗਾਂ ਸੰਬੰਧਿਤ ਅਧਿਕਾਰੀਆਂ ਅੱਗੇ ਰੱਖੀਆਂ ਜਾਣਗੀਆਂ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਨੂੰ ਮੈਮੋਰੰਡਮ/ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਅਹਿਮ ਮੀਟਿੰਗ ਵਿੱਚ ਚੰਡੀਗੜ੍ਹ ਦੇ ਪਿੰਡਾਂ ਦੇ ਲੰਬਰਦਾਰ ਰੁਲਦਾ ਸਿੰਘ, ਅਟਾਵਾ, ਰਾਜਿੰਦਰ ਸਿੰਘ, ਬਡਹੇੜੀ, ਕਮਲਜੀਤ ਸਿੰਘ ਬੈਰ ਮਾਜਰਾ, ਗੁਰਬਚਨ ਸਿੰਘ ਬਹਲਾਣਾ, ਗੁਲਾਬ ਸਿੰਘ, ਪ੍ਰਹਲਾਦ ਸਿੰਘ, ਬਲਜਿੰਦਰ ਸਿੰਘ, ਬਬਲਾ ਸਿੰਘ, ਬਲਦੇਵ ਸਿੰਘ, ਸੁਸ਼ੀਲ ਕੁਮਾਰ (ਸਾਰੇ ਬੁਰੈਲ), ਅਮਨਜੋਤ ਕੌਰ ਬਟੇਰਲਾ, ਦਲਬੀਰ ਸਿੰਘ ਦਰਿਆ, ਜੈ ਪ੍ਰਕਾਸ਼ ਦਾਦੂ ਮਾਜਰਾ, ਨਾਥ ਸਿੰਘ ਖੁੱਡਾ ਅਲੀਸ਼ੇਰ, ਫਤਿਹ ਸਿੰਘ, ਮਨਜੀਤ ਸਿੰਘ, ਰਣਦੀਪ ਸਿੰਘ (ਸਾਰੇ ਮਨੀਮਾਜਰਾ), ਰਾਜ ਕੁਮਾਰ ਮਲੋਇਆ, ਬਲਵਿੰਦਰ ਸਿੰਘ ਮਲੋਇਆ, ਬਲਵਿੰਦਰ ਸਿੰਘ ਮੌਲੀ ਜਾਗਰਾਂ, ਦਲਜੀਤ ਸਿੰਘ ਪਲਸੌਰਾ, ਨਛੱਤਰ ਸਿੰਘ ਰਾਇਪੁਰ ਖੁਰਦ, ਗੁਰਦੀਪ ਸਿੰਘ ਰਾਇਪੁਰ ਕਲਾਂ, ਲਖਮੀਰ ਸਿੰਘ ਸਾਰੰਗਪੁਰ ਅਤੇ ਕਪਤਾਨ ਸਿੰਘ ਹੱਲੋਮਾਜਰਾ ਸ਼ਾਮਿਲ ਹੋਏੇ।

