Breaking
www.sursaanjh.com > ਅੰਤਰਰਾਸ਼ਟਰੀ > ਜੇ ਮਾਂ ਹੁੰਦੀ/ ਤੇਜਿੰਦਰ ਸਿੰਘ ਤੇਜੀ

ਜੇ ਮਾਂ ਹੁੰਦੀ/ ਤੇਜਿੰਦਰ ਸਿੰਘ ਤੇਜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਈ:
ਤੇਜਿੰਦਰ ਸਿੰਘ ਤੇਜੀ ਉੱਭਰ ਰਿਹਾ ਸ਼ਾਇਰ ਏ। ਓਹਦੀ ਸ਼ਾਇਰੀ ਵਿੱਚ ਪਰਪੱਕਤਾ ਏ। ਦਰਦ, ਵਿਛੋੜਾ, ਪੀੜਾਂ ਤੇ ਚੀਸਾਂ ਬਚਪਨ ਵੇਲ਼ੇ ਹੀ ਓਹਦੇ ਹਿੱਸੇ ਆ ਗਈਆਂ ਸਨ, ਅਚਾਨਕ ਜਦੋਂ ਓਹਦਾ ਬਚਪਨ ਮਾਂ-ਬਾਹਰਾ ਹੋ ਗਿਆ ਸੀ। ਜਿਵੇਂ-ਕਿਵੇਂ ਉਸ ਆਪਣਾ ਬਚਪਨ ਸੰਭਾਲ਼ਿਆ। ਓਹਦੇ ਪਿਤਾ ਸਰਬਜੀਤ ਸਿੰਘ ਨੇ ਆਪਣੇ ਬੱਚਿਆਂ ਨੂੰ ਕਿਸੇ ਪੰਖੇਰੂ ਵਾਂਗ ਆਪਣੇ ਖੰਭਾਂ ਹੇਠ ਲੁਕਾਈ ਰੱਖਿਆ, ਪਰ ਮਾਂ-ਮਹਿਰੂਮ ਤੇਜੀ ਦੇ ਜ਼ਿਹਨ ਵਿੱਚ ਪੀੜਾਂ ਕਿਧਰੇ ਲੁਕ-ਛਿਪ ਕੇ ਠਹਿਰ ਗਈਆਂ। ਇਨ੍ਹਾਂ ਪੀੜ੍ਹਾਂ ਦਾ ਝਲਕਾਰਾ ਉਸ ਦੀ ਏਥੇ ਦਰਜ ਕੀਤੀ ਜਾ ਰਹੀ ਰਚਨਾ ‘ਜੇ ਮਾਂ ਹੁੰਦੀ’ ਵਿੱਚੋਂ ਆਪ-ਮੁਹਾਰੇ ਡੁੱਲ੍ਹ ਰਿਹਾ ਹੈ। ਸੁਰ ਸਾਂਝ ਡਾਟ ਕਾਮ ਨੂੰ ਓਹਦੀ ਸ਼ਾਇਰੀ ਕੋਲ਼ੋ ਢੇਰ ਆਸਾਂ ਹਨ। ਆਓ ! ਹਾਲ ਦੀ ਘੜੀ ਓਹਦੀ ਇਹ ਰਚਨਾ ਪੜ੍ਹੀਏ … ਸੁਰਜੀਤ ਸੁਮਨ;
ਜੇ ਮਾਂ ਹੁੰਦੀ
ਕਿਸਮਤ ਖਿਆਲਾਂ ਦੀ ਨਾ ਚੋਰ ਹੁੰਦੀ,
ਜਜ਼ਬੇ ਦੀ ਚੜ੍ਹਤ, ਵੱਖਰੀ ਤੋਰ ਹੁੰਦੀ।
ਬਦਬਖਤ ਨਾਮੋਸ਼ੀ ਕੀ ਆਉਣਾ ਸੀ,
ਜੇ ਮਾਂ ਹੁੰਦੀ ਤੇ ਗੱਲ ਹੋਰ ਹੁੰਦੀ।
ਹਾਂ ਜੈਸੇ ਵੀ ਸਮਝ ਉਹ ਸਾਰ ਲੈਂਦੀ,
ਅਸਾਂ ਉਸ ਤੋਂ ਉਹ ਸਾਥੋਂ ਆਪਾ ਵਾਰ ਲੈਂਦੀ।
ਅਸੀਸ ਉਹਦੀ, ਮੇਰੀ ਤਰੱਕੀ ਲਈ ਸ਼ੋਰ ਹੁੰਦੀ,
ਜੇ ਮਾਂ ਹੁੰਦੀ ਤੇ ਗੱਲ ਹੋਰ ਹੁੰਦੀ।
ਗ਼ੈਰ-ਮੌਜੂਦਗੀ ਤਾਹੀਓਂ ਆਬ-ਦੀਦਾ ਏ,
ਨੁਮਾਇਸ਼ ਤੋਂ ਪਰੇ ਯਾਦ ਕਸੀਦਾ ਏ।
ਉਹਦੀ ਮੁੱਠੀ ‘ਚ ਔਕੜ ਮਿੱਟੀ ਦਾ ਭੋਰ ਹੁੰਦੀ,
ਜੇ ਮਾਂ ਹੁੰਦੀ ਤੇ ਗੱਲ ਹੋਰ ਹੁੰਦੀ।
ਮੇਰਾ ਅੰਦਰ ਕਿਸੇ ਦਾ ਦੋਖੀ ਨਹੀਂ,
ਮਾਂ ਕਹਿਣਾ-ਸੁਣਨਾ ਗੱਲ ਸੌਖੀ ਨਹੀਂ।
ਥੋੜ੍ਹਾ ਬਹੁਤ ਅੰਦਰਲਾ ਕੁੱਝ ਜ਼ੋਰ ਹੁੰਦੀ,
ਜੇ ਮਾਂ ਹੁੰਦੀ ਤੇ ਗੱਲ ਹੋਰ ਹੁੰਦੀ।
ਤੇਜਿੰਦਰ ਸਿੰਘ ਤੇਜੀ – 96460 24480

Leave a Reply

Your email address will not be published. Required fields are marked *