Breaking
www.sursaanjh.com > ਚੰਡੀਗੜ੍ਹ/ਹਰਿਆਣਾ > ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟਰ ਫੈਲਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ : ਕਾਲਕਾ

ਸੋਸ਼ਲ ਮੀਡੀਆ ‘ਤੇ ਫਰਜ਼ੀ ਪੋਸਟਰ ਫੈਲਾਉਣ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ : ਕਾਲਕਾ

ਨਵੀਂ ਦਿੱਲੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਈ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੀ ਸਿਆਸੀ ਰਣਨੀਤੀ ਲਈ ਜਿਸ ਪੱਧਰ ਦੀ ਨਕਾਰਾਤਮਕ ਅਤੇ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ, ਉਹ ਬਹੁਤ ਹੀ ਨਿੰਦਣਯੋਗ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਾਟਸਐਪ ਅਤੇ ਹੋਰ ਸੋਸ਼ਲ ਮੀਡੀਆ ਤੇ ਇੱਕ ਫਰਜ਼ੀ ਪੋਸਟਰ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਉਮੀਦਵਾਰ ਜੂਝਾਰ ਸਿੰਘ ਦੀ ਤਸਵੀਰ ਨੂੰ ਗਲਤ ਢੰਗ ਨਾਲ ਪੇਸ਼ ਕਰਦਿਆਂ ਕੁਝ ਹੋਰ ਆਗੂਆਂ ਦੀਆਂ ਤਸਵੀਰਾਂ ਜੋੜ ਕੇ ਭੜਕਾਉ ਅਤੇ ਗੈਰ-ਜ਼ਿੰਮੇਵਾਰ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਕਾਲਕਾ ਨੇ ਕਿਹਾ ਕਿ ਇਹ ਪੋਸਟਰ ਪੂਰੀ ਤਰ੍ਹਾਂ ਫਰਜ਼ੀ ਅਤੇ ਮਨਘੜਤ ਹੈ, ਜਿਸਦਾ ਮੁੱਖ ਮੰਤਵ ਸੰਗਤ ਨੂੰ ਗੁੰਮਰਾਹ ਕਰਨਾ ਅਤੇ ਗੁਰਦੁਆਰਾ ਚੋਣਾਂ ਦੇ ਮਾਹੌਲ ਨੂੰ ਖਰਾਬ  ਕਰਨਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਭ ਤੋਂ ਹੈਰਾਨੀਜਨਕ ਅਤੇ ਅਫਸੋਸਜਨਕ ਗੱਲ ਇਹ ਹੈ ਕਿ ਇਹ ਪੋਸਟਰ ਖੁਦ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਵਾਟਸਐਪ ਰਾਹੀਂ ਅੱਗੇ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਗੁਰੂ ਪੰਥ ਦੇ ਨਾਮ ‘ਤੇ ਸਿਆਸਤ ਕਰਨ ਵਾਲੇ ਲੋਕਾਂ ਵੱਲੋਂ ਇਸ ਤਰ੍ਹਾਂ ਦੀ ਝੂਠੀ ਸਮੱਗਰੀ ਸਾਂਝੀ ਕਰਨਾ ਬਹੁਤ ਹੀ ਸ਼ਰਮਨਾਕ ਹੈ। ਕਾਲਕਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਇਸ ਤਰ੍ਹਾਂ ਦੀ ਕੋਈ ਫਰਜ਼ੀ ਸਮੱਗਰੀ ਪਹੁੰਚਦੀ ਹੈ ਤਾਂ ਉਹ ਤੁਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਸਬੰਧੀ ਸਾਈਬਰ ਸੈੱਲ ਅਤੇ ਆਈਟੀ ਸੈਲ ਵਿੱਚ  ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ, ਤਾਂ ਜੋ ਇਸ ਦੇ ਸਰੋਤ ਅਤੇ ਪਿੱਛੇ ਲੁਕੇ ਲੋਕਾਂ ਦੀ ਡੂੰਘਾਈ ਨਾਲ ਪੜਤਾਲ ਹੋ ਸਕੇ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਗਤ ਨੂੰ ਅਜਿਹੀਆਂ ਕੋਝੀਆਂ ਅਤੇ ਗੁੰਮਰਾਹਕੁੰਨ ਹਰਕਤਾਂ ਤੋਂ ਜਾਗਰੂਕ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਚੋਣਾਂ ਦੀ ਪਵਿੱਤਰਤਾ ਅਤੇ ਮਰਯਾਦਾ ਨੂੰ ਖਰਾਬ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *