ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰਸਟ ਰੂਪਨਗਰ ਦੀ ਮਹੀਨਾਵਾਰ ਇੱਕਤਰਤਾ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਹੋਈ
ਯਤਿੰਦਰ ਕੌਰ ਮਾਹਲ, ਜਲੌਰ ਸਿੰਘ ਖੀਵਾ ਅਤੇ ਪਰਮਿੰਦਰ ਪੰਦੋਹਲ ਹੋਏ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ
ਟਰੱਸਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਰਿਟਾਇਰਡ ਪ੍ਰਿੰਸੀਪਲ ਸ੍ਰ: ਜਲੌਰ ਸਿੰਘ ਖੀਵਾ ਨੂੰ ‘ਜ਼ੈਲਦਾਰ ਗੁਰਪੂਰਨ ਸਿੰਘ ਯਾਦਗਾਰੀ’ ਚਿੰਨ੍ਹ ਨਾਲ ਕੀਤਾ ਗਿਆ ਸਨਮਾਨਿਤ – ਯਤਿੰਦਰ ਕੌਰ ਮਾਹਲ


ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 11 ਜੂਨ:
ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰਸਟ ਰੂਪਨਗਰ ਦੀ ਮਹੀਨਾਵਾਰ ਇੱਕਤਰਤਾ, ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਯਤਿੰਦਰ ਕੌਰ ਮਾਹਲ, ਜਲੌਰ ਸਿੰਘ ਖੀਵਾ ਅਤੇ ਪਰਮਿੰਦਰ ਪੰਦੋਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਵਿਚਾਰ ਸਾਂਝੇ ਕਰਦਿਆਂ ਪ੍ਰਿੰ. ਜਲੌਰ ਸਿੰਘ ਖੀਵਾ ਨੇ ਲੋਕ- ਕਾਵਿ ਦਾ ਸਮਾਜਿਕ ਅਤੇ ਮਨੋਵਿਗਿਆਨਕ ਪੱਖ ਉਜਾਗਰ ਕਰਦਿਆਂ ਸਾਹਿਤ ਦੇ ਵੱਖੋ-ਵੱਖਰੇ ਸ਼ਬਦਾਂ ਦੇ ਅਰਥ ਅਤੇ ਉਹਨਾਂ ਦੇ ਉਚਿਤ ਪ੍ਰਯੋਗ ‘ਤੇ ਚਾਨਣਾ ਪਾਉਂਦਿਆ ਸਾਹਿਤ ਦੀਆਂ ਵਿਧਾਵਾਂ ਖ਼ਾਸ ਕਰਕੇ ਨਾਵਲ ਅਤੇ ਕਹਾਣੀ ਦੀ ਸਿਰਜਣ ਪ੍ਰਕਿਆ ਬਾਰੇ ਵੀ ਆਪਣੇ ਕੀਮਤੀ ਸੁਝਾਅ ਦਿੱਤੇ।
ਪਰਮਿੰਦਰ ਪੰਦੋਹਲ ਨੇ ਰੁੱਖਾਂ ਦੀ ਘਾਟ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ, ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਯਤਿੰਦਰ ਕੌਰ ਮਾਹਲ ਨੇ ਕਿਹਾ ਕਿ ਸਾਨੂੰ ਵਾਤਾਵਰਨ ਪ੍ਰਤੀ ਬਹੁਤ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਵਕਤ ਰਹਿੰਦਿਆਂ ਪਾਣੀ ਅਤੇ ਹਵਾ ਨੂੰ ਹੋਰ ਗੰਧਲਾ ਹੋਣ ਤੋਂ ਬਚਾ ਸਕੀਏ।
ਇਸ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਰਿਟਾਇਰਡ ਪ੍ਰਿੰਸੀਪਲ ਸ੍ਰ: ਜਲੌਰ ਸਿੰਘ ਖੀਵਾ ਨੂੰ ‘ਜ਼ੈਲਦਾਰ ਗੁਰਪੂਰਨ ਸਿੰਘ ਯਾਦਗਾਰੀ’ ਸਨਮਾਨ ਚਿੰਨ੍ਹ ਨਾਲ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕੱਤਰਾ ਵਿੱਚ ਪਹੁੰਚੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਉਹਨਾਂ ਰਚਨਾਵਾਂ ‘ਤੇ ਸਾਰਥਕ ਚਰਚਾ ਕੀਤੀ ਗਈ।
ਇਸ ਸਾਹਿਤਿਕ ਮਿਲਣੀ ਵਿੱਚ ਈਸ਼ਰ ਸਿੰਘ ਥ਼ਲੀ, ਮਨਦੀਪ ਰਿੰਪੀ, ਨਿਰਮਲ ਸਿੰਘ ਅਧਰੇੜਾ, ਅਮਰਜੀਤ ਕੌਰ ਮੋਰਿੰਡਾ, ਕੁਲਵਿੰਦਰ ਸਿੰਘ ਖੈਰਾਬਾਦ, ਡਾ. ਗੁਰਪਾਲ ਸਿੰਘ, ਮਨਿੰਦਰਪਾਲ ਸਿੰਘ ਸਾਹਨੀ, ਜਸਵੰਤ ਸਿੰਘ, ਮਹਿੰਦਰ ਸਿੰਘ ਭਲਿਆਣ ਅਤੇ ਸੁਰਜੀਤ ਸਿੰਘ ਜੀਤ ਵੱਲੋਂ ਰਚਨਾਵਾਂ ਰਾਹੀਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਮੰਚ ਸੰਚਾਲਨ ਦੀ ਭੂਮਿਕਾ ਹਰਦੀਪ ਸਿੰਘ ਗਿੱਲ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਟਰੱਸਟ ਦੇ ਪ੍ਰਧਾਨ ਯਤਿੰਦਰ ਮਾਹਲ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

