Breaking
www.sursaanjh.com > ਚੰਡੀਗੜ੍ਹ/ਹਰਿਆਣਾ > ਯੂਨੀਅਨ ਬੈਂਕ ਵਿੱਚ ਚੱਲੀ ਗੋਲੀ, ਨੌਜਵਾਨ ਦੀ ਮੌਤ

ਯੂਨੀਅਨ ਬੈਂਕ ਵਿੱਚ ਚੱਲੀ ਗੋਲੀ, ਨੌਜਵਾਨ ਦੀ ਮੌਤ

ਯੂਨੀਅਨ ਬੈਂਕ ਵਿੱਚ ਚੱਲੀ ਗੋਲੀ, ਨੌਜਵਾਨ ਦੀ ਮੌਤ
ਚੰਡੀਗੜ੍ਹ 21 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਪਿੰਡ ਮਾਜਰਾ (ਨਿਊ ਚੰਡੀਗੜ੍ਹ) ਸਥਿਤ ਯੂਨੀਅਨ ਬੈਂਕ ਦੇ ਗਾਰਡ ਵੱਲੋਂ ਅੱਜ ਚੱਲੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੇ ਡੀਐਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਮਾਜਰਾ ਸਥਿਤ ਯੂਨੀਅਨ ਬੈਂਕ ਵਿੱਚ ਕੁਝ ਨੌਜਵਾਨ ਬੈਂਕ ਖਾਤੇ ਦੀ ਜਾਣਕਾਰੀ ਲੈਣ ਲਈ ਪਹੁੰਚੇ ਸਨ, ਜਿਨ੍ਹਾਂ ਵਿੱਚ ਤਿੰਨ ਨੌਜਵਾਨ ਮਨਵੀਰ ਸਿੰਘ ਉਰਫ ਮਨੀ ਮਾਜਰਾ, ਪੱਮੂ ਮਾਣਕਪੁਰ ਸ਼ਰੀਫ਼ ਤੇ ਕਾਕੂ ਪਿੰਡ ਮਾਜਰਾ ਸ਼ਾਮਲ ਸਨ।
ਇਸੇ ਦੌਰਾਨ ਉਨਾਂ ਦੀ ਬੈਂਕ ਦੇ ਕੈਸ਼ੀਅਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਵਿੱਚ ਗਾਰਡ ਨੂੰ ਦਖਲ ਦੇਣਾ ਪਿਆ ਤੇ ਗਾਰਡ ਦੇ ਨਾਲ ਉਹਨਾਂ ਨੌਜਵਾਨਾਂ ਦੀ ਹੱਥੋਪਾਈ ਹੋ ਗਈ, ਜਿਸ ਦੌਰਾਨ ਗਾਰਡ ਤੋਂ ਉਹਨਾਂ ਨੌਜਵਾਨਾਂ ਨੇ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ, ਪਰ ਇਸੇ ਦੌਰਾਨ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ।
ਇਸ ਗੋਲੀ ਨਾਲ ਜ਼ਖ਼ਮੀ ਹੋਏ ਪਿੰਡ ਮਾਜਰਾ ਦੇ ਨੌਜਵਾਨ ਮਨਵੀਰ ਸਿੰਘ ਮਨੀ ਨੂੰ ਜ਼ਖਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਗਾਰਡ ਨੂੰ ਪੁੱਛਗਿੱਛ ਲਈ ਥਾਣਾ ਮੁੱਲਾਂਪੁਰ ਗਰੀਬਦਾਸ ਲਿਜਾਇਆ ਗਿਆ। ਉਸ ਕੋਲੋਂ ਪੁਲਿਸ ਨੇ ਲਾਇਸੰਸੀ‌ ਰਾਈਫਲ ਵੀ ਬਰਾਮਦ ਕਰ ਲਈ ਹੈ। ਗ੍ਰਿਫਤਾਰ ਕੀਤਾ ਗਿਆ ਗਾਰਡ ਗੁਰਿੰਦਰ ਸਿੰਘ ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਦਾ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਨੌਜਵਾਨ ਦੀ ਉਮਰ 30 ਕੁ ਸਾਲ ਦੀ ਸੀ ਤੇ ਅਜੇ ਕੁਆਰਾ ਸੀ। ਉਸ ਦੇ ਪਿਤਾ ਸ਼ੇਰ ਸਿੰਘ ਪਹਿਲਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ। ਇੱਕ ਭੈਣ ਜੋ ਵਿਆਹੀ ਹੋਈ ਹੈ, ਦਾ ਇਹ ਇੱਕਲੌਤਾ ਭਰਾ ਤੇ ਮਾਂ ਦਾ ਇੱਕੋ ਇੱਕ ਸਹਾਰਾ ਸੀ। ਫਿਲਹਾਲ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਲੈ ਕੇ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *