ਗੋਲੂ ਦੇ ਅਖਾੜਾ ਮੁੱਲਾਂਪੁਰ ਦਾ ਪਹਿਲਵਾਨ ਜਸਪੂਰਨ ਏਸ਼ੀਅਨ ਚੈਂਪੀਅਨਸ਼ਿਪ ਲਈ ਰਵਾਨਾ
ਚੰਡੀਗੜ੍ਹ 22 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਗੋਲੂ ਪਹਿਲਵਾਨ ਦੇ ਅਖਾੜੇ ਦੇ ਪਹਿਲਵਾਨ ਜਸਪੂਰਨ ਸਿੰਘ ਪਹਿਲਵਾਨ ਦੀ ਅਮਾਨ ਜੋਰਡਨ ਵਿੱਚ ਹੋਣ ਵਾਲੀ ਅੰਡਰ 17 ਰੈਸਲਿੰਗ ਚੈਂਪੀਅਨਸ਼ਿਪ ਲਈ ਚੋਣ ਹੋਈ ਸੀ, ਜਿਸ ਲਈ ਅੱਜ ਉਹ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਅਤੇ ਰਵੀ ਸ਼ਰਮਾ ਪਹਿਲਵਾਨ ਤੋਂ ਅਸ਼ੀਰਵਾਦ ਲੈ ਕੇ ਏਸ਼ੀਆ ਚੈਂਪੀਅਨਸ਼ਿਪ ਲਈ ਰਵਾਨਾ ਹੋਇਆ।


ਗੱਲਬਾਤ ਕਰਦਿਆਂ ਗੋਲੂ ਪਹਿਲਵਾਨ ਨੇ ਦੱਸਿਆ ਕਿ ਜਸਪੂਰਨ ਪਹਿਲਵਾਨ ਅੰਡਰ 17 ਰੈਸਲਿੰਗ ਚੈਂਪੀਅਨਸ਼ਿਪ ਵਿੱਚ 25 ਜੂਨ ਨੂੰ 110 ਫਰੀ ਸਟਾਇਲ ਵਿੱਚ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਆਪਣੇ ਵਿਰੋਧੀ ਰੈਸਲਰਾਂ ਨਾਲ ਭਿੜਨਗੇ। ਸਾਨੂੰ ਆਸ ਹੈ ਕਿ ਹੁਣ ਤੱਕ ਦੇ ਵਧੀਆ ਪ੍ਰਦਰਸ਼ਨ ਦੀ ਤਰ੍ਹਾਂ ਇਸ ਵਾਰ ਵੀ ਜਸਪੂਰਨ ਇਸ ਏਸ਼ੀਆ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਦੇਸ਼ ਲਈ ਮੈਡਲ ਜਿੱਤ ਕੇ ਦੇਸ਼, ਸਾਡੇ ਅਖਾੜੇ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਕਸਬਾ ਮੁੱਲਾਪੁਰ ਗਰੀਬਦਾਸ ਦਾ ਨਾਂ ਵੀ ਰੌਸ਼ਨ ਕਰੇਗਾ।
ਇਸ ਮੌਕੇ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਕਿਹਾ ਕਿ ਪੂਰਨ ਪਹਿਲਵਾਨ ਜੋ ਕਿ ਇੱਕ ਮਿਹਨਤੀ ਨੌਜਵਾਨ ਹੈ, ਵੱਲੋਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਵਧੀਆ ਖਿਤਾਬ ਆਪਣੇ ਨਾਮ ਕੀਤੇ ਹਨ ਅਤੇ ਨਿਰੰਤਰ ਦੇਸ਼ ਦੇ ਲਈ ਮੈਡਲ ਜਿੱਤਣ ਲਈ ਅਭਿਆਸ ਕਰਦਾ ਆ ਰਿਹਾ ਹੈ ਅਤੇ ਹਮੇਸ਼ਾ ਕੁਝ ਨਵਾਂ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਉਸਦੇ ਪਿਤਾ ਕੁਲਤਾਰ ਪਹਿਲਵਾਨ ਅਤੇ ਮਾਤਾ ਵੱਲੋਂ ਵੀ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਗੋਲੂ ਪਹਿਲਵਾਨ ਅਤੇ ਹੋਰ ਵਿਦੇਸ਼ੀ ਕੋਚਾਂ ਦੀ ਨਿਗਰਾਨੀ ਦੇ ਵਿੱਚ ਉਹ ਨਿਰੰਤਰ ਆਪਣੇ ਸਰੀਰ ਦੀ ਫਿਟਨੈਸ ਦਾ ਧਿਆਨ ਰੱਖਦਾ ਹੈ ਤੇ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜਿਸ ਦਾ ਨਤੀਜਾ ਪਿਛਲੇ ਮਹੀਨਿਆਂ ਦੇ ਵਿੱਚ ਵੇਖਣ ਨੂੰ ਵੀ ਮਿਲਿਆ ਹੈ। ਆਸ ਹੈ ਕਿ ਇਸ ਏਸ਼ੀਆ ਚੈਂਪੀਅਨਸ਼ਿਪ ਦੌਰਾਨ ਵੀ ਉਹ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਏਗਾ ਤੇ ਦੇਸ਼ ਦਾ ਨਾਮ, ਮਾਤਾ ਪਿਤਾ ਤੇ ਅਖਾੜੇ ਦਾ ਨਾਮ ਵੀ ਰੋਸ਼ਨ ਕਰੇਗਾ।
ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸਾਰੇ ਹੀ ਪਹਿਲਵਾਨਾਂ ਅਤੇ ਅਖਾੜੇ ਦੇ ਸੰਚਾਲਕਾਂ ਵੱਲੋਂ ਉਸ ਨੂੰ ਸ਼ੁਭਕਾਮਨਾਵਾਂ ਦੇ ਕੇ ਤੋਰਿਆ ਗਿਆ। ਇਸ ਮੌਕੇ ਰਵੀ ਪਹਿਲਵਾਨ, ਗੋਲੂ ਪਹਿਲਵਾਨ, ਸ੍ਰੀ ਅਰਵਿੰਦਪੁਰੀ, ਧਰਵਿੰਦਰ ਸਿੰਘ ਮੁੱਲਾਪੁਰ, ਕੁਲਤਾਰ ਪਹਿਲਵਾਨ, ਸ਼ਿੰਗਾਰਾ ਸਿੰਘ ਮੱਲ, ਧਰਮਿੰਦਰ ਸਿੰਘ ਪੜੌਲ, ਸਿਤਾਰ ਮੁਹੰਮਦ ਹੈਪੀ ਮਹਿਰੌਲੀ ਤੋਂ ਇਲਾਵਾ ਜਸਪੂਰਨ ਪਹਿਲਵਾਨ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

