ਬੱਦੀ – ਸਿਸਵਾਂ ਸੜਕ ‘ਤੇ ਹੋਇਆ ਹਾਦਸਾ
ਟਰਾਲੇ ਵਿਚ ਵੱਜੀ ਸਵਾਰੀਆਂ ਵਾਲੀ ਬੱਸ
ਚੰਡੀਗੜ੍ਹ 26 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਸਵੇਰ ਸਾਰ ਹੀ ਪਿੰਡ ਸਿਸਵਾਂ ਵਿਖੇ ਇੱਕ ਟਰਾਲੇ ਦੇ ਵਿੱਚ ਇੱਕ ਬਸ ਦੀ ਪਿੱਛੋਂ ਟੱਕਰ ਵੱਜ ਜਾਣ ਕਾਰਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਸਾਂਝੀ ਕਰਦਿਆਂ ਏ ਐੱਸ ਆਈ ਜਗੀਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਇੱਕ ਟਰਾਲਾ ਨੰ RG 07 GC 4046, ਜਿਸ ਨੂੰ ਡਰਾਈਵਰ ਜੇਠਾ ਰਾਮ ਚਲਾ ਰਿਹਾ ਸੀ, ਜੋ ਬੀਕਾਨੇਰ ਦਾ ਰਹਿਣ ਵਾਲਾ ਹੈ ਤੇ ਜੋ ਬੱਦੀ ਵੱਲ ਜਾ ਰਿਹਾ ਸੀ।
ਉਸ ਦੇ ਪਿੱਛੇ ਹੀ ਇੱਕ ਸੀਟੀਯੂ ਦੀ ਚੰਡੀਗੜ੍ਹ ਡਿੱਪੂ ਨੰ 3 ਦੀ ਬੱਸ ਨੰ CH01 G1 7516, ਜਿਸ ਨੂੰ ਡਰਾਈਵਰ ਮਨਪ੍ਰੀਤ ਸਿੰਘ ਚਲਾ ਰਿਹਾ ਸੀ ਤੇ ਜਿਸ ਵਿੱਚ ਕੰਡਕਟਰ ਸੁਖਦੇਵ ਸਿੰਘ ਦੇ ਸਮੇਤ ਪੰਦਰਾਂ ਦੇ ਕਰੀਬ ਸਵਾਰੀਆਂ ਵੀ ਬੈਠੀਆਂ ਸਨ। ਅਚਾਨਕ ਪਿੰਡ ਸਿਸਵਾਂ ਡਲਹੌਜ਼ੀ ਸਕੂਲ ਦੇ ਨੇੜੇ ਉਤਰਾਈ ‘ਤੇ ਟਰਾਲੇ ਦੇ ਵਿੱਚ ਜਾ ਵੱਜੀ।
ਬੱਸ ਵਿੱਚ ਸਵਾਰ ਕੰਡਕਟਰ ਸਮੇਤ ਇੱਕ ਸਵਾਰੀ ਵੀ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕ ਹੀ ਬੂਥਗੜ੍ਹ ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ ਓਥੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਫਿਲਹਾਲ ਸਵਾਰੀ ਅਤੇ ਕੰਡਕਟਰ ਦੋਵੇਂ ਠੀਕ ਹਨ ਤੇ ਹਸਪਤਾਲ ਤੋਂ ਦੋਵਾਂ ਨੂੰ ਛੁੱਟੀ ਵੀ ਹੋ ਗਈ ਸੀ। ਇਸ ਤੋਂ ਇਲਾਵਾ ਦੋਵੇਂ ਹਾਦਸਾਗ੍ਰਸਤ ਵਾਹਨਾਂ ਦੇ ਚਾਲਕਾਂ ਵੱਲੋਂ ਆਪਸੀ ਸਮਝੌਤਾ ਕਰ ਲਿਆ ਗਿਆ ਤੇ ਇਸ ਸਬੰਧੀ ਨਜ਼ਦੀਕ ਦੇ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਵੀ ਸੂਚਿਤ ਕਰ ਦਿੱਤਾ ਗਿਆ ਸੀ।
ਇਹ ਐਕਸੀਡੈਂਟ ਹੋਣ ਕਾਰਨ ਭਾਰੀ ਜਾਮ ਲੱਗ ਗਿਆ ਤੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਏਐਸਆਈ ਜਗੀਰ ਸਿੰਘ ਵੱਲੋਂ ਆਪਣੇ ਸਟਾਫ ਮੈਂਬਰਾਂ ਨਾਲ ਪੁੱਜ ਕੇ ਹੈਡਰਾ ਮੰਗਵਾ ਕੇ ਹਾਦਸਾਗ੍ਰਸਤ ਗੱਡੀਆਂ ਨੂੰ ਸਾਈਡ ‘ਤੇ ਕਰਵਾਇਆ ਗਿਆ ਅਤੇ ਆਵਾਜਾਈ ਨੂੰ ਬਹਾਲ ਕੀਤਾ ਗਿਆ।

