ਅਗਲੇ ਦਿਨਾਂ ਵਿੱਚ ਪੈਣ ਵਾਲੇ ਮੀਂਹ ਕੁਝ ਪਿੰਡਾਂ ਲਈ ਕਰ ਸਕਦੇ ਮੁਸੀਬਤ ਖੜੀ
ਚੰਡੀਗੜ੍ਹ 5 ਜੁਲਾਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਹਲਕਾ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਨਦੀਆਂ ਨਾਲਿਆਂ ਉੱਤੇ ਬਣੀਆਂ ਪੁਰਾਣੀਆਂ ਪੁਲੀਆਂ ਮੌਨਸੂਨ ਦੀ ਪਹਿਲੀ ਬਰਸਾਤ ਨਾਲ ਹੀ ਟੁੱਟਣ ਦੀ ਕਗਾਰ ‘ਤੇ ਆ ਪੁੱਜੀਆਂ ਹਨ। ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਜੈੰਅਤੀ ਮਾਜਰੀ, ਗੁੜ, ਕਸੌਲੀ ਬਿਗਿੰਡੀ, ਕਰਾਉਂਦੇ ਵਾਲਾ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਦੀ ਕਗਾਰ ‘ਤੇ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਰਸਤੇ ਨੂੰ ਠੀਕ ਨਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਦਾ ਸੰਪਰਕ ਇਲਾਕੇ ਨਾਲੋਂ ਟੁੱਟ ਜਾਵੇਗਾ ਅਤੇ ਬਰਸਾਤ ਦੇ ਦਿਨਾਂ ਵਿੱਚ ਕਿਸੇ ਤਰ੍ਹਾਂ ਦਾ ਵੱਡਾ ਹਾਦਸਾ ਹੋਣ ਦਾ ਵੀ ਖਤਰਾ ਹੈ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।


ਕੁਝ ਦਿਨ ਪਹਿਲਾਂ ਹੋਈ ਤੇਜ਼ ਬਰਸਾਤ ਕਾਰਨ ਪਿੰਡ ਵਾਲਿਆਂ ਦਾ ਸੰਪਰਕ ਕੁਝ ਸਮੇਂ ਲਈ ਟੁੱਟ ਗਿਆ ਸੀ, ਜਿਸ ਦੌਰਾਨ ਲੋਕਾਂ ਨੂੰ ਜੈਅੰਤੀ ਮਾਜਰੀ ਦੇ ਨਜ਼ਦੀਕ ਸ਼ਿਵ ਮੰਦਰ ਵਾਲੀ ਨਦੀ ਦੇ ਕੋਲ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਬਹੁਤ ਦੇਰ ਕਿਨਾਰੇ ‘ਤੇ ਖੜੇ ਹੋ ਕੇ ਪਾਣੀ ਉਤਰਨ ਦਾ ਇੰਤਜ਼ਾਰ ਕਰਨਾ ਪਿਆ ਸੀ। ਇਸ ਨਦੀ ‘ਤੇ ਬਣਾਇਆ ਗਿਆ ਕਾਜ਼ਵਾ ਬਿਲਕੁਲ ਖੋਖਲਾ ਹੋ ਚੁੱਕਿਆ ਹੈ ਤੇ ਇਸ ਕਾਜ਼ਵੇ ਵਿੱਚ ਹੁਣ ਜਿਆਦਾ ਪਾਣੀ ਆਉਣ ਕਾਰਨ ਇਸ ਕਾਜ਼ਵੇ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਤੋਂ ਹੁਣ ਭਾਰੀ ਵਾਹਨ ਲੰਘਾਉਣ ਸਮੇਂ ਇਸ ਦੇ ਧਸਣ ਨਾਲ ਵੀ ਕੋਈ ਦੁਰਘਟਨਾ ਵਾਪਰਨ ਦਾ ਖਦਸ਼ਾ ਹੈ।
ਇਸ ਪਿੰਡ ਦੇ ਵਸਨੀਕ ਯੋਗਰਾਜ ਸਿੰਘ, ਭੀਮ ਸਿੰਘ, ਜਗਦੀਸ਼ ਸਿੰਘ, ਯੋਗ ਰਾਮ, ਗੁਰਦੀਪ ਸਿੰਘ, ਬਿੱਲਾ ਅਤੇ ਕੁਝ ਹੋਰ ਲੋਕਾਂ ਨੇ ਦੱਸਿਆ ਕਿ ਪਿਛਲੀਆਂ ਬਰਸਾਤਾਂ ਵਿੱਚ ਵੀ ਨਦੀ ਦੇ ਰਸਤੇ ਦੀ ਹਾਲਤ ਖਸਤਾ ਸੀ। ਉਸ ਸਮੇਂ ਪੀ ਡਬਲਿਊ ਡੀ ਵਿਭਾਗ ਨੇ ਬੋਰੀਆਂ ਲਗਾ ਕੇ ਰਸਤੇ ਨੂੰ ਖੁਰਨ ਤੋਂ ਬਚਾਇਆ ਸੀ। ਉਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਇਸ ਰਾਸਤੇ ਦੀ ਸਾਰ ਨਹੀਂ ਲਈ। ਕਈ ਸਾਲਾਂ ਤੋਂ ਇਸ ਰੋਡ ਦੀਆਂ ਤਿੰਨ ਨਦੀਆਂ ਉੱਤੇ ਪੰਜ ਪਿੰਡਾਂ ਦੇ ਲੋਕ ਪੁਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ ਅਤੇ ਸੁਣਵਾਈ ਨਾ ਹੋਣ ਕਾਰਨ ਇਹਨਾਂ ਲੋਕਾਂ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ 2024 ਵਿੱਚ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ ਅਤੇ ਮੰਗ ਰੱਖੀ ਗਈ ਸੀ ਕਿ ਜਦੋਂ ਤੱਕ ਸਾਡੇ ਇਹਨਾਂ ਨਦੀਆਂ ਦੇ ਪੁਲ ਨਹੀਂ ਲਗਾਏ ਜਾਂਦੇ ਅਤੇ ਹੋਰ ਰਹਿੰਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ, ਉਦੋਂ ਤੱਕ ਉਹ ਵੋਟ ਨਹੀ ਪਾਉਣਗੇ।
ਇਸ ਸਬੰਧੀ ਜਦੋਂ ਗੱਲਬਾਤ ਪੀ ਡਬਲਿਊ ਡੀ ਦੇ ਐਕਸੀਅਨ ਸ਼ਿਵ ਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਅਜੇ ਤੱਕ ਕਿਸੇ ਨੇ ਵੀ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਜਲਦੀ ਹੀ ਟੀਮ ਭੇਜ ਕੇ ਇਸ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਜਿੰਨੀ ਜਲਦੀ ਹੋ ਸਕੇਗਾ ਰਾਸਤੇ ਨੂੰ ਠੀਕ ਕਰਵਾਇਆ ਜਾਵੇਗਾ।
ਜੇਕਰ ਗੱਲ ਕੀਤੀ ਜਾਵੇ ਤਾਂ ਇਹ ਹੀ ਹਾਲਾਤ ਪਿੰਡ ਤਾਰਾ ਪੁਰ, ਮਾਜਰੀ, ਮਿਰਜ਼ਾ ਪੁਰ ਆਦਿ ਪਿੰਡਾਂ ਵਿੱਚ ਬਣੀਆਂ ਪੁਰਾਣੀਆਂ ਪੁਲੀਆਂ ਦਾ ਵੀ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਵੀ ਨਿਰੰਤਰ ਸੜਕਾਂ ਅਤੇ ਨਦੀਆਂ ਦੇ ਪੁਲਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਜਾਂਦੀ ਰਹੀ ਹੈ, ਪਰ ਅਜੇ ਤੱਕ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਦੱਸਣਯੋਗ ਹੈ ਕਿ ਨਾ ਡਰੇਨਾਂ ਆਦਿ ਦੀ ਸਫ਼ਾਈ ਹੋਈ ਹੈ ਅਤੇ ਨਾ ਹੀ ਨਦੀਆਂ ਤੇ ਨਵੇਂ ਪੁਲਾਂ ਦੀ ਉਸਾਰੀ ਹੀ ਕੀਤੀ ਗਈ ਹੈ।

