ਜੈਲਦਾਰ ਚੈੜੀਆਂ ਦਾ ਕੱਲ੍ਹ ਹੋਵੇਗਾ ਸਸਕਾਰ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਜਿਲ੍ਹਾ ਰੂਪਨਗਰ ਦੇ ਮੌਜੂਦਾ ਪ੍ਰਧਾਨ ਅਤੇ ਪੀਆਰਟੀਸੀ ਪਟਿਆਲਾ ਦੇ ਸਾਬਕਾ ਚੇਅਰਮੈਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਗ੍ਰਹਿ ਪਿੰਡ ਚੈੜੀਆਂ ਵਿਖੇ ਪੁੱਜੇ। ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਸਵ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ ਰਹਿੰਦੇ ਹਨ, ਜਿਹੜੇ ਰਾਤੀਂ ਵਾਪਸ ਪੰਜਾਬ ਪੁੱਜੇ ਹਨ।


ਇਸ ਮੌਕੇ ਗੱਲਬਾਤ ਕਰਦਿਆਂ ਸ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪਾਰਟੀ ਦਾ ਦਰਵੇਸ਼ ਆਗੂ ਇਸ ਸੰਸਾਰ ਤੋਂ ਰੁਖ਼ਸਤ ਹੋਇਆ ਹੈ, ਜਿਸ ਦਾ ਘਾਟਾ ਪਾਰਟੀ ਕਦੇ ਵੀ ਪੂਰਾ ਨਹੀਂ ਕਰ ਸਕਦੀ। ਇਲਾਕੇ ਵਿੱਚ ਜਿੱਥੇ ਉਹ ਇੱਕ ਵਧੀਆ ਲੀਡਰ ਵਜੋਂ ਵਿਚਰਦੇ ਸਨ, ਓਥੇ ਹੀ ਉਹ ਇੱਕ ਵਧੀਆ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਸਨ। ਆਪਣੇ ਪਿੰਡ ਤੋਂ ਇਲਾਵਾ ਇਲਾਕੇ ਦੇ ਹੋਰ ਪਿੰਡਾਂ ਵਿਚ ਵੀ ਖੇਡ ਮੇਲੇ ਕਰਵਾਉਂਦੇ ਸਨ।
ਇਸ ਤੋਂ ਇਲਾਵਾ ਉਨ੍ਹਾਂ ਹਮੇਸ਼ਾ ਸਾਫ਼ ਸ਼ਵੀ ਨਾਲ ਪਾਰਟੀ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੀਆਰਟੀਸੀ ਦੇ ਚੇਅਰਮੈਨ ਵਜੋਂ ਵੀ ਵਧੀਆ ਕੰਮ ਕੀਤੇ ਹਨ। ਉਨ੍ਹਾਂ ਦੇ ਤੁਰ ਜਾਣ ‘ਤੇ ਜਿੱਥੇ ਪਾਰਟੀ ਨੂੰ ਘਾਟ ਮਹਿਸੂਸ ਹੋਵੇਗੀ, ਓਥੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਉਨ੍ਹਾਂ ਦੀ ਘਾਟ ਹਮੇਸ਼ਾ ਖਟਕਦੀ ਰਹਿਣੀ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਸ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅੰਤਿਮ ਯਾਤਰਾ ਕੱਲ੍ਹ ਸਵੇਰੇ 9 ਵਜੇ ਪ੍ਰਭ ਆਸਰਾ ਸੰਸਥਾ ਪਡਿਆਲਾ ਨੇੜੇ ਕੁਰਾਲੀ ਤੋਂ ਸ਼ੁਰੂ ਹੋਵੇਗੀ, ਜਿਸ ਦੌਰਾਨ ਉਨਾਂ ਦੀ ਪੰਜ ਭੂਤਕ ਦੇਹ ਲੋਕਾਂ ਨੂੰ ਦੀਦਾਰ ਕਰਨ ਲਈ ਰੱਖੀ ਜਾਵੇਗੀ।
ਇਸ ਯਾਤਰਾ ਦੌਰਾਨ ਕੁਰਾਲੀ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਉਨ੍ਹਾਂ ਨੂੰ ਚਾਹੁਣ ਵਾਲੇ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇੱਕ ਘੰਟੇ ਲਈ ਪਿੰਡ ਚੈੜੀਆਂ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਸਰੀਰ ਰੱਖਿਆ ਜਾਵੇਗਾ। ਉਪਰੰਤ ਤਕਰੀਬਨ 12 ਵਜੇ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪੂਰੇ ਸਨਮਾਨ ਅਤੇ ਰਿਵਾਜ਼ ਅਨੁਸਾਰ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਪਰਿਵਾਰ ਵੱਲੋਂ ਸਾਰੇ ਹੀ ਰਿਸ਼ਤੇਦਾਰਾਂ, ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

