www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਹਿਤ ਸਭਾ ਖਰੜ ਵੱਲੋਂ ਉੱਘੇ ਗੀਤਕਾਰ ਭੱਟੀ ਭੜੀਵਾਲੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਉੱਘੇ ਗੀਤਕਾਰ ਭੱਟੀ ਭੜੀਵਾਲੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਉੱਘੇ ਗੀਤਕਾਰ ਭੱਟੀ ਭੜੀਵਾਲੇ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ:
ਪੰਜਾਬੀ ਸਹਿਤ ਸਭਾ ਖਰੜ ਵੱਲੋਂ ਸਾਵਣ ਕਵੀ ਦਰਬਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ  ਵਿਖੇ  ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਗੀਤਕਾਰ ਜਸਵਿੰਦਰ ਸਿੰਘ ਉਰਫ਼ ਭੱਟੀ ਭੜੀਵਾਲਾ, ਸਮਾਜ ਸੇਵੀ ਗੁਰਿੰਦਰਜੀਤ ਸਿੰਘ ਗਿੱਲ ਬਡਾਲਾ, ਸਭਾ ਦੇ ਸਰਪ੍ਰਸਤ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਸਭਾ ਦੇ ਪ੍ਰਧਾਨ ਡਾ ਜਸਪਾਲ ਜੱਸੀ ਅਤੇ ਕਹਾਣੀਕਾਰ ਤੇ ਮੰਚ ਕਲਾਕਾਰ ਯਾਦਵਿੰਦਰ ਸਿੱਧੂ ਸ਼ਾਮਿਲ ਹੋਏ। ਡਾ.  ਜੱਸੀ ਨੇ ਸਵਾਗਤੀ ਸ਼ਬਦਾਂ ਨਾਲ ਮਹਿਮਾਨਾਂ ਬਾਰੇ ਅਤੇ ਸਭਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਤਵਿੰਦਰ ਸਿੰਘ ਮੜੌਲਵੀ ਵੱਲੋਂ ਸਭਾ ਦੀ ਰੂਪ ਰੇਖਾ ਦੱਸੀ ਗਈ।
ਰੂਬਰੂ ਪ੍ਰੋਗਰਾਮ ਲੜੀ ਵਿੱਚ ਗੀਤਕਾਰ ਭੱਟੀ ਭੜੀਵਾਲੇ ਨੇ ਆਪਣੇ ਸਕੂਲ, ਕਾਲਜ ਤੇ ਯੂਨੀਵਰਸਿਟੀ ਪੜ੍ਹਦਿਆਂ ਆਪਣੇ ਗੀਤਾਂ ਦੇ ਪ੍ਰਾਰੰਭਕ ਪੰਧ ਬਾਰੇ ਦੱਸਿਆ। ਆਪਣੇ ਅਧਿਆਪਕਾਂ ਦੀ ਪ੍ਰੇਰਨਾ ਦੀ ਸਿਫ਼ਤ ਕੀਤੀ। ਭੱਟੀ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਲਗਭਗ ਇੱਕ ਹਜ਼ਾਰ ਗੀਤ ਲਿਖੇ, ਜਿਨ੍ਹਾਂ ਵਿੱਚੋਂ 700 ਗੀਤ ਪੰਜਾਬੀ ਦੇ ਹਰ ਉੱਘੇ ਗਾਇਕ ਨੇ ਗਾ ਕੇ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਅਤੇ ਸਰੋਤਿਆਂ ਤੋਂ ਵਾਹਵਾ ਖੱਟੀ। ਮੁੱਖ ਮਹਿਮਾਨ ਗੁਰਿੰਦਰਜੀਤ ਸਿੰਘ ਗਿੱਲ ਨੇ ਡਾਕਟਰ ਐਮ ਐਸ ਰੰਧਾਵਾ ਦੀ ਦੇਣ ਦਾ ਜ਼ਿਕਰ ਕੀਤਾ ਅਤੇ ਪੁਸਤਕਾਂ ਦੀ ਦੇਣ ਨੂੰ ਸਾਹਿਤਕਾਰਾਂ ਦਾ ਯੁੱਗ ਪਲਟਾਊ ਕਾਰਜ ਦੱਸਿਆ ਤੇ ਸਭਾ ਦੀ ਪ੍ਰਸੰਸਾ ਕਰਦਿਆਂ ਇਕਵੰਜਾ ਸੌ ਰੁਪਏ ਦੀ ਮਾਲੀ ਮਦਦ ਵੀ ਕੀਤੀ।
ਯਾਦਵਿੰਦਰ ਸਿੰਘ ਸਿੱਧੂ ਨੇ ਆਪਣੇ ਕਹਾਣੀ ਕਲਾ ਤੇ ਮੰਚ ਕਲਾਕਾਰੀ ਬਾਰੇ ਚਾਨਣਾ ਪਾ ਕੇ ਖੁਸ਼ੀ ਸਾਂਝੀ ਕੀਤੀ। ਸ਼ਖਸ਼ੀਅਤਾਂ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਮਨਮੋਹਨ ਸਿੰਘ ਦਾਊਂ ਨੇ ਪੰਜਾਬੀ ਸਾਹਿਤਕਾਰੀ ਬਾਰੇ ਮੁੱਲਵਾਨ ਨੁਕਤੇ ਸਾਂਝੇ ਕੀਤੇ ਤੇ ਸਮਾਗਮ ਨੂੰ ਯਾਦਗਾਰੀ ਦੱਸਿਆ। ਸ਼ਾਇਰਾਂ ਦੀਆਂ ਰਚਨਾਵਾਂ ਦੀ ਸ਼ਲਾਘਾ ਕੀਤੀ ਤੇ ਆਪਣੀਆਂ ਰਚਨਾ “ਬਟਨ ਅਤੇ ਕਵਿਤਾ” ਪੇਸ਼ ਕੀਤੀ।
ਸਾਵਣ ਕਵੀ ਦਰਬਾਰ ਦੀ ਛਹਿਬਰ ਵਿੱਚ ਐਡਵੋਕੇਟ ਨੀਲਮ ਨਾਰੰਗ, ਡਾਕਟਰ ਸਨੀਤਾ  ਰਾਣੀ, ਜਸਪਾਲ ਸਿੰਘ ਕੰਵਲ, ਡਾਕਟਰ ਰੁਪਿੰਦਰ ਕੌਰ, ਡਾ ਜਤਿੰਦਰ ਅਰੋੜਾ, ਮੰਦਰ ਗਿੱਲ ਸਾਹਿਬਚੰਦੀਆ, ਮਲਕੀਤ ਸਿੰਘ ਨਾਗਰਾ, ਜਗਦੇਵ ਸਿੰਘ ਰਡਿਆਲਾ, ਕਰਮਜੀਤ ਬੱਗਾ, ਸੁੱਚਾ ਸਿੰਘਾ ਅਧਰੇੜਾ, ਦਲਵੀਰ ਸਿੰਘ ਸਰੋਆ, ਗੁਰਮੀਤ ਸਿੰਘ ਸਿੰਗਲ, ਸੁਰਜਨ ਸਿੰਘ ਜੱਸਲ, ਪ੍ਰਿੰਸੀਪਲ ਗੁਰਮੀਤ ਸਿੰਘ ਖਰੜ,ਦਲਜੀਤ ਸਿੰਘ ਨਾਮਧਾਰੀ, ਜੀਤ ਸਿੰਘ ਸੋਹਲ, ਬਲਵਿੰਦਰ ਸਿੰਘ ਨਾਮਧਾਰੀ, ਗੀਤਕਾਰ ਰਾਜੂ ਨਾਹਰ, ਨਾਗਰ ਸਿੰਘ ਸਹੌੜਾਂ, ਸੁਰਿੰਦਰ ਦਿਓਲ ਸੈਂਪਲਾ, ਛਿੱਬਰ ਸਹੇੜੀ, ਹਰਸ਼ਰਨਜੀਤ ਸਿੰਘ ਬਡਾਲਾ ਆਦਿ ਨੇ ਖੂਬ ਰੰਗ ਬੰਨ੍ਹਿਆ। ਮੰਚ  ਸੰਚਾਲਨ ਬਾਖ਼ੂਬੀ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਕੀਤਾ।

Leave a Reply

Your email address will not be published. Required fields are marked *