ਪੜੌਲ ਤੀਆਂ ਦੇ ਮੇਲੇ ਵਿੱਚ ਲੱਗੀਆਂ ਖ਼ੂਬ ਰੌਣਕਾਂ
ਚੰਡੀਗੜ੍ਹ 12 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਪੜੌਲ ਨਿਊ ਚੰਡੀਗੜ੍ਹ ਦੀਆਂ ਔਰਤਾਂ ਵੱਲੋਂ ਸਾਂਝੇ ਤੌਰ ‘ਤੇ ਤੀਆਂ ਦਾ ਤਿਓਹਾਰ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰੰਗ ਬਰੰਗੀਆਂ ਰੱਸੀਆਂ ਨਾਲ ਵੱਡੇ ਦਰੱਖਤ ਤੇ ਪੀਂਘ ਪਾਈ ਗਈ ਅਤੇ ਸਭ ਨੇ ਵਾਰੀ ਵਾਰੀ ਪੀਂਘ ਝੂਟ ਕੇ ਅਨੰਦ ਮਾਣਿਆ। ਔਰਤਾਂ ਆਪਣੇ ਆਪਣੇ ਪੰਜਾਬੀ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀ ਸੂਟਾਂ ਤੇ ਰੰਗ ਬਰੰਗੀਆਂ ਫੁੱਲਕਾਰੀਆਂ ਲੈ ਕੇ ਸਜ ਧਜ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ।


ਪਿੰਡ ਦੀਆਂ ਔਰਤਾਂ, ਧੀਆਂ ਧਿਆਣੀਆਂ ਵੀ ਪੰਜਾਬੀ ਸੂਟ ਪਾ ਕੇ ਸਿਰਾਂ ਤੇ ਫੁਲਕਾਰੀਆਂ ਸਜ਼ਾ ਕੇ ਪੰਡਾਲ ਵਿੱਚ ਪਹੁੰਚੀਆਂ। ਇਸ ਮੌਕੇ ਪੁਰਾਣੇ ਵਿਰਸੇ ਨਾਲ ਸੰਬੰਧਤ ਚਰਖਾ, ਮਧਾਣੀ, ਪੱਖੀਆਂ, ਚੱਕੀ ਅਤੇ ਹੋਰ ਸਮਾਨ ਪੰਡਾਲ ਵਿੱਚ ਸਜਾਇਆ ਗਿਆ। ਇਸ ਮੌਕੇ ਸਮੂਹ ਸ਼ਾਮਲ ਔਰਤਾਂ ਨੇ ਇੱਕ ਦੂਜੀ ਨੂੰ ਤੀਆਂ ਦੇ ਤਿਓਹਾਰ ਦੀ ਵਧਾਈ ਦਿੱਤੀ। ਇਸ ਤੀਆਂ ਦੇ ਮੇਲੇ ਦੌਰਾਨ ਢੋਲ ਦੇ ਡੱਗੇ ਨਾਲ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਨੌਜਵਾਨ ਮੁਟਿਆਰਾਂ ਡੀ ਜੇ ਤੇ ਆਪਣੀ ਪਸੰਦ ਦੇ ਪੰਜਾਬੀ, ਗੀਤਾਂ ਤੇ ਨੱਚੀਆਂ। ਸਾਰੀਆਂ ਔਰਤਾਂ ਨਾਲ ਮਿਲ ਕੇ ਨੱਚ ਟੱਪ ਕੇ ਅਤੇ ਬੋਲੀਆਂ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਰਵਿੰਦਰ ਸਿੰਘ ਰਵੀ ਵੱਲੋਂ ਔਰਤਾਂ ਦੇ ਖਾਣ ਪੀਣ ਲਈ ਚਾਹ, ਬਰੈੱਡ ਪਕੌੜਿਆਂ ਅਤੇ ਕੋਲਡ ਡਰਿੰਕਸ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਪਿੰਡ ਦੀਆਂ ਬਜ਼ੁਰਗ ਔਰਤਾਂ ਵੱਲੋਂ ਅੱਜ ਕੱਲ੍ਹ ਦੀਆਂ ਧੀਆਂ ਧਿਆਣੀਆਂ ਨੂੰ ਤੀਆਂ ਦੇ ਤਿਓਹਾਰ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਤਿਓਹਾਰ ਸਾਨੂੰ ਸਾਰਿਆਂ ਨੂੰ ਰਲਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜਨ ਦੇ ਨਾਲ ਨਾਲ ਆਪਸੀ ਸਾਂਝਾਂ ਵੀ ਵੱਧਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਨੂੂੰ ਆਪਣੇ ਵਿਰਸੇ ਅਤੇ ਸੱਭਿਅਚਾਰ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹਨ। ਮੁਟਿਆਰਾਂ ਵੱਲੋਂ ਗਿੱਧਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਰਜਾ ਸਿੰਘ, ਨਿੰਦਰ,ਬਿੱਲੂ, ਕਮਲਜੀਤ ਕੌਰ, ਕੁਲਵਿੰਦਰ ਕੌਰ, ਰਜਵੰਤ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਕੁਲਦੀਪ ਕੌਰ, ਸਤਿੰਦਰ ਕੌਰ, ਗੁਰਵੀਰ ਸਿੰਘ, ਹਰਦੀਪ ਕੌਰ,ਸਵਰਨ ਕੌਰ ਵੀ ਮੌਜੂਦ ਸਨ।

