ਸਕੂਲ ਰਤਵਾੜਾ ਸਾਹਿਬ ਵਿਖੇ ਭਾਰਤ ਦੇ ਪ੍ਰਸਿੱਧ ਕਾਰਡਿਓਲਜਿਸਟ ਪਦਮ ਭੂਸਨ ਡਾ. ਟੀ.ਐਸ ਕਲੇਰ ਵੱਲੋਂ ਸੈਮੀਨਾਰ
ਚੰਡੀਗੜ 23 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਹਤ ਅਤੇ ਐਜੂਕੇਸ਼ਨ ਜਾਗਰੂਕਤਾ ਸਬੰਧੀ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਭਾਰਤ ਦੇ ਪ੍ਰਸਿੱਧ ਦਿਲ ਦੇ ਡਾਕਟਰ ਪਦਮ ਭੂਸ਼ਨ ਡਾ. ਟੀ.ਐਸ. ਕਲੇਰ ਨੇ ਆਪਣੇ ਭਾਸ਼ਣ ਵਿੱਚ ਬੱਚਿਆ ਨਾਲ ਸੁਚੱਜੇ ਜੀਵਨ ਜਾਂਚ ਬਾਰੇ ਅਨਮੋਲ ਵਿਚਾਰ ਸਾਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਚੰਗੀ ਸਿਹਤ ਆਪਣੇ ਮੁਕਾਮ ਤੇ ਪਹੁੰਚਣ ਲਈ ਅਤੀ ਜ਼ਰੂਰੀ ਹੈ। ਉਨ੍ਹਾਂ ਬੱਚਿਆ ਨੂੰ ਨਸ਼ਿਆ ਅਤੇ ਫਾਸਟ ਫੂਡ ਦੀ ਵਰਤੋਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਅਤੇ ਮੁਬਾਇਲ ਦੀ ਦੁਰਵਰਤੋਂ ਛੱਡ ਕੇਵਲ ਯੋਗ ਵਰਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਸੁਚੱਜਾ ਜੀਵਨ ਜਿਉਣ ਲਈ 13 ਨੁਕਾਤੀ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ, ਜਿਸ ਵਿੱਚ ਪ੍ਰਮੁੱਖ ਤੌਰ ਤੇ ਸਖਤ ਮਿਹਨਤ ਕਰਨਾ, ਪ੍ਰਮਾਤਮਾ ਦੇ ਸਦਾ ਸ਼ੁਕਰ ਵਿੱਚ ਰਹਿਣਾ, ਵੱਡਿਆਂ ਦਾ ਸਤਿਕਾਰ ਕਰਨਾ, ਪੋਸ਼ਟਿਕ ਖੁਰਾਕ ਖਾਣਾ, ਹਮੇਸ਼ਾ ਚੜਦੀ ਕਲਾ ਵਿੱਚ ਰਹਿਣਾ, ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣਾ ਆਦਿ ਅਨਮੋਲ ਵਿਚਾਰਾਂ ਸਾਝੀਆਂ ਕੀਤੀਆਂ।
ਅੰਤ ਵਿੱਚ ਸਕੂਲ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਨੇ ਡਾਕਟਰ ਸਾਹਿਬ ਦਾ ਸਨਮਾਨ ਕੀਤਾ ਤੇ ਉਥੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਸਕੂਲੀ ਬੱਚੇ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਟਰੱਸਟ ਦੇ ਮੁੱਖੀ ਸ੍ਰੀ ਮਾਨ ਸੰਤ ਬਾਬਾ ਲਖਬੀਰ ਸਿੰਘ ਜੀ ਨੇ ਆਪਣੇ ਸੰਦੇਸ਼ ਨਾਲ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਕਰਾਉਣ ਦੀ ਹਦਾਇਤ ਕੀਤੀ।

