ਲੱਚਰਤਾ, ਅਸ਼ਲੀਲਤਾ, ਨਸ਼ਿਆ ਅਤੇ ਹਿੰਸਾ ਨੂੰ ਹਲਾਸ਼ੇਰੀ ਦਿੰਦੀ ਗੀਤਕਾਰੀ ਤੇ ਗਾਇਕੀ ਨੂੰ ਠੱਲ੍ਹ ਪਾਉਂਣ ਲਈ ਇਪਟਾ ਦਾ ਵਫ਼ਦ ਪੰਜਾਬ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ
ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਲੋਕ-ਮਸਲੇ ਦੀ ਗੰਭੀਰਤਾ ਸਮਝਦਿਆਂ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਕਿਸੇ ਰਾਜਨੀਤਿਕ ਆਗੂ ਨੇ ਇਪਟਾ ਨੂੰ ਦਿੱਤਾ ਮਿਲਣ ਲਈ ਸਮਾਂ – ਸੰਜੀਵਨ


ਚੰਡੀਗੜ 24 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਾਹਿਤ, ਕਲਾ ਤੇ ਸਭਿਆਚਾਰ ਦੇ ਮਹੱਤਵ ਨੂੰ ਸਮਝਣ ਵਾਲੇ ਪੰਜਾਬ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਮੀਤ ਪ੍ਰਧਾਨ ਅਮਨ ਭੋਗਲ, ਜ਼ਿਲ੍ਹਾ, ਮੁਹਾਲੀ ਦੇ ਪ੍ਰਧਾਨ ਨਰਿੰਦਰ ਪਾਲ ਨੀਨਾ, ਜਨਰਲ ਸਕੱਤਰ ਜਸਬੀਰ ਗਿੱਲ, ਸਰਘੀ ਕਲਾ ਕੇਂਦਰ ਦੀ ਵਿੱਤ ਸਕੱਤਰ ਨਰਿੰਦਰ ਨਸਰੀਨ (ਸਾਰੇ ਰੰਗਮੰਚ ਦੇ ਫਿਲਮਾਂ ਦੇ ਅਦਾਕਾਰ) ਦੀ ਸ਼ਮੂਲੀਅਤ ਵਾਲੇ ਵਫ਼ਦ ਨਾਲ ਲੱਚਰਤਾ, ਅਸ਼ਲੀਲਤਾ, ਨਸ਼ਿਆ, ਅਤੇ ਹਿੰਸਾ ਨੂੰ ਹਲਾਸ਼ੇਰੀ ਦਿੰਦੀ ਗੀਤਕਾਰੀ ਤੇ ਗਾਇਕੀ ਨਾਲ ਨੌਜਵਾਨ ਵਿਚ ਆ ਰਹੇ ਵਿਗਾੜਾਂ ਤੇ ਨਿਘਾਰਾਂ ਬਾਰੇ ਖੁੱਲ ਕੇ ਚਰਚਾ ਕੀਤੀ।
ਸੰਜੀਵਨ ਸਿੰਘ ਨੇ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਲੋਕ-ਮਸਲੇ ਲਈ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਕਿਸੇ ਰਾਜਨੀਤਿਕ ਆਗੂ ਵੱਲੋਂ ਮਿਲਣ ਲਈ ਸਮਾਂ ਦੇਣ ’ਤੇ ਸੰਤੁਸ਼ਟੀ ਤੇ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਸ੍ਰੀ ਕੁਲਤਾਰ ਸਿੰਘ ਸੰਧਵਾਂ ਹੋਰਾਂ ਇਪਟਾ ਦੇ ਕਾਰਕੁਨਾਂ ਨਾਲ ਗੱਲਬਾਤ ਦੌਰਾਨ ਸਭਿਆਚਾਰਕ ਪ੍ਰਦੂਸ਼ਣ ਵਰਗੇ ਸਮਾਜ ਲਈ ਘਾਤਿਕ ਮਸਲੇ ਬਾਰੇ ਭਾਰਤ ਸਰਕਾਰ ਦੇ ਸਬੰਧਤ ਮੰਤਰਾਲੇ ਨੂੰ ਅਰਧ ਸਰਕਾਰੀ ਪੱਤਰ ਲਿਖਣ ਲਈ ਕੀਤੀ ਗੁਜ਼ਾਰਿਸ਼ ਨੂੰ ਵਾਜਿਬ ਕਿਹਾ।ਸੰਧਵਾਂ ਸਾਹਿਬ ਇਹ ਵੀ ਕਿਹਾ, “ਜਿਵੇ ਸਾਡਾ ਵਾਤਾਵਰਣ ਅਤੇ ਰਿਸ਼ਤੇ-ਨਾਤੇ ਪ੍ਰਦੂਸ਼ਤ ਹੋਣ ਤੋਂ ਬਚਾਉਂਣ ਲਈ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਉਸੇ ਤਰ੍ਹਾਂ ਗੰਧਲੇ ਤੇ ਪਲੀਤ ਹੋ ਰਹੇ ਸਭਿਆਚਾਰ ਤੇ ਸਾਹਿਤ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਂਣ ਲਈ ਗੰਭੀਰ ਤੇ ਸੁਹਿਰਦ ਯਤਨ ਕਰਨੇ ਪੈਣਗੇ।ਇਪਟਾ ਦਾ ਮੰਨਣਾ ਹੈ ਕਿ ਸਮਾਜ ਵਿਚ ਨਸ਼ਿਆ ਦੇ ਵੱਧ ਰਹੇ ਰੁਝਾਨ, ਔਰਤਾ ਪ੍ਰਤੀ ਅਪਰਾਧਾਂ ਅਤੇ ਗੈਂਗਸਟਰਵਾਦ ਲਈ ਲੱਚਰਤਾ, ਅਸ਼ਲੀਲਤਾ, ਹਥਿਆਰਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗੀਤਕਾਰੀ ਤੇ ਗਾਇਕੀ ਵੀ ਕਾਫੀ ਹੱਦ ਤੱਕ ਜ਼ੁੰਮੇਵਾਰ ਹੈ।“

