ਪਹਿਲਵਾਨ ਪੰਨੀ ਨੇ ਅੰਤਰ ਜ਼ਿਲ੍ਹਾ ਖੇਡਾਂ ਵਿਚ ਜਿੱਤਿਆ ਸਿਲਵਰ ਮੈਡਲ
ਚੰਡੀਗੜ੍ਹ 3 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਮਹਾਂਕਾਲ ਕੁਸ਼ਤੀ ਅਖਾੜਾ ਖਿਜ਼ਰਾਬਾਦ ਦੇ ਛੋਟੀ ਉਮਰ ਦੇ ਪਹਿਲਵਾਨ ਪਨਵ ਉਰਫ ਪੰਨੀ ਨੇ ਜ਼ਿਲ੍ਹਾ ਪੱਧਰੀ ਰੈਸਲਿੰਗ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤ ਕੇ ਇੱਕ ਵਾਰੀ ਫਿਰ ਮੋਹਾਲੀ ਜ਼ਿਲ੍ਹੇ ਦੇ ਵੱਡੇ ਅਤੇ ਇਤਿਹਾਸਕ ਕਸਬਾ ਖਿਜ਼ਰਾਬਾਦ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਂਕਾਲ ਕੁਸ਼ਤੀ ਅਖਾੜਾ ਖਿਜ਼ਰਾਬਾਦ ਦੇ ਸੰਚਾਲਕ ਪ੍ਰਦੀਪ ਬਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਸਪੁੱਤਰ ਹਨ, ਜਿਹੜੇ ਕੁਸ਼ਤੀ ਨੂੰ ਸਮਰਪਿਤ ਹਨ ਤੇ ਛੋਟੀ ਉਮਰ ਵਿੱਚ ਹੀ ਬਹੁਤ ਸਾਰੇ ਮੈਡਲ ਜਿੱਤ ਚੁੱਕੇ ਹਨ, ਜਿਨ੍ਹਾਂ ਵਿੱਚ ਪਨਵ ਉਰਫ ਪੰਨੀ ਨੇ ਬੀਤੇ ਦਿਨੀਂ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 67ਵੀਆਂ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਪੂਰੇ ਜ਼ਿਲ੍ਹਾ ਮੋਹਾਲੀ ਵਿੱਚੋ ਦੂਜਾ ਸਥਾਨ ਪ੍ਰਾਪਤ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਆਪਣੇ ਪਿੰਡ, ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦੋਵੇਂ ਪਹਿਲਵਾਨ ਪੁੱਤਰਾਂ ਨੂੰ ਬਰਾਬਰ ਅਭਿਆਸ ਕਰਵਾਇਆ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਮਿੱਟੀ ਦੀਆਂ ਕੁਸ਼ਤੀਆਂ ਘੱਟ ਅਤੇ ਮੈਟ ਵਾਲੀਆਂ ਕੁਸ਼ਤੀਆਂ ਜ਼ਿਆਦਾ ਕਰਵਾਈਆਂ ਜਾ ਰਹੀਆਂ ਹਨ, ਕਿਉਂਕਿ ਇੰਟਰਨੈਸ਼ਨਲ ਪੱਧਰ ਦੀ ਰੈਸਲਿੰਗ ਖੇਡਾਂ ਮੈਟ ਤੇ ਅਤੇ ਇੰਟਰਨੈਸ਼ਨਲ ਨਿਯਮਾਂ ਅਨੁਸਾਰ ਕਰਵਾਈਆਂ ਜਾਂਦੀਆਂ ਹਨ। ਓਥੇ ਹੀ ਇਲਾਕੇ ਭਰ ਵਿੱਚ ਇਨ੍ਹਾਂ ਦੋਵਾਂ ਪਹਿਲਵਾਨਾਂ ਦੀ ਵਧੀਆ ਪਛਾਣ ਬਣੀ ਹੈ ਤੇ ਅਕਸਰ ਕੁਸ਼ਤੀ ਦੰਗਲਾਂ ਤੋਂ ਸੁਨੇਹਾ ਵੀ ਆਉਂਦਾ ਹੈ। ਜਿਥੇ ਕਿਧਰੇ ਪ੍ਰਬੰਧਕਾਂ ਦੀ ਮੰਗ ਹੁੰਦੀ ਹੈ, ਓਥੇ ਕਈ ਵਾਰ ਕੁੱਝ ਦੰਗਲਾਂ ਵਿੱਚ ਉਨ੍ਹਾਂ ਦੀ ਉਮਰ ਅਨੁਸਾਰ ਝੰਡੀ ਦੀਆਂ ਕੁਸ਼ਤੀਆਂ ਵੀ ਇਨ੍ਹਾਂ ਪਹਿਲਵਾਨਾਂ ਵਿਚਕਾਰ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਦੋਵੇਂ ਪਹਿਲਵਾਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਬਹੁਤ ਸਾਰੇ ਕੁਸ਼ਤੀ ਦੰਗਲਾਂ ਵਿੱਚ ਦੋਵੇਂ ਪਹਿਲਵਾਨਾਂ ਸਮੇਂਤ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਮਰ ਦੇ ਹਿਸਾਬ ਨਾਲ ਹੁਣ ਉਨ੍ਹਾਂ ਨੂੰ ਚੰਗੇ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਹੁਣ ਪੰਜਾਬ ਅਤੇ ਹੋਰ ਸਟੇਟਾਂ ਵਿੱਚ ਹੋਣ ਵਾਲੀਆਂ ਵੱਖ ਵੱਖ ਖੇਡਾਂ ਵਿੱਚ ਉਨ੍ਹਾਂ ਵੱਲੋਂ ਹਿੱਸਾ ਲਿਆ ਜਾਵੇਗਾ।

