www.sursaanjh.com > ਅੰਤਰਰਾਸ਼ਟਰੀ > ਕਿੱਸਾ ਸ਼ਹੀਦ ਭਗਤ ਸਿੰਘ ਦੇ ਸਿਰਜਕ ਪ੍ਰੋਃ ਦੀਦਾਰ ਸਿੰਘ ਯਾਦ ਆਏ

ਕਿੱਸਾ ਸ਼ਹੀਦ ਭਗਤ ਸਿੰਘ ਦੇ ਸਿਰਜਕ ਪ੍ਰੋਃ ਦੀਦਾਰ ਸਿੰਘ ਯਾਦ ਆਏ

ਕਿੱਸਾ ਸ਼ਹੀਦ ਭਗਤ ਸਿੰਘ ਦੇ ਸਿਰਜਕ ਪ੍ਰੋਃ ਦੀਦਾਰ ਸਿੰਘ ਯਾਦ ਆਏ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:
ਪ੍ਰੋਃ ਦੀਦਾਰ ਸਿੰਘ ਜੀ ਦਾ ਜਨਮ ਗੁਜਰਾਂਵਾਲਾ (ਹੁਣ ਪਾਕਿਸਤਾਨ) ਦੇ ਪਿੰਡ ਅਰੂਪ ਵਿਖੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਿਰਕੱਢ ਸਿੱਖ ਆਗੂ ਸਃ ਸੰਤ ਸਿੰਘ ਅਰੂਪ ਜੀ ਦੇ ਘਰ ਹੋਇਆ। ਸਃ ਅਰੂਪ ਇਲਾਕੇ ਦੇ ਵੱਡੇ ਭਿੰਡਰ ਗੋਤ ਦੇ ਜੱਟ ਜਿਮੀਂਦਾਰ ਸਨ ਪਰ ਵੱਡੇ ਸਪੁੱਤਰ ਦੀਦਾਰ ਸਿੰਘ ਦੀਆਂ ਦਿਲਚਸਪੀਆਂ ਮਾਰਕਸਵਾਦੀ ਚਿੰਤਨ ਵਿੱਚ ਵਧੇਰੇ ਸਨ। ਗੁਰੂ ਨਾਨਕ ਖਾਲਸਾ ਕਾਲਿਜ ਗੁਜਰਾਂਵਾਲਾ ਚ ਪੜ੍ਹਦਿਆਂ ਆਪਣੇ ਸਹਿਪਾਠੀਆਂ ਸਰਦੂਲ ਸਿੰਘ (ਪ੍ਰਿੰਸੀਪਲ) ਤੇ ਹਰਬੰਸ ਸਿੰਘ ਵੜੈਚ (ਸੁਰਗਵਾਸੀ ਕਰਨਲ ਸਾਹਿਬ) ਨਾਲ ਮਿਲਾਪ ਕਾਰਨ ਪੱਕੇ ਸਮਾਜਵਾਦੀ ਸੋਚ ਧਾਰਾ ਨੂੰ ਪਰਣਾਏ ਗਏ।
ਸ਼ਿਵ ਕੁਮਾਰ ਤੋਂ ਲਗਭਗ ਦਸ ਸਾਲ ਪਹਿਲਾਂ ਉਨ੍ਹਾਂ ਨੇ ਲੂਣਾ ਨਾਮ ਦੀ ਮਹੱਤਵਪੂਰਨ ਕਵਿਤਾ ਲਿਖੀ ਜੋ ਪ੍ਰੋਃ ਮੋਹਨ ਸਿੰਘ ਜੀ ਨੇ ਪੰਜ ਦਰਿਆ ਮਾਸਿਕ ਪੱਤਰ ਵਿੱਚ ਪ੍ਰਕਾਸ਼ਿਤ ਕੀਤੀ। ਉਸ ਕਵਿਤਾ ਵਿੱਚ ਉਨ੍ਹਾਂ ਲੂਣਾ ਨੂੰ ਬੇਕਸੂਰ ਗਿਣਿਆ ਸੀ। ਡਾਃ ਜਗਤਾਰ ਸਮੇਤ ਕਈ ਲੇਖਕ ਮੰਨਦੇ ਹਨ ਕਿ ਪ੍ਰੋਃ ਦੀਦਾਰ ਸਿੰਘ ਵਾਲਾ ਵਿਸ਼ਲੇਸ਼ਣ ਹੀ ਸ਼ਿਵ ਕੁਮਾਰ ਦੀ ਮਹੱਤਵ ਪੂਰਨ ਲਿਖਤ ਦੀ ਆਧਾਰ ਭੂਮੀ ਬਣਦਾ ਹੈ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿੱਚ ਆ ਵੱਸਿਆ। ਇਸ ਪਰਿਵਾਰ ਨੇ ਹੁਣ ਸ਼ਾਹਬਾਦ ਵਿੱਚ ਅਰੂਪ ਨਗਰ ਕਾਲੋਨੀ ਵਸਾਈ ਹੋਈ ਹੈ।
ਪ੍ਰੋਃ ਦੀਦਾਰ ਸਿੰਘ ਜੀ ਦੀ ਪ੍ਰਥਮ ਮਹੱਤਵਪੂਰਨ ਰਚਨਾ ਕਾਵਿ ਨਾਟਕ ਸੁਮੇਲ ਸੀ ਜੋ ਕਈ ਸਾਲ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਰਿਹਾ ਹੈ। ਇਸ ਮਗਰੋਂ ਉਨ੍ਹਾਂ ਦੀ ਵੱਡ ਆਕਾਰੀ ਰਚਨਾ ਕਿੱਸਾ ਸ਼ਹੀਦ ਭਗਤ ਸਿੰਘ ਹੈ ਜੋ ਪਹਿਲੀ ਵਾਰ ਅੰਸ਼ਕ ਤੌਰ ਤੇ ਯੁਵਕ ਕੇਂਦਰ ਜਲੰਧਰ ਨੇ ਛਾਪਿਆ। ਇਸ ਵਿੱਚ ਪ੍ਰੋਃ ਦੀਦਾਰ ਸਿੰਘ ਜੀ ਦਾ ਯੁਵਕ ਕੇਂਦਰ ਨੀਤੀ ਅਨੁਸਾਰ ਨਾਮ ਨਹੀਂ ਸੀ। ਕੁਝ ਸਾਲਾਂ ਬਾਅਦ ਪ੍ਰੋਃ ਜਗਮੋਹਨ ਸਿੰਘ ਜੀ ਨੇ ਇਸ ਦਾ ਸੰਪੂਰਨ ਪਾਠ ਸ਼ਹੀਦ ਭਗਤ ਸਿੰਘ-ਕਾਵਿ ਪ੍ਰਮਾਣ ਦੇ ਨਾਮ ਹੇਠ ਛਾਪਿਆ। ਪ੍ਰੋਃ ਮਲਵਿੰਦਰ ਜੀਤ ਸਿੰਘ ਵੜੈਚ ਜੀ ਨੇ ਯੁਵਕ ਕੇਂਦਰ ਵਾਲੇ ਹਿੱਸੇ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਪ੍ਰਕਾਸ਼ਿਤ ਕਰਵਾਇਆ। ਪ੍ਰੋਃ ਦੀਦਾਰ ਸਿੰਘ ਜੀ ਨੇ ਪਹਿਲਾਂ ਪਹਿਲ ਸਰਹਿੰਦ ਦੇ ਖਾਲਸਾ ਸਕੂਲ ਵਿੱਚ ਪੜ੍ਹਾਇਆ ਫਿਰ ਮਗਰੋਂ ਗੌਰਮਿੰਟ ਕਾਲਿਜ ਰੋਪੜ ਅਤੇ ਟਾਂਡਾ ਵਿਖੇ ਵੀ ਅੰਗਰੇਜ਼ੀ ਦਾ ਅਧਿਆਪਨ ਕੀਤਾ।
ਉਨ੍ਹਾਂ ਦੀਆਂ ਮਹੱਤਵਪੂਰਨ ਲਿਖਤਾਂ ਵਿੱਚੋਂ ਮੈਂ ਈਦਾਂ ਵਿੱਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ, ਅਗਨੀ ਫੁੱਲਾਂ ਦੀ ਮਹਾਂਰਾਣੀ, ਮਹਾਂਪੰਡਿਤ ਚਾਰਵਾਕ ਪੜ੍ਹੀਆਂ ਹਨ। ਡਾਃ ਕਰਮਜੀਤ ਸਿੰਘ ਸੰਪਾਦਕ ਚਿਰਾਗ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਬਾਰੇ ਵੀ ਇੱਕ ਕਾਵਿ ਨਾਟਕ ਸਿਖਿਆ ਸੀ ਜੋ ਟਾਂਡਾ ਤੋਂ ਛਪਦੇ ਇੱਕ ਰਸਾਲੇ ਵਿੱਚ ਪੂਰਾ ਛਪਿਆ ਸੀ ਪਰ ਹੁਣ ਨਹੀਂ ਲੱਭਦਾ। ਇਵੇਂ ਹੀ ਇੱਕ ਨਾਟਕ ਧਰਮਪੁਰੇ ਦਾ ਚੌਂਕੀਦਾਰ ਵੀ ਸੁਣਨ ਚ ਆਉਂਦਾ ਹੈ ਪਰ ਮੈਂ ਨਹੀਂ ਵੇਖਿਆ। ਪ੍ਰੋਃ ਦੀਦਾਰ ਸਿੰਘ ਜੀ ਦੇ ਘਰ ਸੰਤਾਨ ਰੂਪ ਵਿੱਚ ਵੱਡੀ ਧੀ ਕੁਲਵਿੰਦਰ ਕੌਰ ਬੈਂਸ ਤੇ ਦੋ ਪੁੱਤਰ ਦੇਵਿੰਦਰ ਸਿੰਘ ਅਤੇ ਗੋਰਕੀ ਰਤਨ ਸਿੰਘ ਪੈਦਾ ਹੋਏ। ਦੋਹਾਂ ਪੁੱਤਰਾਂ ਦੀ ਜਵਾਨ ਉਮਰੇ ਮੌਤ ਹੋ ਚੁਕੀ ਹੈ।
ਉਨ੍ਹਾਂ ਦੀਆਂ ਲਿਖਤਾਂ ਨੂੰ ਲੱਭਣ, ਸੰਪਾਦਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਲਈ ਡਾਃ ਜਸਬੀਰ ਕੇਸਰ (ਸੁਪਤਨੀ ਡਾਃ ਕੇਸਰ ਸਿੰਘ ਕੇਸਰ) ਯਤਨਸ਼ੀਲ ਹਨ। ਜੇ ਕਿਸੇ ਦੋਸਤ ਕੋਲ ਬਾਬਾ ਫ਼ਰੀਦ ਵਾਲੇ ਨਾਟਕ ਦੀ ਜਾਣਕਾਰੀ ਹੋਵੇ ਤਾਂ ਸੰਪਰਕ ਕਰਨ। ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਉਨ੍ਹਾਂ ਦੀ ਲਿਆਕਤ ਦਾ ਲੋਹਾ ਮੰਨਦੇ ਹਨ। -ਗੁਰਭਜਨ ਗਿੱਲ

Leave a Reply

Your email address will not be published. Required fields are marked *